Posted on March 4th, 2014

ਸੰਗਰੂਰ- ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੇ ਭਗਵੰਤ ਮਾਨ ਦੇ ਫੈਸਲੇ ਨੇ ਜਿਥੇ ਸੰਗਰੂਰ ਲੋਕ ਸਭਾ ਹਲਕੇ ’ਚ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਉਥੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ’ਚ ਵੀ ਸਵਾਗਤ ਦੀ ਥਾਂ ਬਗਾਵਤੀ ਅੱਗ ਧੁਖਦੀ ਨਜ਼ਰ ਆ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਨੇ ‘ਆਪ’ ਦੇ ਉਨ੍ਹਾਂ ਕਈ ਆਗੂਆਂ ਨੂੰ ਸੋਚੀਂ ਪਾ ਦਿੱਤਾ ਹੈ ਜੋ ਕਿ ਖੁਦ ਇਸ ਹਲਕੇ ਤੋਂ ਉਮੀਦਵਾਰੀ ਦੇ ਇੱਛੱਕ ਸਨ। ਦੂਜੇ ਪਾਸੇ ਭਗਵੰਤ ਮਾਨ ਦੀ ਆਪ ਦੀ ਉਮੀਦਵਾਰੀ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸੀ ਖੇਮੇ ਵਿਚ ਵੀ ਸਿਆਸੀ ਗਿਣਤੀਆਂ ਮਿਣਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅਕਾਲੀ ਅਤੇ ਕਾਂਗਰਸੀ ਆਗੂ ਇਹ ਹਿਸਾਬ ਕਿਤਾਬ ਲਾਉਣ ਲੱਗੇ ਹਨ, ਕਿ ਭਗਵੰਤ ਮਾਨ ਉਨ੍ਹਾਂ ਨੂੰ ਕਿੰਨਾ ਨੁਕਸਾਨ ਪਹੁੰਚਾਵੇਗਾ। ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦਾ ਵੀ ਅਕਾਲੀਆਂ ਅਤੇ ਕਾਂਗਰਸੀਆਂ ਨੇ ਲੇਖਾ ਜੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਿਥੇ ਸ੍ਰੀ ਮਾਨ ਦਾ ਸਿਆਸੀ ਪ੍ਰਭਾਵ ਜ਼ਿਆਦਾ ਹੋਵੇਗਾ ਜਾਂ ਘੱਟ ਹੋਵੇਗਾ। ਭਾਵੇਂ ਅਕਾਲੀ ਖੇਮੇ ਵਿਚ ਪਹਿਲਾਂ ਇਹ ਖੁਸ਼ੀ ਪਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦਾ ਵਧੇਰੇ ਨੁਕਸਾਨ ਕਾਂਗਰਸ ਦੇ ਉਮੀਦਵਾਰ ਨੂੰ ਹੋਵੇਗਾ, ਕਿਉਂਕਿ ਆਪ ਦਾ ਜ਼ਿਆਦਾ ਪ੍ਰਭਾਵ ਸ਼ਹਿਰੀ ਖੇਤਰਾਂ ਵਿਚ ਹੈ। ਅਕਾਲੀ ਸਮਝਦੇ ਸਨ ਕਿ ਜਿਵੇਂ ਵਿਧਾਨ ਸਭਾ ਚੋਣਾਂ ਵੇਲੇ ਪੀਪੀਪੀ ਉਮੀਦਵਾਰ ਅਕਾਲੀ ਉਮੀਦਵਾਰਾਂ ਦੀ ਜਿੱਤ ਦਾ ਕਾਰਨ ਬਣੇ ਸਨ ਉਸੇ ਤਰਾਂ ਲੋਕ ਸਭਾ ਚੋਣਾਂ ਵਿਚ ਵੀ ਆਪ ਦੇ ਉਮੀਦਵਾਰ ਅਕਾਲੀਆਂ ਲਈ ਲਾਹੇਵੰਦ ਸਾਬਤ ਹੋਣਗੇ। ਪਰ ਹੁਣ ਭਗਵੰਤ ਮਾਨ ਦੀ ਉਮੀਦਵਾਰੀ ਨੇ ਅਕਾਲੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਭਗਵੰਤ ਮਾਨ ਪੇਂਡੂ ਖੇਤਰ ਦੇ ਲੋਕਾਂ ’ਚ ਜਾਣਿਆ ਪਛਾਣਿਆ ਨਾਂ ਹੈ ਅਤੇ ਇਸ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਿਛਲੀ ਚੋਣ ਲੜ ਚੁੱਕਿਆ ਹੈ। ਇੱਕ ਅਕਾਲੀ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਭਗਵੰਤ ਮਾਨ ਜੇ ਆਪ ਦਾ ਉਮੀਦਵਾਰ ਹੋਇਆ ਤਾਂ ਉਹ ਸੁਨਾਮ, ਦਿੜ੍ਹਬਾ ਤੇ ਲਹਿਰਾਗਾਗਾ ਹਲਕਿਆਂ ਵਿਚ ਅਕਾਲੀ ਵੋਟ ਬੈਂਕ ਨੂੰ ਵੀ ਖੋਰਾ ਲਾ ਸਕਦਾ ਹੈ।
ਦੂਜੇ ਪਾਸੇ ਭਗਵੰਤ ਮਾਨ ਦੀ ਉਮੀਦਵਾਰੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਆਪ ਦੀ ਜ਼ਿਲ੍ਹਾ ਇਕਾਈ ’ਚ ਬਾਗੀ ਸੁਰਾਂ ਉਠਦੀਆਂ ਨਜ਼ਰ ਆ ਰਹੀਆਂ ਹਨ। ਆਪ ਦੇ ਜ਼ਿਲ੍ਹਾ ਕਨਵੀਨਰ ਡਾ. ਏਐਸ ਮਾਨ ਦਾ ਕਹਿਣਾ ਹੈ ਕਿ ਅਗਰ ਆਪ ਵਲੋਂ ਸ੍ਰੀ ਮਾਨ ਨੂੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਗੈਰਸਿਧਾਂਤਕ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਸਬੰਧਤ ਹਲਕੇ ’ਚੋਂ ਸਭ ਦੀ ਰਾਇ ਲੈ ਕੇ ਹੀ ਆਮ ਲੋਕਾਂ ਵਿਚੋਂ ਉਮੀਦਵਾਰ ਬਣਾਇਆ ਜਾਂਦਾ ਹੈ ਅਤੇ ਉਮੀਦਵਾਰ ਲੋਕਾਂ ’ਤੇ ਥੋਪਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਕਰਕੇ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹੇ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਪਰ ਲੋਕ ਸਭਾ ਦਾ ਉਮੀਦਵਾਰ ਉਸ ਵਿਅਕਤੀ ਨੂੰ ਬਨਾਉਣ ਦੀ ਚਰਚਾ ਜ਼ੋਰਾਂ ਤੇ ਹੈ ਜੋ ਕਿ ਅਜੇ ਤੱਕ ਪਾਰਟੀ ਦਾ ਮੁੱਢਲਾ ਮੈਂਬਰ ਵੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਦੇ ਹਰ ਆਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਗ਼ੌਰਤਲਬ ਹੈ ਕਿ ਡਾ. ਏਐਸ ਮਾਨ ਨੇ ਸੰਗਰੂਰ ਹਲਕੇ ਤੋਂ ਪਾਰਟੀ ਟਿਕਟ ਲਈ ਅਪਲਾਈ ਕੀਤਾ ਹੋਇਆ ਹੈ। ਪਾਰਟੀ ਟਿਕਟ ਲੈਣ ਦੇ ਚਾਹਵਾਨਾਂ ਵਿਚ ਸਾਬਕਾ ਆਈਏਐਸ ਅਧਿਕਾਰੀ ਡਾ. ਹਰਕੇਸ਼ ਸਿੰਘ ਸਿੱਧੂ, ਦਰਸ਼ਨ ਸਿੰਘ ਨੈਣੇਵਾਲ ਵੀ ਸ਼ਾਮਲ ਹਨ।
ਉਧਰ ਮਾਨ ਦਾ ਕਹਿਣਾ ਹੈ ਕਿ ਉਹ ਆਪ ਵਿਚ ਇੱਕ ਆਮ ਆਦਮੀ ਵਜੋਂ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਨੇ ਉਸ ਪਾਸੋਂ ਕੀ ਕੰਮ ਲੈਣਾ ਹੈ ਅਤੇ ਕੀ ਜ਼ਿੰਮੇਵਾਰੀ ਸੌਂਪਣੀ ਹੈ, ਇਹ ਸਭ ਪਾਰਟੀ ਨੇ ਵੇਖਣਾ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026