Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੁਨੀਆ ਭਰ 'ਚ ਫੈਲਿਆ ਕਰੋਨਾ ਵਾਇਰਸ: ਮੌਤਾਂ ਦੀ ਗਿਣਤੀ 4950 ਤੋਂ ਟੱਪੀ

Posted on March 13th, 2020


ਟਰੂਡੋ ਦੀ ਪਤਨੀ ਸੋਫੀਆ, ਬਰਤਾਨੀਆ ਦੀ ਸਿਹਤ ਮੰਤਰੀ ਤੇ ਅਸਟ੍ਰੇਲੀਆ ਦਾ ਗ੍ਰਹਿ ਮੰਤਰੀ ਵੀ ਪੀੜਤ

ਅਮਰੀਕਾ ਵਿੱਚ ਹੁਣ ਤੱਕ 41 ਮੌਤਾਂ, ਕੈਨੇਡਾ 'ਚ 1, ਇਟਲੀ 'ਚ 1020 ਮੌਤਾਂ ਜਦਕਿ ਚੀਨ 'ਚ ਸਥਿਤੀ ਕਾਬੂ ਹੇਠ

ਅਮਰੀਕਾ ਨੇ ਯੂਰਪ ਦੇ 26 ਮੁਲਕਾਂ ਤੋਂ ਉਡਾਣਾਂ ਬੰਦ ਕੀਤੀਆਂ; ਸਰੀ ਦੀ 'ਖਾਲਸਾ ਡੇਅ ਪਰੇਡ' ਰੱਦ ਹੋਈ

ਵੈਨਕੂਵਰ (ਚੜ੍ਹਦੀ ਕਲਾ ਬਿਊਰੋ)- ਦੁਨੀਆਂ ਭਰ 'ਚ ਕਰੋਨਾ ਵਾਇਰਸ ਦਾ ਕਹਿਰ ਤੇਜ਼ ਹੋ ਰਿਹਾ ਹੈ। ਕੁੱਲ ਆਲਮ 'ਚ ਮੌਤਾਂ ਦੀ ਗਿਣਤੀ 4950 ਤੋਂ ਵਧ ਗਈ ਹੈ। ਚੀਨ ਵਿੱਚ ਹਾਲਾਤ ਕਾਬੂ ਹੇਠ ਦੱਸੇ ਗਏ ਹਨ ਪਰ ਹੋਰ 120 ਮੁਲਕਾਂ 'ਚ ਹੁਣ ਇਹ ਪੈਰ ਪਸਾਰ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਨੇ ਪਹਿਲੀ ਵਾਰ ਵੂਹਾਨ ਦਾ ਦੌਰਾ ਕਰਕੇ ਸੰਕੇਤ ਦਿੱਤਾ ਕਿ ਉਹ ਕਰੋਨਾ ਵਾਇਰਸ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਇੱਕ ਚੀਨੀ ਅਧਿਕਾਰੀ ਨੇ ਇਸ ਵਾਇਰਸ ਪਿੱਛੇ ਅਮਰੀਕਾ ਦਾ ਹੱਥ ਵੀ ਦੱਸਿਆ। ਹੁਣ ਤੱਕ ਕੁਲ 127,800 ਮਰੀਜ਼ ਕਰੋਨਾ ਵਾਇਰਸ ਦੀ ਮਾਰ ਹੇਠ ਹਨ ਜਦਕਿ 68,000 ਦੇ ਕਰੀਬ ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਤੰਦਰੁਸਤ ਵੀ ਹੋ ਚੁੱਕੇ ਹਨ।

ਮੌਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਟਲੀ ਪੂਰੀ ਤਰ੍ਹਾਂ ਬੰਦ ਰਿਹਾ। ਕਰੋਨਾ ਵਾਇਰਸ (ਕੋਵਿਡ-19) ਨਾਲ ਯੂਰਪ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਵਿੱਚ ਮੌਤਾਂ ਦੀ ਗਿਣਤੀ 1000 ਤੋਂ ਟੱਪ ਗਈ, ਜਿਸ ਕਾਰਨ ਬਹੁਤ ਸਾਰੇ ਸਿਆਸੀ, ਸੱਭਿਆਚਾਰਕ ਅਤੇ ਖੇਡ ਸਮਾਗਮ ਰੱਦ ਜਾਂ ਮੁਲਤਵੀ ਕੀਤੇ ਜਾ ਰਹੇ ਹਨ। ਇਟਲੀ ਤੋਂ ਬਾਅਦ ਨਾਰਵੇ ਨੇ ਵੀ ਪੂਰਾ ਮੁਲਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਚੀਨ ਨੇ ਭਾਵੇਂ ਕਰੋਨਾ ਵਾਇਰਸ ਕਾਬੂ ਹੇਠ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਪੂਰੇ ਵਿਸ਼ਵ ਵਿੱਚ ਵਧ ਰਹੇ ਕੇਸਾਂ ਕਾਰਨ ਵਿੱਤੀ ਮਾਰਕੀਟਾਂ ਡਾਵਾਂਡੋਲ ਚੱਲ ਰਹੀਆਂ ਹਨ। ਵਪਾਰ ਠੱਪ ਹੋ ਕੇ ਗਿਆ ਹੈ, ਕੰਮ ਖੜ੍ਹ ਰਹੇ ਹਨ। ਘਬਰਾਏ ਹੋਏ ਲੋਕ ਖਾਣ-ਪੀਣ ਵਾਲੀਆਂ ਵਸਤਾਂ ਜਮਾਂ ਕਰਨ ਲੱਗੇ ਹਨ, ਜਦਕਿ ਅਜੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। 

ਕਰੋਨਾ ਵਾਇਰਸ ਦਾ ਅਸਰ ਅਮਰੀਕਾ ਦੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਬਰਨੀ ਸੈਂਡਰਜ਼ ਅਤੇ ਜੋਅ ਬਿਡੇਨ ਦੀਆਂ ਪ੍ਰਚਾਰ ਰੈਲੀਆਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਦੋਵਾਂ ਆਗੂਆਂ ਨੇ ਆਪਣੀਆਂ ਕਈ ਰੈਲੀਆਂ ਰੱਦ ਕਰ ਦਿੱਤੀਆਂ ਹਨ। ਟਰੰਪ ਨੂੰ ਮਿਲ ਕੇ ਗਏ ਇੱਕ ਬਰਾਜ਼ੀਲੀ ਅਧਿਕਾਰੀ ਨੂੰ ਕਰੋਨਾ ਵਾਇਰਸ ਦਾ ਮਰੀਜ਼ ਦੱਸਿਆ ਗਿਆ ਹੈ ਪਰ ਟਰੰਪ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀਆ ਨੂੰ ਬੁਖਾਰ ਚੜ੍ਹਨ ਤੋਂ ਬਾਅਦ ਟਰੂਡੋ ਨੇ ਖੁਦ ਨੂੰ ਲੋਕਾਂ ਤੋਂ ਵੱਖ ਕਰ ਲਿਆ ਹੈ। ਟਰੂਡੋ ਦੀ ਪਤਨੀ ਸੋਫੀਆ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਵੀ ਫਲੂ ਤੋਂ ਪੀੜਤ ਹਨ ਤੇ ਉਹ ਵੀ ਇਕੱਲੇ ਰਹਿ ਰਹੇ ਹਨ। ਬਰਤਾਨੀਆ ਦੀ ਸਿਹਤ ਮੰਤਰੀ ਅਤੇ ਅਸਟਰੇਲੀਆ ਦੇ ਗ੍ਰਹਿ ਮੰਤਰੀ ਵੀ ਕਰੋਨਾ ਵਾਇਰਸ ਨੇ ਘੇਰ ਲਏ ਹਨ।

ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕਰੋਨਾ ਵਾਇਰਸ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,025 ਲੋਕ ਇਸ ਤੋਂ ਪੀੜਤ ਹਨ। ਕੈਨੇਡਾ ਵਿੱਚ ਹਾਲੇ ਸਿਰਫ ਇੱਕ ਮੌਤ ਹੋਈ ਹੈ। ਅਮਰੀਕਾ ਦੇ ਕਈ ਸੂਬਿਆਂ ਨੇ 200 ਤੋਂ ਉਪਰ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ।

ਅਮਰੀਕਾ ਨੇ ਯੂਰਪ ਦੇ 26 ਮੁਲਕਾਂ ਤੋਂ ਆਊਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਯੂਰਪ 'ਚ ਹਾਹਾਕਾਰ ਮੱਚ ਗਈ ਹੈ। ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਟਰੰਪ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। 

ਅਮਰੀਕਾ ਦੇ ਕਈ ਗੁਰਦੁਆਰਾ ਸਾਹਿਬਾਨ ਨੇ ਦੀਵਾਨ ਰੱਦ ਕਰ ਦਿੱਤੇ ਹਨ। 25 ਅਪ੍ਰੈਲ ਨੂੰ ਉਲੀਕੀ ਗਈ ਸਰੀ ਦੀ 'ਖਾਲਸਾ ਡੇਅ ਪਰੇਡ' ਰੱਦ ਕੀਤੀ ਗਈ ਹੈ, ਜਿੱਥੇ ਪਿਛਲੇ ਸਾਲ 5 ਲੱਖ ਲੋਕ ਇਕੱਤਰ ਹੋਏ ਸਨ। ਬੀਸੀ ਸਰਕਾਰ ਨੇ ਸੇਵਾ-ਮੁਕਤ ਹੋ ਚੁੱਕੇ ਡਾਕਟਰਾਂ ਨੂੰ ਸੇਵਾਵਾਂ ਦੇਣ ਲਈ ਆਖਿਆ ਹੈ। ਬੀ. ਸੀ. ਸਰਕਾਰ ਨੇ ਲੋਕਾਂ ਨੂੰ 250 ਤੋਂ ਉੱਪਰ ਦੇ ਇਕੱਠ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਅਮਰੀਕਾ ਸਮੇਤ ਹੋਰ ਬਾਹਰਲੇ ਮੁਲਕਾਂ ਦਾ ਸਫਰ ਨਾ ਕਰਨ ਦੀ ਅਪੀਲ ਕੀਤੀ ਹੈ। ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ਨੂੰ 14 ਦਿਨ ਅੱਡ ਰਹਿਣ ਦੀ ਗੱਲ ਵੀ ਕਹੀ ਗਈ ਹੈ।

ਇੱਕ ਅਮਰੀਕਨ ਬਾਸਕਟਬਾਲ ਖਿਡਾਰੀ ਕਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਐਨ. ਬੀ. ਏ ਨੇ ਬਾਸਕਟਬਾਲ ਖੇਡਾਂ ਰੱਦ ਕਰ ਦਿੱਤੀਆਂ ਹਨ। ਐਨ. ਐਚ. ਐਲ. ਨੇ ਆਈਸ ਹਾਕੀ ਸੀਜ਼ਨ ਵੀ ਰੱਦ ਕਰ ਦਿੱਤਾ ਹੈ। 

ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਹੌੋਂਸਲਾ ਦਿੰਦਿਆਂ ਆਖਿਆ ਕਿ ਉਹ ਘਬਰਾਉਣ ਨਾ ਤੇ ਸਾਵਧਾਨੀਆਂ ਵਰਤਦੇ ਰਹਿਣ। ਕਿਸੇ ਵੀ ਕੈਨੇਡਾ ਵਾਸੀ ਨੂੰ ਕਿਰਾਏ, ਗਰੌਸਰੀ ਜਾਂ ਬੱਚਿਆਂ ਦੀ ਸੰਭਾਲ ਲਈ ਫਿਕਰਮੰਦ ਨਹੀਂ ਹੋਣਾ ਪਵੇਗਾ, ਸਰਕਾਰ ਹਰ ਤਰ੍ਹਾਂ ਮੱਦਦ ਕਰੇਗੀ। ਕੈਨੇਡਾ ਨੂੰ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਦੀ ਚਰਚਾ ਚੱਲ ਰਹੀ ਹੈ। ਪਹਿਲੀ ਜੁਲਾਈ ਤੋਂ 500 ਤੋਂ ਵੱਧ ਲੋਕਾਂ ਨਾਲ ਭਰੇ ਕਰੂਜ਼ ਸ਼ਿੱਪ ਕੈਨੇਡਾ ਦੀ ਕਿਸੇ ਵੀ ਬੰਦਰਗਾਹ 'ਤੇ ਨਹੀਂ ਲੱਗ ਸਕਣਗੇ।

ਇਸ ਦੇ ਨਾਲ ਹੀ ਇੱਕ ਇਤਿਹਾਸਕ ਫੈਂਸਲਾ ਲੈਂਦਿਆਂ ਕੈਨੇਡਾ ਦੀ ਪਾਰਲੀਮੈਂਟ ਵੀ ਮੁਅੱਤਲ ਕਰ ਦਿੱਤੀ ਗਈ ਹੈ। ਮੰਦਵਾੜੇ ਨੂੰ ਰੋਕਣ ਲਈ ਬੈਂਕ ਆਫ ਕੈਨੇਡਾ ਨੇ 0.50 ਪ੍ਰਤੀਸ਼ਤ ਵਿਆਜ਼ ਦਰ ਕੁਝ ਦਿਨ ਪਹਿਲਾਂ ਘਟਾਈ ਸੀ, ਸ਼ੁੱਕਰਵਾਰ 0.50 ਪ੍ਰਤੀਸ਼ਤ ਹੋਰ ਘਟਾ ਦਿੱਤੀ ਹੈ।

ਕਰੋਨਾ ਵਾਇਰਸ ਬਿਮਾਰੀ ਦੇ ਲੱਛਣ : 

- ਸਰੀਰਕ ਗਰਮਾਇਸ਼, ਸਿਰ ਦਰਦ, ਸੁੱਕੀ ਖੰਘ (ਬਲਗਮ ਤੋਂ ਬਿਨਾਂ), ਅਤੇ ਖੁੱਲ੍ਹਾ ਸਾਹ ਲੈਣ ਵਿੱਚ ਤਕਲੀਫ। ਜੇਕਰ ਤੁਸੀਂ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਫੌਰਨ ਆਪਣੇ ਡਾਕਟਰ ਜਾਂ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕਰੋ।

- ਭਾਵੇਂ ਕੋਈ ਬਿਲਕੁਲ ਤੰਦਰੁਸਤ ਵੀ ਹੋਵੇ, ਕੁਝ ਹਫਤਿਆਂ ਲਈ ਸਾਰਿਆਂ ਨੂੰ ਭਾਰੀ ਇਕੱਠ ਵਾਲੀਆਂ ਥਾਵਾਂ ਜਿਵੇਂ ਕਿ ਸ਼ਾਪਿੰਗ ਮਾਲ, ਸਕੂਲ/ਕਾਲਜ, ਮੇਲੇ, ਗੁਰਦੁਆਰੇ ਆਦਿ ਜਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

- ਬਿਲਕੁਲ ਵੀ ਘਬਰਾਓ ਨਾ, ਸ਼ਾਂਤ ਰਹੋ, ਗਰਮ ਪਾਣੀ ਤੇ ਸਾਬਣ ਨਾਲ ਹੱਥ ਧੋਂਦੇ ਰਹੋ। ਮੂੰਹ ਸੁੱਕਣ ਨਾ ਦਿਓ। ਕੋਸਾ ਪਾਣੀ ਪੀਓ। ਹੱਥ ਨਾ ਮਿਲਾਓ, ਜੱਫੀ ਤੋਂ ਪਰਹੇਜ਼ ਕਰੋ, ਆਪਣੇ ਚਿਹਰੇ ਨੂੰ ਘੱਟ ਛੂਹੋ।

- ਜੇਕਰ ਤੁਸੀਂ ਬਾਹਰਲੇ ਮੁਲਕ ਤੋਂ ਹੋ ਕੇ ਆਏ ਹੋ ਤਾਂ ਪਹੁੰਚਦਿਆਂ ਸਾਰ ਦੋ ਹਫਤਿਆਂ ਲਈ ਘਰ ਵਿੱਚ ਰਹਿ ਕੇ ਆਪਣੀ ਸਿਹਤ ਦਾ ਧਿਆਨ ਰੱਖੋ। ਜੇਕਰ ਬਾਹਰਲੇ ਮੁਲਕ ਤੋਂ ਆਉਣ ਤੋਂ ਦੋ ਹਫ਼ਤਿਆਂ ਬਾਅਦ ਤੁਹਾਡੀ ਸਿਹਤ ਬਿਲਕੁਲ ਠੀਕ ਹੈ, ਤਾਂ ਫਿਰ ਤੁਸੀਂ ਦੁਬਾਰਾ ਘਰ ਤੋਂ ਬਾਹਰ ਜਾ ਸਕਦੇ ਹੋ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES