Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਬੈ ਬਾਣ ਲਾਗਿਯੋ ਤਬੈ ਰੋਸ ਜਾਗਿਯੋ- ਡਾ. ਦਲੀਪ ਕੌਰ ਟਿਵਾਣਾ

Posted on January 31st, 2020


'ਜਿਸ ਬੰਦੇ ਨੇ ਪਹਿਲਾਂ ਬੰਗਾਲ ਵਿਚ ਏਨੇ ਮੁੰਡੇ ਮਰਵਾਏ, ਹੁਣ ਪੰਜਾਬ ਵਿਚ ਮਰਵਾ ਰਿਹੈ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ, ਕੋਈ ਵਾਈਸ ਚਾਂਸਲਰੀ, ਨਹੀਂ ਚਾਹੀਦੀ।'

ਪਿੱਛੇ ਜਿਹੇ ਮੈਂ ਆਪਣੇ ਰਾਜ ਤੇ ਸਮਾਜ ਦੇ ਵਿਗੜਦੇ ਰੰਗ-ਢੰਗ ਵੇਖ ਕੇ ਰੋਸ ਵੱਜੋਂ ਪਦਮਸ਼੍ਰੀ ਮੋੜ ਦਿੱਤਾ ਸੀ। ਮੈਂ ਹੀ ਨਹੀ, ਬਹੁਤ ਸਾਰੇ ਹੋਰ ਲੇਖਕਾਂ, ਕਲਾਕਾਰਾਂ ਤੇ ਵਿਗਿਆਨੀਆਂ ਨੇ ਵੀ ਆਪਣੇ ਇਨਾਮ ਸਨਮਾਨ ਮੋੜ ਦਿੱਤੇ ਸੀ। ਮੁਲਕ ਦੀ ਜ਼ਮੀਰ ਨੂੰ ਹਲੂਣਾ ਦੇਣ ਤੋਂ ਬਿਨਾਂ ਰੋਸ ਦੇ ਇਸ ਪ੍ਰਗਟਾਵੇ ਦਾ ਹੋਰ ਕੀ ਮਕਸਦ ਹੋ ਸਕਦਾ ਸੀ? ਪਰ ਕੁਝ ਲੋਕ ਪੁੱਛ ਰਹੇ ਸਨ ਹੁਣ ਹੀ ਕਿਉਂ?

ਇਕ ਕੇਂਦਰੀ ਮੰਤਰੀ ਨੇ ਮੇਰੇ ਹਵਾਲੇ ਨਾਲ ਕਿਹਾ ਕਿ ਚੁਰਾਸੀ ਵੇਲੇ ਕਿਉਂ ਨਹੀਂ ਵਾਪਸ ਕੀਤਾ ਪਦਮਸ਼੍ਰੀ ਭਾਈ, ਚੁਰਾਸੀ ਵੇਲੇ ਪਦਮਸ਼੍ਰੀ ਮੇਰੇ ਕੋਲ ਸੀ ਹੀ ਨਹੀਂ। ਉਹ ਤੇ 2004 ਵਿੱਚ ਮੈਨੂੰ ਮਿਲਿਆ। ਦੁੱਖ ਚੁਰਾਸੀ ਵੇਲੇ ਬਹੁਤ ਸੀ, ਰੋਸ ਉਦੋਂ ਵੀ ਜਾਗਿਆ ਸੀ। ਜਦੋਂ ਜਦੋਂ ਜਬਰ ਹੁੰਦੈ, ਰੋਸ ਜਾਗਦੈ।

ਇਸ ਸਬੰਧ ਵਿਚ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ। ਇਸ ਦਾ ਮੁਖਤਸਰ ਜਿਹਾ ਵਰਨਣ ਮੈਂ 'ਕਿਛੁ ਸੁਣੀਐ, ਕਿਛੁ ਕਹੀਐ' ਵਿਚ ਕੀਤਾ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਸਿਧਾਰਥ ਸ਼ੰਕਰ ਰਾਏ ਪੰਜਾਬ ਦੇ ਗਵਰਨਰ ਸਨ। 1986 ਤੋਂ 1989 ਤਕ ਉਹ ਪੰਜਾਬ ਰਹੇ। ਇਕ ਦਿਨ ਮੇਰੇ ਕੋਲ ਯੂਨੀਵਰਸਿਟੀ ਦੀਆਂ ਕੁਝ ਮੋਹਤਬਰ ਔਰਤਾਂ ਆਈਆਂ ਤੇ ਕਹਿੰਦੀਆਂ: 'ਅਸੀਂ ਗਵਰਨਰ ਨੂੰ ਮਿਲ ਕੇ ਆਈਆਂ ਹਾਂ। ਅਸੀਂ ਉਨ੍ਹਾਂ ਨੂੰ ਇਹ ਕਹਿਣ ਗਈਆਂ ਸੀ ਕਿ ਵਾਈਸ-ਚਾਂਸਲਰ ਲਾਉਣ ਵੇਲੇ ਤੁਹਾਨੂੰ ਮਰਦ ਹੀ ਕਿਉਂ ਦਿਸਦੇ ਨੇ, ਕਿਸੇ ਔਰਤ ਨੂੰ ਕਿਉਂ ਤੁਸੀਂ ਕਨਸਿਡਰ ਨਹੀਂ ਕਰਦੇ।

ਮਸਲਨ, ਸਾਡੀ ਯੂਨਵਿਰਸਿਟੀ ਦੇ ਡਾ. ਦਲੀਪ ਕੌਰ ਟਿਵਾਣਾ ਹਰ ਪੱਖੋਂ ਵੱਡੀ ਸ਼ਖਸੀਅਤ ਨੇ। ਤੁਸੀਂ ਉਨ੍ਹਾਂ ਨੂੰ ਲਾਓ ਵੀ.ਸੀ., ਉਹ ਅੱਗੋਂ ਕਹਿਣ ਲੱਗੇ, 'ਬਈ ਮੇਰੇ ਕੋਲ ਤਾਂ ਕਿਸੇ ਨੇ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਨਾ ਮੈਂ ਉਨ੍ਹਾਂ ਨੂੰ ਕਦੇ ਮਿਲਿਆਂ।' ਅਸੀਂ ਕਿਹਾ ਕਿ ਤੁਸੀ ਟਾਈਮ ਦਿਉ, 'ਅਸੀਂ ਮੈਡਮ ਟਿਵਾਣਾ ਨੂੰ ਲੈ ਆਵਾਂਗੇ ।' ਤੇ ਉਨ੍ਹਾਂ ਨੇ ਖੁਸ਼ ਹੋ ਕੇ ਦੱਸਿਆ ਕਿ ਰਾਏ ਸਾਹਿਬ ਨੇ ਪਰਸੋਂ ਦਾ ਟਾਈਮ ਦੇ ਦਿੱਤੈ।

ਮੈਂ ਕਿਹਾ, 'ਮੈਂ ਨਹੀਂ ਜਾਣਾ। ਤੁਸੀਂ ਕਿਹੜਾ ਮੈਥੋਂ ਪੁੱਛ ਕੇ ਗਈਆਂ ਸੀ ਉਹ ਨੂੰ ਮਿਲਣ।' ਉਹ ਕਹਿੰਦੀਆਂ, 'ਤੁਸੀ ਚਲੇ ਚੱਲੋ ਆਪਣੇ ਲਈ ਨਾ ਸਹੀਂ, ਯੂਨੀਵਰਸਿਟੀ ਦੇ ਭਲੇ ਲਈ ਹੀ ਸਹੀ। ਕੁਝ ਦੇਰ ਉਹ ਜ਼ੋਰ ਪਾਉਂਦੀਆਂ ਰਹੀਆਂ ਤੇ ਫਿਰ ਨਰਾਜ਼ ਹੋ ਕੇ ਚਲੀਆਂ ਗਈਆਂ। ਨਹੀਂ ਜਾਣਦੀ ਉਨ੍ਹਾਂ ਗਵਰਨਰ ਨੂੰ ਕੀ ਕਿਹਾ ਕੀ ਨਹੀਂ।

ਕੁਝ ਦਿਨ ਬਾਅਦ ਦੀ ਗੱਲ ਹੈ। ਦੋ ਪੀ.ਸੀ.ਐਸ. ਅਫਸਰ ਮੇਰੇ ਕੋਲ ਵਿਭਾਗ ਆਏ। ਕਹਿੰਦੇ ਤੁਹਾਨੂੰ ਗਵਰਨਰ ਸਾਹਿਬ ਨੇ ਡਿਨਰ 'ਤੇ ਬੁਲਾਇਆ ਹੈ। ਉਹ ਤੁਹਾਡੇ ਨਾਲ ਤੇ ਹੋਰ ਇੰਮਪਾਰਟੈਂਟ ਬੰਦਿਆਂ ਨਾਲ ਪੰਜਾਬ ਮਸਲੇ 'ਤੇ ਰਾਇ ਕਰਨਾ ਚਾਹੁੰਦੇ ਨੇ। ਮੈਂ ਕਿਹਾ, ਰਾਤ ਦੇ ਕਿਸੇ ਫੰਕਸ਼ਨ 'ਤੇ ਮੈਂ ਨਹੀਂ ਜਾਂਦੀ। ਉਹ ਕਹਿੰਦੇ, ਤੁਸੀਂ ਫਿਕਰ ਨਾ ਕਰੋ ਤੁਹਾਡੇ ਨਾਲ ਪੁਲੀਸ ਦੀ ਗੱਡੀ ਹੋਏਗੀ। ਮੈਂ ਨਾਂਹ ਕਰ ਦਿੱਤੀ।

ਇਕ ਦਿਨ ਉਹੀ ਅਫਸਰ ਫਿਰ ਮੇਰੇ ਕੋਲ ਆ ਗਏ। ਇਸ ਵਾਰ ਉਹ ਲੰਚ ਦਾ ਨਿਉਤਾ ਲੈ ਕੇ ਆਏ ਸੀ। ਕਹਿੰਦੇ ਗਵਰਨਰ ਸਾਹਿਬ ਨੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਹੈ, ਪੰਜਾਬ ਦੀ ਸਥਿਤੀ 'ਤੇ ਵਿਚਾਰ ਕਰਨ ਲਈ। ਮੈਂ ਕਿਹਾ, ਮੈਂ ਨਹੀਂ ਜਾ ਸਕਾਂਗੀ। ਇਹ ਅਫਸਰ ਕਿਤੇ ਪਿਛਲੀ ਵਾਰ ਮੇਰੇ ਡਿਪਾਰਟਮੈਂਟ ਦੇ ਮੁਖੀ ਨੂੰ ਮਿਲੇ ਹੋਣੇ ਐਂ। ਉਹਨੇ ਕਿਹਾ ਕਿ ਜੇ ਮੈਨੂੰ ਤੇ ਮੇਰੀ ਵਾਈਫ ਨੂੰ ਸੱਦ ਲਉ ਤਾਂ ਅਸੀਂ ਮੈਡਮ ਨੂੰ ਆਪਣੇ ਨਾਲ ਲੈ ਆਵਾਂਗੇ। ਹੁਣ ਜਦੋਂ ਮੈਂ ਦੁਬਾਰਾ ਨਾਂਹ ਕਰ ਦਿੱਤੀ ਤਾਂ ਮੈਂ ਸੁਣਿਆਂ ਬਾਹਰ ਇਕ ਅਫਸਰ ਫੋਨ 'ਤੇ ਪਤਾ ਨਹੀਂ ਕੀਹਨੂੰ ਪੁੱਛ ਰਿਹਾ ਸੀ: 'ਸਰ, ਮੈਡਮ ਤਾਂ ਆ ਨਹੀਂ ਰਹੇ, ਉਨ੍ਹਾਂ ਦੇ ਮੁਖੀ ਨੂੰ ਇਨਵਾਈਟ ਕਰਨੈ ਕਿ ਨਹੀਂ?'

ਜਿਹੜੀਆਂ ਔਰਤਾਂ ਮੇਰੇ ਵਾਸਤੇ ਮਿਸਟਰ ਰਾਏ ਨੂੰ ਮਿਲਣ ਗਈਆਂ ਸੀ, ਉਨ੍ਹਾਂ ਦੀ ਲੀਡਰ ਮੇਰੇ ਕੋਲ ਆਈ। ਥੋੜ੍ਹਾ ਹਰਖ ਕੇ ਆਖਦੀ, 'ਮੈਡਮ ਤੁਹਾਡਾ ਗਵਰਨਰ ਨਾਲ ਕੀ ਵੈਰ ਐ, ਤੁਸੀਂ ਉਹਨੂੰ ਮਿਲਣ ਕਿਉਂ ਨਹੀਂ ਜਾਂਦੇ। ਤੁਹਾਨੂੰ ਉਹਨੇ ਵੀ.ਸੀ. ਲਾ ਦੇਣਾ ਸੀ।'

ਮੈ ਕਿਹਾ, 'ਜਿਸ ਬੰਦੇ ਨੇ ਪਹਿਲਾਂ ਬੰਗਾਲ ਵਿਚ ਏਨੇ ਮੁੰਡੇ ਮਰਵਾਏ, ਹੁਣ ਪੰਜਾਬ ਵਿਚ ਮਰਵਾ ਰਿਹੈ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ, ਕੋਈ ਵਾਈਸ ਚਾਂਸਲਰੀ, ਨਹੀਂ ਚਾਹੀਦੀ।'

ਉਹ ਰੁਸ ਕੇ ਚਲੀ ਗਈ ਤੇ ਬਹੁਤ ਸਮਾਂ ਨਹੀਂ ਸੀ ਹੋਇਆ ਜਦੋਂ ਮੈਨੂੰ ਗਵਰਨਰ ਰਾਏ ਨਾਲ ਰੂ-ਬ-ਰੂ ਹੋਣਾ ਪਿਆ। ਮਹਿੰਦਰਾ ਕਾਲਜ, ਜਿਥੇ ਮੈਂ ਪੜ੍ਹੀ ਸੀ, ਨੇ ਆਪਣੇ ਸਥਾਪਨਾ ਦਿਵਸ 'ਤੇ ਮੈਨੂੰ ਸੱਦਿਆ। ਉਨ੍ਹਾਂ ਇਸ ਮੌਕੇ ਹੋਰਨਾਂ ਦੇ ਨਾਲ ਮੈਨੂੰ ਵੀ ਸਨਮਾਨਤ ਕਰਨਾ ਸੀ। ਸਮਾਰੋਹ ਦੀ ਪ੍ਰਧਾਨਗੀ ਰਾਏ ਨੇ ਕੀਤੀ। ਮੈਨੂੰ ਸਨਮਾਨ ਚਿੰਨ੍ਹ ਦੇਣ ਲੱਗਿਆਂ ਉਹਨਾਂ ਮੈਨੂੰ ਪੁੱਛਿਆ, 'ਕੀ ਤੁਸੀਂ ਚੰਡੀਗੜ੍ਹ ਪਲਾਟ ਲੈ ਲਿਆ ਹੈ?'' ਇਹ ਇਸ ਲਈ ਕਿ ਕੁਝ ਲੇਖਕਾਂ ਨੇ ਚੰਡੀਗੜ੍ਹ ਸਰਕਾਰ ਕੋਲੋਂ ਰਿਆਇਤੀ ਪਲਾਟ ਲਏ ਸਨ। ਮੈਂ ਕਿਹਾ, 'ਨਹੀਂ, ਮੈਨੂੰ ਪਲਾਟ ਨਹੀਂ ਚਾਹੀਦਾ।'

ਆਪਣੇ ਜੀਵਨ ਦੀ ਇਸ ਘਟਨਾ ਦਾ ਵੇਰਵੇ ਸਹਿਤ ਮੈਂ ਪਹਿਲਾਂ ਕਦੇ ਜ਼ਿਕਰ ਨਹੀਂ ਕੀਤਾ। ਹਰ ਗੱਲ ਦਾ ਢੰਡੋਰਾ ਪਿੱਟਣਾ ਜ਼ਰੂਰੀ ਨਹੀਂ ਹੁੰਦਾ। ਸੋ ਇਉਂ ਨਹੀਂ ਕਿ ਚੁਰਾਸੀ ਵੇਲੇ ਰੋਸ ਘੱਟ ਸੀ ਜਾਂ ਰੋਸ ਪ੍ਰਗਟ ਨਹੀਂ ਕੀਤਾ। ਰੋਸ ਪ੍ਰਗਟ ਕਰਨ ਦੇ ਢੰਗ ਸਮੇਂ ਅਨੁਸਾਰ ਵੱਖਰੇ-ਵੱਖਰੇ ਹੋ ਸਕਦੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES