Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਰਾਜ ਪੰਜਾਬ ਦੇ ਸਿੱਖਿਆ ਪ੍ਰਬੰਧ ਅਤੇ ਅੱਜ ਦੇ ਹਾਲਾਤ

Posted on June 26th, 2020


ਕਿਸੇ ਸਮੇਂ ਦੇ ਸਭ ਤੋਂ ਤਾਕਤਵਰ ਸਾਮਰਾਜ ਬਿ੍ਟੇਨ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਅਤੇ 1880 ਵਿੱਚ ਹਰ ਕਿਸੇ ਲਈ ਪੜਾਈ ਲਾਜ਼ਮੀ ਕੀਤੀ ਗਈ। ਅੱਜ ਦੇ ਸਮੇਂ 'ਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਡ ਸਟੇਟਸ ਆਫ਼ ਅਮਰੀਕਾ ਦੀ ਸਟੇਟ ਮੈਸਾਚੂਸਟਸ 'ਚ ਸਭ ਤੋਂ ਪਹਿਲਾ 1852 'ਚ ਸਿੱਖਿਆ ਲਾਜ਼ਮੀ ਕੀਤੀ ਗਈ ਅਤੇ ਹੌਲੀ ਹੌਲੀ 1918 ਤੱਕ ਸਭ ਤੋਂ ਅਖ਼ੀਰ ਵਿੱਚ ਮਿਸੀਸਿਪੀ 'ਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ। ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 'ਚ ਗੁਜਜਰਾਂਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ 'ਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ। 

ਮਹਾਰਾਜਾ ਨੇ ਇੱਕ ਕਾਇਦਾ ਜਾਰੀ ਕੀਤਾ, ਜਿਸ ਨੂੰ ਪੜ੍ਹ ਕੇ ਗੁਰਮੁਖੀ ਅਤੇ ਫ਼ਾਰਸੀ ਨੂੰ ਆਸਾਨੀ ਨਾਲ 3 ਮਹੀਨੇ 'ਚ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿੱਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ ਆਪ ਕਰ ਸਕੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਕਾਇਦੇ ਪਿੰਡਾਂ 'ਚ ਤਹਿਸੀਲਦਾਰ ਰਾਹੀਂ ਭੇਜੇ ਅਤੇ ਉਹਨਾਂ ਨੂੰ ਹਰ ਪਿੰਡ 'ਚ ਇਹ ਕਾਇਦਾ ਵੰਡਣ ਦੇ ਹੁਕਮ ਦਿੱਤੇ। 

ਮਹਾਰਾਜਾ ਨੇ ਇਸ ਨਾਲ ਇਹ ਹੁਕਮ ਵੀ ਜਾਰੀ ਕੀਤਾ ਕਿ 3 ਮਹੀਨੇ ਵਿੱਚ ਇਹ ਕਾਇਦਾ ਆਪ ਸਿੱਖਣ ਤੋਂ ਬਾਅਦ ਹਰ ਕਿਸੇ ਨੇ ਇਸ ਤਰਾਂ ਦੇ 5 ਕਾਇਦੇ ਤਿਆਰ ਕਰਕੇ ਪੰਜ ਲੋਕਾਂ ਨੂੰ ਹੋਰ ਪੜ੍ਹਾਉਣਾ ਅਤੇ ਚਿੱਠੀ ਲਿਖ ਕੇ ਮਹਾਰਾਜ ਦੇ ਦਰਬਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ। ਇਸ ਤਰਾਂ ਥੋੜੇ ਸਾਲਾਂ ਵਿੱਚ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਚਿੱਠੀ ਪੜਨ ਲਿਖਣ ਅਤੇ ਹਿਸਾਬ-ਕਿਤਾਬ ਕਰਨ ਦੇ ਯੋਗ ਹੋ ਗਏ। 

ਅੰਗਰੇਜ਼ ਪ੍ਰੋ ਲਿਟਨਰ ਨੇ ਇਹ ਖੁਲਾਸਾ ਕੀਤਾ ਸੀ ਜਦੋਂ 1849 'ਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ'ਚ ਸਿੱਖਿਆ ਪ੍ਰਬੰਧ ਬਾ-ਕਮਾਲ ਸਨ, ਉਸ ਸਮੇਂ ਇੱਕਲੇ ਲਾਹੌਰ ਸ਼ਹਿਰ 'ਚ 14 ਲੜਕਿਆਂ ਦੇ ਸਕੂਲ ਸਨ ਅਤੇ 12 ਲੜਕੀਆਂ ਦੇ ਸਕੂਲ ਸਨ। ਇਸ ਤੋਂ ਇਲਾਵਾ ਲਾਹੌਰ 'ਚ ਕਲਾ, ਦਸਤਕਾਰੀ ਅਤੇ ਹੁਨਰ ਨੂੰ ਤਰਾਸ਼ਣ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੀ ਗਏ ਸਨ, ਜਿਥੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਤ ਕਰਦੇ ਸਨ। 

ਉਸ ਸਮੇਂ ਪੰਜਾਬ 'ਚ ਪੜ੍ਹੇ ਲਿਖੇ ਲੋਕਾਂ ਦੀ ਦਰ 'ਚ ਬਿ੍ਟਿਸ਼ ਇੰਡੀਆ ਨਾਲੋਂ ਵੱਡਾ ਫ਼ਰਕ ਸੀ (ਜਿੱਥੇ ਅੰਗਰੇਜ਼ ਲਗਭਗ ਪਿਛਲੇ 100 ਸਾਲਾਂ ਤੋਂ ਵੱਧ ਸਮੇਂ ਤੋਂ ਆਪਣਾ ਰਾਜ ਕਰ ਰਹੇ ਸਨ)। ਫਿਰ ਜਦੋਂ 1849 ਵਿੱਚ ਅੰਗਰੇਜ਼ਾਂ ਨੇ ਜਨ-ਗਣਤਾ ਕਰਵਾਈ ਤਾਂ ਡਾਕਟਰ ਲੋਗਨ ਵੱਲੋਂ ਤਿਆਰ ਕਰਵਾਈ ਇਸ ਰਿਪੋਰਟ 'ਚ ਪਤਾ ਲੱਗਾ ਕਿ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ 87% ਲੋਕ ਪੜ੍ਹੇ ਲਿਖੇ ਸਨ ਅਤੇ ਕੁਲ ਪੰਜਾਬ 'ਚ 78% ਲੋਕ ਪੜ੍ਹੇ ਲਿਖੇ ਸਨ, ਜਿਸ ਵਿੱਚ ਔਰਤਾਂ ਦੀ ਪ੍ਰਤੀਸ਼ਤ ਮਰਦਾਂ ਨਾਲੋਂ ਵਧੇਰੇ ਸੀ। 

ਇਸ ਤਰਾਂ ਸਿੱਖ ਰਾਜ ਪੰਜਾਬ ਆਪਣੇ ਆਪ ਨੂੰ ਗਿਆਨਵਾਨ ਅਤੇ ਰੌਸ਼ਨ ਖਿਆਲ (enlightened) ਅਖਵਾਉਣ ਵਾਲੇ ਯੂਰਪ ਤੋਂ ਕਾਫ਼ੀ ਅੱਗੇ ਸੀ। ਸਿੱਖਾਂ ਦੇ ਵਿੱਚ ਵੱਡੇ ਵਿਦਵਾਨ ਵਰਗ ਨੂੰ ਦੇਖਦੇ ਹੋਏ ਚਾਰਲਸ ਨੇਪੀਅਰ ਨੇ 1849 ਵਿੱਚ ਆਖਿਆ, ਹਾਲੇ (ਅਸੀਂ) ਪੰਜਾਬ 'ਤੇ ਸਿਰਫ਼ ਕਬਜ਼ਾ ਕੀਤੈ ਪਰ ਇਹ ਅਜੇ ਜਿੱਤਿਆ ਨਹੀਂ। ਪੰਜਾਬੀਆਂ ਤੇ ਉਨਾਂ ਦੀ ਭਾਸ਼ਾ ਨੂੰ ਫ਼ਤਿਹ ਕਰਨਾ ਅਜੇ ਬਾਕੀ ਹੈ... ਹਾਲੇ ਸਿਰਫ਼ ਪੰਜਾਬੀਆਂ ਦੇ ਸਰੀਰਾਂ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਜਾ ਸਕਿਆ ਹੈ। ਉਹਨਾਂ ਦੇ ਦਿਲਾਂ, ਦਿਮਾਗਾਂ ਅਤੇ ਰੂਹਾਂ ਨੂੰ ਹਾਲੇ ਗ਼ੁਲਾਮ ਬਣਾਉਣਾ ਬਾਕੀ ਹੈ। 

ਇਸ ਤੋਂ ਪਿੱਛੋ ਲਾਹੌਰ ਦਰਬਾਰ ਵੱਲੋਂ ਜਾਰੀ ਕੀਤੇ ਕਾਇਦੇ ਉੱਪਰ ਪਾਬੰਦੀ ਲਗਾ ਕੇ ਉਸ ਨੂੰ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ। ਪੰਜਾਬੀ ਕਾਇਦੇ ਉੱਤੇ ਸਰਕਾਰੀ ਧਾਵੇ ਦਾ ਖੁਲਾਸਾ ਕਰਦਿਆਂ ਲਹਿੰਦੇ ਪੰਜਾਬ ਦੇ ਲੇਖਕ ਮੁਹੰਮਦ ਜ਼ਕਰੀਆ ਆਫਤਾਬ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਵੱਲੋਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੰਦਿਆ ਕਿਹਾ ਗਿਆ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਆਪਣੀ ਰਜ਼ਾਮੰਦੀ ਨਾਲ ਤਲਵਾਰ ਆਦਿ ਹਥਿਆਰ ਜਮ੍ਹਾ ਕਰਵਾਏਗਾ, ਉਸ ਨੂੰ ਦੋ ਆਨੇ ਇਨਾਮ ਦਿੱਤਾ ਜਾਵੇਗਾ, ਜਦਕਿ ਜਿਹੜਾ ਪੰਜਾਬੀ ਕਾਇਦਾ ਜਮ੍ਹਾ ਕਰਵਾਏਗਾ, ਉਸ ਨੂੰ ਇਸ ਤੋਂ ਤਿੰਨ ਗੁਣਾਂ ਰਕਮ ਭੇਟ ਕੀਤੀ ਜਾਵੇਗੀ, ਯਾਨੀ ਕਿ ਛੇ ਆਨੇ ਦਿੱਤੇ ਜਾਣਗੇ, ਜਿਹੜੀ ਉਸ ਜ਼ਮਾਨੇ ਵਿੱਚ ਚੰਗੀ ਭਲੀ ਰਕਮ ਸੀ। 

ਇਸ ਦੇ ਨਾਲ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹੋਂ ਪੁੱਟਣ ਲਈ ਅਤੇ ਇਸ ਦਾ ਤਲਾ ਮੁਲਾ ਹੂੰਝਣ ਲਈ ਅਤੇ ਇਸ ਦੀ ਥਾਂ ਉਰਦੂ ਦਾ ਬੂਟਾ ਲਾਉਣ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ। ਸਰ ਡੋਨਲਡ ਨੇ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਬਣਨ ਮਗਰੋਂ ਇਹ ਹੁਕਮ ਜਾਰੀ ਕੀਤਾ, "ਪਹਿਲੇ ਮਰਹਲੇ ਵਿੱਚ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਉਰਦੂ ਸਿਖਾਈ ਜਾਵੇ, ਫਿਰ ਇਸ ਟੋਲੇ ਰਾਹੀਂ ਪੂਰੇ ਪੰਜਾਬ ਦੀ ਜੂਨ ਬਦਲੀ ਜਾਵੇ।" 

ਪੰਜਾਬੀ ਨੂੰ ਖਤਮ ਕਰਨ ਲਈ ਉਸ ਸਮੇਂ ਸਰਕਾਰੀ ਬੁੱਕ ਡੀਪੂ ਕਾਇਮ ਕੀਤੇ ਅਤੇ ਲੱਖਾਂ ਰੁਪਏ ਖਰਚ ਕੇ ਉਰਦੂ ਦੀਆਂ ਕਿਤਾਬਾਂ ਛਾਪੀਆਂ ਅਤੇ ਵੰਡੀਆਂ ਗਈਆਂ। ਜਿਹੜਾ ਰਵੱਈਆ ਅੰਗਰੇਜ਼ਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਿੱਖਾਂ ਲਈ ਅਪਣਾਇਆ ਗਿਆ, ਬਿਲਕੁਲ ਉਹੀ ਰਵੱਈਆ ਅੰਗਰੇਜ਼ਾਂ ਦੇ ਜਾਣ ਤੋਂ ਪਿੱਛੋਂ ਭਾਰਤ ਦੇ ਹਿੰਦੂ ਹੁਕਮਰਾਨਾਂ ਵੱਲੋਂ ਅਪਣਾਇਆ ਗਿਆ। ਪੰਜਾਬੀਆਂ/ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਹਨਾਂ ਦੀ ਮਾਂ ਬੋਲੀ ਤੋਂ ਉਹਨਾਂ ਨੂੰ ਦੂਰ ਕਰਨਾ ਅੱਜ ਭਾਰਤ ਦੀ ਉਸ ਤਰਾਂ ਲੋੜ ਹੈ, ਜੋ ਕਿ ਪਹਿਲਾਂ ਅੰਗਰੇਜ਼ਾਂ ਦੀ ਲੋੜ ਸੀ। 

ਅੱਜ ਪੰਜਾਬੀਆਂ ਤੇ ਰਾਸ਼ਟਰਵਾਦ ਦੀ ਪਾਣ ਚਾੜਨ ਲਈ ਪੰਜਾਬ 'ਚ ਹਿੰਦੀ ਦਾ ਪ੍ਰਚਾਰ ਪਸਾਰ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਅੱਜ ਪੰਜਾਬ 'ਚ ਦਰਜਣ ਤੋਂ ਵੱਧ ਰੋਜ਼ਾਨਾ ਹਿੰਦੀ ਅਖ਼ਬਾਰ ਛਪ ਰਹੇ ਹਨ ਅਤੇ ਪੰਜਾਬੀ ਹਿੰਦੂ ਅਤੇ ਸ਼ਹਿਰੀ ਸਿੱਖ ਇਸ ਬੇਗਾਨੀ ਬੋਲੀ ਨੂੰ ਬਿਨਾਂ ਸੋਚੇ ਸਮਝੇ ਆਪਣੇ ਘਰਾਂ 'ਚ ਵਾੜ ਰਹੇ ਹਨ। ਅਫ਼ਸੋਸ ਦੀ ਗੱਲ ਇਹ ਅੱਜ ਆਪਣਾ ਰਾਜ ਖੁੱਸਣ ਤੋਂ ਡੇਢ ਸਦੀ ਤੋਂ ਵੀ ਵੱਧ ਸਮੇਂ ਬਾਅਦ ਅਸੀਂ ਬੁਰੀ ਤਰਾਂ ਪੱਛੜ ਚੁੱਕੇ ਹਾਂ। ਸਿੱਖ ਰਾਜ ਵੇਲੇ ਦੀ ਸਿੱਖਿਆ ਪ੍ਰਣਾਲੀ ਦਾ ਅੱਜ ਖੁਰਾ ਖੋਜ ਮਿਟ ਚੁੱਕਾ ਹੈ ਅਤੇ ਪੰਜਾਬੀ ਅਵੇਸਲੇ ਬੈਠੇ ਹਨ। 

ਅੱਜ ਸਿੱਖ ਕੌਮ ਆਪਣੇ ਆਪ ਨੂੰ ਯਹੂਦੀਆਂ ਨਾਲ ਮਿਲਾ ਕੇ ਦੇਖਦੀ ਹੈ, ਜਿਨ੍ਹਾਂ ਦੀ ਦੁਨੀਆਂ 'ਚ 0.2% ਆਬਾਦੀ ਹੈ ਅਤੇ ਉਹਨਾਂ ਨੇ 850 ਨੋਬਲ ਪੁਰਸਕਾਰਾਂ ਵਿੱਚ ਘੱਟੋ ਘੱਟ 20% ਨੋਬਲ ਪੁਰਸਕਾਰ ਜਿੱਤੇ ਹਨ। ਬਿ੍ਟਿਸ਼ ਇਤਿਹਾਸਕਾਰ ਜੀ.ਡਬਲਿਯੂ. ਲਿਟਨਰ ਮੁਤਾਬਿਕ 1881 'ਚ ਪੰਜਾਬ ਵਿੱਚ ਬਿ੍ਟੇਨ ਨਾਲੋਂ ਜ਼ਿਆਦਾ ਵਿਦਵਾਨ (Scholar)ਸਨ। 

ਇਸ ਗੱਲ ਨੂੰ ਅਧਾਰ ਬਣਾ ਕੇ ਇਹ ਅੱਜ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਅੱਜ ਸਾਡਾ ਪੰਜਾਬ ਆਜ਼ਾਦ ਹੁੰਦਾ ਤਾਂ ਜਿਹੜਾ ਪੰਜਾਬ ਅੱਜ ਔਗੁਣਾਂ ਨਾਲ ਭਰਿਆ ਪਿਆ, ਉਹ ਇਜਰਾਈਲ ਦੇ ਮੁਕਾਬਲੇ 'ਚ ਹੁੰਦਾ। ਅੱਜ ਕੱਲ੍ਹ ਦੇ ਰਾਜ ਪ੍ਰਬੰਧਾਂ ਦੀ ਇਹ ਲੋੜ ਹੈ ਕਿ ਪਹਿਲਾਂ ਤਾਂ ਗੁਲਾਮ ਕੌਮਾਂ ਨੂੰ ਸਿੱਖਿਆ ਹੀ ਨਾ ਦਿੱਤੀ ਜਾਵੇ ਜੇਕਰ ਦਿੱਤੀ ਵੀ ਜਾਵੇ ਤਾਂ ਉਹ ਉਸ ਤਰਾਂ ਦੀ ਹੀ ਦਿੱਤੀ ਜਾਵੇ ਜੋ ਕੌਮਾਂ ਨੂੰ ਗੁਲਾਮੀ ਨਾਲ ਬੰਨ ਕੇ ਰੱਖਣ 'ਚ ਸਹਾਈ ਹੋਵੇ। 

ਗੁਰੂ ਨੇ ਸਾਨੂੰ ਪਾਤਸ਼ਾਹੀਆਂ ਬਖ਼ਸੀਆਂ ਹਨ, ਪਰ ਸਾਡੇ ਆਗੂ ਨਿੱਕੀਆਂ-ਨਿੱਕੀਆਂ ਅਹੁਦੇਦਾਰੀਆਂ ਪਿੱਛੇ ਕੌਮ ਦੇ ਹਿੱਤਾਂ ਨੂੰ ਵੇਚ ਦਿੰਦੇ ਹਾਨ। ਅੱਜ ਸਟੇਟ ਦੇ ਪ੍ਰਚਾਰ ਕਾਰਨ ਕੌਮ 'ਚ ਆਪਣੇ ਆਪ 'ਚ ਹੀਣਤਾ ਦਾ ਭਾਵ ਐਨਾ ਵੱਧ ਚੁੱਕਾ ਹੈ ਕਿ ਕੌਮ ਦੇ ਇੱਕ ਹਿੱਸੇ ਨੂੰ ਲੱਗਣ ਕੱਗ ਪਿਆ ਹੈ ਕਿ ਅਸੀਂ ਰਾਜ ਕਰਨ ਦੇ ਸਮਰੱਥ ਹੀ ਨਹੀਂ ਅਤੇ ਰਾਜ ਕਰਨ ਦਾ ਨਾਮ ਸੁਣ ਕੇ ਹੀ ਇਹ ਸੱਜਣ ਜਾਂ ਤਾਂ ਡਰ ਜਾਂਦੇ ਹਨ ਅਤੇ ਫਿਰ ਜਾਂ ਗਲ਼ ਪੈਣਾ ਸ਼ੁਰੂ ਕਰ ਦਿੰਦੇ ਹਨ। 

ਆਪਣੇ ਰਾਜ ਤੋਂ ਭੱਜਣਾ ਸਿੱਖਾਂ ਦਾ ਧਰਮ ਨਹੀਂ ਹੈ, ਇਸ ਲਈ ਸਿੱਖ ਕੌਮ ਨੇ 18ਵੀਂ ਸਦੀ ਤੋਂ ਹੁਣ ਤੱਕ ਬਹੁਤ ਕੁਰਬਾਨੀਆਂ ਕੀਤੀਆਂ ਹਨ। ਜੇਕਰ ਸੋਚ ਆਜ਼ਾਦ ਰੱਖਾਂਗੇ ਤਾਂ ਇੱਕ ਦਿਨ ਸਾਡਾ ਰਾਜ ਵੀ ਕਾਇਮ ਹੋਵੇਗਾ ਅਤੇ ਅਸੀਂ ਹਰ ਖੇਤਰ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਪਣੀ ਕੌਮ ਦਾ ਨਾਮ ਵੀ ਰੌਸ਼ਨ ਕਰਾਂਗੇ ਤਾਂ ਦੁਨੀਆਂ 'ਚ ਅਸੀ ਸਿਰ ਉੱਚਾ ਚੁੱਕ ਕੇ ਮਾਣ ਸਤਿਕਾਰ ਨਾਲ ਰਹਿ ਸਕਾਗੇ। 

 - ਸਤਵੰਤ ਸਿੰਘ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES