Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਮੋਹਿੰਦਰ ਸਿੰਘ

ਗੁਰੂ ਦੇ ਖਾਲਸੇ ਮੋਹਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਲੈ ਕੇ 50 ਤੋਂ ਵੱਧ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ

Posted on March 5th, 2020


ਮੁਸਲਮਾਨਾਂ ਦੇ ਸਿਰਾਂ'ਤੇ ਪੱਗਾਂ ਬੰਨ੍ਹ ਕੇ ਸੁਰੱਖਿਅਤ ਖੇਤਰਾਂ ਵਿਚ ਛੱਡਿਆ ਤੇ ਘਰ 'ਚ ਪਨਾਹ ਦਿੱਤੀ

- ਪ੍ਰੋ.ਬਲਵਿੰਦਰਪਾਲ ਸਿੰਘ

ਦਿੱਲੀ ਵਿਚ ਹੋਈ ਤਾਜ਼ਾ ਹਿੰਸਾ 1984 ਦੇ ਦਿੱਲੀ ਸਿੱਖ ਕਤਲੇਆਮ ਤੋਂ ਵੱਖਰੀ ਨਹੀਂ ਹੈ। ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ 'ਤੇ ਹੋਈ ਸਾੜਫੂਕ, ਲੁੱਟ ਤੇ ਕਤਲਾਂ ਦਾ ਸਿਲਸਿਲਾ ਬਿਲਕੁਲ ਨਵੰਬਰ '84 ਵਾਲੇ ਨਮੂਨੇ 'ਤੇ ਹੋਇਆ ਹੈ। ਅੱਗੇ ਸ਼ੋਸ਼ਲ ਮੀਡੀਆ ਨਹੀਂ ਸੀ, ਪਰ ਹੁਣ ਮੌਜੂਦ ਹੈ, ਜਿਸ ਕਰਕੇ ਘਟਨਾਵਾਂ ਦਾ ਸੱਚ ਸਾਹਮਣੇ ਆਇਆ ਹੈ। ਸ਼ੋਸ਼ਲ ਮੀਡੀਏ ਵਿਚ ਆਈਆਂ ਫਿਲਮਾਂ ਨੇ ਦਰਸਾ ਦਿੱਤਾ ਕਿ ਇਹ ਹਿੰਸਾ ਪੁਲੀਸ ਦੀ ਅਗਵਾਈ ਵਿਚ ਹੋਈ ਅਤੇ ਪੁਲੀਸ ਵੀ ਕਈ ਥਾਂ 'ਤੇ ਹਿੰਸਾ ਵਿਚ ਸ਼ਾਮਲ ਸੀ। ਬੜੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਭਾਜਪਾ ਆਗੂਆਂ ਵਲੋਂ ਅੱਗਉਗਲੀ ਜਾ ਰਹੀ ਸੀ, 'ਦੇਸ ਕੇ ਗਦਾਰੋ ਕੋ ਗੋਲੀ ਮਾਰੋ ਸਾਲੋ ਕੋ'। ਮੁਸਲਮਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੇਸ਼ ਵਿਰੋਧੀ ਹੋਣ ਦੇ ਫਤਵਿਆਂ ਨਾਲ ਨਿਵਾਜਿਆ ਜਾ ਰਿਹਾ ਸੀ।

24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ ਵਿਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ ਵਿਚ ਨਾਗਰਿਕਤਾ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ਼ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਭੜਕਾਹਟ ਭਰੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਕਿ ਸੜਕਾਂ ਖਾਲੀ ਕਰ ਦਿਓ, ਨਹੀਂ ਤਾਂ  ਟਰੰਪ ਦੇ ਜਾਣ ਤੋਂ ਬਾਅਦ ਅਸੀਂ ਖਾਲੀ ਕਰਵਾ ਲਵਾਂਗੇ। 

ਇਸ ਧਮਕੀ ਭਰੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਇਹ ਹਿੰਸਾ ਭੜਕ ਗਈ। ਭੀੜ ਕੋਲ ਖਤਰਨਾਕ ਹਥਿਆਰ, ਬੰਦੂਕਾਂ, ਪੈਟਰੋਲ ਬੰਬ ਤੇ ਹੋਰ ਮਾਰੂ ਅਸਲਾ ਸੀ। ਉੱਤਰ-ਪੂਰਬੀ ਦਿੱਲੀ ਵਿਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ ਵਿਚ 50 ਤੋਂ ਵੱਧ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 700 ਤੋਂ ਵੱਧ ਜ਼ਖ਼ਮੀ ਹੋਏ ਹਨ। ਸਾਰੇ ਹੀ ਮੁਹੱਲਿਆਂ ਵਿਚ ਹੋ-ਹੱਲਾ ਮਚਾਉਂਦੇ ਗੁੰਡਿਆਂ ਦੇ ਮੂੰਹ-ਸਿਰ ਹੈਲਮਟਾਂ ਨਾਲ ਢਕੇ ਹੋਣ ਦੀ ਗੱਲ ਸ਼ੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ। ਸਭ ਦੇ ਨਾਅਰੇ ਜੈ ਸ੍ਰੀ ਰਾਮ ਸਨ ਤੇ ਕਹਿ ਰਹੇ ਸਨ ਕਿ ਮੁਲੋ ਕੋ ਸਬਕ ਸਿਖਾਓ। ਦੱਸਿਆ ਜਾਂਦਾ ਹੈ ਕਿ ਭਗਵੇਂ ਗੁੰਡਿਆਂ ਨੇ ਰਸਤਿਆਂ ਵਿਚ ਰੋਕ ਕੇ ਖਾਸਕਰ ਮੁਸਲਮਾਨ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ।

ਗੁਰੂ ਤੇਗ ਬਹਾਦਰ ਹਸਪਤਾਲ ਦਿਲਸ਼ਾਦ ਗਾਰਡਨ ਵਿਚ ਆਈਆਂ ਲਾਸ਼ਾਂ ਸੰਭਾਲਣ ਤੇ ਸਸਕਾਰ ਕਰਾਉਣ ਵਿਚ ਸ਼ਾਮਿਲ ਸਮਾਜ ਸੇਵੀ ਸੰਸਥਾ ਦੇ ਮੁਖੀ ਸਾਬਕਾ ਵਿਧਾਇਕ ਆਗੂ ਜਤਿੰਦਰ ਸਿੰਘ ਸ਼ੰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਲੀਆਂ ਮਿੱਥ ਕੇ ਮਾਰੀਆਂ ਗਈਆਂ ਤੇ ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਗੋਲੀਆਂ ਉਨ੍ਹਾਂ ਦੇ ਮੱਥੇ, ਮੂੰਹ ਜਾਂ ਛਾਤੀ ਵਿਚ ਲੱਗੀਆਂ।

ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਚੁਣ ਕੇ ਸਾੜੀਆਂ ਤੇ ਲੁੱਟੀਆਂ। ਸ਼ਿਵ ਵਿਹਾਰ ਵਿਚ ਮੀਲ ਲੰਬੀ ਪੱਟੀ ਵਿਚ ਸੜੇ ਵਾਹਨ ਖੜ੍ਹੇ ਹਨ। ਚਾਰ ਮਸਜਿਦਾਂ ਤੇ ਦੋ ਮਦਰੱਸਿਆਂ ਨੂੰ ਅੱਗ ਲੱਗੀ। ਇਹ ਵੀ ਵਰਨਣਯੋਗ ਗੱਲ ਹੈ ਕਿ ਸਾਰੇ ਖੇਤਰ ਵਿਚ ਕਈ ਦਰਜਨ ਹਿੰਦੂ ਧਾਰਮਿਕ ਅਸਥਾਨ ਹਨ ਪਰ ਕਿਸੇ ਨੂੰ ਵੀ ਨੁਕਸਾਨ ਨਹੀਂ ਪੁੱਜਾ। ਨਵੰਬਰ '84 ਵਿਚ ਜਿਸ ਤਰ੍ਹਾਂ ਹਿੰਸਾ ਪੀੜਤ ਸ਼ਹਿਰਾਂ ਤੋਂ ਵੱਡੀ ਗਿਣਤੀ ਸਿੱਖ ਹਿਜਰਤ ਕਰਕੇ ਪੰਜਾਬ ਚਲੇ ਗਏ ਸਨ, ਲਗਪਗ ਉਸੇ ਤਰ੍ਹਾਂ ਪ੍ਰਭਾਵਿਤ ਖੇਤਰਾਂ ਦੇ ਮੁਸਲਮਾਨ ਘਰਾਂਨੂੰ ਤਾਲੇ ਲਗਾ ਕੇ ਉੱਤਰ ਪ੍ਰਦੇਸ਼ ਤੇ ਪੰਜਾਬ ਵਲ ਜਾਣੇ ਸ਼ੁਰੂ ਹੋ ਗਏ ਹਨ।

ਸਿੱਖ ਸ਼ਾਂਤੀ ਦੇ ਦੂਤ

ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਵਿੱਚ ਘੱਟੋ-ਘੱਟ 40 ਜਾਨਾਂ ਗਈਆਂ ਹਨ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਜਦੋਂ ਇੱਕ ਦੂਜੇ ਦੀ ਖੂਨ ਦੀ ਪਿਆਸੀ ਭੀੜ ਭੜਕੀ ਹੋਈ ਸੀ ਤਾਂ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਾਤ-ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕੀਤੀ। ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਸਵੇਰੇ-ਸ਼ਾਮ ਲੰਗਰ ਵਰਤਾਇਆ ਗਿਆ।

ਖਾਲਸਾ ਏਡ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਉਜੜੇ ਲੋਕਾਂ ਦੇ ਰਹਿਣ ਦੇ ਇੰਤਜ਼ਾਮ, ਲੰਗਰ ਦਾ ਇੰਤਜ਼ਾਮ, ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਥਾਂ ਖਾਲਸਾ ਜੀ ਰਾਹਤ ਕਾਰਜ ਵਿਚ ਸਰਗਰਮ ਹਨ। 

ਭਾਈ ਮੋਹਿੰਦਰ ਸਿੰਘ ਅਮਨ ਦੂਤ

53 ਸਾਲ ਦੇ ਭਾਈ ਮੋਹਿੰਦਰ ਸਿੰਘ ਆਪਣੇ ਪੁੱਤਰ ਇੰਦਰਜੀਤ ਸਿੰਘ ਨੇ 50 ਮੁਸਲਮਾਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਕੇ ਤੇ ਉਨ੍ਹਾਂ ਦੀ ਜਾਨਾਂ ਬਚਾ ਕੇ ਅਮਨ ਦੂਤ ਦੀ ਭੂਮਿਕਾ ਨਿਭਾਈ ਹੈ ਤੇ ਸੁਨੇਹਾ ਦਿੱਤਾ ਕਿ ਸਿੱਖ ਵਾਹਿਗੁਰੂ ਦੇ ਮੈਸੇਂਜਰ ਹਨ, ਜੋ ਜ਼ੁਲਮ ਦੇ ਵਿਰੁਧ ਹਨ ਤੇ ਭੀੜਾਂ ਪੈਣ 'ਤੇ ਪੀੜਤਾਂ ਦੇ ਹੱਕ ਵਿਚ ਖੜ੍ਹਦੇ ਹਨ। ਮੋਹਿੰਦਰ ਸਿੰਘ  ਨੇ ਆਪਣੇ ਬੇਟੇ ਦੀ ਮਦਦ ਨਾਲ ਆਪਣੇ ਦੁਪਹੀਆਂ ਵਾਹਨਾਂ ਉੱਤੇ ਗੋਕੁਲਪੁਰੀ ਬਾਜ਼ਾਰ ਤੋਂਮੁਸਲਮਾਨ ਪਰਿਵਾਰਾਂ ਨੂੰ ਕਰਦਮਪੁਰੀ ਤੱਕ ਪਹੁੰਚਾਇਆ। ਮੁਹੰਮਦ ਹਮਜਾ ਉਸ ਵੇਲੇ ਉਸੇ ਮਸਜਿਦ ਵਿੱਚ ਸੀ, ਜੋ ਤੋੜੀ ਭੰਨ੍ਹੀ ਗਈ। ਉਨ੍ਹਾਂ ਨੇ ਦੱਸਿਆ, ''ਇੱਕਦਮ ਭਗਦੜ ਮਚੀ ਤੇ ਜੈ ਸ੍ਰੀਰਾਮ ਦੇ ਨਾਅਰਿਆਂ ਦੀ ਆਵਾਜ਼ ਆਉਣ ਲੱਗੀ। ਅਸੀਂ ਸਭ ਤੋਂ ਪਹਿਲਾਂ ਭੱਜ ਕੇ ਮਸਜਿਦਦੇ ਦਰਵਾਜੇ ਬੰਦ ਕੀਤੇ। ਉਸੇ ਵੇਲੇ ਮਸਜਿਦ 'ਤੇ ਲਾਠੀਆਂ ਡੰਡਿਆਂ ਨਾਲ ਹਮਲਾ ਹੋ ਗਿਆ ਸੀ।''

''ਮਸਜਿਦ ਵਿੱਚ ਚੀਕ-ਪੁਕਾਰ ਸੁਣਾਈ ਦੇ ਰਹੀ ਸੀ। ਥੋੜ੍ਹੀ ਦੇਰ ਲਈ ਭੀੜ ਉੱਥੋਂ ਹਟੀ ਤੇ ਅੱਗੇ ਚਲੀ ਗਈ। ਸਾਡੇ ਸਾਹਮਣੇ ਸਰਦਾਰ ਜੀ (ਮੋਹਿੰਦਰ ਸਿੰਘ) ਰਹਿੰਦੇ ਹਨ, ਉਹ ਆਏ ਤੇ ਕਹਿੰਦੇ ਕਿ ਡਰੋ ਨਾ, ਅਸੀਂ ਤੁਹਾਡੇ ਨਾਲ ਹਾਂ।''

ਮੁਹੰਮਦ ਹਮਜ਼ਾ ਕਹਿੰਦੇ ਹਨ ਕਿ ਮੋਹਿੰਦਰ ਸਿੰਘ ਨੇ ਮੇਰੇ ਪਰਿਵਾਰ ਤੇ ਕਈ ਲੋਕਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਪੱਗ ਬੰਨੀ। ਮੈਂ ਬਹੁਤ ਡਰਿਆ ਹੋਇਆ ਸੀ। ਉਹ ਪਹਿਲਾਂ ਤਾਂ ਮੇਰੇ ਪਰਿਵਾਰ ਨੂੰ ਛੱਡ ਕੇ ਆਏ ਸੀ। ਫਿਰ ਮੈਨੂੰ। ''ਮੈਂ ਹੌਂਸਲੇ ਵਿਚ ਆ ਗਿਆ ਤੇ ਮੈਂ ਸਭ ਨੂੰ ਕਿਹਾ ਕਿ ਸਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਸਾਨੂੰ ਸਰਦਾਰ ਜੀ ਬਚਾਉਣਗੇ।''

ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੀ ਇਸ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ। ਉਸ ਦਿਨ ਬਾਰੇ ਦੱਸਦਿਆਂ ਗੋਕੁਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਨੇ ਕਿਹਾ, ''ਅਸੀਂ ਪਹਿਲਾਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਤਾਂ ਆਈ ਨਹੀਂ ਪਰ ਡੇਢ ਘੰਟਿਆਂ ਬਾਅਦ ਦੰਗਈ ਫਿਰ ਆ ਗਏ। ਉਸ ਵੇਲੇ ਅਸੀਂ ਮਸਜਿਦ ਵਿੱਚ ਹੀ ਸੀ। ਯਾਨੀ ਤਕਰੀਬਨ ਤਿੰਨ ਘੰਟੇ ਅਸੀਂ ਮਸਜਿਦ ਵਿੱਚ ਹੀ ਸੀ ਪਰ ਉਸ ਦੌਰਾਨ ਕੋਈ ਪੁਲਿਸ ਵਾਲਾ ਨਹੀਂ ਆਇਆ।''

ਸਾਨੂੰ ਲਗਦਾ ਸੀ ਕਿ ਇਹ ਫਿਰਕੂ ਗੁੰਡੇ ਸਾਨੂੰ ਮਾਰ ਦੇਣਗੇ। ਪਰ ਅੱਲਾ ਦਾ ਰੂਪ ਸ. ਮੋਹਿੰਦਰ ਸਿੰਘ ਦੀਆਂ ਮਿਹਰਾਂ ਹੋਈਆਂ, ਉਹ ਆਪਣੇ ਪੁੱਤਰ ਨੂੰ ਲੈ ਕੇ ਸਾਨੂੰ ਮਿਲੇ ਤੇ ਕਿਹਾ ਘਬਰਾਓ ਨਾ, ਅਸੀਂ ਤੁਹਾਨੂੰ ਸੁਰੱਖਿਅਤ ਥਾਂ 'ਤੇ ਛੱਡ ਕੇ ਆਵਾਂਗੇ। ਉਨ੍ਹਾਂ ਨੇ ਇੱਕ ਸਕੂਟੀ ਅਤੇ ਇੱਕ ਬਾਈਕ ਲੈ ਕੇ ਚਾਰ-ਚਾਰ ਬੰਦਿਆਂ ਨੂੰ ਬਿਠਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਦਾ ਕਹਿਣਾ ਹੈ ਕਿ ''ਜੇ ਸਰਦਾਰ ਜੀ ਸਾਡੀ ਮਦਦ ਨਾ ਕਰਦੇ ਤਾਂ ਸ਼ਾਇਦ ਅਸੀਂਜ਼ਿੰਦਾ ਹੀ ਨਾ ਹੁੰਦੇ।''

ਸਿਰਫ ਭਾਰਤੀ ਮੀਡੀਏ ਵਿਚ ਹੀ ਨਹੀਂ, ਵਿਦੇਸ਼ੀ ਮੀਡਿਆ ਵਿੱਚ ਵੀ ਭਾਈ ਮੋਹਿੰਦਰ ਸਿੰਘ ਦੀ ਪ੍ਰਸੰਸਾ ਹੋ ਰਹੀ ਹੈ। ਮੋਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਿੱਥੇ ਬੁਲੇਟ ਵਲੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਉੱਤੇ ਅਪੜਾ ਰਿਹਾ ਸੀ ਤੇ ਉਹ ਐਕਟਿਵਾ ਦੇ ਜ਼ਰੀਏ ਇਹ ਕੰਮ ਕਰ ਰਹੇ ਸਨ। ਲੋਕਾਂਨੂੰ ਬਚਾਉਣ ਲਈ ਉਨ੍ਹਾਂ ਨੇ ਗੋਕੁਲਪੁਰੀ ਵਿਚ ਕਰਦਮਪੁਰੀ  ਦੇ ਵਿੱਚ ਇੱਕ ਘੰਟੇ ਵਿੱਚ 20 ਚੱਕਰ ਲਗਾਏ।

ਉਨ੍ਹਾਂ ਨੇ ਕਈ ਛੋਟੀ ਬੱਚੀਆਂ ਅਤੇ ਔਰਤਾਂ ਦੇ ਨਾਲ ਹਰ ਉਮਰ ਦੇ ਲੋਕਾਂ ਨੂੰ ਸੁਰੱਖਿਅਤ ਠਿਕਾਣੇ ਉੱਤੇ ਪਹੁੰਚਾਇਆ। ਉਨ੍ਹਾਂ ਨੇ ਕੁੱਝ ਲੋਕਾਂ ਅਤੇ ਬੱਚੀਆਂ ਨੂੰ ਸਿੱਖਾਂ ਦੀ ਦਸਤਾਰ ਵੀ ਬੰਨ੍ਹ ਦਿੱਤੀ ਤਾਂ ਕਿ ਦੰਗਾ ਕਰਨ ਵਾਲੇ ਗੁੰਡੇ ਉਨ੍ਹਾਂ ਨੂੰ ਮੁਸਲਮਾਨ ਨਾ ਸਮਝਣ।  ਮੋਹਿੰਦਰ ਸਿੰਘ ਗੋਕੁਲਪੁਰੀ ਵਿੱਚ ਆਪਣੇ ਬੇਟੇ  ਦੇ ਨਾਲ ਮਿਲ ਕਰ ਇਲੈਕਟੋਰਨਿਕਸ ਦੀ ਇੱਕ ਦੁਕਾਨ ਚਲਾਉਂਦੇ ਹਨ।

ਮੋਹਿੰਦਰ ਸਿੰਘ ਨੇ ਦੱਸਿਆ, ''ਸੰਨ 1984 ਵਿੱਚ ਮੇਰੀ ਤਕਰੀਬਨ 16-17 ਸਾਲ ਦੀ ਉਮਰ ਸੀ। ਅਸੀਂ ਉਹ ਦੁਖਾਂਤ ਤੇ ਭਿਅੰਕਰ ਨਜ਼ਾਰਾ ਵੇਖਿਆ ਸੀ। ਮੌਜੂਦਾ ਮਾਹੌਲ ਨਾਲ ਉਹ ਮੰਜ਼ਰ, ਉਹ ਯਾਦਾਂ ਸਾਡੇ ਸਾਹਮਣੇ ਆ ਗਈਆਂ। ਮੈਂ ਨਹੀਂ ਚਾਹੁੰਦਾ ਸੀ ਕਿ ਜੋ ਸਾਡੇ ਨਾਲ ਬੀਤਿਆ, ਉਹੀ ਸਾਡੇ ਗੁਆਂਢੀਆਂ ਨਾਲ ਬੀਤੇ। ''

ਇਥੋਂ ਦੇ ਮੁਸਲਮਾਨ ਲੋਕ ਡਰੇ-ਸਹਿਮੇ ਹੋਏ ਹਨ ਪਰ ਇਹ ਇਸ ਗੱਲ ਤੋਂ ਰਾਹਤ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵਰਗੇ ਲੋਕਾਂ ਦੀ ਵਜ੍ਹਾ ਨਾਲ ਇਨਸਾਨੀਅਤ ਅਜੇ ਜ਼ਿੰਦਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES