Posted on January 19th, 2014

ਚੰਡੀਗੜ੍ਹ (ਗੁਰਪ੍ਰੀਤ ਸਿੰਘ ਨਿੱਝਰ)- ਨਸ਼ੀਲੇ ਪਦਾਰਥਾਂ ਦੇ ਤਸਕਰੀ ਵਿਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਸਾਹਮਣੇ ਆਉਣ 'ਤੇ ਇਸ ਸਾਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਸੈਕਟਰ 15 ਦੇ ਕਾਂਗਰਸ ਭਵਨ ਵਿਖੇ ਸ਼ੁਰੂ ਕੀਤੀ ਗਈ ਇਸ ਭੁੱਖ ਹੜਤਾਲ ਮੌਕੇ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਕਾਂਗਰਸ ਹੁਣ ਤੱਕ ਸ਼ਾਂਤਮਈ ਅਤੇ ਲੋਕਤੰਤਰਿਕ ਤਰੀਕਿਆਂ ਨਾਲ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਾਰਨ ਮਜੀਠੀਆ ਨੂੰ ਬਚਾਅ ਰਹੇ ਹਨ, ਪਰ ਜੇਕਰ ਮਾਮਲੇ ਦੀ ਸੀ.ਬੀ.ਆਈ. ਨੂੰ ਜਾਂਚ ਨਾ ਸੌਂਪੀ ਗਈ ਤਾਂ ਕਾਂਗਰਸ ਜ਼ੋਰਦਾਰ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਵੀ ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਨਸ਼ਾ ਤਸਕਰੀ ਕਾਂਡ ਵਿਚ ਮਜੀਠੀਆ ਅਤੇ ਜਿਹੜੇ 2 ਹੋਰ ਮੰਤਰੀਆਂ ਦਾ ਨਾਂਅ ਆ ਰਿਹਾ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਅਧਾਰ 'ਤੇ 50 ਦੇ ਲਗਭਗ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤਾਂ ਉਸੇ ਭੋਲੇ ਵੱਲੋਂ ਨਾਮ ਲਏ ਜਾਣ 'ਤੇ ਮਜੀਠੀਆ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਨਰਲ ਸਕੱਤਰ ਮਨਜਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਵੀ ਮਜੀਠੀਆ ਦੇ ਖਾਸ ਭਰੋਸੇਯੋਗ ਸਾਥੀ ਰਹੇ ਹਨ ਅਤੇ ਮਜੀਠੀਆ ਵੱਲੋਂ ਬਾਦਲ ਪਰਿਵਾਰ ਦੇ ਅਸ਼ੀਰਵਾਦ ਨਾਲ ਚਲਾਇਆ ਜਾ ਰਿਹਾ ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਦਾ ਤੰਤਰ ਕਿਸੇ ਤੋਂ ਛੁਪਿਆ ਨਹੀਂ ਹੈ।
ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜਿਸ ਢੰਗ ਨਾਲ ਮਜੀਠੀਆ ਲੋਕਤੰਤਰ ਅਤੇ ਪੰਜਾਬ ਦੇ ਅਮਨ ਕਾਨੂੰਨ ਦਾ ਘਾਣ ਕਰ ਰਿਹਾ ਹੈ, ਇਕ ਦਿਨ ਉਹ ਉਸੇ ਬਾਦਲ ਪਰਿਵਾਰ ਲਈ ਵੀ ਚੁਣੌਤੀ ਬਣ ਕੇ ਸਾਹਮਣੇ ਆਵੇਗਾ, ਜਿਸ ਦਾ ਉਹ ਹੁਣ ਤੱਕ ਨਾਮ ਵਰਤ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਇਨ੍ਹਾਂ ਬਾਦਲ ਨੇਤਾਵਾਂ ਤੇ ਮਜੀਠੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਸਫਾਇਆ ਕਰਕੇ ਸਬਕ ਸਿਖਾਉਣ। ਅਖੀਰ ਵਿਚ ਉਨ੍ਹਾਂ ਕਿਹਾ ਕਿ ਲੜੀਵਾਰ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਸ ਨਸ਼ਾ ਤੰਤਰ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਸ. ਲਾਲ ਸਿੰਘ, ਵਿਧਾਇਕ ਸ. ਕੇਵਲ ਸਿੰਘ ਢਿੱਲੋਂ, ਸ. ਤਰਲੋਚਨ ਸਿੰਘ ਸੂੰਢ, ਸ. ਜੋਗਿੰਦਰ ਸਿੰਘ ਪੰਜਗਰਾਈਂ, ਸ. ਗੁਰਕੀਰਤ ਸਿੰਘ ਕੋਟਲੀ, ਸ. ਗੁਰਚਰਨ ਸਿੰਘ ਬੋਪਾਰਾਏ, ਨਵਤੇਜ਼ ਚੀਮਾ, ਸੁਖਜਿੰਦਰ ਰੰਧਾਵਾ, ਜੀਤਮਹਿੰਦਰ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ, ਕਾਕਾ ਰਣਦੀਪ ਸਿੰਘ ਨਾਭਾ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਅਸ਼ਵਨੀ ਸੇਖੜੀ, ਸ. ਕੁਲਜੀਤ ਸਿੰਘ ਨਾਗਰਾ, ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਸੁਰਿੰਦਰਪਾਲ ਸਿੰਘ ਸੀਬੀਆ, ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਮਜੀਠੀਆ, ਰਾਜ ਕੁਮਾਰ ਚੱਬੇਵਾਲ, ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਰਮੇਸ਼ ਸਿੰਗਲਾ, ਰਾਜਨਬੀਰ ਸਿੰਘ ਅਤੇ ਅਨੂਪ ਭੁੱਲਰ ਵੀ ਹਾਜ਼ਰ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026