Posted on December 13th, 2013

<p>ਪਿੰਡ ਬਾਦਲ ਵਿੱਚ ਮੁੱਖ ਸੜਕ ’ਤੇ ਲੱਗੇ ਖਜੂਰਾਂ ਦੇ ਦਰੱਖ਼ਤ<br></p>
ਬਠਿੰਡਾ- ਜੰਗਲਾਤ ਮਹਿਕਮੇ ਵੱਲੋਂ ਮੁੱਖ ਮੰਤਰੀ ਦੇ ਪਿੰਡ ਬਾਦਲ ਨੂੰ ਵਿਦੇਸ਼ੀ ਦਿੱਖ ਦੇਣ ਖਾਤਰ ਮੁੱਖ ਸੜਕ ਨੂੰ ਖਜੂਰਾਂ ਦੇ ਦਰਖ਼ਤਾਂ ਨਾਲ ਸ਼ਿੰਗਾਰ ਦਿੱਤਾ ਗਿਆ ਹੈ। ਪੰਜਾਬ ਭਰ ’ਚੋਂ ਖਜੂਰਾਂ ਦੇ ਦਰਖ਼ਤ ਲੱਭ ਕੇ ਪਿੰਡ ਬਾਦਲ ਵਿੱਚ ਢੋਏ ਗਏ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਮੁੱਖ ਸੜਕ ’ਤੇ ਖਜੂਰਾਂ ਨੂੰ ਲਾਉਣ ਲਈ ਜੰਗਲਾਤ ਅਫਸਰ ਕਰੀਬ 20 ਦਿਨਾਂ ਤੋਂ ਪੱਬਾਂ ਭਾਰ ਹਨ। ਮੁੱਖ ਸੜਕ ਦੇ ਦੋਹਾਂ ਪਾਸਿਆਂ ’ਤੇ ਕਰੀਬ 250 ਖਜੂਰਾਂ ਦੇ ਦਰਖ਼ਤ ਲਗਾਏ ਜਾਣੇ ਹਨ ਜਿਨ੍ਹਾਂ ’ਚੋਂ 200 ਦੇ ਕਰੀਬ ਦਰਖ਼ਤ ਲਗਾ ਦਿੱਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਮੁਕਤਸਰ ਵਲੋਂ ਵਿਸ਼ੇਸ਼ ਰੁਚੀ ਲੈ ਕੇ ਪਿੰਡ ਬਾਦਲ ਨੂੰ ਸੋਹਣੀ ਦਿੱਖ ਦੇਣ ਲਈ ਖਜੂਰਾਂ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਹਰ ਖਜੂਰ ਕਰੀਬ 12 ਤੋਂ 15 ਫੁੱਟ ਉੱਚੀ ਹੈ ਅਤੇ ਪੂਰਾ ਭਾਰੀ ਦਰਖ਼ਤ ਹੋਣ ਕਰਕੇ ਬਠਿੰਡਾ ਤੋਂ ਵਿਸ਼ੇਸ਼ ਲੋਡਰ ਵੀ ਮੰਗਵਾਏ ਹੋਏ ਹਨ। ਪੰਜਾਬ ਦੀ ਮਲੇਰਕੋਟਲਾ, ਸਮਾਣਾ, ਨਾਭਾ, ਲੁਧਿਆਣਾ, ਮਾਨਸਾ ਅਤੇ ਪਟਿਆਲਾ ਰੇਂਜ ’ਚੋਂ ਖਜੂਰਾਂ ਦੇ ਦਰਖ਼ਤ ਲਿਆਏ ਗਏ ਹਨ। ਬਠਿੰਡਾ ਤੋਂ ਲੋਡਰ ਮੰਗਵਾਇਆ ਗਿਆ ਹੈ ਜਿਸ ਨੂੰ ਪ੍ਰਤੀ ਦਿਨ ਤਿੰਨ ਹਜ਼ਾਰ ਰੁਪਏ ਕਿਰਾਇਆ ਦਿੱਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਦੇ ਕਰੀਬ 20 ਮਜ਼ਦੂਰ ਇਸ ਕੰਮ ਤੇ ਡਟੇ ਹੋਏ ਹਨ।
ਲੰਬੀ ਰੇਂਜ ਅਤੇ ਜ਼ਿਲ੍ਹੇ ਦੇ ਜੰਗਲਾਤ ਅਫਸਰ ਵੀ ਤਿੰਨ ਹਫਤੇ ਤੋਂ ਪੂਰਾ ਪਹਿਰਾ ਦੇ ਰਹੇ ਹਨ। ਮੁੱਖ ਮੰਤਰੀ ਪੰਜਾਬ ਦੀ ਜੋ ਨਵੀਂ ਰਿਹਾਇਸ਼ ਹੈ, ਉਸ ਦੇ ਅੱਗੇ ਵਾਲੀ ਸੜਕ ’ਤੇ ਵੀਹ ਵੀਹ ਫੁੱਟ ਦੀ ਦੂਰੀ ’ਤੇ ਸੜਕ ਦੇ ਦੋਵੇਂ ਪਾਸੇ ਖਜੂਰਾਂ ਦੇ ਦਰਖ਼ਤ ਲਗਾਏ ਜਾ ਰਹੇ ਹਨ। ਇੱਥੋਂ ਤੱਕ ਕਿ ਪਿੰਡ ਦੇ ਲੋਕਾਂ ਦੇ ਘਰਾਂ ਦੇ ਅੱਗੇ ਕੱਚੇ ਪੱਕੇ ਥਾਂ ਨੂੰ ਵੀ ਪੁੱਟ ਕੇ ਖਜੂਰ ਖੜ੍ਹੇ ਕੀਤੇ ਜਾ ਰਹੇ ਹਨ। ਕੁਝ ਲੋਕਾਂ ਨੇ ਇਸ ’ਤੇ ਜਦੋਂ ਇਤਰਾਜ਼ ਕੀਤਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਬਕਾ ਮਾਰ ਦਿੱਤਾ। ਡਿਪਟੀ ਕਮਿਸ਼ਨਰ ਮੁਕਤਸਰ ਵੀ ਇਸ ਪ੍ਰਾਜੈਕਟ ਦੀ ਦੇਖ ਰੇਖ ਕਰ ਰਹੇ ਹਨ। ਬਠਿੰਡਾ ਬਾਦਲ ਸੜਕ ਤੇ ਜਿਥੋਂ ਪਿੰਡ ਬਾਦਲ ਦੀ ਜੂਹ ਸ਼ੁਰੂ ਹੁੰਦੀ ਹੈ, ਉਥੋਂ ਹੀ ਖਜੂਰ ਦਿੱਖਣੇ ਸ਼ੁਰੂ ਹੋ ਜਾਂਦੇ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਵਿਦੇਸ਼ੀ ਤਰਜ਼ ’ਤੇ ਖਜੂਰ ਲਗਾ ਕੇ ਪਿੰਡ ਦੀ ਦਿੱਖ ਨੂੰ ਹੋਰ ਚਮਕਾਉਣਾ ਚਾਹੰੁਦੇ ਹਨ ਅਤੇ ਉਹ ਕਾਫ਼ੀ ਸਮੇਂ ਤੋਂ ਇਸ ਪ੍ਰਾਜੈਕਟ ਬਾਰੇ ਆਖ ਰਹੇ ਸਨ। ਜਾਣਕਾਰੀ ਅਨੁਸਾਰ ਜੰਗਲਾਤ ਮਹਿਕਮੇ ਅੱਗੇ ਹੁਣ ਵੱਡੀ ਚੁਣੌਤੀ ਇਨ੍ਹਾਂ ਖਜੂਰਾਂ ਦੇ ਦਰਖ਼ਤਾਂ ਨੂੰ ਚਲਾਉਣ ਦੀ ਹੈ ਕਿਉਂਕਿ ਵੱਡੇ ਦਰਖ਼ਤਾਂ ਨੁੂੰ ਪੁੱਟ ਕੇ ਨਵੇਂ ਸਿਰੇ ਤੋਂ ਜਦੋਂ ਲਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਚੱਲਣ ਦੀ ਸੰਭਾਵਨਾ ਘੱਟ ਜਾਂਦੀ ਹੈ। ਸਰਕਾਰੀ ਦਬਾਓ ਹੈ ਕਿ ਇਨ੍ਹਾਂ ਖਜੂਰਾਂ ਨੂੰ ਹਰ ਹਾਲਤ ਵਿੱਚ ਚਲਾਇਆ ਜਾਵੇ ਜਿਸ ਕਰਕੇ ਅਧਿਕਾਰੀ ਵੀ ਫਿਕਰਮੰਦ ਹਨ ਕਿਉਂਕਿ ਪੰਜਾਬ ਦੇ ਪੌਣ ਪਾਣੀ ਆਦਿ ਕਰਕੇ ਇਹ ਪਹਿਲਾਂ ਵੀ ਖਜੂਰਾਂ ਦੇ ਪ੍ਰਾਜੈਕਟ ਫੇਲ੍ਹ ਹੋਏ ਹਨ।
ਸੂਤਰ ਦੱਸਦੇ ਹਨ ਕਿ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਜਾਂਦੀ ਮੁੱਖ ਸੜਕ ’ਤੇ ਲੋਕ ਨਿਰਮਾਣ ਵਿਭਾਗ ਨੇ ਖਜੂਰਾਂ ਦੇ ਦਰਖ਼ਤ ਲਗਾਏ ਸਨ ਜੋ ਕਿ ਚੱਲ ਨਹੀਂ ਸਕੇ ਜਿਸ ਕਰਕੇ ਦੁਬਾਰਾ ਫਿਰ ਉਥੇ ਖਜੂਰਾਂ ਦੇ ਦਰਖ਼ਤ ਲਗਾਏ ਗਏ ਸਨ। ਹੁਣ ਪਿੰਡ ਬਾਦਲ ਵਿੱਚ ਜੰਗਲਾਤ ਵਿਭਾਗ ਵਲੋਂ ਦਰਖ਼ਤ ਲਗਾਏ ਜਾਣ ਤੋਂ ਪਹਿਲਾਂ ਪੁੱਟੇ ਟੋਏ ਵਿੱਚ ਵਿਸ਼ੇਸ਼ ਪਾਊਡਰ ਅਤੇ ਘੋਲ ਪਾਇਆ ਗਿਆ ਹੈ ਅਤੇ ਗੰਡੋਇਆਂ ਤੋਂ ਤਿਆਰ ਖਾਦ ਵੀ ਲਿਆ ਕੇ ਪਾਈ ਗਈ ਹੈ। ਬਠਿੰਡਾ ਬਾਦਲ ਵੀ.ਆਈ.ਪੀ ਸੜਕ ’ਤੇ ਵੀ ਸੁੰਦਰ ਪੌਦੇ ਲਗਾਏ ਗਏ ਹਨ। ਜੰਗਲਾਤ ਦੇ ਰੇਂਜ ਅਤੇ ਬਲਾਕ ਪੱਧਰ ਦੇ ਜੰਗਲਾਤ ਗਾਰਡ ਅਤੇ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਜ਼ਿਲ੍ਹਾ ਜੰਗਲਾਤ ਅਫਸਰ ਮੁਕਤਸਰ ਸੰਜੇ ਬਾਂਸਲ ਦਾ ਕਹਿਣਾ ਸੀ ਕਿ ਪਿੰਡ ਬਾਦਲ ਦੀ ਸੁੰਦਰਤਾ ਅਤੇ ਹਰਿਆਲੀ ਲਈ ਖਜੂਰਾਂ ਦੇ ਕਰੀਬ 225 ਦਰਖ਼ਤ ਲਗਾਏ ਜਾਣੇ ਹਨ ਜਿਨ੍ਹਾਂ ’ਚੋਂ ਕਾਫ਼ੀ ਲੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਚਾਰ ਜੰਗਲਾਤ ਰੇਂਜਾਂ ਦੀਆਂ ਸਰਕਾਰੀ ਨਰਸਰੀਆਂ ’ਚੋਂ ਇਨ੍ਹਾਂ ਖਜੂਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ ਕੋਈ ਵੱਡਾ ਪ੍ਰਾਜੈਕਟ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਖਜੂਰਾਂ ਨੂੰ ਢੁਕਵੀਂ ਵਿਧੀ ਨਾਲ ਲਗਾਇਆ ਜਾ ਰਿਹਾ ਹੈ ਜਿਸ ਕਰਕੇ 50 ਫੀਸਦੀ ਕਾਮਯਾਬੀ ਜ਼ਰੂਰ ਮਿਲ ਜਾਵੇਗੀ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026