Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਸ਼ਮਨਦੀਪ ਸਿੰਘ, ਮੁੱਖ ਸੇਵਾਦਾਰ, ਸਿੱਖੀ ਅਵੇਅਰਨੈੱਸ ਫਾਉਂਡੇਸ਼ਨ ਕੈਨੇਡਾ

ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਜਰੂਰੀ ਕਰਨ ਦਾ ਮਤਾ ਸਿੱਖ ਇਤਿਹਾਸ ਦੀ ਰੱਖਿਆ ਕਰੇਗਾ- ਭਾਈ ਸ਼ਮਨਦੀਪ ਸਿੰਘ ( ਸੈਫ)

Posted on March 6th, 2020


ਸਰੀ (ਅਕਾਲ ਗਾਰਡੀਅਨ ਬਿਊਰੋ)- ਪਿਛਲੇ ਹਫ਼ਤੇ ਪੰਜਾਬ ਦੀ ਵਿਧਾਨ ਸਭਾ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਜਰੂਰੀ ਕਰਨ ਲਈ ਪਾਸ ਕੀਤੇ ਮਤੇ ਦਾ ਸੰਸਾਰ ਭਰ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਕਿਉਂਕਿ ਇਹ ਡਰ ਬਣਿਆ ਹੋਇਆ ਹੈ ਕਿ ਪੰਜਾਬ ਦੀ ਇਹ ਮਾਣਮੱਤੀ ਭਾਸ਼ਾ ਆਉਣ ਵਾਲੇ ਸਮੇਂ ਵਿੱਚ ਖਤਮ ਨਾ ਹੋ ਜਾਵੇ ਤਾਂ ਅਜਿਹੇ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮਤਾ ਬਹੁਤ ਮਹੱਤਵ ਰੱਖਦਾ ਹੈ।

ਅੱਜ ਸੂਚਨਾ ਅਤੇ ਤਕਨਾਲੋਜੀ ਨੇ ਸੰਸਾਰ ਨੂੰ ਇੱਕ ਪਿੰਡ ਬਣਾ ਦਿੱਤਾ ਹੈ ਅਤੇ ਵੱਧ ਤੋਂ ਵੱਧ ਲੋਕ ਸੰਸਾਰ ਪੱਧਰ ਦੀਆਂ ਭਾਸ਼ਾਵਾਂ ਬੋਲਣ ਨੂੰ ਤਰਜੀਹ ਦੇ ਰਹੇ ਹਨ। ਸੰਸਾਰ ਪੱਧਰ ਦੀਆਂ ਭਸ਼ਾਵਾਂ ਨੇ ਲੱਗਭਗ 2000 ਦੇ ਕਰੀਬ ਭਾਸ਼ਾਵਾਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ ਅਤੇ ਪੰਜਾਬੀ ਵੀ ਇਨ੍ਹਾਂ ਵਿੱਚੋਂ ਇੱਕ ਹੈ।

ਪਿਛਲੇ ਹਫ਼ਤੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਮਤਾ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਚੁੱਕਿਆ ਗਿਆ ਇੱਕ ਵਧੀਆ ਕਦਮ ਹੈ। ਇਸ ਨਾਲ ਜਿੱਥੇ ਪੰਜਾਬੀ ਭਾਸ਼ਾ ਲਈ ਸ਼ੰਘਰਸ਼ ਕਰ ਰਹੀਆਂ ਧਿਰਾਂ ਦਾ ਮਨੋਬਲ ਵਧੇਗਾ, ਉੱਥੇ ਨਾਲ ਹੀ ਪਾਕਿਸਤਾਨ ਅਤੇ ਭਾਰਤ ਵਿੱਚ ਪੰਜਾਬੀ ਭਾਸ਼ਾ ਦੇ ਵਿਰੋਧੀਆਂ ਦੇ ਮਨਸੂਬਿਆਂ ‘ਤੇ ਰੋਕ ਲੱਗੇਗੀ।

ਪੰਜਾਬੀ ਭਾਸ਼ਾ ਨੂੰ ਦਰਪੇਸ਼ ਉਪਰੋਕਤ ਖਤਰਿਆਂ ‘ਤੇ ਚਿੰਤਾ ਜਾਹਿਰ ਕਰਦਿਆਂ ਭਾਈ ਸ਼ਮਨਦੀਪ ਸਿੰਘ, ਮੁੱਖ ਸੇਵਾਦਾਰ, ਸਿੱਖੀ ਅਵੇਅਰਨੈੱਸ ਫਾਉਂਡੇਸ਼ਨ ਕੈਨੇਡਾ ਨੇ ਆਖਿਆ ਕਿ ‘ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਮਾਮਲਿਆਂ ਨੂੰ ਉਨ੍ਹਾਂ ਅੱਖੀਂ ਵੇਖਿਆ ਹੈ। ‘ ਉਨ੍ਹਾਂ ਆਖਿਆ ਕਿ ‘ਵਿੱਦਿਅਕ ਖੇਤਰ ਵਿੱਚ ਕੰਮ ਕਰਦਿਆਂ, ਮੇਰੇ ਸਾਹਮਣੇ ਕਈ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਬੱਚਿਆਂ ਨੂੰ ਸਕੂਲਾਂ ਵਿੱਚ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਆਖਿਆ ਜਾਂਦਾ ਹੈ। ਜੇਕਰ ਬੱਚੇ ਹਿੰਦੀ ਜਾਂ ਅੰਗਰੇਜ਼ੀ ਬੋਲਣ ਤੋਂ ਨਾਂਹ ਕਰਦੇ ਹਨ ਜਾਂ ਨਹੀਂ ਬੋਲਦੇ ਤਾਂ ਉਨ੍ਹਾਂ ਨੂੰ ਸਕੂਲ ਛੱਡਣ ਲਈ ਆਖਿਆ ਜਾਂਦਾ ਹੈ।ਉਨ੍ਹਾਂ ਅੱਗੇ ਆਖਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਤੇ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਪੰਜਾਬ ਮੰਤਰੀ ਮੰਡਲ ਅਤੇ ਸ. ਚਰਨਜੀਤ ਸਿੰਘ ਚੰਨੀ ਵੱਲੋਂ ਲਏ ਫੈਸਲੇ ਦਾ ਉਹ ਸਵਾਗਤ ਕਰਦੇ ਹਨ।

ਹੋਰਨਾਂ ਸਿੱਖਾਂ ਦੀ ਤਰ੍ਹਾਂ ਭਾਈ ਸ਼ਮਨਦੀਪ ਸਿੰਘ ਵੀ ਇਹ ਮੰਨਦੇ ਹਨ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰਕ ਦੀ ਰੱਖਿਆ ਲਈ ਪੰਜਾਬੀ ਦੀ ਪੜ੍ਹਾਈ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਡੇਰੀ ਅਤੇ ਨਵੀਂ ਪੀੜ੍ਹੀ ਦਰਮਿਆਨ ਗੱਲਬਾਤ ਲਈ ਮੁੱਖ ਭੂਮਿਕਾ ਨਿਭਾਉਂਦੀ ਹੈ, ਜਿਆਦਾਤਰ ਵਡੇਰੀ ਪੀੜੀ ਪੰਜਾਬੀ ਤੋਂ ਬਿਨਾਂ ਹੋਰ ਕੋਈ ਭਾਸ਼ਾ ਨਹੀਂ ਜਾਣਦੀ।

ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਲਈ ਲੜਾਈ ਸਿਰਫ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਨਹੀਂ ਲੜੀ ਜਾ ਰਹੀ, ਪ੍ਰਵਾਸੀ ਪੰਜਾਬੀਆਂ, ਜਿਨ੍ਹਾਂ ਨਵੇਂ ਦੇਸ਼ਾਂ ਵਿੱਚ ਨਵੀਂ ਜਿੰਦਗੀ ਸ਼ੁਰੂ ਕੀਤੀ ‘ਤੇ ਵੀ ਉੱਥੋਂ ਦੀ ਭਾਸ਼ਾ ਅਪਨਾਉਣ ਲਈ ਦਬਾਅ ਬਣਾਇਆ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਬੱਚੇ ਅਕਸਰ ਹੀ ਇੱਕ ਨਵੀਂ ਵਿਦੇਸ਼ੀ ਭਾਸ਼ਾ ਦੀ ਘਾੜਤ ਘੜਦੇ ਹਨ, ਜਿਹੜੀ ਮਾਂ ਭਾਸ਼ਾ ਦੇ ਪੱਖ ਵਿੱਚ ਹੁੰਦੀ ਹੈ।

ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਨੂਰ ਸੰਧੂ ਨੇ ਦੱਸਿਆ ਕਿ ਉਹ ਪੰਜਾਬੀ ਭਾਸ਼ਾ ਨੂੰ ਪੜ-ਲਿਖ ਅਤੇ ਬੋਲ ਸਕਦੀ ਸੀ ਕਿਉਂਕਿ ਉਹ ਲਗਾਤਾਰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਸਕੂਲ ਜਾਂਦੀ ਰਹਿੰਦੀ ਸੀ। ਪਰ ਜਿਵੇਂ ਹੀ ਉਹ ਵੱਡੀ ਹੋਈ ਅਤੇ ਕਨੇਡੀਅਨ ਸਮਾਜ ਵਿੱਚ ਘੁੱਲ ਮਿਲ ਗਈ ਤਾਂ ਉਸ ਨੇ ਪੰਜਾਬੀ ਭਾਸ਼ਾ ਦੀ ਮੁਹਾਰਤ ਹਾਸਲ ਕਰਨ ਦੀ ਲੋੜ ਨਾ ਸਮਝੀ ਅਤੇ ਹੁਣ ਮੈਂ ਪੰਜਾਬੀ ਭਾਸ਼ਾ ਪੜ-ਲਿਖ ਨਹੀਂ ਸਕਦੀ। ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਇਸ ਨਾਲ ਉਸ ਦਾ ਪਿੱਛੇ ਪੰਜਾਬ ਵਿੱਚ ਪਰਿਵਾਰ ਨਾਲ ਗੱਲਬਾਤ ਕਰਨਾ ਘੱਟ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਹਾਲ ਵਿੱਚ ਪਾਸ ਕੀਤੇ ਮਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਭਾਵੇਂ ਪੰਜਾਬ ਹੋਏ ਜਾਂ ਬ੍ਰਿਟਿਸ਼ ਕੋਲੰਬੀਆ, ਪੰਜਾਬੀ ਭਾਸ਼ਾ ਦੀ ਰੱਖਿਆ ਲਈ ਇਹ ਕਦਮ ਚੁੱਕਣੇ ਬਹੁਤ ਜਰੂਰੀ ਹਨ। ਜੇਕਰ ਅਜਿਹਾ ਨਹੀਂ ਕਰਦੇ ਤਾਂ ਪੰਜਾਬੀ ਭਾਸ਼ਾ ਮੁੱਕਣ ਦਾ ਡਰ ਅਸਲੀਅਤ ਬਣ ਜਾਵੇਗਾ। ਜੇਕਰ ਪੰਜਾਬੀ ਭਾਸ਼ਾ ਖਤਮ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਸਦੀਆਂ ਦਾ ਇਤਿਹਾਸ, ਸੱਭਿਆਚਾਰ ਅਤੇ ਕੌਮ ਖਤਮ ਹੋ ਜਾਵੇਗੀ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES