Posted on December 24th, 2013

ਟਰਾਂਟੋ (CK NEWS GROUP )- ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ 1984 ਦੇ ਕਤਲੇਆਮ ਦੀ ਗੱਲ ਕਰਨੀ ਕੈਨੇਡਾ ਦੇ ਇੱਕ ਵਿਧਾਇਕ ਨੂੰ ਬੇਹੱਦ ਮਹਿੰਗੀ ਪਈ ਹੈ। ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਐਨ. ਡੀ. ਪੀ. ਦੇ ਵਿਧਾਇਕ ਜਗਮੀਤ ਸਿੰਘ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਜਗਮੀਤ ਸਿੰਘ ਪਹਿਲਾਂ ਵੀ ਭਾਰਤ ਜਾ ਚੁੱਕੇ ਹਨ ਅਤੇ ਉੱਥੇ ਕਈ ਲੋਕ ਭਲਾਈ ਦੇ ਕੰਮਾਂ 'ਚ ਸ਼ਮੂਲੀਅਤ ਵੀ ਕਰਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਜਗਮੀਤ ਸਿੰਘ ਨੇ 'ਸੇਵਾ' ਨਾਮ ਦੀ ਇੱਕ ਸਮਾਜ ਭਲਾਈ ਵਾਲੀ ਸੰਸਥਾ ਦੇ ਸੱਦੇ 'ਤੇ ਭਾਰਤ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਜਿੱਥੇ ਉਨ੍ਹਾਂ ਨੂੰ 'ਸਾਲ ਦਾ ਸਰਬੋਤਮ ਸਿੱਖ' ਸਨਮਾਨ ਦਿੱਤਾ ਜਾਣਾ ਸੀ। ਜਗਮੀਤ ਸਿੰਘ ਨੇ ਭਾਰਤ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਅਵੱਗਿਆ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਜਿਹੇ ਮੁੱਦਿਆਂ ਨੂੰ ਕੈਨੇਡਾ ਵਿੱਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਾਇਦ ਉਹ ਪਹਿਲਾਂ ਕੈਨੇਡੀਅਨ ਚੁਣਿਆ ਹੋਇਆ ਸਿਆਸਤਦਾਨ ਹੋਵੇਗਾ, ਜਿਸ ਨੂੰ ਭਾਰਤ ਵਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ।
ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼-ਭਗਤ ਪਰਿਵਾਰ ਨਾਲ ਸਬੰਧ ਰੱਖਦੇ ਜਗਮੀਤ ਸਿੰਘ ਦੇ ਪਰਿਵਾਰ ਨੇ ਆਜ਼ਾਦੀ ਤੋਂ ਬਾਅਦ ਵੀ ਭਾਰਤ ਲਈ ਕੁਰਬਾਨੀਆਂ ਕੀਤੀਆਂ। ਉਹ ਮਹਾਨ ਦੇਸ਼-ਭਗਤ ਸ. ਸੇਵਾ ਸਿੰਘ ਠੀਕਰੀਵਾਲਾ ਦਾ ਪੜਪੋਤਾ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਜੱਦੋਜਹਿਦ ਕੀਤੀ। ਉਸਦੇ ਤਾਇਆ ਜੀ ਸ. ਸ਼ਿਵਚਰਨ ਸਿੰਘ ਧਾਲੀਵਾਲ ਨੇ 1972 ਦੀ ਹਿੰਦ-ਪਾਕਿ ਜੰਗ 'ਚ ਭਾਰਤ ਲਈ ਖੂਨ ਵਹਾਉਂਦਿਆਂ ਆਪਣੀ ਜਾਨ ਕੁਰਬਾਨ ਕੀਤੀ ਜਦਕਿ ਦੂਸਰੇ ਤਾਇਆ ਜੀ ਸ. ਗੁਰਦਾਤਾਰ ਸਿੰਘ ਭਾਰਤੀ ਫੌਜ 'ਚੋਂ ਜਨਰਲ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ।
ਕੈਨੇਡਾ ਦੇ ਜੰਮਪਲ ਪਰ ਆਪਣੇ ਧਰਮ ਅਤੇ ਵਿਰਸੇ 'ਚ ਪੂਰੀ ਤਰਾਂ ਪ੍ਰਪੱਕ ਜਗਮੀਤ ਸਿੰਘ ਨੂੰ ਕੈਨੇਡੀਅਨ ਸਮਾਜ 'ਚ ਰੋਲ ਮਾਡਲ ਮੰਨਿਆ ਜਾਂਦਾ ਹੈ ਪਰ ਉਸ ਨਾਲ ਕੀਤੇ ਇਸ ਵਤੀਰੇ ਕਾਰਨ ਕੈਨੇਡਾ ਵਾਸੀ ਬੇਹੱਦ ਹੈਰਾਨ-ਪ੍ਰੇਸ਼ਾਨ ਹਨ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਢੁਕਵੇਂ ਜਵਾਬ ਤੋਂ ਇਸ ਤਰਾਂ ਵੀਜ਼ਾ ਨਾ ਦੇਣਾ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਇੱਕ ਲੋਕਤੰਤਰੀ ਢਾਂਚੇ 'ਚ ਕਿਸੇ ਬੇ-ਇਨਸਾਫੀ ਦੇ ਉਲਟ ਆਵਾਜ਼ ਬੁਲੰਦ ਕਰਨਾ ਇੱਕ ਆਮ ਵਰਤਾਰ ਹੁੰਦਾ ਹੈ ਅਤੇ ਇੱਕ ਚੁਣੇ ਹੋਏ ਨੁਮਾਇੰਦੇ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਇਨਸਾਫ ਲਈ ਆਵਾਜ਼ ਉਠਾਏ। ਉਨ੍ਹਾਂ ਕਿਹਾ ਕਿ ਉਹ ਦੁਨੀਆਂ ਦੇ 20 ਦੇ ਕਰੀਬ ਮੁਲਕਾਂ 'ਚ ਜਾ ਚੁੱਕੇ ਹਨ, ਜਿੱਥੇ ਉਨ੍ਹਾਂ ਨੂੰ ਪੂਰੇ ਮਾਣ-ਸਤਿਕਾਰ ਨਾਲ ਜੀ ਆਇਆਂ ਕਿਹਾ ਗਿਆ।
ਕੈਨੇਡਾ ਵਿੱਚ ਅਬਾਦੀ ਪੱਖੋਂ ਚੌਥੇ ਸਭ ਤੋਂ ਵੱਡੇ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਇਸ 34 ਸਾਲਾਂ ਨੌਜਵਾਨ ਵਿਧਾਇਕ ਨਾਲ ਕੀਤੇ ਇਸ ਵਤੀਰੇ ਪ੍ਰਤੀ ਕੈਨੇਡਾ ਦੇ ਸਿੱਖ ਭਾਈਚਾਰੇ 'ਚੋਂ ਰੋਸ ਦੀ ਵੱਡੀ ਲਹਿਰ ਉੱਠਣ ਦੇ ਆਸਾਰ ਹਨ। ਦਿਲਚਸਪ ਗੱਲ ਇਹ ਹੈ ਕਿ ਭਾਰਤ ਸਰਕਾਰ ਵਲੋਂ ਇਹ ਸਭ ਕੁਝ ਉਸ ਵੇਲੇ ਕੀਤਾ ਗਿਆ ਹੈ ਜਦੋਂ ਕਿ ਉਹ ਖੁਦ ਆਪਣੀ ਇੱਕ ਕੂਟਨੀਤਕ ਦੇਵਿਯਾਨੀ ਖੋਬਰਗਡੇ ਨਾਲ ਅਮਰੀਕਨ ਪ੍ਰਸ਼ਾਸਨ ਵਲੋਂ ਕੀਤੇ ਵਤੀਰੇ 'ਤੇ ਬੇਹੱਦ ਰੋਸ ਪ੍ਰਗਟਾ ਰਹੇ ਹਨ।
ਭਾਰਤ ਜਾਣ ਦੇ ਇਛੁੱਕ ਪਰਵਾਸੀ ਸਿੱਖਾਂ ਨੂੰ ਵੀਜ਼ਾ ਨਾ ਦੇ ਕੇ ਪਰੇਸ਼ਾਨ ਕਰਨਾ ਭਾਰਤ ਸਰਕਾਰ ਦਾ ਇੱਕ ਹਥਿਆਰ ਬਣ ਚੁੱਕਾ ਹੈ, ਜਿਸ ਦੀ ਵਰਤੋਂ ਨਾਲ ਮਨੁੱਖੀ ਅਧਿਕਾਰਾਂ ਜਾਂ ਇਨਸਾਫ ਦੀ ਗੱਲ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇਕਰ ਇੱਕ ਅਜਿਹੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਅਜਿਹਾ ਵਾਪਰ ਸਕਦਾ ਹੈ ਤਾਂ ਇੱਕ ਆਮ ਆਦਮੀ ਨੂੰ ਕਿਨ੍ਹਾਂ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਹੋਵੇਗਾ, ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026