Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੇ ਹਰ ਪੰਜ ਨਾਗਰਿਕਾਂ ਵਿੱਚੋਂ ਇਕ ‘ਬਾਹਰਲਾ’

Posted on May 9th, 2013

ਓਟਾਵਾ- ਕੈਨੇਡਾ ‘ਪਰਵਾਸੀਆਂ’ ਦਾ ਮੁਲਕ ਬਣ ਗਿਆ ਹੈ, ਕਿਉਂਕਿ ਇੱਥੇ ਰਹਿਣ ਵਾਲੇ ਹਰ ਪੰਜ ਵਿਚੋਂ ਇਕ ਨਾਗਰਿਕ ਦਾ ਜਨਮ ਵਿਦੇਸ਼ ਵਿਚ ਹੋਇਆ ਹੈ। ਸਾਲ 2011 ਦੇ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਰਹਿਣ ਵਾਲੇ ਲੋਕਾਂ ਵਿਚ 20.6 ਫੀਸਦ ਅਜਿਹੇ ਹਨ ਜਿਨ੍ਹਾਂ ਦਾ ਜਨਮ ਹੋਰਨਾਂ ਮੁਲਕਾਂ ਵਿਚ ਹੋਇਆ ਹੈ। ਇਸ ਤੋਂ ਪਹਿਲੇ ਪੰਜ ਸਾਲਾਂ ਦੇ ਸਰਵੇਖਣ ਵਿਚ ਇਹ ਗਿਣਤੀ 19.8 ਫੀਸਦ ਸੀ।

‘ਪਰਵਾਸੀਆਂ’ ਦੇ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਤੇ ਯੂਰਪ ਨੂੰ ਪਛਾੜ ਦਿੱਤਾ ਹੈ। ਅਮਰੀਕਾ ਦੀ ਕੁੱਲ ਆਬਾਦੀ ’ਚੋਂ 12.9 ਫੀਸਦ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਹੈ, ਜਦਕਿ ਬਰਤਾਨੀਆ ਵਿਚਲੇ ਅਜਿਹੇ ਲੋਕਾਂ ਦੀ ਗਿਣਤੀ 11.5 ਫੀਸਦ ਹੈ। ਆਸਟਰੇਲੀਆ ਵਿਚ ਵਿਦੇਸ਼ੀ ਜਨਮ ਵਾਲਿਆਂ ਦੀ ਗਿਣਤੀ 26.8 ਫੀਸਦ ਹੈ।

ਕੈਨੇਡਾ ਵਿਚ ਵਿਦੇਸ਼ੀਂ ਜਨਮੇ ਨਾਗਰਿਕਾਂ ਬਾਰੇ ਕਰਵਾਏ ਸਰਵੇ ਵਿਚ ਕਿਹਾ ਗਿਆ ਹੈ ਕਿ ਇਹ ਗਿਣਤੀ 20.6 ਫੀਸਦ ਤੋਂ ਵੱਧ ਹੋ ਸਕਦੀ ਹੈ। ਸਾਲ 2011 ਵਿਚ ਕੈਨੇਡਾ ਦੀ ਆਬਾਦੀ 3.29 ਕਰੋੜ ਸੀ ਤੇ ਇੱਥੇ ਜਨਮ ਦਰ ਘੱਟ ਹੋਣ ਕਾਰਨ ਹਰ ਸਾਲ ਢਾਈ ਲੱਖ ਵਿਦੇਸ਼ੀ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਉਦੇਸ਼ ਸੀ। ਕੈਨੇਡਾ ’ਚ ਆਉਣ ਵਾਲਿਆਂ ਦੀ  ਸੂਚੀ ਵਿਚ ਸਭ ਤੋਂ ਉਪਰ ਫਿਲਪੀਨਜ਼ ਦੇ ਲੋਕ ਹਨ। ਉਸ ਮਗਰੋਂ ਚੀਨ ਤੇ ਭਾਰਤ ਦਾ ਨੰਬਰ ਹੈ। ਸਰਵੇ ਮੁਤਾਬਕ ਕੈਨੇਡਾ ਵਿਚ ਮੁਸਲਮਾਨਾਂ ਦੀ ਗਿਣਤੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਕਾਰਨ ਇੱਥੇ ਇਸਾਈਆਂ ਦੀ ਸਰਦਾਰੀ ਖਤਮ ਹੁੰਦੀ ਜਾ ਰਹੀ ਹੈ। ਇੱਥੇ ਇਸਾਈਆਂ ਦੀ ਆਬਾਦੀ 67.3 ਫੀਸਦ ਰਹਿ ਗਈ ਹੈ। ਇਨ੍ਹਾਂ ਦੀ 2001 ਵਿਚ ਆਬਾਦੀ 77.1 ਫੀਸਦ ਸੀ। ਕੈਨੇਡਾ ਵਿਚ ਦਹਾਕੇ ਦੌਰਾਨ ਮੁਸਲਿਮ ਆਬਾਦੀ ਲਗਪਗ ਦੁੱਗਣੀ ਹੋ ਗਈ ਹੈ। ਮੁਸਲਮਾਨ ਇੱਥੇ 2001 ਵਿਚ 2.0 ਫੀਸਦ ਸਨ, ਜੋ ਹੁਣ 3.2 ਫੀਸਦ ਤਕ ਪੁੱਜ ਗਏ ਹਨ। ਸਰਵੇ ਮੁਤਾਬਕ ਕੈਨੇਡਾ ਵਿਚ ਮੁਸਲਮਾਨਾਂ ਦੀ ਆਬਾਦੀ ਸਾਢੇ ਦਸ ਲੱਖ ਹੈ।



Archive

RECENT STORIES