Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟੀਵੀ ਐਂਕਰ ਆਰਫਾ ਖਾਨੁਮ ਸ਼ੇਰਵਾਨੀ

ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵੱਲੋਂ ਦਿੱਲੀ ਵਿੱਚ ਪੱਤਰਕਾਰਾਂ ‘ਤੇ ਕੀਤੇ ਹਮਲਿਆਂ ਅਤੇ ਆਰਫਾ ਖਾਨੁਮ ਸ਼ੇਰਵਾਨੀ ਤੇ ਗੁਰਪ੍ਰੀਤ ਸਿੰਘ ਖਿਲਾਫ ਧਮਕੀਆਂ ਦੀ ਨਿਖੇਧੀ

Posted on March 4th, 2020

2020-21 ਲਈ ਨਵੀਂ ਕਾਰਜਕਰਨੀ ਵੀ ਚੁਣੀ

ਸਰੀ (ਅਕਾਲ ਗਾਰਡੀਅਨ ਬਿਊਰੋ)- ਪੰਜਾਬੀ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਭਾਰਤ ਦੀ ਰਾਜਧਾਨੀ ਵਿੱਚ ਪੱਤਰਕਾਰਾਂ ‘ਤੇ ਕੀਤੇ ਗਏ ਹਮਲਿਆਂ ਦੀ ਨਿਖੇਧੀ ਕੀਤੀ ਹੈ। ਮੰਗਲਵਾਰ, 3 ਮਾਰਚ ਨੂੰ ਹੋਈ ਕਲੱਬ ਦੀ ਮਹੀਨਾਵਾਰ ਬੈਠਕ ਵਿਚ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸਮਰਥਕਾਂ ਦੁਆਰਾ ਕੀਤੀ ਮੁਸਲਿਮ ਵਿਰੋਧੀ ਹਿੰਸਾ ਦੌਰਾਨ ਦਿੱਲੀ ਵਿਚ ਪੱਤਰਕਾਰਾਂ 'ਤੇ ਹੋਏ ਹਮਲੇ ਦੀ ਨਿੰਦਾ ਕਰਨ ਦਾ ਸੰਕਲਪ ਲਿਆ ਗਿਆ। 

ਦੱਸਯਯੋਗ ਹੈ ਕਿ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਗਏ ਵਿਵਾਦਪੂਰਨ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹੋਏ ਖ਼ੂਨ-ਖ਼ਰਾਬੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮੋਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣਾ ਚਾਹੁੰਦੀ ਹੈ ਅਤੇ ਸੀਏਏ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਮੁਸਲਮਾਨ ਸ਼ਰਨਾਰਥੀਆਂ ਨਾਲ ਪੱਖਪਾਤ ਕਰਦਾ ਹੈ। ਧਰਮ ਨਿਰਪੱਖ ਕਾਰਕੁਨਾਂ ਦੁਆਰਾ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਸਮਰਥਕ, ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖਿਲਾਫ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੁਸਲਮਾਨਾਂ ਨੂੰ ਇੱਕ ਸੰਗਠਿਤ ਭੀੜ ਦੇ ਹਮਲੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਬੀਤੇ ਦਿਨੀਂ ਦਿਲੀ ਵਿੱਚ ਕਈ ਪੱਤਰਕਾਰਾਂ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਵਿਚੋਂ ਇਕ ਨੂੰ ਇਹ ਸਾਬਤ ਕਰਨ ਲਈ ਕਿ ਉਹ ਮੁਸਲਮਾਨ ਨਹੀਂ ਸੀ, ਆਪਣੀ ਪੈਂਟ ਵੀ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। ਭਾਜਪਾ ਸਮਰਥਕਾਂ ਦੁਆਰਾ ਟੀਵੀ ਐਂਕਰ ਆਰਫਾ ਖਾਨੁਮ ਸ਼ੇਰਵਾਨੀ ਵਿਰੁੱਧ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਸ਼ੇਰਵਾਨੀ ਸੀਏਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੁੱਟ ਪਾਉਣ ਵਾਲੀ ਰਾਜਨੀਤੀ ਦੀ ਅਲੋਚਨਾ ਕਰਦੇ ਰਹੇ ਹਨ। ਸ਼ੇਰਵਾਨੀ ਧਮਕੀਆ ਅਤੇ ਜਾਅਲੀ ਖ਼ਬਰਾਂ ਦਾ ਨਿਸ਼ਾਨਾ ਬਣ ਰਹੀ ਹੈ, ਜਿਸਦਾ ਉਦੇਸ਼ ਉਸਦੇ ਅਕਸ ਨੂੰ ਖਰਾਬ ਕਰਨਾ ਹੈ।

ਬੀ.ਸੀ. ਕੈਨੇਡਾ ਅਧਾਰਤ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ 25 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਵਿਖੇ ਹੋਏ ਇੱਕ ਸੈਮੀਨਾਰ ਦੌਰਾਨ ਮੋਦੀ ਸਮਰਥਕਾਂ ਨੇ ਸਿੱਧੀ ਧਮਕੀ ਦਿੱਤੀ ਸੀ। ਇਹ ਸਮਾਗਮ ਲੋਕਾਂ ਨੂੰ ਸੀ.ਏ.ਏ ਅਤੇ ਇਸ ਦੇ ਮੁਸਲਮਾਨਾਂ ਵਿਰੋਧੀ ਨਤੀਜੇ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਸੀ। ਬੁਲਾਰਿਆਂ ਵਿਚੋਂ ਗੁਰਪ੍ਰੀਤ ਸਿੰਘ ਨੇ ਸੀ.ਏ.ਏ ਨੂੰ ਸੰਪਰਦਾਇਕ ਦੱਸਿਆ ਸੀ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨੇ ਸ਼ੇਰਵਾਨੀ ਨਾਲ ਇਕਮੁੱਠਤਾ ਪ੍ਰਗਟਾਈ ਅਤੇ ਭਾਰਤ ਅਤੇ ਕਨੇਡਾ ਵਿੱਚ ਪੱਤਰਕਾਰਾਂ ਖਿਲਾਫ ਸਰੀਰਕ ਅਤੇ ਮੌਖਿਕ ਹਮਲਿਆਂ ਦੀਆਂ ਸਾਰੀਆਂ ਘਟਨਾਵਾਂ ਦੀ ਪਤਰਕਾਰ ਭਾਈਚਾਰੇ ਵੱਲੋਂ ਨਿੰਦਾ ਕੀਤੀ।

ਕਲੱਬ ਦੇ ਪ੍ਰਧਾਨ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਯੂ ਬੀ ਸੀ ਕਾਂਡ ਦੀ ਨਿਖੇਧੀ ਕਰਨ ਲਈ ਮਤੇ ਨੂੰ ਅੱਗੇ ਤੋਰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਮੀਡੀਆ ਭਾਈਚਾਰੇ ‘ਤੇ ਹਮਲਾ ਕਰਾਰ ਦਿੱਤਾ। 

ਇਸ ਦੌਰਾਨ, 2007 'ਚ ਹੋਂਦ ਵਿੱਚ ਆਈ ਪੰਜਾਬੀ ਪ੍ਰੈੱਸ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ (ਪੀਪੀਸੀ ਬੀਸੀ) ਦੇ ਮੈਂਬਰਾਂ ਨੇ 2020-2021 ਲਈ ਨਵੀਂ ਅਗਜੈਕਟਿਵ ਦੀ ਸਰਬਸੰਮਤੀ ਨਾਲ ਚੋਣ ਕੀਤੀ, ਜਿਸ ਵਿੱਚ ਨਵਜੋਤ ਕੌਰ ਢਿੱਲੋਂ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਸਹੋਤਾ ਸਕੱਤਰ, ਖੁਸ਼ਪਾਲ ਸਿੰਘ ਗਿੱਲ ਸਹਾਇਕ ਸਕੱਤਰ, ਰਵਿੰਦਰ ਕੰਬੋ ਖ਼ਜ਼ਾਨਚੀ, ਬਲਦੇਵ ਸਿੰਘ ਮਾਨ ਸਹਾਇਕ ਖਜ਼ਾਨਚੀ ਅਤੇ ਸੁਖਵਿੰਦਰ ਸਿੰਘ ਚੋਹਲਾ ਅਗਜੈਕਟਿਵ ਮੈਂਬਰ ਚੁਣੇ ਗਏ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਬੀਤੇ ਦੋ ਵਰ੍ਹਿਆਂ ਦੌਰਾਨ ਅਗਜੈਕਟਿਵ ਨੂੰ ਮੈਂਬਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਮੀਟਿੰਗ ਦੀ ਕਾਰਵਾਈ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ ਨੇ ਨਿਭਾਈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES