Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਵੇਕਲੇ ਕਾਮਰੇਡ : ਗਲਤ ਨੂੰ ਗਲਤ ਆਖ ਕੇ ਵਿੱਰੁਧ ਬੋਲਣ ਵਾਲੇ

Posted on June 27th, 2020

ਬਹੁਤ ਘੱਟ ਸਿੱਖਾਂ ਨੂੰ ਇਹ ਪਤਾ ਹੈ ਕਿ ਅਮਰੀਕਾ ਵਿਚ 'ਬਲੈਕ ਲਾਈਵਜ ਮੈਟਰਜ਼' ਤੇ ਟਰੰਪ ਦੇ ਫਾਸ਼ੀਵਾਦ ਵਿਰੁੱਧ ਮੁਹਿੰਮ ਚਲਾ ਰਹੀ ਇਨਕਲਾਬੀ ਕਮਿਊਨਿਸਟ ਪਾਰਟੀ (ਯੂ. ਐਸ. ਏ.) ਨੇ ਜੂਨ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੀ ਨਿਖੇਧੀ ਕੀਤੀ ਸੀ ਅਤੇ ਪੰਜਾਬ ਦੀ ਖੁਦਮੁਖਤਿਆਰੀ ਦੀ ਹਮਾਇਤ ਕੀਤੀ ਸੀ।

ਉਨ੍ਹਾਂ ਨੇ ਆਪਣੇ ਆਲਮੀ ਪਰਚੇ 'ਵਰਲਡ ਟੂ ਵਿਨ' ਦੇ ਪਹਿਲੇ ਅੰਕ ਵਿੱਚ ਪੰਜਾਬ ਅੰਦਰ ਲੜ ਰਹੇ ਸਿਖ ਯੋਧਿਆਂ ਦੇ ਸੰਘਰਸ਼ ਦੀ ਗਾਥਾ ਨੂੰ ਬਿਆਨ ਕਰਦੀ ਇਕ ਲਿਖਤ ਛਾਪੀ ਸੀ, ਜਿਸ ਵਿਚ ਉਨ੍ਹਾਂ ਨੇ ਸਿੱਖ ਨੌਜਵਾਨਾਂ ਉਤੇ ਹੋ ਰਹੇ ਸਰਕਾਰੀ ਜਬਰ ਨੂੰ ਆਲਮੀ ਪੱਧਰ ਉਤੇ ਨਸ਼ਰ ਕੀਤਾ ਸੀ।

ਬਹੁਤ ਘੱਟ ਸਿੱਖਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅੱਜ ਕਲ੍ਹ ਨੇਪਾਲ ਵਿਚ ਰਾਜ ਕਰ ਰਹੀ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਕੋ-ਚੇਅਰਮੈਨ ਪੁਸ਼ਪ ਕੁਮਾਰ ਦਾਹਲ ਪਰਚੰਡ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਰਜਵਾੜਾਸ਼ਾਹੀ ਤੋਂ ਨੇਪਾਲ ਨੂੰ ਮੁਕਤ ਕਰਵਾਉਣ ਲਈ ਹਥਿਆਰਬੰਦ ਜੱਦੋਜਹਿਦ ਲੜ ਰਹੇ ਸਨ। ਉਸ ਵੇਲੇ ਉਹ ਆਪਣੇ ਕੁਝ ਸਾਥੀਆਂ ਨਾਲ ਦਰਬਾਰ ਸਾਹਿਬ ਇਹ ਜਾਣਨ ਲਈ ਆਏ ਸਨ ਕਿ ਸਿੱਖਾਂ ਨੂੰ ਇਥੋਂ ਲੜਨ ਦੀ ਪ੍ਰੇਰਨਾ ਕਿਉਂ ਅਤੇ ਕਿਵੇਂ ਮਿਲਦੀ ਹੈ।

ਜੂਨ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਕੈਨੇਡਾ ਗਏ ਦੇਸ ਭਗਤ ਯਾਦਗਾਰ ਹਾਲ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਨੂੰ ਕੈਨੇਡਾ ਦੇ ਕਮਿਊਨਿਸਟ ਆਗੂ ਹਰਦਿਆਲ ਬੈਂਸ ਨੇ ਕਿਹਾ ਸੀ ਕਿ ਬਾਬਾ ਜੀ ਜੇ ਤੁਸੀਂ ਸੌ ਕਮਿਊੂਨਿਸਟ ਵੱਡੇ ਲਾਲ ਝੰਡੇ ਚੁੱਕ ਕੇ ਭਾਰਤੀ ਫੌਜ ਦੇ ਅੱਗੇ ਖੜ੍ਹੇ ਹੋ ਜਾਂਦੇ ਤਾਂ ਇਹ ਤਬਾਹੀ ਨਹੀਂ ਸੀ ਹੋਣੀ। ਫੌਜ ਦੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਦੀ ਜੁਰਅਤ ਨਹੀਂ ਸੀ ਪੈਣੀ।

ਬਾਬਾ ਜੀ ਦੇ ਇਹ ਕਹਿਣ ਉਤੇ ਕਿ ਫੌਜ ਨੇ ਸਾਡੇ ਕਹਿਣ ਉਤੇ ਨਹੀਂ ਸੀ ਰੁਕਣਾ ਤਾਂ ਅਗੋਂ ਹਰਦਿਆਲ ਬੈਂਸ ਦਾ ਜੁਆਬ ਸੀ ਕਿ ਫਿਰ ਤੁਸੀਂ ਪੰਜਾਬ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਮਹਾਨ ਸ਼ਹੀਦ ਬਣਦੇ।ਦੁਨੀਆਂ ਭਰ ਵਿਚ ਕਮਿਊਨਿਸਟ ਲਹਿਰ ਦਾ ਇਤਿਹਾਸ ਬਦਲ ਜਾਂਦਾ। ਦੁਨੀਆਂ ਭਰ ਦੇ ਲੋਕਾਂ ਦੇ ਮਨਾਂ ਵਿਚ ਇਹ ਪੈਗਾਮ ਜਾਂਦਾ ਕਿ ਖੁਦ ਧਰਮ ਨੂੰ ਨਾ ਮੰਨਦਿਆਂ ਹੋਇਆ ਵੀ ਕਮਿਊਨਿਸਟ ਕਿਸੇ ਧਾਰਮਿਕ ਘੱਟ ਗਿਣਤੀ ਉਤੇ ਹੋ ਰਹੇ ਸਰਕਾਰੀ ਜਬਰ ਦਾ ਵਿਰੋਧ ਕਰ ਸਕਦੇ ਨੇ।

ਇਸ ਫੌਜੀ ਹਮਲੇ ਵਿਰੁੱਧ ਕੈਨੇਡਾ ਵਿਚ ਹੋਇਆ ਪਹਿਲਾਂ ਰੋਸ ਮੁਜਾਹਰਾ ਹਰਦਿਆਲ ਬੈਂਸ ਦੀ ਪਾਰਟੀ ਨੇ ਜਥੇਬੰਦ ਕੀਤਾ ਸੀ। ਉਸਨੇ ਬਾਕਾਇਦਾ ਆਪਣੇ ਕੁਝ ਸਾਥੀਆਂ ਨੂੰ ਪੰਜਾਬ ਅੰਦਰ ਸਿੱਖਾਂ ਦੇ ਹੱਕ ਵਿਚ ਕੰਮ ਕਰਨ ਲਈ ਭੇਜਿਆ।

ਆਪਣੇ ਭਰਾ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਪੰਜਾਬ ਅੰਦਰ ਮਨੁੱਖੀ ਹੱਕਾਂ ਦੀ ਲੜਾਈ ਆਰੰਭ ਕਰਨ ਵੇਲੇ ਹਰਦਿਆਲ ਬੈਂਸ ਦੇ ਇਨ੍ਹਾਂ ਸਾਥੀਆਂ ਨੇ ਪੂਰਾ ਸਰਗਰਮ ਰੋਲ ਨਿਭਾਇਆ।

ਬੇਅੰਤ ਸਿੰਘ ਸਰਕਾਰ ਵਲੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਬੜੇ ਬੇਸ਼ਰਮ ਢੰਗ ਨਾਲ ਗ੍ਰਿਫਤਾਰ ਕਰਨ ਵਿਰੁੱਧ ਹਰਦਿਆਲ ਬੈਂਸ ਨੇ ਛੋਟੇ ਛੋਟੇ ਪੈਂਫਲਿਟ ਲਿਖ ਕੇ ਨਾ ਸਿਰਫ ਹਰਕਿਸ਼ਨ ਸਿੰਘ ਸੁਰਜੀਤ ਅਤੇ ਜਗਜੀਤ ਸਿੰਘ ਅਨੰਦ ਵਰਗੇ ਸਰਕਾਰੀ ਕਮਿਊਨਿਸਟਾਂ ਵਿਰੁੱਧ ਸਿਧਾਂਤਕ ਬਹਿਸ ਚਲਾਈ ਬਲਕਿ ਇਸ ਗ੍ਰਿਫਤਾਰੀ ਵਿਰੁੱਧ ਬਾਹਰਲੇ ਅਨੇਕ ਸ਼ਹਿਰਾਂ ਵਿਚ ਰੋਸ ਮੁਜਾਹਰੇ ਵੀ ਜਥੇਬੰਦ ਕੀਤੇ।

- ਗੁਰਬਚਨ ਸਿੰਘ (ਦੇਸ ਪੰਜਾਬ)

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES