Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਸਰੀਰਕ ਸ਼ੋਸ਼ਣ ਦਾ ਬਦਲਾ ਲੈਣ ਲਈ ਕੀਤਾ ਸੀ ਨਾਮਧਾਰੀ ਮੁਖੀ ਉਦੈ ਸਿੰਘ 'ਤੇ ਹਮਲਾ'

Posted on February 11th, 2014


ਲੰਦਨ- ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ 'ਤੇ ਹੋਏ ਹਮਲੇ ਨਾਲ ਸਬੰਧਤ ਮੁਕੱਦਮੇ ਸੁਣਵਾਈ ਦੌਰਾਨ ਮੁਲਜ਼ਮ ਹਰਜੀਤ ਸਿੰਘ ਤੂਰ ਨੇ ਕਿਹਾ ਕਿ ਉਸ ਨੇ ਇਹ ਹਮਲਾ ਅਪਣੇ ਜਿਨਸੀ ਸੋਸ਼ਣ ਦਾ ਬਦਲਾ ਲੈਣ ਲਈ ਕੀਤਾ ਸੀ।  ਦੱਸਣਯੋਗ ਹੈ ਕਿ 27 ਸਾਲ ਦੇ ਹਰਜੀਤ ਸਿੰਘ ਨੇ ਪਿਛਲੇ ਸਾਲ 11 ਅਗਸਤ ਨੂੰ ਲੈਸਟਰ ਵਿਖੇ ਸਥਿਤ ਨਾਮਧਾਰੀ ਸੰਪਰਦਾ ਨਾਲ ਸਬੰਧਤ ਗੁਰਦੁਆਰੇ 'ਚ ਕੁਹਾੜੀ ਨਾਲ ਹਮਲਾ ਕੀਤਾ ਸੀ। ਹਾਲਾਂਕਿ ਤੂਰ ਨੇ ਕਿਹਾ ਕਿ ਉਹ ਕਤਲ ਕਰਨ ਦੇ ਇਰਾਦੇ ਨਾਲ ਨਹੀਂ ਆਇਆ ਸੀ। ਹਮਲੇ 'ਚ ਉਦੈ ਸਿੰਘ ਦੀ ਬਾਂਹ ਟੁੱਟ ਗਈ ਸੀ ਅਤੇ ਮੂੰਹ 'ਤੇ ਵੀ ਸੱਟਾਂ ਲੱਗੀਆਂ ਸਨ। 

ਤੂਰ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ 20 ਸਾਲ ਪਹਿਲਾਂ ਜਦੋਂ ਉਹ ਭਾਰਤ 'ਚ ਸੀ ਤਾਂ ਉਦੈ ਸਿੰਘ ਨੇ ਉਸ ਦਾ ਸਰੀਰਕ ਸੋਸ਼ਣ ਕੀਤਾ ਸੀ।  ਉਧਰ ਉਦੈ ਸਿੰਘ ਦੇ ਵਕੀਲ ਨੇ ਤੂਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਮਲੇ ਤੋਂ ਬਾਅਦ ਤੂਰ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਸੀ ਕਿ ''ਸਾਡਾ ਗੁਰੂ ਗ੍ਰੰਥ ਸਾਹਿਬ ਹੈ ਅਤੇ ਮੈਂ ਹੋਰ ਕਿਸੇ ਗੁਰੂ 'ਚ ਵਿਸ਼ਵਾਸ ਨਹੀਂ ਕਰਦਾ।'' ਸੁਣਵਾਈ ਦੌਰਾਨ ਅਦਾਲਤ ਵਿਚ ਹਮਲੇ ਦੀ ਸੀ.ਸੀ.ਟੀ.ਵੀ. ਫ਼ੁਟੇਜ ਵੀ ਵਿਖਾਈ ਗਈ ਜਿਸ 'ਚ ਨਾਮਧਾਰੀ ਸ਼ਰਧਾਲੂ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਦਿਸ ਰਹੇ ਹਨ। ਮਾਮਲੇ ਦੀ ਸੁਣਵਾਈ ਇਕ ਹਫ਼ਤੇ ਤਕ ਚਲ ਸਕਦੀ ਹੈ। 



Archive

RECENT STORIES