Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਵਿਰੁੱਧ ਕੇਸ ਦਰਜ

Posted on May 8th, 2020ਚੰਡੀਗੜ੍ਹ- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਪਣੇ 3 ਸਾਲ ਦੇ ਕਾਰਜਕਾਲ ਤੋਂ ਬਾਅਦ ਆਖਰਕਾਰ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਿਰੁੱਧ ਕੇਸ ਦਰਜ ਕਰਨ ਦਾ ਹੌਸਲਾ ਕਰ ਹੀ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ 'ਚ ਸੈਣੀ ਨੂੰ ਭਾਰੀ ਦਬਾਅ ਦੇ ਬਾਵਜੂਦ ਵੀ ਸਰਕਾਰ ਉਨ੍ਹਾਂ ਦੀ ਬਕਾਇਦਾ ਪੁੱਛਗਿੱਛ ਦਾ ਹੌਸਲਾ ਨਹੀਂ ਕਰ ਸਕੀ ਸੀ। ਹਾਲਾਂਕਿ ਉਸ ਸਮੇਂ ਦੇ ਆਈ.ਜੀ. ਪੱਧਰ ਦੇ ਇਕ ਅਧਿਕਾਰੀ ਵਲੋਂ ਆਪਣੇ ਬਿਆਨਾਂ 'ਚ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਲੁਧਿਆਣਾ ਤੋਂ ਪੁਲਿਸ ਬਲ ਲੈ ਕੇ ਕੋਟਕਪੂਰਾ ਕਾਰਵਾਈ ਕਰਨ ਲਈ ਸੈਣੀ ਦੇ ਆਦੇਸ਼ਾਂ 'ਤੇ ਗਏ ਸਨ। 

ਮੁਹਾਲੀ ਪੁਲਿਸ ਜ਼ਿਲ੍ਹੇ 'ਚ ਦਰਜ ਕੀਤੇ ਗਏ ਇਸ ਕੇਸ ਦਾ ਸਬੰਧ ਪੰਜਾਬ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਜੋ ਕਿ ਚੰਡੀਗੜ੍ਹ÷ ਵਿਖੇ ਸਿਟਕੋ ਦੇ ਇਕ ਅਦਾਰੇ 'ਚ ਇੰਜੀਨੀਅਰ ਵਜੋਂ ਨੌਕਰੀ ਕਰ ਰਿਹਾ ਸੀ, ਨਾਲ ਹੈ, ਜਿਸ ਨੂੰ ਸੁਮੇਧ ਸੈਣੀ ਨੇ ਚੰਡੀਗੜ ਪੁਲਿਸ ਦੇ ਐਸ.ਐਸ.ਪੀ. ਹੁੰਦਿਆਂ ਦਸੰਬਰ 1991 'ਚ ਉਨ੍ਹਾਂ ਦੇ ਨਿਵਾਸ ਅਸਥਾਨ ਤੋਂ ਚੁੱਕਿਆ ਸੀ ਅਤੇ ਉਨ੍ਹਾਂ ਦੇ ਨਾਲ ਬਾਅਦ 'ਚ ਚੁੱਕੇ ਗਏ ਕੁਝ ਹੋਰ ਲੋਕਾਂ ਤੋਂ ਵੀ ਪੁਲਿਸ ਵਲੋਂ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਦਾ ਥਹੁ ਪਤਾ ਪੁੱਛਿਆ ਜਾ ਰਿਹਾ ਸੀ। 

ਦਰਸ਼ਨ ਸਿੰਘ ਮੁਲਤਾਨੀ ਆਪਣੇ ਆਖਰੀ ਸਾਹ ਤੱਕ ਆਪਣੇ ਬੇਟੇ ਨੂੰ ਚੰਡੀਗੜ੍ਹ÷ ਪੁਲਿਸ ਵਲੋਂ ਲਾਪਤਾ ਕਰਨ ਤੇ ਮਾਰੇ ਜਾਣ ਵਿਰੁੱਧ ਅਦਾਲਤੀ ਚਾਰਾਜੋਈ ਕਰਦੇ ਰਹੇ ਤੇ ਹਾਈਕੋਰਟ ਤੋਂ ਇਸ ਮਾਮਲੇ 'ਚ ਸੀ.ਬੀ.ਆਈ. ਦੀ ਜਾਂਚ ਦੇ ਆਦੇਸ਼ ਲੈਣ 'ਚ ਵੀ ਸਫਲ ਹੋ ਗਏ ਸਨ ਪਰ ਸਾਬਕਾ ਮੁੱਖ ਮੰਤਰੀ ਸ. ਬਾਦਲ ਦੀ ਅਗਵਾਈ ਵਾਲੀ ਸਰਕਾਰ ਤੇ ਉਸ ਸਮੇਂ ਦੇ ਡੀ.ਜੀ.ਪੀ. ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚੋਂ ਤਕਨੀਕੀ ਕਾਰਨ ਦੱਸ ਕੇ ਰੱਦ ਕਰਵਾ ਦਿੱਤਾ ਸੀ। ਮੁਹਾਲੀ ਪੁਲਿਸ ਵਲੋਂ ਹੁਣ ਇਹ ਨਵਾਂ ਕੇਸ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ 'ਤੇ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਆਪਣੇ ਭਰਾ ਨੂੰ ਘਰੋਂ ਚੁੱਕੇ ਜਾਣ ਅਤੇ ਬਾਅਦ 'ਚ ਤਸੀਹੇ ਦੇ ਕੇ ਮਾਰਨ ਦੀ ਕਾਫੀ ਜਾਣਕਾਰੀ ਵੀ ਦਿੱਤੀ ਹੈ ਅਤੇ ਇਕ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਇਕ ਨਾਮਵਰ ਰਸਾਲੇ 'ਚ ਛਪੀ ਇੰਟਰਵਿਊ ਵੀ ਨੱਥੀ ਕੀਤੀ ਹੈ ਜਿਸ 'ਚ ਉਨ੍ਹਾਂ ਬਲਵੰਤ ਸਿੰਘ ਮੁਲਤਾਨੀ ਤੋਂ ਦਰਦਨਾਕ ਤਰੀਕੇ ਨਾਲ ਪੁੱਛਗਿੱਛ ਅਤੇ ਉਸ ਨੂੰ ਮਾਰਨ ਦਾ ਬਿਓਰਾ ਦਿੱਤਾ ਗਿਆ ਸੀ। 

ਮੁਹਾਲੀ ਪੁਲਿਸ ਵਲੋਂ ਡੀ.ਏ. ਲੀਗਲ ਦੀ ਰਾਏ ਤੋਂ ਬਾਅਦ ਇਹ ਮਾਮਲਾ ਕੱਲ੍ਹ÷ ਦੇਰ ਰਾਤ ਦਰਜ ਕੀਤਾ ਗਿਆ ਤੇ ਸੈਣੀ ਨੂੰ ਵੀ ਇਸ ਸਬੰਧੀ ਸ਼ਾਇਦ ਨਾਲ-ਨਾਲ ਸੂਚਿਤ ਕੀਤਾ ਜਾ ਰਿਹਾ ਸੀ ਅਤੇ ਉਹ ਵੀ ਕੱਲ੍ਹ÷ ਰਾਤ ਹੀ ਚੰਡੀਗੜ੍ਹ÷ ਤੋਂ ਪਹਿਲਾਂ ਹਿਮਾਚਲ ਲਈ ਰਵਾਨਾ ਹੋ ਗਏ ਪਰ ਇਜਾਜ਼ਤ ਨਾ ਮਿਲਣ ਕਾਰਨ ਉਹ ਵਾਪਸ ਪਰਤ ਆਏ ਅਤੇ ਖ਼ਬਰਾਂ ਅਨੁਸਾਰ ਉਹ ਦਿੱਲੀ ਚਲੇ ਗਏ। ਇਕ ਪੱਤਰਕਾਰ ਵਲੋਂ ਗੱਲਬਾਤ ਕਰਨ 'ਤੇ ਅੱਜ ਦਿਨੇ ਦੱਸਿਆ ਕਿ ਮੈਂ ਦਿੱਲੀ ਵਿਖੇ ਹਾਂ ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਹ ਕੇਸ ਇਕੱਲੇ ਸੁਮੇਧ ਸੈਣੀ ਵਿਰੁੱਧ ਨਹੀਂ ਬਲਕਿ ਉਸ ਸਮੇਂ ਦੇ ਡੀ.ਐਸ.ਪੀ. ਬਲਦੇਵ ਸਿੰਘ ਸੈਣੀ, ਸਬ-ਇੰਸਪੈਕਟਰ ਸਤਵੀਰ ਸਿੰਘ ਸੈਣੀ, ਸਬ-ਇੰਸਪੈਕਟਰ ਹਰ ਸਹਾਏ, ਸਬ-ਇੰਸਪੈਕਟਰ ਜਗੀਰ, ਸਬ-ਇੰਸਪੈਕਟਰ ਅਨੂਪ ਸਿੰਘ ਸ਼ਰਮਾ ਤੇ ਕਿਸੇ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ 12 ਸਫ਼ਿਆਂ ਦੀ ਦਰਜ ਕੀਤੀ ਇਸ ਐਫ.ਆਈ.ਆਰ. 'ਚ ਵਾਪਰੀ ਪੂਰੀ ਘਟਨਾ ਦਾ ਬਿਓਰਾ ਦਰਜ ਹੈ ਅਤੇ ਪੇਸ਼ ਕੀਤੇ ਗਏ ਸਬੂਤਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। 

ਇਹ ਕੇਸ ਆਈ.ਪੀ.ਸੀ. ਦੀ ਧਾਰਾ 364, 330, 344, 201, 219 ਤੇ 120-ਬੀ ਹੇਠ ਦਰਜ ਕੀਤਾ ਗਿਆ ਹੈ। ਸੁਮੇਧ ਸੈਣੀ ਵਲੋਂ ਅੱਜ ਮੁੱਖ ਮੰਤਰੀ 'ਤੇ ਸਿਆਸੀ ਬਦਲਾਖੋਰੀ ਦੇ ਲਗਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਾਜਸੀ ਦਖ਼ਲਅੰਦਾਜ਼ੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਕਾਨੂੰਨ ਇਸ ਮਾਮਲੇ 'ਚ ਆਪਣਾ ਕੰਮ ਕਰੇਗਾ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਵਲੋਂ ਪਲਵਿੰਦਰ ਸਿੰਘ ਮੁਲਤਾਨੀ, ਜੋ ਜਲੰਧਰ ਨਿਵਾਸੀ ਹਨ ਅਤੇ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਹਨ, ਵਲੋਂ ਇਹ ਸ਼ਿਕਾਇਤ ਨਵੇਂ ਤੌਰ 'ਤੇ ਦਾਇਰ ਕੀਤੀ ਗਈ ਸੀ, ਜਿਸ 'ਚ ਇਰਾਦਾ ਕਤਲ, ਅਗਵਾ ਕਰਨਾ, ਸਬੂਤਾਂ ਨੂੰ ਗਾਇਬ ਕਰਨਾ, ਗ਼ੈਰ ਕਾਨੂੰਨੀ ਹਿਰਾਸਤ 'ਚ ਰੱਖਣਾ, ਦਬਾਅ ਬਣਾ ਕੇ ਇਕਬਾਲੀਆ ਬਿਆਨ ਲੈਣਾ ਤੇ ਅਪਰਾਧਕ ਸਾਜਿਸ਼ ਰਚਣਾ ਆਦਿ ਦੇ ਦੋਸ਼ਾਂ 'ਚ ਸੁਮੇਧ ਸੈਣੀ ਤੇ ਉਨ੍ਹਾਂ ਦੇ ਸਾਥੀ ਅਧਿਕਾਰੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਿਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੋਂ ਦੋਸ਼ੀਆਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਅਤੇ ਸੋਚ ਸਮਝ ਕੇ ਅਪਰਾਧ ਕੀਤੇ ਜਾਣ ਦਾ ਖੁਲਾਸਾ ਹੁੰਦਾ ਹੈ, ਜਿਵੇਂਕਿ ਸੀ.ਬੀ.ਆਈ. ਦੀ ਮੁਢਲੀ ਜਾਂਚ 'ਚ ਸਾਬਤ ਕੀਤਾ ਗਿਆ ਸੀ ਅਤੇ ਇਸ ਲਈ ਪੁਲਿਸ ਜ਼ਿੰਮੇਵਾਰ ਬਣਦੀ ਹੈ ਕਿ ਉਹ ਲਲਿਤ ਕੁਮਾਰ ਬਨਾਮ ਯੂ.ਪੀ. ਰਾਜ ਤੇ ਹੋਰ ਰਾਜਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਲਜ਼ਮਾਂ ਵਿਰੁੱਧ ਘਿਨਾਉਣੀਆਂ ਕਾਰਵਾਈਆਂ ਲਈ ਕੇਸ ਦਰਜ ਕਰੇ। ਸ਼ਿਕਾਇਤਕਰਤਾ ਨੇ ਕਿਹਾ ਕਿ ਸੈਣੀ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਇਨਸਾਫ਼ ਦੀ ਲੜਾਈ ਮੁੜ ਸ਼ੁਰੂ ਕਰਨ ਦੀ ਹਿੰਮਤ ਜੁਟਾਈ ਹੈ। ਪੁਲਿਸ ਨੂੰ ਇਹ ਸ਼ਿਕਾਇਤ 2 ਮਈ ਨੂੰ ਪ੍ਰਾਪਤ ਹੋਈ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਹਾਈਕੋਰਟ ਦੇ ਆਦੇਸ਼ ਨੂੰ ਇਸ ਆਧਾਰ 'ਤੇ ਰੱਦ ਕੀਤਾ ਗਿਆ ਕਿ ਹਾਈਕੋਰਟ ਦੇ ਬੈਂਚ ਕੋਲ ਇਸ ਕੇਸ ਨਾਲ ਨਜਿੱਠਣ ਲਈ ਅਧਿਕਾਰ ਖ਼ੇਤਰ ਦੀ ਘਾਟ ਹੈ ਅਤੇ ਇਸੇ ਆਧਾਰ 'ਤੇ ਸੀ.ਬੀ.ਆਈ. ਵਲੋਂ ਐਫ.ਆਈ.ਆਰ. ਨੂੰ ਤਕਨੀਕੀ ਆਧਾਰ 'ਤੇ ਰੱਦ ਕੀਤਾ ਗਿਆ ਸੀ ਪਰ ਸੁਪਰੀਮ ਕੋਰਟ ਨੇ ਪਰਿਵਾਰ ਨੂੰ ਨਵੇਂ ਸਿਰੇ ਤੋਂ ਕਾਰਵਾਈ ਕਰਨ ਦੀ ਆਜ਼ਾਦੀ ਦਿੱਤੀ ਸੀ ਅਤੇ ਮਾਮਲੇ ਦੀ ਯੋਗਤਾ 'ਤੇ ਕੋਈ ਟਿੱਪਣੀ ਜਾਂ ਚਰਚਾ ਵੀ ਨਹੀਂ ਕੀਤੀ ਸੀ। 

ਪੁਲਿਸ ਸੂਤਰਾਂ ਅਨੁਸਾਰ ਸੁਮੇਧ ਸੈਣੀ ਸਮੇਤ ਦੂਜੇ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਅਤੇ ਸੰਭਵ ਹੈ ਕਿ ਮਾਮਲੇ ਦੀ ਸੰਗੀਨਤਾ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਿਰਾਸਤ 'ਚ ਵੀ ਲਿਆ ਜਾ ਸਕਦਾ ਹੈ। ਪੰਜਾਬ ਦੇ ਸਿਆਸੀ ਹਲਕਿਆਂ 'ਚ ਅੱਜ ਇਸ ਖ਼ਬਰ ਨੂੰ ਲੈ ਕੇ ਕਾਫ਼ੀ ਚਰਚਾ ਰਹੀ ਤੇ ਸਿਆਸੀ ਹਲਕਿਆਂ ਵਲੋਂ ਇਹ ਵੀ ਵਾਚਿਆ ਜਾ ਰਿਹਾ ਸੀ ਕਿ ਹੁਣ ਅਕਾਲੀ ਦਲ ਸੈਣੀ ਦੇ ਹੱਕ 'ਚ ਕਿੰਨਾ ਕੁ ਸਟੈਂਡ ਲਵੇਗਾ ਜਿਸ ਨੂੰ ਉਨ੍ਹਾਂ ਭਾਰੀ ਵਿਰੋਧ ਦੇ ਬਾਵਜੂਦ ਸਾਢੇ 4 ਸਾਲ ਸੂਬੇ ਦਾ ਡੀ.ਜੀ.ਪੀ. ਰੱਖਿਆ ਅਤੇ ਉਸ ਦੇ ਕੇਸਾਂ ਲਈ ਵੀ ਉਸ ਨੂੰ ਪੂਰੀ ਮਦਦ ਦਿੱਤੀ।

ਪਰਚਾ ਦਰਜ ਕਰਨਾ ਹੀ ਕਾਫੀ ਨਹੀਂ ਸਗੋਂ ਝੂਠੇ ਮੁਕਾਬਲਿਆਂ ਦੀ ਜਾਂਚ ਹੋਵੇ-ਖਾਲੜਾ ਮਿਸ਼ਨ


ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਹਰਮਨਜੀਤ ਸਿੰਘ ਸਰਹਾਲੀ ਤੇ ਪ੍ਰਵੀਨ ਕੁਮਾਰ ਨੇ ਸਾਂਝੇ ਬਿਆਨ 'ਚ ਕਿਹਾ ਕਿ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਪੰਜਾਬ 'ਚ ਝੂਠੇ ਮੁਕਾਬਲਿਆਂ ਦੇ ਵੱਡੇ ਗੁਨਾਹਗਾਰ ਹਨ, ਜਿਨ੍ਹਾਂ ਨੂੰ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਲੋਂ ਰਲ ਕੇ ਬਚਾਇਆ ਜਾਂਦਾ ਰਿਹਾ ਹੈ। ਸੈਣੀ ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਵੀ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਸੁਮੇਧ ਸਿੰਘ ਸੈਣੀ ਖ਼ਿਲਾਫ਼ ਸਿਰਫ ਅਗਵਾ ਕਰਨ ਦੀ ਧਾਰਾ ਦਾ ਕੇਸ ਦਰਜ ਨਹੀਂ ਹੋਣਾ ਚਾਹੀਦਾ ਸਗੋਂ ਕਤਲ ਦੀ ਧਾਰਾ 302 ਵੀ ਲਗਾ ਕੇ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਚੋਰ ਮੋਰੀਆਂ ਰਾਹੀਂ ਆਪਣੇ-ਆਪ ਨੂੰ ਬਚਾਉਣ ਵਾਲੇ ਸੈਣੀ ਦੇ ਕਾਰਜਕਾਲ ਦੌਰਾਨ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸਦਾ ਸੱਚ ਸਾਹਮਣੇ ਆ ਸਕੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES