Posted on March 7th, 2014

<p>ਮਨਜੀਤ ਕੌਰ (ਜਠਾਣੀ) ਤੇ ਅਮਰਜੀਤ ਕੌਰ (ਦਰਾਣੀ) ਆਪੋ ਆਪਣੇ ਢਾਬੇ ’ਤੇ ਕੰਮ ਵਿੱਚ ਰੁੱਝੀਆਂ ਹੋਈਆਂ।<br></p>
ਬੰਗਾ- (ਸੁਰਜੀਤ ਮਜਾਰੀ)- ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਤੋਂ ਮੁਕੰਦਪੁਰ ਵੱਲ ਮੁੜਦਿਆਂ ਕੁਝ ਕੁ ਵਿੱਥ ’ਤੇ ਸੱਜੇ ਪਾਸੇ ਨਾਲ ਨਾਲ ਬਣੇ ਦੋ ਢਾਬੇ ਜਿੱਥੇ ਪਕਵਾਨਾਂ ਦੀ ਖੁਸ਼ਬੂ ਰਾਹੀਂ ਰਾਹਗੀਰਾਂ ਨੂੰ ਆਪਣੇ ਵੱਲ ਖਿੱਚਦੇ ਹਨ, ਉਥੇ ਦਰਾਣੀ-ਜਠਾਣੀ ਦੇ ਇਹ ਢਾਬੇ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹਨ।
ਪਹਿਲਾ ਢਾਬਾ ਅਮਰਜੀਤ ਕੌਰ ਦਾ ਹੈ ਤੇ ਦੂਜਾ ਉਸ ਦੀ ਜਠਾਣੀ ਮਨਜੀਤ ਕੌਰ ਦਾ। ਇਹ ਦੋਵੇਂ ਢਾਬੇ 30 ਵਰ੍ਹਿਆਂ ਤੋਂ ਚੱਲ ਰਹੇ ਹਨ। ਅਮਰਜੀਤ ਕੌਰ ਦਾ ਪਤੀ ਜ਼ਿਆਦਾਤਰ ਵਿਦੇਸ਼ ਵਿੱਚ ਰਹਿੰਦਾ ਹੈ। ਢਾਬੇ ਦੇ ਕੰਮ ਵਿੱਚ ਉਸ ਦੇ ਬੱਚੇ ਵੀ ਸਮਾਂ ਕੱਢ ਕੇ ਹੱਥ ਵਟਾ ਦਿੰਦੇ ਹਨ। ਮਨਜੀਤ ਕੌਰ ਦਾ ਪਤੀ ਵਿਛੜਿਆ ਲੰਮਾ ਸਮਾਂ ਹੋ ਗਿਆ ਹੈ ਤੇ ਉਹ ਘਰ ਦਾ ਗੁਜ਼ਾਰਾ ਇਕੱਲਿਆਂ ਤੋਰ ਰਹੀ ਹੈ। ਇਹ ਢਾਬੇ ਸੁਵਖਤੇ ਤੋਂ ਲੈ ਕੈ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਵਿਅਕਤੀਗਤ ਤੌਰ ’ਤੇ ਦਰਾਣੀ ਜਠਾਣੀ ਵਿੱਚ ਜਿੱਥੇ ਢਾਬੇ ’ਤੇ ਆਏ ਗਾਹਕਾਂ ਲਈ ਮਿੱਠੀ ਜ਼ੁਬਾਨ ਦਾ ਗੁਣ ਹੈ, ਉਥੇ ਕਿਸੇ ਮਨਚਲੇ ਜਾਂ ਸ਼ਰਾਬੀ ਹਾਲਤ ਵਿੱਚ ਪੁੱਜੇ ਗਾਹਕ ਦੇ ਸ਼ਰਾਰਤੀ ਬੋਲਾਂ ਲਈ ਸਖ਼ਤੀ ਵੀ ਸਿਰੇ ਦੀ ਹੈ। ਜਠਾਣੀ-ਦਰਾਣੀ ਦੇ ਇਨ੍ਹਾਂ ਢਾਬਿਆਂ ਦੀ ਖਾਸੀਅਤ ਇਹ ਵੀ ਹੈ ਕਿ ਇਥੇ ਤਵੇ ਦੀ ਰੋਟੀ ਮਿਲਦੀ ਹੈ ਤੇ ਇਥੇ ਪਕਵਾਨਾਂ ਦਾ ਸੁਆਦ ਬਣਾਉਣ ਲਈ ਤੇਜ਼ ਤਰਾਰ ਮਸਾਲੇ ਵਰਤਣ ਅਤੇ ਦਿੱਖ ਲਈ ਰੰਗਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਇਨ੍ਹਾਂ ਜਠਾਣੀ ਤੇ ਦਰਾਣੀ ਨੇ ਆਪਣੇ ਢਾਬਾ ਕਾਰੋਬਾਰ ਦੀ ਸਫ਼ਲਤਾ ਦਾ ਰਾਜ ਇਹ ਵੀ ਦੱਸਿਆ ਕਿ ਉਨ੍ਹਾਂ ਖਾਣਿਆਂ ਦੀਆਂ ਕੀਮਤਾਂ ਹਮੇਸ਼ਾ ਵਾਜਬ ਰੱਖੀਆਂ ਹਨ। ਅਮਰਜੀਤ ਕੌਰ ਨੇ ਆਪਣੇ ਢਾਬੇ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਢਾਬੇ ’ਤੇ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਾਲਾਂ ਵੀ ਵਧੀਆ ਕੁਆਲਟੀ ਦੀਆਂ ਵਰਤੀਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਰੋਜ਼ਾਨਾ ਦੇ ਗਾਹਕਾਂ ਤੋਂ ਇਲਾਵਾ ਸ਼ਹਿਰ ਤੇ ਸ਼ਹਿਰ ਤੋਂ 10 ਕਿਲੋਮੀਟਰ ਦੇ ਘੇਰੇ ਤੱਕ ਖਾਣੇ ਦੀ ਘਰਾਂ ਵਿੱਚ ਪਹੁੰਚ ਕੀਤੀ ਜਾਂਦੀ ਹੈ। ਇਵੇਂ ਖੇਤਰ ਭਰ ਵਿੱਚ ਪਰਿਵਾਰਕ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਲਈ ਵੀ ਉਨ੍ਹਾਂ ਦੇ ਢਾਬੇ ਤੋਂ ਖਾਣਾ ਪਹੁੰਚਾਉਣ ਦਾ ਪ੍ਰਬੰਧ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਬਰਤਨਾਂ ਦੀ ਸਫ਼ਾਈ ਅਤੇ ਪਾਣੀ ਦੀ ਸ਼ੁੱਧਤਾ ਦੇ ਨਾਲ ਨਾਲ ਪਕਵਾਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਵਧੀਆ ਰੱਖਣ ਨੂੰ ਤਰਜੀਹ ਦਿੱਤੀ ਹੈ।
ਮਹਿਲਾ ਦਿਵਸ ’ਤੇ ਇਨ੍ਹਾਂ ਹਿੰਮਤੀ ਮਹਿਲਾ ਢਾਬਾ ਸੰਚਾਲਕਾਂ ਦਾ ਔਰਤ ਵਰਗ ਨੂੰ ਇਹੀ ਕਹਿਣਾ ਹੈ ਕਿ ਜਦੋਂ ਆਤਮ ਵਿਸ਼ਵਾਸ ਹੋਵੇ ਤੇ ਮਨ ਸਾਫ਼ ਹੋਵੇ ਤਾਂ ‘ਮਰਦ ਪ੍ਰਧਾਨ’ ਸਮਾਜ ਵਿੱਚ ਔਰਤ ਜਿਹੜਾ ਕਦਮ ਪੁੱਟੇਗੀ, ਉਸ ਦਾ ਰੁਖ ਆਪ ਮੁਹਾਰੇ ਸਫ਼ਲਤਾ ਵੱਲ ਹੋ ਤੁਰੇਗਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026