Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਵਿਧਾਨ ਸਭਾ 'ਚ ਮਤਾ ਲਿਆ ਕੇ 1984 ਕਤਲੇਆਮ ਦੀ ਨਿਖੇਧੀ ਕੀਤੀ ਜਾਵੇ-ਭੋਗਲ

Posted on January 10th, 2014

ਨਵੀਂ ਦਿੱਲੀ- ਅਖਿਲ ਭਾਰਤੀ 84 ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜਥੇ: ਕੁਲਦੀਪ ਸ਼ਿੰਘ ਭੋਗਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਿਧਾਨ ਸਭਾ 'ਚ ਇਕ ਵਿਸ਼ੇਸ਼ ਮਤਾ ਲਿਆ ਕੇ ਨਵੰਬਰ-1984 ਸਿੱਖ ਨਸਲਕੁਸ਼ੀ ਦੀ ਨਿਖੇਧੀ ਕੀਤੀ ਜਾਵੇ ਅਤੇ ਇਸ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਯਾਦ ਵਿਚ ਮੌਨ ਰੱਖਿਆ ਜਾਵੇ | ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਪੀੜਤ ਸਿੱਖਾਂ ਦੀਆਂ ਜਿਹੜੀਆਂ ਵੀ ਮੰਗਾਂ ਹਨ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹਲ ਕੀਤਾ ਜਾਵੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੀੜਤਾਂ ਨਾਲ ਹਮੇਸ਼ਾ ਬੇਇਨਸਾਫੀ ਕੀਤੀ ਹੈ | 
ਜੱਥੇ:ਭੋਗਲ ਨੇ ਦਾਅਵਾ ਕੀਤਾ ਕਿ ਪਿਛਲੇ 15 ਵਰਿ੍ਹਆਂ ਤਕ ਰਾਜ ਕਰਨ ਵਾਲੀ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਦੀ ਸਰਕਾਰ ਨੇ ਵੀ ਸਿੱਖ ਪੀੜਤਾਂ ਵਾਸਤੇ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਰ੍ਹਾ 2005 ਦੌਰਾਨ ਦੇਸ਼ ਦੇ ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ ਨੇ 715 ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ ਕੀਤਾ ਸੀ | ਇਸ ਪੈਕੇਜ਼ ਮੁਤਾਬਿਕ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਜਿਹੜੇ ਪੀੜਤਾਂ ਨੂੰ ਮਕਾਨ ਨਹੀਂ ਮਿਲੇ,ਉਨ੍ਹਾਂ ਲਈ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਤੋਂ ਇਲਾਵਾ ਨਵੰਬਰ-84 ਦੌਰਾਨ ਜਿਹੜੇ ਲੋਕ ਜ਼ਖਮੀ ਹੋਏ ਸਨ ਜਾਂ ਜਿਨ੍ਹਾਂ ਦੇ ਕੋਲ ਐਫ.ਆਈ.ਆਰ. ਹੈ ਪਰੰਤੂ ਮੁਆਵਜਾ ਨਹੀਂ ਮਿਲ ਸਕਿਆ ਹੈ,ਉਨ੍ਹਾਂ ਵੀ ਪੂਰਾ ਮੁਆਵਜਾ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਜਿਨ੍ਹਾਂ ਦੇ ਮਕਾਨ,ਫੈਕਟਰੀ,ਜਾਇਦਾਦ ਜਾਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ,ਉਨ੍ਹਾਂ ਨੂੰ ਮੁਆਵਜਾ ਦੇਣ ਤੋਂ ਇਲਾਵਾ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਗਈ ਸੀ | 
ਜੱਥੇ: ਭੋਗਲ ਨੇ ਅਫਸੋਸ ਜਤਾਇਆ ਕਿ ਉਪਰੋਕਤ ਐਲਾਨ ਸਿਰਫ ਕਾਗਜਾਂ ਤਕ ਹੀ ਸੀਮਤ ਰਹਿ ਗਏ | ਉਨ੍ਹਾਂ ਕਿਹਾ ਕਿ ਇਹ ਦਿੱਲੀ ਸਰਕਾਰ ਦੀ ਸਬ ਤੋਂ ਵੱਡੀ ਨਾਕਾਮੀ ਹੈ ਕਿ ਉਹ ਪੀੜਤਾਂ ਨੂੰ ਇਨਸਾਫ ਦਿਵਾਉਣ 'ਚ ਨਾਕਾਮ ਸਾਬਿਤ ਹੋਈ | ਜੱਥੇ: ਭੋਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੀੜਤਾਂ ਨੂੰ ਉਮੀਦ ਦੀ ਕਿਰਨ ਜਾਗੀ ਹੈ ਅਤੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਉਹ ਪੀੜਤਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸਮਸਿਆਵਾਂ ਨੂੰ ਤੁਰੰਤ ਹਲ ਕਰਵਾਉਣ |


Archive

RECENT STORIES