Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘‘ਮੇਰੀ ਪੁੱਛ-ਪੜਤਾਲ ਦਰਸਾਉਂਦੀ ਹੈ ਕਿ ਭੁੱਲਰ ਇਕ ਪੜਿਆ ਲਿਖਿਆ ਇੰਜੀਨੀਅਰਿੰਗ ਦਾ ਅਧਿਆਪਕ ਹੈ ਨਾ ਕਿ ਉਹ ਇੱਕ ਖ਼ਤਰਨਾਕ ਦਹਿਸ਼ਤਗਰਦ ’’- ਸਾਬਕਾ ਡਾਇਰੈਕਟਰ ਜਨਰਲ ਪੁਲਿਸ , ਐਸ. ਐਸ. ਵਿਰਕ

Posted on May 12th, 2013

<p>ਐਸ.ਐਸ.ਵਿਰਕ<br></p>

ਸਾਰਾ ਵਕੀਲ ਜਗਤ , ਸਾਰੇ ਇਨਸਾਫ਼ਪਸੰਦ ਲੋਕ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਨਿਰਦੋਸ਼ ਮੰਨਦੇ ਹਨ। ਸੰਸਾਰ ਭਰ ਦੇ ਸਿੱਖ ਉਸ ਦੀ ਫਾਂਸੀ ਦੀ ਸਜ਼ਾ ਵਿਰੁੱਧ ਰੋਸ ਪ੍ਰਗਟਾਉਂਦੇ ਆ ਰਹੇ ਹਨ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਆਪ ਨੂੰ ਭੁੱਲਰ ਦੇ ਹੱਕ ਵਿੱਚ ਚਲਦੀ ਮੁਹਿੰਮ ਦਾ ਭਾਗ ਬਣਾਇਆ ਹੋਇਆ ਹੈ। ਪਰ ਇਹ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਕ ਹਲਫ਼ਨਾਮਾ ਦਾਖਲ ਕਰਕੇ ਭੁੱਲਰ ਨੂੰ ਇਕ ਖ਼ਤਰਨਾਕ ਅਪਰਾਧੀ ਕਰਾਰ ਦਿੱਤਾ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੁੱਲਰ ਵਿਰੁੱਧ ਦਿੱਤੇ ਹਲਫ਼ਨਾਮੇ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ। ਫਿਰ ਇਸ ਸਭ ਕਾਸੇ ਦੇ ਬਾਵਜੂਦ ਪੰਜਾਬ ਸਰਕਾਰ ਦਾ ਹਲਫ਼ਨਾਮਾ ਕਿਸੇ ਨੇ ਦਾਖਲ ਕਰ ਦਿੱਤਾ? ਪੰਜਾਬ ਸਰਕਾਰ ਅਤੇ ਉਸ ਦੇ ਮੁੱਖ  ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਹਲਫ਼ਨਾਮਾ ਦਾਖਲ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਜੇ ਅਜਿਹਾ ਨਹੀਂ ਕਰਦੇ ਤਾਂ ਇਸ ਦਾ ਅਰਥ ਇਹੀ ਸਮਝਿਆ ਜਾਵੇਗਾ ਕਿ ਜਾਂ ਤਾਂ ਪੰਜਾਬ ਅੰਦਰ ਇਕ ਹੱਥ ਨੂੰ ਇਹ ਪਤਾ ਨਹੀਂ ਲਗ ਰਿਹਾ ਕਿ ਦੂਜਾ ਹੱਥ ਕੀ ਕਰ ਰਿਹਾ ਹੈ ਅਤੇ ਜਾਂ ਸਰਕਾਰ ਦੇ ਉੱਚ ਅਧਿਕਾਰੀ ਦੋਗਲੀਆਂ ਨੀਤੀਆਂ 'ਤੇ ਚਲ ਰਹੇ ਹਨ। ਅਜਿਹੇ ਆਪਾ ਵਿਰੋਧਾਂ ਦੀ ਦਰੁਸਤੀ ਹੋਣੀ ਚਾਹੀਦੀ ਹੈ ਕਿਉਕਿ ਇਹ ਇਕ ਨੌਜਵਾਨ ਦੀ ਜ਼ਿੰਦਗੀ ਦਾ ਸੁਆਲ ਹੈ?  

ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਸਚਾਈ ਬੋਲਣ ਤੋਂ ਕੰਨੀ ਕਤਰਾ ਰਹੇ ਹਨ। ਪਰ ਪੰਜਾਬ ਅਤੇ ਮਹਾਂਰਾਸ਼ਟਰ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ , ਐਸ.ਐਸ.ਵਿਰਕ ਨੇ ਭਾਵੇਂ ਦੇਰ ਨਾਲ ਹੀ ਸਹੀ, ਭੁੱਲਰ ਦੇ ਹੱਕ ਵਿੱਚ ‘‘ਹਾਅ ’’ ਦਾ ਨਾਅਰਾ ਮਾਰਿਆ ਹੈ। ਵਿਰਕ ਉਪਰ ਕੋਈ ਇਹ ਦੋਸ਼ ਨਹੀਂ ਲਾ ਸਕਦਾ ਕਿ ਉਹ ਖਾੜਕੂਆਂ ਦੇ ਹਮਦਰਦ ਹਨ। ਉਹਨਾਂ ਨੇ ਆਪਣੇ ਕਾਰਜ ਕਾਲ ਸਮੇਂ ‘‘ ਦਹਿਸ਼ਤ ਗਰਦੀ ਵਿਰੁੱਧ ਲੜਾਈ ’’ ਦੇ ਕੇਂਦਰ ਸਰਕਾਰ ਦੇ ਨਾਅਰਿਆਂ ਅਤੇ ਯੋਜਨਾਵਾਂ ਨੂੰ ਪੂਰੀ ਤਨਦੇਹੀ ਨਾਲ ਅਮਲ ਵਿੱਚ ਲਿਆਂਦਾ। ਉਨ੍ਹਾਂ ਨੇ ਭੁੱਲਰ ਵਾਲੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਪੁਣਛਾਣ ਕੀਤੀ ਹੈ। ਵਿਰਕ ਨੇ ਪੜਤਾਲ ਪਿਛੋਂ ਇਹ ਸਿੱਟਾ ਕੱਢਿਆ ਹੈ ਕਿ ਭੁੱਲਰ ਪੂਰੀ ਤਰ੍ਹਾਂ ਨਿਰਦੋਸ਼ ਹੈ। ਇਹ ਨਤੀਜਾ ਵਿਰਕ ਨੇ ਨਾ ਸਿਰਫ ਭੁੱਲਰ ਦੀ ਫਾਈਲ ਦੇ ਆਧਾਰ ’ਤੇ ਬਲਕਿ ਸਾਬਕਾ ਖਾੜਕੂਆਂ ਦੀ ਪੁੱਛਗਿੱਛ ਦੇ ਆਧਾਰ ’ਤੇ ਵੀ ਕੱਢਿਆ ਹੈ। 

‘‘ ਟਾਈਮਜ਼ ਆਫ ਇੰਡੀਆ’ ਦੇਪੱਤਰਕਾਰ ਆਈ .ਪੀ.ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਵਿਰਕ ਨੇ ਕਿਹਾ ਹੈ ਕਿ ‘‘ਮੇਰੀ ਪੁੱਛ-ਪੜਤਾਲ ਦਰਸਾਉਂਦੀ ਹੈ ਕਿ ਭੁੱਲਰ ਇਕ ਪੜਿਆ ਲਿਖਿਆ ਇੰਜੀਨੀਅਰਿੰਗ ਦਾ ਅਧਿਆਪਕ ਹੈ ਨਾ ਕਿ ਉਹ ਇੱਕ ਖ਼ਤਰਨਾਕ ਦਹਿਸ਼ਤਗਰਦ ’’ । ਅਜਿਹਾ ਸਪਸ਼ਟ ਸਿੱਟਾ , ਉਹ ਵੀ ਪੰਜਾਬ ਦੇ ਇਕ ਸਾਬਕਾ ਪੁਲਿਸ ਮੁੱਖੀ ਵਲੋਂ, ਕੱਢੇ ਜਾਣਾ  ਸੰਸਾਰ ਦੀਆਂ, ਖਾਸ ਕਰਕੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ, ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੋਣਾ ਚਾਹੀਦਾ ਹੈ। ਵਿਰਕ ਨੇ ਅੱਗੇ ਕਿਹਾ ‘‘ ਮੈਂ ਲਗਭਗ ਆਪਣੇ ਸਾਰੇ ਸੇਵਾ ਕਾਲ ਦੌਰਾਨ ਦਹਿਸ਼ਤਗਰਦੀ ਵਿਰੁੱਧ ਲੜਿਆ ਹਾਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਜਿਥੇ ਬੇਇਨਸਾਫੀ ਹੋ ਰਹੀ ਹੈ ਮੇਰਾ ਫਰਜ਼ ਬਣਦਾ ਹੈ ਕਿ ਮੈਂ ਮੂੰਹ ਖੋਲ੍ਹਾਂ। ’’ ਵਿਰਕ ਨੇ ਨੋਟ ਕੀਤਾ ਕਿ ਭੁੱਲਰ ਨੂੰ ਫਾਂਸੀ ਦੀ ਸਜ਼ਾ ਇਸ ਗਲ ਦੇ ਬਾਵਜੂਦ ਦਿੱਤੀ ਗਈ ਕਿ ਤਿੰਨ ਜੱਜਾਂ ਵਿਚੋਂ ਇਕ ਨੇ ਉਸ ਨੂੰ ਨਿਰਦੋਸ਼ ਪਾਇਆ। ਬੈਂਚ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਜਸਟਿਸ ਐਮ.ਬੀ.ਸ਼ਾਹ ਨੇ ਭੁੱਲਰ ਦੀ ਤੁਰੰਤ ਰਿਹਾਈ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਕਿਉਂਕਿ ਉਸ ਵਿਰੁੱਧ ਕੋਈ ਗਵਾਹ ਨਹੀਂ ਭੁਗਤਿਆ ਜਿਸ ਨੇ ਭੁੱਲਰ ਨੂੰ ਬੰਬ ਵਾਲੀ ਘਟਨਾ ਦੇ ਨੇੜ-ਤੇੜ ਵੇਖਿਆ ਹੋਵੇ। ਉਸ ਨੂੰ ਸਿਰਫ ਉਸ ਦੇ ਇਕਬਾਲੀਆ ਬਿਆਨ ਦੇ ਅਧਾਰ ’ਤੇ ਹੀ ਸਜ਼ਾ ਦੇ ਦਿੱਤੀ ਗਈ । ਜਿਸ ਕਾਰਨ ਉਸ ਦਾ ਮਾਮਲਾ ਅਵੱਲੇ ਤੋਂ ਅਵੱਲਾ ਬਣਾ ਗਿਆ ਹੈ। ਵਿਰਕ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਭੁੱਲਰ ਅਤੇ ਉਸ ਦੇ ਪਰਿਵਾਰ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ। ਉਸ ਨੇ 18 ਸਾਲ ਜੇਲ੍ਹ ਕੱਟੀ ਹੈ। ਇਹ ਮਾਮਲਾ ਘੋਰ ਬੇਇਨਸਾਫ਼ੀ ਦਾ ਹੈ।



Archive

RECENT STORIES