Posted on January 10th, 2014

ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਵਾਸੀ ਪੰਜਾਬੀਆਂ ਨੂੰ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੋਂ ਗਰਮ ਖ਼ਿਆਲੀ ਸਿੱਖ ਜਥੇਬੰਦੀਆਂ ਨੂੰ ਹਮਾਇਤ ਬੰਦ ਕੀਤੀ ਜਾਵੇ। ਖ਼ਾਲਸੇ ਦੀ ਜਨਮ ਭੂਮੀ ’ਤੇ ਪਰਵਾਸੀ ਪੰਜਾਬੀ ਸੰਮੇਲਨ ਦੇ ਪਹਿਲੇ ਦਿਨ ਆਪਣੇ ਸੰਬੋਧਨ ’ਚ ਗਰਮ ਦਲੀਆਂ ਖ਼ਿਲਾਫ਼ ਤਿੱਖੀ ਸੁਰ ਰਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਮਦਦ ਲੈ ਕੇ ਕੁਝ ਤਾਕਤਾਂ ਪੰਜਾਬ ਵਿੱਚ ਫ਼ਿਰਕੂ ਬਦਅਮਨੀ ਪੈਦਾ ਕਰਨ ਦੀ ਤਾਕ ਵਿੱਚ ਰਹਿੰਦੀਆਂ ਹਨ। ਬਾਦਲ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਦੁਖ ਝੱਲੇ ਹਨ। ਇਸ ਲਈ ਪਰਵਾਸੀਆਂ ਨੂੰ ਚਾਹੀਦਾ ਹੈ ਕਿ ਆਪਣੀ ਜਨਮ ਭੂਮੀ ਦੇ ਚੰਗੇ ਭਵਿੱਖ ਲਈ ਅਮਨ-ਚੈਨ ਭੰਗ ਕਰਨ ਵਾਲਿਆਂ ਦੀ ਹਮਾਇਤ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਗਰਮ ਦਲੀਆਂ ਦੇ ਵਿਰੋਧ ਕਾਰਨ ਦੋਹਾਂ ਬਾਦਲਾਂ ਦੇ ਕੈਨੇਡਾ ਤੇ ਹੋਰਨਾਂ ਕਈ ਮੁਲਕਾਂ ਵਿੱਚ ਸਮਾਗਮਾਂ ਵਿੱਚ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਫ਼ਿਰਕੂ ਸਦਭਾਵਨਾ ਦਾ ਮਾਹੌਲ ਬਣਾਈ ਰੱਖਣ ਲਈ ਆਪਣੀ ਹੀ ਪਿੱਠ ਥਾਪੜੀ।
ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਇਹ ਸੰਮੇਲਨ ਪਹਿਲੇ ਦਿਨ ਭਾਵੇਂ ਵਾਅਦਿਆਂ ਦਾਅਵਿਆਂ ਤੇ ਪੇਸ਼ਕਾਰੀਆਂ ਤੋਂ ਅੱਗੇ ਨਹੀਂ ਵਧਿਆ ਪਰ ਮੁੱਖ ਮੰਤਰੀ ਨੇ ਇਸ ਸੰਮੇਲਨ ਨੂੰ ਮੇਲ ਮਿਲਾਪ ਤੋਂ ਅਗਾਂਹ ਵਧਾਉਣ ਦੀ ਗੱਲ ਕਹੀ। ਸ੍ਰੀ ਬਾਦਲ ਨੇ ਕਿਹਾ ਕਿ ਵਿਦੇਸ਼ਾਂ ’ਚ ਰਹਿੰਦੇ ਗੁਜਰਾਤੀਆਂ ਤੇ ਦੱਖਣੀ ਸੂਬਿਆਂ ਦੇ ਭਾਰਤੀਆਂ ਨੇ ਆਪਣੀ ਜਨਮ ਭੂਮੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ ਪਰ ਪਰਵਾਸੀ ਪੰਜਾਬੀਆਂ ਵੱਲੋਂ ਇੰਝ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਹੁਣ ਬਹੁਤ ਕਮਾਈ ਕਰ ਲਈ। ਇਸ ਲਈ ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਤੇ ਪੰਜਾਬੀ ਵਿਰਸੇ ਨਾਲ ਜੋੜੀ ਰਖਣਾ ਹੈ ਤਾਂ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇ। ਸ੍ਰੀ ਬਾਦਲ ਨੇ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਲਈ ਵਿਸ਼ੇਸ਼ ਕਿਸਮ ਦੇ ਸਕੂਲ ਖੋਲ੍ਹ ਕੇ ਦੇਣ ਅਤੇ ਹੋਰਨਾਂ ਸਹੂਲਤਾਂ ਦੀ ਪੇਸ਼ਕਸ਼ ਵੀ ਕੀਤੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਪਾਰਕ ਤਾਲਮੇਲ ਵਧਾਉਣ ਲਈ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰਨਾਂ ਮੁਲਕਾਂ ’ਚ ਪੰਜਾਬ ਸਰਕਾਰ ਦੇ ਦਫ਼ਤਰ ਵੀ ਖੋਲ੍ਹੇ ਜਾਣੇ ਚਾਹੀਦੇ ਹਨ ਤਾਂ ਜੋ ਵਪਾਰ ਨੂੰ ਪੰਜਾਬ ਵਿੱਚ ਪ੍ਰਫੁੱਲਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਸੰਮੇਲਨ ਦੌਰਾਨ ਕੇਂਦਰ ਸਰਕਾਰ ਨੂੰ ਰਗੜਾ ਲਾਉਣ ਦਾ ਮੌਕਾ ਵੀ ਖੁੰਝਣ ਨਹੀਂ ਦਿੱਤਾ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਸੰਵਿਧਾਨ ’ਚ ਦਿੱਤੀਆਂ ਸ਼ਕਤੀਆਂ ਵੀ ਰਾਜਾਂ ਤੋਂ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਵਿੱਤੀ ਤੇ ਪ੍ਰਸ਼ਾਸਕੀ ਸ਼ਕਤੀਆਂ ਆਪਣੇ ਹੱਥ ਵਿੱਚ ਲੈ ਲੈਣ ਕਾਰਨ ਸੂਬਿਆਂ ਦੀ ਹਾਲਤ ਮਹਿਜ਼ ਨਗਰ ਕੌਂਸਲਾਂ ਵਾਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਜਿਨ੍ਹਾਂ ਚਿਰ ਹਕੀਕੀ ਫੈਡਰਲ ਢਾਂਚਾ ਕਾਇਮ ਨਹੀਂ ਹੋ ਜਾਂਦਾ, ਉਦੋਂ ਤੱਕ ਸੂਬੇ ਤਰੱਕੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਜਿੰਨੀ ਤਰੱਕੀ ਕਰ ਲਈ ਹੈ, ਉਹ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਬਲਬੂਤੇ, ਹਿੰਮਤ ਅਤੇ ਦ੍ਰਿੜ ਇਰਾਦੇ ਦੇ ਸਦਕਾ ਕੀਤੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਭਵਿੱਖ ਮੁਖੀ ਪੇਸ਼ਕਾਰੀ ਕਰਦਿਆਂ ਸੂਬੇ ਨੂੰ ਵਿਕਾਸ ’ਚ ਅੱਗੇ ਵਧਾਉਣ ਦੇ ਪਰਵਾਸੀਆਂ ਨੂੰ ਸੁਪਨੇ ਦਿਖਾਏ। ਉਨ੍ਹਾਂ ਕਿਹਾ ਕਿ ਪਹਿਲਾ ਕੰਮ ਇਸ ਧਾਰਨਾ ਨੂੰ ਬਦਲਣਾ ਸੀ ਕਿ ਪੰਜਾਬ ਕੇਵਲ ਖੇਤੀ ਖੇਤਰ ਵਿਚ ਹੀ ਮੋਹਰੀ ਹੈ, ਜਿਸ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨਾਲ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ 65000 ਕਰੋੜ ਰੁਪਏ ਦੇ ਨਿਵੇਸ਼ ਸਬੰਧੀ ਸਮਝੌਤੇ ਕਰਨ ਨਾਲ ਪੰਜਾਬ ਦੇ ਉਦਯੋਗੀਕਰਨ ਦਾ ਮੁੱਢ ਬੱਝ ਗਿਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅਗਲੇ ਆਈ ਟੀ ਹੱਬ ਵਜੋਂ ਉਭਰ ਰਿਹਾ ਹੈ ਤੇ ਅਗਲੇ 3 ਸਾਲਾਂ ਦੌਰਾਨ 2 ਤੋਂ 3 ਲੱਖ ਨੌਜਵਾਨਾਂ ਨੂੰ ਆਈ ਟੀ ਖੇਤਰ ਵਿੱਚ ਰੁਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਪਹਿਲ ਦਿੱਤੀ ਗਈ ਹੈ ਜਿਸ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਵੀ ਤੋੜਨ ਵਿਚ ਕਾਮਯਾਬ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਨੀਤੀ ਨਾਗਰਿਕਾਂ ਨਾਲ ਵਿਸ਼ਵਾਸ ’ਤੇ ਅਤੇ ਰਿਆਇਤਾਂ ’ਤੇ ਅਧਾਰਿਤ ਹੈ ਜਿਸ ਰਾਹੀਂ ਨਿਵੇਸ਼ਕਾਂ ਨੂੰ ਵੈਟ, ਕੇਂਦਰੀ ਸੇਲ ਟੈਕਸ, ਬਿਜਲੀ ਡਿਊਟੀ, ਸਟੈਂਪ ਡਿਉੂਟੀ ਅਤੇ ਜਾਇਦਾਦ ਕਰ ਵਿਚ ਵੱਡੀ ਛੋਟ ਦਿੱਤੀ ਗਈ ਹੈ। ਸਮਾਗਮ ਨੂੰ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਬੋਧਨ ਕੀਤਾ।
ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪਰਵਾਸੀ ਪੰਜਾਬੀ ਸੰਮੇਲਨ ਦੇ ਪਹਿਲੇ ਦਿਨ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕਿਨਾਰਾ ਕਰ ਲੈਣ ਦਾ ਮਾਮਲਾ ਰਾਜਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਟੇਜ ’ਤੇ ਭਾਜਪਾ ਵਿਧਾਇਕ ਦਲ ਦੇ ਆਗੂ ਤੇ ਸੀਨੀਅਰ ਮੰਤਰੀ ਭਗਤ ਚੁੰਨੀ ਲਾਲ, ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਅਤੇ ਮਦਨ ਮੋਹਨ ਮਿੱਤਲ ਦੇ ਨਾਮ ਦੀਆਂ ਤਖ਼ਤੀਆਂ ਰੱਖੀਆਂ ਹੋਈਆਂ ਸਨ। ਸ੍ਰੀ ਮਿੱਤਲ ਜੋ ਕਿ ਆਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਇਸ ਸਮਾਗਮ ਵਿੱਚ ਚੰਦ ਮਿੰਟਾਂ ਲਈ ਆਏ ਤੇ ਹਾਜ਼ਰੀ ਲਵਾ ਕੇ ਚਲਦੇ ਬਣੇ। ਸ੍ਰੀ ਭਗਤ ਅਤੇ ਕਮਲ ਸ਼ਰਮਾ ਵਾਲੀਆਂ ਤਖ਼ਤੀਆਂ ਸਟੇਜ ਤੋਂ ਹਟਾ ਦਿੱਤੀਆਂ ਗਈਆਂ ਤੇ ਹੋਰਨਾਂ ਵਿਅਕਤੀਆਂ ਨੂੰ ਉਨ੍ਹਾਂ ਸੀਟਾਂ ’ਤੇ ਬਿਠਾਇਆ ਗਿਆ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਤ ਢਿੱਲੋਂ, ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਨ ਸਿੰਘ ਫਿਲੌਰ ਆਦਿ ਲੋਕਾਂ ਵਿੱਚ ਬੈਠੇ। ਇਨ੍ਹਾਂ ਮੰਤਰੀਆਂ ਨੂੰ ਅੱਧਾ ਸਮਾਗਮ ਲੰਘ ਜਾਣ ਤੋਂ ਬਾਅਦ ਸਟੇਜ ’ਤੇ ਬਿਠਾਇਆ ਗਿਆ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026