Posted on February 24th, 2014

ਸੈਨ ਫਰਾਂਸਿਸਕੋ- ਜ਼ਿੰਦਗੀ ਕਈ ਅਜਿਹੀਆਂ ਖੇਡਾਂ ਖਿਡਾਉਂਦੀ ਹੈ ਕਿ ਮਨੁੱਖ ਕੁਦਰਤ ਦੇ ਚਮਤਕਾਰਾਂ ਨੂੰ ਵੇਖ ਕੇ ਸੁੰਨ ਹੋ ਜਾਂਦਾ ਹੈ ਜਾਂ ਖੁਸ਼ੀ ਵਿੱਚ ਚੀਖ ਉਠਦਾ ਹੈ। ਕੀ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਇੱਕ ਮੌਕੇ ਢਿੱਡ ਭਰਨ ਜੋਗੀ ਰੋਟੀ ਨੂੰ ਤਰਸਣ ਵਾਲਾ ਬੱਚਾ ਔਖੇ ਹਾਲਾਤਾਂ ਵਿੱਚ ਪੜ੍ਹੇ ਅਤੇ ਵੱਡਾ ਹੋ ਕੇ ਕਿਸੇ ਕੰਪਨੀ ਵਿੱਚ ਨੌਕਰੀ ਲਈ ਬੇਨਤੀ ਕਰੇ, ਕੰਪਨੀ ਉਸ ਨੂੰ ਨੌਕਰੀ ਦੇਣ ਤੋਂ ਨਾਂਹ ਕਰ ਦੇਵੇ ਅਤੇ ਸਮਾਂ ਪਾ ਕੇ ਉਹੀ ਕੰਪਨੀ ਉਸ ਨੂੰ 19 ਅਰਬ ਡਾਲਰ ਦਾ ਭੁਗਤਾਨ ਕਰੇ ਅਤੇ ਉਸ ਨੂੰ ਕੰਪਨੀ ਦਾ ਹਿੱਸੇਦਾਰ ਵੀ ਬਣਾ ਲਵੇ।
ਅੱਜ-ਕੱਲ੍ਹ ਮੀਡੀਏ ਵਿੱਚ ਵੱਟਸ-ਐਪ ਦੇ ਸਿਰਜਣਹਾਰੇ ਯਾਨ-ਕੁੰਮ ਅਤੇ ਵਿਸ਼ਵ ਭਰ ਦੇ ਲੋਕਾਂ ਦੀ ਜ਼ਿੰਦ-ਜਾਨ ਬਣੀ ‘‘ਫੇਸ-ਬੁੱਕ’’ ਦੇ ਨਵੇਂ ਬਣੇ ਸਬੰਧਾਂ ਦੀਆਂ ਆਈਆਂ ਖਬਰਾਂ ਇਸ ਮਨੁੱਖੀ ਜ਼ਿੰਦਗੀ ਦੇ ਇਨਕਲਾਬ ਦੀ ਗਵਾਹੀ ਭਰ ਰਹੀਆਂ ਹਨ। ਅਤਿਅੰਤ ਗਰੀਬੀ ਦੇ ਦੁੱਖਾਂ ਵਿੱਚੋਂ ਅਰਬਪਤੀ ਹੋਣ ਦੇ ਲੱਖਾਂ ਸੁੱਖਾਂ ਵਿੱਚੋਂ ਵਿਚਰ ਰਹੇ ਯਾਨ-ਕੁੰਮ ਦੀ 38 ਸਾਲਾਂ ਦੀ ਛੋਟੀ ਜਿਹੀ ਜ਼ਿੰਦਗੀ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਕੁਦਰਤ ਦੇ ਕ੍ਰਿਸ਼ਮੇ ਅਤੇ ਗਰੀਬੀ, ਦੁੱਖਾਂ ਨਾਲ ਲੜਨ ਦੌਰਾਨ ਕੁੱਝ ਵੱਡਾ ਸੋਚਣ ਅਤੇ ਕਰ ਗੁਜਰਨ ਦੇ ਜਜ਼ਬੇ ਦੀ ਪ੍ਰਤੱਖ ਮਿਸਾਲ ਹੈ।
ਯਾਨ-ਕੁੰਮ 16 ਸਾਲ ਦੀ ਉਮਰ ਵਿੱਚ ਯੁਕਰੇਨ ਤੋਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਆਪਣੀ ਮਾਂ ਸਮੇਤ ਆਇਆ ਸੀ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਉਹ ਇਸ ਲਈ ਵੀ ਅਮਰੀਕਾ ਆਏ ਸਨ ਕਿ ਉਨ੍ਹਾਂ ਦਾ ਪਰਿਵਾਰ ਰੂਸ ਦੀ ਖੁਫੀਆ ਪੁਲਿਸ ਅਤੇ ਵਿਤਕਰਿਆਂ ਤੋਂ ਬਚਣ ਲਈ ਇੱਕ ਸੁਰੱਖਿਅਤ ਟਿਕਾਣਾ ਚਾਹੁੰਦਾ ਸੀ। ਉਸ ਦੇ ਪਿਤਾ ਯੁਕਰੇਨ ਛੱਡ ਕੇ ਅਮਰੀਕਾ ਨਹੀਂ ਆਏ ਸਨ। ਬਚਪਨ ਦੇ ਕੌੜੇ ਤਜ਼ਰਬਿਆਂ ਨੇ ਯਾਨ-ਕੁੰਮ ਨੂੰ ਗਰੀਬੀ ਨਾਲ ਲੜਨ ਲਈ ਸੰਜਮ ਦਾ ਹਥਿਆਰ ਵਰਤਣ ਦੀ ਡੂੰਘੀ ਸੋਝੀ ਦੇ ਦਿੱਤੀ ਸੀ। ਇਸ ਲਈ ਉਹ ਮੁਫਤ ਦਾ ਭੋਜਨ ਪ੍ਰਾਪਤ ਕਰਨ ਲਈ ਆਪਣੀ ਮਾਂ ਨਾਲ ਅਕਸਰ ਹੀ ਲਾਈਨਾਂ ਵਿੱਚ ਲੱਗਾ ਰਹਿੰਦਾ ਸੀ। ਅਮਰੀਕਾ ਵਿੱਚ ਸਕੂਲੀ ਪੜ੍ਹਾਈ ਦੌਰਾਨ ਉਸ ਨੇ ਬਿਨਾਂ ਨਾਂਹ-ਨੁੱਕਰ ਦੇ ਆਪਣੀ ਮਾਂ ਵੱਲੋਂ ਰੂਸ ਤੋਂ ਹੀ ਲਿਆਂਦੀਆਂ ਪੁਰਾਣੀਆਂ ਕਾਪੀਆਂ, ਪੈਨਸਲਾਂ ਵਰਤੀਆਂ ਅਤੇ ਕਿਸੇ ਵੀ ਤਰ੍ਹਾਂ ਦੀ ਫਜ਼ੂਲ ਖਰਚੀ ਲਈ ਜ਼ਿੱਦ ਨਹੀਂ ਕੀਤੀ। ਉਸ ਦੀ ਹਰ ਵਕਤ ਇਹ ਕੋਸ਼ਿਸ਼ ਰਹਿੰਦੀ ਸੀ ਕਿ ਸਕੂਲ ਦਾ ਖਰਚਾ ਘੱਟ ਤੋਂ ਘੱਟ ਕੀਤਾ ਜਾਵੇ। ਯਾਨ-ਕੁੰਮ ਨੂੰ ਸਕੂਲ ਵਿੱਚ ਭਾਵੇਂ ਸ਼ੈਤਾਨੀਆਂ ਕਰਨ ਵਾਲੇ ਬੱਚੇ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ। ਸਕੂਲ ਤੋਂ ਬਾਹਰ ਆ ਕੇ ਉਹ ਜ਼ਿੰਦਗੀ ਪ੍ਰਤੀ ਬਹੁਤ ਗੰਭੀਰ ਹੋ ਜਾਂਦਾ ਸੀ। ਸਕੂਲੀ ਪੜ੍ਹਾਈ ਦੌਰਾਨ ਹੀ ਉਸ ਨੇ ਇੱਕ ਕਰਿਆਨੇ ਦੀ ਦੁਕਾਨ ’ਤੇ ਝਾੜੂ ਲਗਾਉਣ ਦਾ ਕੰਮ ਕੀਤਾ। ਇਸੇ ਦੌਰਾਨ ਉਸ ਦੀ ਮਾਂ ਕੈਂਸਰ ਦਾ ਸ਼ਿਕਾਰ ਹੋ ਗਈ। ਕੈਂਸਰ ਪੀੜ੍ਹਤ ਹੋਣ ਨਾਤੇ ਉਸ ਨੂੰ ਜੋ ਪੈਨਸ਼ਨ ਮਿਲੀ, ਕੁੰਮ ਨੇ ਆਪਣੀ ਮਾਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਕੁੱਝ ਕਿਤਾਬਾਂ ਖਰੀਦ ਕੇ ਕੰਪਿਊਟਰ ਨੈਟਵਰਕਿੰਗ ਦਾ ਗਿਆਨ ਹਾਸਲ ਕੀਤਾ। ਬਾਅਦ ਵਿੱਚ ਉਸ ਨੇ ਇਹ ਕਿਤਾਬਾਂ ਪੁਰਾਣੀਆਂ ਕਿਤਾਬਾਂ ਖਰੀਦਣ ਵਾਲੀ ਇਕ ਦੁਕਾਨ ’ਤੇ ਵੇਚ ਦਿੱਤੀਆਂ।
ਕੁੰਮ ਨੇ ਸਕੂਲੀ ਸਿੱਖਿਆ ਤੋਂ ਬਾਅਦ ਸਿੱਲੀਕਾਨ ਵੈਲੀ ਵਿੱਚ ਇੱਕ ਸਰਕਾਰੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਨਾਲ ਹੀ ਕੰਪਿਊਟਰ ਸਿੱਖਿਆ ਨਾਲ ਜੁੜੀ ਇੱਕ ਕੰਪਨੀ ਵਿੱਚ ਕੰਮ ਵੀ ਕਰਨ ਲੱਗਾ। ਇਥੇ ਕੰਮ ਕਰਦਿਆਂ ਉਸ ਦੀ ਮੁਲਾਕਾਤ ਬਰਾਇਨ ਐਕਟਨ ਨਾਲ ਹੋਈ, ਜੋ ਉਸ ਸਮੇਂ ਯਾਹੂ ਕੰਪਨੀ ਵਿੱਚ ਕੰਮ ਕਰਦਾ ਸੀ। ਇੱਕ ਸਾਲ ਬਾਅਦ ਯਾਨ-ਕੁੰਮ ਵੀ ਇਸ ਕੰਪਨੀ ਨਾਲ ਜੁੜ ਗਏ ਅਤੇ ਦੋਵੇਂ ਵਿਚਾਲੇ ਡੂੰਘੀ ਦੋਸਤੀ ਹੋ ਗਈ। ਇਨ੍ਹਾਂ ਦੋਵਾਂ ਨੇ ਵੀਹ ਸਾਲ ਯਾਹੂ ਵਿੱਚ ਇਕੱਠਿਆਂ ਕੰਮ ਕੀਤਾ। ਉਨ੍ਹਾਂ ਵਿੱਚ ਵੈਬਸਾਈਟ ਸੰਚਾਲਨ ਅਤੇ ਇਸ਼ਤਿਹਾਰਾਂ ਨੂੰ ਇਕੱਤਰ ਕਰਨ ਦੀ ਦੌੜ੍ਹ ਵਿੱਚ ਪੈਣ ਦੀ ਥਾਂ ਕੁੱਝ ਵੱਖਰਾ ਕਰਨ ਦੀ ਲਲਕ ਸੀ। ਇਹ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਇਨ੍ਹਾਂ ਦੀ ਸਾਰੀ ਧੰਨ-ਸੰਪਤੀ ਡਾਟਕਾਮ ਕਾਰੋਬਾਰ ਵਿੱਚ ਤਬਾਹ ਹੋ ਗਈ। ਇਸ ਨੁਕਸਾਨ ਦੇ ਸਦਮੇ ਚੋਂ ਉਭਰਨ ਲਈ ਇਨ੍ਹਾਂ ਨੇ ਟਵਿੱਟਰ ਅਤੇ ਫੇਸ-ਬੁੱਕ ਵਿੱਚ ਨੌਕਰੀ ਲਈ ਅਰਜੀਆਂ ਦਿੱਤੀਆਂ। ਪਰ ਇਨ੍ਹਾਂ ਨੇ ਨੌਕਰੀ ਦੇਣ ਤੋਂ ਜਵਾਬ ਦੇ ਦਿੱਤਾ।
ਫੇਸ-ਬੁੱਕ ਵਿੱਚ ਨੌਕਰੀ ਨਾ ਮਿਲਣ ਦੇ ਬਾਵਜੂਦ ਇਹ ਨਿਰਾਸ਼ ਨਹੀਂ ਹੋਏ, ਸਗੋਂ ਜ਼ਿੰਦਗੀ ਵਿੱਚ ਕੁੱਝ ਵੱਖਰਾ ਕਰਨ ਲਈ ਅਗਲੇ ਦੌਰ ਲਈ ਤਿਆਰ ਹੋ ਗਏ। ਉਨ੍ਹਾਂ ਨੇ ਇਕੱਠਿਆਂ ਕੰਮ ਕਰਦਿਆਂ ਵੱਟਸ-ਐਪ ਨੂੰ ਬਾਜ਼ਾਰ ਵਿੱਚ ਉਤਾਰਿਆ ਅਤੇ ਦੇਖਦਿਆਂ ਹੀ ਦੇਖਦਿਆਂ ਉਹ ਬੁਲੰਦੀਆਂ ਨੂੰ ਛੂਹਣ ਲੱਗ ਪਏ ਤੇ ਅਰਬਪਤੀਆਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਏ। ਵੱਟਸ-ਐਪ ਦੀ ਸਫਲਤਾ ਨੂੰ ਵੇਖਦਿਆਂ ਫੇਸ-ਬੁੱਕ ਨੇ ਇਸ ਨੂੰ ਆਪਣੀ ਕਾਰੋਬਾਰੀ ਰਫਤਾਰ ਵਿੱਚ ਵੱਡਾ ਅੜਿੱਕਾ ਸਮਝਣਾ ਸ਼ੁਰੂ ਕਰ ਦਿੱਤਾ। ਇਸ ਦਾ ਕਾਰਨ ਇਸ ਸੀ ਕਿ ਵੱਟਸ-ਐਪ ਮੋਬਾਇਲ ਰਾਹੀਂ ਫੇਸ-ਬੁੱਕ ਵਰਗੀਆਂ, ਬਲਕਿ ਉਸ ਤੋਂ ਆਧੁਨਿਕ ਸਹੂਲਤਾਂ ਮੋਬਾਇਲ ਧਾਰਕਾਂ ਨੂੰ ਦੇ ਰਿਹਾ ਸੀ। ਮੋਬਾਇਲਾਂ ਵਿੱਚ ਇਸ ਤਕਨੀਕ ਦੇ ਸ਼ੁਰੂ ਹੁੰਦਿਆਂ ਵਿਸ਼ਵ ਭਰ ਦੇ ਲੋਕ ਫੇਸ-ਬੁੱਕ ਦੀ ਥਾਂ ਵੱਟਸ-ਐਪ ਰਾਹੀਂ ਆਪਸ ਵਿੱਚ ਜੁੜਨ ਨੂੰ ਪਹਿਲ ਦੇਣ ਲੱਗੇ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਕੈਲੀਫੋਰਨੀਆ ਦੇ ਮਾਊਂਟੇਨ ਵਿਉ ਕਸਬੇ ਵਿੱਚ ਜਿੱਥੇ ਆਪਣਾ ਦਫਤਰ ਬਣਾਇਆ, ਉਸ ਦਫਤਰ ਦੇ ਬਾਹਰ ਕੋਈ ਸਾਈਨ ਬੋਰਡ ਨਹੀਂ ਲਗਾਇਆ। ਦੋਵੇਂ ਸਧਾਰਨ ਕਮੀਜ-ਪਜਾਮੇ ਪਹਿਨ ਕੇ ਇਥੇ ਆਉਂਦੇ ਅਤੇ ਆਪਣਾ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਣ ਵਾਲਾ ਕੰਮ ਚਲਾਉਂਦੇ ਸਨ। ਫੋਟੋਆਂ, ਵੀਡੀਓ ਅਤੇ ਆਵਾਜ਼ ਸੁਨੇਹੇ ਦੇ ਨਾਲ-ਨਾਲ ਹੋਰ ਅਨੇਕਾਂ ਫੀਚਰ ਦੇਣ ਵਾਲੇ ਇਸ ਵੱਟਸ ਐਪ ਦੇ ਵਿਦਿਆਰਥੀਆਂ, ਕਾਰੋਬਾਰੀਆਂ, ਸਿਆਸੀ ਨੇਤਾਵਾਂ ਅਤੇ ਹੋਰ ਹਰ ਵਰਗ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੀ। ਇਸੇ ਨੂੰ ਵੇਖਦਿਆਂ ਫੇਸ ਬੁੱਕ ਨੇ ਇਸ ਸਿਸਟਮ ਨੂੰ ਖਰੀਦਣ ਲਈ ਯਾਨ-ਕੁੰਮ ਨਾਲ ਗੱਲਬਾਤ ਚਲਾਈ।
ਕਈ ਦਿਨ ਦੀ ਸੌਦੇਬਾਜੀ ਉਪਰੰਤ ਫੇਸ-ਬੁੱਕ ਨੇ ਵੈਲਨ ਟਾਈਨ ਦਿਵਸ 14 ਫਰਵਰੀ ਵਾਲੇ ਦਿਨ ਉਨ੍ਹਾਂ ਦੋ ਨੌਜਵਾਨਾਂ ਨੂੰ ਆਪਣੀ ਕੰਪਨੀ ਦੇ ਹਿੱਸੇਦਾਰ ਡਾਇਰੈਕਟਰ ਬਣਾ ਲਿਆ, ਜਿਨ੍ਹਾਂ ਨੂੰ ਉਸ ਨੇ ਪਹਿਲਾਂ ਨੌਕਰੀ ਦੇਣ ਦੇ ਵੀ ਯੋਗ ਨਹੀਂ ਸੀ ਸਮਝਿਆ। ਫੇਸ-ਬੁੱਕ ਨੇ ਵੱਟਸ-ਐਪ ਨੂੰ 1178 ਅਰਬ ਰੁਪਏ ਵਿੱਚ ਖਰੀਦਿਆ ਅਤੇ ਨਾਲ ਹੀ ਇਨ੍ਹਾਂ ਦੋਵਾਂ ਨੂੰ ਕੰਪਨੀ ਦੇ ਡਾਇਰੈਕਟਰ ਬੋਰਡ ਵਿੱਚ ਵੀ ਥਾਂ ਦਿੱਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਯਾਨ-ਕੁੰਮ ਨੇ ਫੇਸ-ਬੁੱਕ ਨਾਲ ਇਹ ਅਰਬਾਂ ਰੁਪਏ ਦਾ ਸਮਝੌਤਾ ਉਸ ਹਾਲ ਵਿੱਚ ਬੈਠ ਕੇ ਕੀਤਾ, ਜਿੱਥੇ ਖੜ੍ਹ ਕੇ ਉਹ ਮੁਫਤ ਦੀ ਰੋਟੀ ਲੈਣ ਲਈ ਆਪਣੀ ਮਾਂ ਨਾਲ ਲਾਈਨ ਵਿੱਚ ਲੱਗੇ ਰਹਿੰਦੇ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026