Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਓਨਟਾਰੀਓ ਵਿਧਾਨ ਸਭਾ ਵਲੋਂ 'ਸਿੱਖ ਜੈਨੋਸਾਈਡ ਅਵੇਅਰਨੈਸ ਵੀਕ' ਸਬੰਧੀ ਬਿੱਲ ਸਰਬਸਮੰਤੀ ਨਾਲ ਪਾਸ

Posted on March 13th, 2020ਐੱਨ.ਡੀ.ਪੀ ਦੇ ਬਿੱਲ ਦੀ ਪੀ.ਸੀ ਨੇ ਹਮਾਇਤ ਕੀਤੀ


ਟਰਾਂਟੋ- ਬਰੈਂਪਟਨ ਈਸਟ ਦੀ ਨੁਮਾਇੰਦਗੀ ਕਰਨ ਵਾਲੇ ਐਨਡੀਪੀ ਆਗੂ ਗੁਰਰਤਨ ਸਿੰਘ ਵੱਲੋਂ ਪੇਸ਼ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਸਬੰਧੀ ਬਿੱਲ ਦੂਜੀ ਰੀਡਿੰਗ ਵਿੱਚ ਵੀ ਪਾਸ ਹੋ ਗਿਆ ਹੈ। ਇਸ ਲਈ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ ਨੂੰ ਸਿੱਖ ਨਸਲਕੁਸ਼ੀ ਜਾਗਰੂਕਤਾ ਹਫਤੇ ਵਜੋਂ ਮਨਾਇਆ ਜਾਇਆ ਕਰੇਗਾ। ਇਸ ਹਫਤੇ ਦੌਰਾਨ ਸਮੂਹ ਓਨਟਾਰੀਓ ਵਾਸੀਆਂ ਨੂੰ ਸਿੱਖ ਨਸਲਕੁਸ਼ੀ ਤੇ ਦੁਨੀਆ ਭਰ ਵਿੱਚ ਹੋਣ ਵਾਲੇ ਹੋਰ ਕਤਲੇਆਮ ਬਾਰੇ ਜਾਗਰੂਕ ਕੀਤਾ ਜਾਇਆ ਕਰੇਗਾ। ਸ਼ਾਹੀ ਮੋਹਰ ਲੱਗਣ ਤੋਂ ਬਾਅਦ ਇਹ ਐਕਟ ਹੋਂਦ ਵਿੱਚ ਆ ਜਾਵੇਗਾ। ਇਸ ਐਕਟ ਦਾ ਨਾਂ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਐਕਟ 2020 ਹੈ।
ਗੁਰਰਤਨ ਸਿੰਘ ਵੱਲੋਂ ਪੇਸ਼ ਇਸ ਬਿੱਲ ਦੇ ਸਬੰਧ ਵਿੱਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਆਮੈਂਟ ਪ੍ਰਭਮੀਤ ਸਰਕਾਰੀਆ ਨੇ ਆਪਣੀ ਹਮਾਇਤ ਪੇਸ਼ ਕਰਦਿਆਂ ਆਖਿਆ ਕਿ ਜੋ 1984 ਵਿੱਚ ਹੋਇਆ ਭਾਰਤ ਵਿੱਚ ਵੀ ਉਸ ਨੂੰ ਵੱਖ ਵੱਖ ਸੰਸਥਾਵਾਂ ਨੇ ਉਸ ਨੂੰ ਨਸਲਕੁਸੀ ਦਾ ਦਰਜਾ ਦਿੱਤਾ ਹੈ। ਉਨ੍ਹਾਂ ਰਾਜਨਾਥ ਤੇ ਹੋਰਨਾਂ ਆਗੂਆਂ ਦੀਆਂ ਉਦਾਹਰਨਾਂ ਦੇ ਕੇ ਆਖਿਆ ਕਿ 1984 ਵਿੱਚ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਨਾਲ ਇਹ ਸਭ ਗਿਣੀ ਮਿਣੀ ਸਾਜਿ਼ਸ਼ ਤਹਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਨੇ ਵੀ ਇਸ ਬਿੱਲ ਲਈ ਆਪਣੀ ਭਰਪੂਰ ਹਮਾਇਤ ਦਿੱਤੀ। ਮਿਸੀਸਾਗਾ ਸੈਂਟਰ ਤੋਂ ਨੀਨਾ ਤਾਂਗੜੀ ਨੇ ਉਸ ਸਮੇਂ ਦੀ ਸਰਕਾਰ ਨੂੰ ਕੋਸਿਆ ਵੀ ਅਤੇ ਨਾਲ ਦੀ ਨਾਲ ਆਪਣੀ ਸੁਰ ਕੁਝ ਮੱਠੀ ਵੀ ਰੱਖੀ। 
ਮਿਸੀਸਾਗਾ ਮਾਲਟਨ ਤੋਂ ਐੱਮ.ਪੀ.ਪੀ. ਦੀਪਕ ਆਨੰਦ ਨੂੰ ਕੁਝ ਬੁਖਾਰ ਦੱਸਿਆ ਗਿਆ ਹੈ ਅਤੇ ਉਹ ਇਸ ਕਾਰਵਾਈ `ਚੋਂ ਗੈਰਹਾਜਿ਼ਰ ਰਹੇ। ਉਂਝ ਦੀਪਕ ਆਨੰਦ ਵੱਲੋਂ ਵੱਖ-ਵੱਖ ਥਾਂਵਾਂ `ਤੇ ਗੱਲ ਕਰਦਿਆਂ ਇਹ ਵੀ ਕਿਹਾ ਗਿਆ ਸੀ ਕਿ ਉਹ ਇਸ ਬਿੱਲ ਦੀ ਭਾਸ਼ਾ ਨਾਲ ਸਹਿਮਤ ਨਹੀਂ ਹਨ। ਯਾਦ ਰਹੇ ਕਿ ਇਸ ਬਿੱਲ ਦੀ ਕੈਨੇਡਾ-ਇੰਡੀਆ ਫਾਊਂਡੇਸ਼ਨ ਅਤੇ ਹਾਰਮਨੀ ਗਰੁਪ ਵੱਲੋਂ ਵਿਰੋਧਤਾ ਕੀਤੀ ਗਈ ਸੀ ਅਤੇ ਸਾਰੇ ਐੱਮ.ਪੀ.ਪੀਜ਼ `ਤੇ ਬਿੱਲ ਦਾ ਵਿਰੋਧ ਕਰਨ ਲਈ ਦਬਾਅ ਪਾਇਆ ਗਿਆ ਸੀ। ਬੀਤੇ ਸਾਲ ਹਾਰਮਨੀ ਗਰੁਪ ਵੱਲੋਂ ਦੀਪਕ ਆਨੰਦ ਨੂੰ ਮੁੱਖ ਮਹਿਮਾਨ ਵਜੋਂ ਬੁਲਾਕੇ ਸਨਮਾਨਿਤ ਵੀ ਕੀਤਾ ਗਿਆ ਸੀ। ਇਕ ਸਿੱਖ ਆਗੂ ਨੇ ਇਸ ਬਿੱਲ ਦੀ ਦੂਜੀ ਰੀਡਿੰਗ ਪਾਸ ਹੋ ਜਾਣ ਤੋਂ ਬਾਅਦ ਕਿਹਾ ਕਿ ਤੀਜੀ ਰੀਡਿੰਗ ਪਾਸ ਹੋਣ ਤੱਕ ਸਿੱਖ ਭਾਈਚਾਰੇ ਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਹੋਵੇਗਾ।
ਬਰੈਂਪਟਨ ਸੈਂਟਰ ਤੋਂ ਸਾਰੰਗ ਸਿੰਘ ਨੇ ਵੀ ਇਸ ਬਿੱਲ ਦੀ ਪੁਰਜ਼ੋਰ ਹਮਾਇਤ ਕੀਤੀ। ਬਰੈਂਪਟਨ ਨੌਰਥ ਤੋਂ ਕੈਵਿਨ ਯਾਰਡ ਨੇ ਇਸ ਬਿੱਲ ਦੀ ਖੁੱਲ੍ਹ ਕੇ ਹਮਾਇਤ ਕੀਤੀ। ਐੱਨਡੀਪੀ ਆਗੂ ਐਂਡਰੀਆ ਹੌਰਵਥ ਨੇ ਵੀ ਇਸ ਬਿੱਲ ਤੇ ਸਿੱਖਾਂ ਦੇ ਹੋਏ ਕਤਲੇਆਮ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸੇ ਤਰ੍ਹਾਂ ਹੀ ਮਿਲਟਨ ਤੋਂ ਪਰਮ ਗਿੱਲ ਤੇ ਕੁੱਝ ਹੋਰ ਐਮਪੀਪੀ ਸਾਹਿਬਾਨ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ। ਪਹਿਲਾਂ ਇਹ ਬਿੱਲ 26 ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ। ਅੱਜ ਇਸ ਦੀ ਦੂਜੀ ਰੀਡਿੰਗ ਸੀ। ਜਦੋਂ ਕਿਸੇ ਨੇ ਵੀ ਇਸ ਬਿੱਲ ਪ੍ਰਤੀ ਵਿਰੋਧਤਾ ਨਾ ਜਤਾਈ ਤਾਂ ਸਰਬਸੰਮਤੀ ਨਾਲ ਇਸ ਬਿੱਲ ਦੀ ਦੂਜੀ ਰੀਡਿੰਗ ਵੀ ਪਾਸ ਕਰ ਦਿੱਤੀ ਗਈ। ਹੁਣ ਇਹ ਬਿੱਲ ਕਮੇਟੀ ਕੋਲ ਜਾਵੇਗਾ ਤੇ ਇਸ ਦੀ ਤੀਜੀ ਰੀਡਿੰਗ ਅਤੇ ਸ਼ਾਹੀ ਮੋਹਰ ਲੱਗਣ ਤੋਂ ਬਾਅਦ ਇਸ ਬਿੱਲ ਨੂੰ ਪ੍ਰਵਾਨਗੀ ਮਿਲੇਗੀ। ਇਸ ਬਿਲ ਦੀ ਹਮਾਇਤ ਲਈ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸਿੱਖ ਆਗੂ ਵੀ ਪਹੁੰਚੇ ਹੋਏ ਸਨ, ਉਨ੍ਹਾਂ ਗੈਲਰੀ ਤੋਂ ਬੈਠ ਕੇ ਹੀ ਇਸ ਬਿੱਲ ਦੀ ਸਪੋਰਟ ਕੀਤੀ ਅਤੇ ਇਸ ਦੇ ਨਾਲ ਨਾਲ ਕੁਝ ਸੰਸਥਾਵਾਂ ਦੇ ਆਗੂ ਇਸ ਬਿਲ ਦੇ ਵਿਰੋਧ ਵਿਚ ਵੀ ਪਹੁੰਚੇ ਹੋਏ ਸਨ।
ਇਸ ਬਿੱਲ ਬਾਰੇ ਪਾਰਲੀਮੈਨਟ `ਚ ਜਾਣਕਾਰੀ ਦਿੰਦਿਆਂ ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਗੁਰਰਤਨ ਸਿੰਘ ਦੱਸਿਆ ਓਨਟਾਰੀਓ ਵਿੱਚ ਵੱਡੀ ਗਿਣਤੀ ਸਿੱਖ ਕਮਿਊਨਿਟੀ ਵੱਸਦੀ ਹੈ ਤੇ ਇਹ ਸਾਊਥ ਏਸ਼ੀਆ ਤੋਂ ਬਾਅਦ ਅਜਿਹੀ ਥਾਂ ਹੈ ਜਿੱਥੇ ਸਿੱਖ ਸੱਭ ਤੋਂ ਵੱਧ ਗਿਣਤੀ ਵਿੱਚ ਪਾਏ ਜਾਂਦੇ ਹਨ। ਓਨਟਾਰੀਓ ਵਿੱਚ ਸਿੱਖਾਂ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਤੇ ਪ੍ਰੋਵਿੰਸ ਦੇ ਸਮਾਜਿਕ, ਸਿਆਸੀ ਤੇ ਆਰਥਿਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਵਿੱਚ ਸਿੱਖ ਅਹਿਮ ਭੂਮਿਕਾ ਨਿਭਾਅ ਰਹੇ ਹਨ। ਓਨਟਾਰੀਓ ਤੇ ਗਲੋਬਲ ਪੱਧਰ ਉੱਤੇ ਕਮਿਊਨਿਟੀ ਵਜੋਂ ਆਪਣਾ ਅਹਿਮ ਯੋਗਦਾਨ ਪਾਉਣ ਦੇ ਬਾਵਜੂਦ 1984 ਵਿੱਚ ਸਮੇਂ ਦੀ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਤੇ ਹੋਰ ਵਧੀਕੀਆਂ ਦਾ ਅਜੇ ਵੀ ਸਿੱਖ ਕੌਮ ਉੱਤੇ ਡੂੰਘਾ ਅਸਰ ਵੇਖਣ ਨੂੰ ਮਿਲਦਾ ਹੈ।
ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਅੱਗੇ ਕਿਹਾ ਕਿ ਸਿੱਖਾਂ ਖਿਲਾਫ ਹੋਏ ਜੁਰਮਾਂ ਤੇ ਵਧੀਕੀਆਂ ਦੀ ਤਸ਼ੱਦਦ ਅੱਜ ਵੀ ਸ਼ਰੀਰਕ ਤੇ ਮਾਨਸਿਕ ਤੌਰ ਉੱਤੇ ਸਿੱਖਾਂ ਨੂੰ ਤੰਗ ਕਰਦੀ ਹੈੇ। ਪੁਰਾਣੇ ਜ਼ਖ਼ਮ ਉਸ ਸਮੇਂ ਅਲੇ੍ਹ ਹੋ ਜਾਂਦੇ ਹਨ ਜਦੋਂ ਗੁਨੇਹਗਾਰਾਂ ਨੂੰ ਮੁਆਫੀ ਦਿੱਤੀ ਜਾਂਦੀ ਹੈ, ਸਿੱਖ ਕਤਲੇਆਮ ਦੇ ਜਿ਼ੰਮੇਵਾਰ ਆਗੂਆਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਜਾਂ ਅਜਿਹੇ ਆਗੂਆਂ ਵੱਲੋਂ ਸਿੱਖਾਂ ਉੱਤੇ ਕੀਤੀ ਗਈ ਤਸ਼ੱਦਦ ਤੇ ਸਿੱਖਾਂ ਖਿਲਾਫ ਕੀਤੇ ਜੁਰਮਾਂ ਲਈ ਕਸੂਰਵਾਰਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ। ਭਾਰਤ ਸਰਕਾਰ ਦਾ ਸਿੱਖਾਂ ਖਿਲਾਫ ਵਿਤਕਰੇ, ਸਿੱਖਾਂ ਤੇ ਹੋਰ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦਾ ਲੰਮਾਂ ਇਤਿਹਾਸ ਰਿਹਾ ਹੈ।
ਪਰ ਸਿੱਖਾਂ ਖਿਲਾਫ ਹੋਣ ਵਾਲੀਆਂ ਵਧੀਕੀਆਂ ਜੂਨ 1984 ਵਿੱਚ ਉਸ ਸਮੇਂ ਸਾਹਮਣੇ ਆਈਆਂ ਜਦੋਂ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਮਗਰੋਂ ਆਪਰੇਸ਼ਨ ਬਲੂ ਸਟਾਰ ਲਾਂਚ ਕੀਤਾ ਗਿਆ। ਇਸ ਤਹਿਤ ਨਾ ਸਿਰਫ ਹਰਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਉਨ੍ਹਾਂ ਦੇ ਨੇੜਲੀਆਂ ਹੋਰਨਾਂ ਸਿੱਖ ਇਮਾਰਤਾਂ ੳੱੁਤੇ ਫੌਜ ਵੱਲੋਂ ਹਮਲਾ ਬੋਲਿਆ ਗਿਆ ਸਗੋਂ ਪੰਜਾਬ ਦੇ 70 ਹੋਰ ਗੁਰਦੁਆਰਿਆਂ ਉੱਤੇ ਵੀ ਫੌਜ ਨੇ ਚੜ੍ਹਾਈ ਕੀਤੀ। ਆਪਰੇਸ਼ਨ ਬਲੂ ਸਟਾਰ ਦੌਰਾਨ ਸਮੇਂ ਦੀ ਸਰਕਾਰ ਨੇ ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਤੇ ਮੀਡੀਆ ਬਲੈਕਆਊਟ ਕਰ ਦਿੱਤਾ। ਜਿਸ ਤੋਂ ਭਾਵ ਸੀ ਕਿ ਵਿਦੇਸ਼ੀ ਪੱਤਰਕਾਰਾਂ ਨੂੰ ਬੇਦਖਲ ਕਰ ਦਿੱਤਾ ਗਿਆ ਤੇ ਹਰ ਕਿਸਮ ਦੀ ਰਿਪੋਰਟਿੰਗ ਸੈਂਸਰ ਕਰ ਦਿੱਤੀ ਗਈ। ਇਸ ਹਮਲੇ ਦਾ ਸਮੱੁਚਾ ਅਸਰ ਬਹੁਤ ਹੀ ਤਬਾਹਕੁੰਨ ਰਿਹਾ, ਸਕਿਊਰਿਟੀ ਫੋਰਸਿਜ਼ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਸਿੱਖਾਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਸਿੱਖ ਗੁਰਦੁਆਰਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਸਿੱਖਾਂ ਨਾਲ ਜੁੜੇ ਅਹਿਮ ਦਤਸਾਵੇਜ਼,ਖਰੜੇ ਤੇ ਹਥਲਿਖਤਾਂ ਵੀ ਬਰਬਾਦ ਕਰ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਤਬਾਹੀ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਜਾਣਾ ਵੀ ਸ਼ਾਮਲ ਹੈ ਤੇ ਸਿੱਖਾਂ ਨਾਲ ਸਬੰਧਤ ਲਾਇਬ੍ਰੇਰੀ ਨੂੰ ਸਾੜਿਆ ਜਾਣਾ ਤੇ ਉੱਥੇ ਲੱੁਟਮਾਰ ਕੀਤਾ ਜਾਣਾ ਵੀ ਸ਼ਾਮਲ ਹੈ। ਇਸ ਨਾਲ ਇਤਿਹਾਸਕ ਸਰੋਤਾਂ ਦਾ ਵੱਡਾ ਨੁਕਸਾਨ ਹੋਇਆ। ਇਸ ਤੋਂ ਕੱੁਝ ਸਮੇਂ ਬਾਅਦ ਹੀ ਨਵੰਬਰ 1984 ਵਿੱਚ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਭਾਰਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਦਿੱਲੀ ਵਿੱਚ ਤਾਂ ਹਾਕਮ ਸਰਕਾਰ ਵੱਲੋਂ ਵਹਿਸ਼ਤ ਦਾ ਨੰਗਾ ਨਾਚ ਕੀਤਾ ਗਿਆ। ਵੋਟਰ ਰਜਿਸਟਰੇਸ਼ਨ ਲਿਸਟਾਂ ਤੇ ਪ੍ਰਾਪਰਟੀ ਦੇ ਰਿਕਾਰਡ ਦੇ ਆਧਾਰ ੳੱੁਤੇ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ। ਬੇਕਿਰਕ ਭੀੜ ਵੱਲੋਂ ਸਿੱਖਾਂ ਖਿਲਾਫ ਰੱਜ ਕੇ ਹਿੰਸਾ ਕੀਤੀ ਗਈ, ਸਿੱਖਾਂ ਉਤੇ ਕੈਰੋਸੀਨ ਤੇ ਹੋਰ ਜਲਨਸ਼ੀਲ ਕੈਮੀਕਲਜ਼ ਪਾ ਕੇ ਉਨ੍ਹਾਂ ਨੂੰ ਜਿਊਂਦਾ ਸਾੜਿਆ ਗਿਆ, ਸਿੱਖਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾ ਕੇ ਉਨ੍ਹਾਂ ਨੂੰ ਜਿਊਂਦਾ ਸਾੜਿਆ ਗਿਆ।
ਇੱਥੇ ਹੀ ਬੱਸ ਨਹੀਂ ਸਰਕਾਰ ਵੱਲੋਂ ਆਯੋਜਿਤ ਇਸ ਹਿੰਸਾ ਦੌਰਾਨ ਸਿੱਖ ਔਰਤਾਂ ਦਾ ਭੀੜ ਵੱਲੋਂ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ, ਕਈ ਕਈ ਦਿਨਾਂ ਤੱਕ ਸਿੱਖ ਔਰਤਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਘਰਾਂ ਵਿੱਚ ਡੱਕ ਕੇ ਉਨ੍ਹਾਂ ਦਾ ਜਿਨਸੀ ਸੋ਼ਸ਼ਣ ਕੀਤਾ ਗਿਆ। ਇਸ ਦੌਰਾਨ ਸਿੱਖਾਂ ਦੇ ਕਾਰੋਬਾਰ, ਘਰਬਾਰ, ਗੁਰਦੁਆਰੇ ਤਬਾਹ ਹੋ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਉਜਾੜਾ ਹੋਇਆ। ਇਸ ਸਾਰੀ ਕਤਲੋਗਾਰਤ ਵਿੱਚ ਪੁਲਿਸ ਤੇ ਸਿਆਸਤਦਾਨਾਂ ਨੇ ਵੀ ਸਿੱਖਾਂ ਖਿਲਾਫ ਹਿੰਸਾ ਵਿੱਚ ਵੱਧ ਚੜ੍ਹ ਕੇ ਹਿਸਾ ਲਿਆ। ਇੱਕ ਦਹਾਕੇ ਤੱਕ ਸਿੱਖਾਂ ਨੂੰ ਤਸੀਹੇ ਦਿੱਤੇ ਗਏ, ਸਿੱਖ ਮੁੰਡਿਆਂ ਨੂੰ ਵੱਡੀ ਗਿਣਤੀ ਵਿੱਚ ਗਾਇਬ ਕਰ ਦਿੱਤਾ ਗਿਆ। ਇਹ ਸਿਰਫ ਪੰਜਾਬ ਵਿੱਚ ਹੀ ਨਹੀਂ ਹੋਇਆ ਸਗੋਂ ਹੋਰਨਾਂ ਸੂਬਿਆਂ ਵਿੱਚ ਵੀ ਹੋਇਆ।
ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਅੰਤ `ਚ ਕਿਹਾ ਕਿ ਮਰਹੂਮ ਜਸਵੰਤ ਸਿੰਘ ਖਾਲੜਾ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲਾਪਤਾ ਹੋਏ ਸਿੱਖ ਮੁੰਡਿਆਂ, ਸਿੱਖਾਂ ਦੇ ਹੋਏ ਕਤਲ, ਉਨ੍ਹਾਂ ਨੂੰ ਦਿੱਤੇ ਗਏ ਤਸੀਹਿਆਂ ਤੇ ਗੁਪਤ ਢੰਗ ਨਾਲ ਸਿੱਖਾਂ ਦੇ ਕੀਤੇ ਗਏ ਇੱਕਠੇ ਸਸਕਾਰਾਂ ਦਾ ਮਾਮਲਾ ਦੁਨੀਆ ਸਾਹਮਣੇ ਲਿਆਂਦਾ ਗਿਆ। ਉਨ੍ਹਾਂ ਦਾ ਕੰਮ, ਸਰਕਾਰੀ ਰਿਕਾਰਡਾਂ ਉੱਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਤੇ ਉਸ ਦੇ ਇਸ਼ਾਰੇ ਉੱਤੇ ਸਿੱਖ ਅਬਾਦੀ ਨੂੰ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਦੀ ਇਹ ਨਸਲਕੁਸ਼ੀ ਸੋਚੀ ਸਮਝੀ ਸਾਜਿ਼ਸ਼ ਤਹਿਤ ਅੰਜਾਮ ਦਿੱਤੀ ਗਈ। ਇਸ ਨਸਲਕੁਸੀ ਨੂੰ ਸਵੀਕਾਰ ਕਰਨਾ ਸਿੱਖ ਕਮਿਊਨਿਟੀ ਦੇ ਜ਼ਖ਼ਮਾਂ ਉੱਤੇ ਮਲ੍ਹਮ ਲਾਉਣ ਵਾਲੀ ਗੱਲ ਹੋਵੇਗੀ। ਇਨ੍ਹਾਂ ਕੌਮਾਂਤਰੀ ਜੁਰਮਾਂ ਨੂੰ ਪਛਾਣ ਕੇ ਅਸੀਂ ਸੱਚਾਈ, ਨਿਆਂ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਭੁਗਤਾਂਗੇ। ਅਜਿਹਾ ਇਸ ਲਈ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਨਸਲਕੁਸ਼ੀ, ਮਨੱੁਖਤਾ ਖਿਲਾਫ ਅਜਿਹੇ ਜੁਰਮ ਤੇ ਹੋਰ ਵਧੀਕੀਆਂ ਨੂੰ ਰੋਕਿਆ ਜਾ ਸਕੇ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES