Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਾ. ਦਲੀਪ ਕੌਰ ਟਿਵਾਣਾ ਸੁਰਗਵਾਸ

Posted on January 31st, 2020


ਪਟਿਆਲਾ- ਪੰਜਾਬੀ ਸਾਹਿਤ ਜਗਤ ਦੀ ਉਘੀ ਹਸਤੀ ਦਲੀਪ ਕੌਰ ਟਿਵਾਣਾ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਸਨ। 84 ਸਾਲਾ ਦੇ ਦਲੀਪ ਕੌਰ ਟਿਵਾਣਾ ਪਦਮ ਸ੍ਰੀ ਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਸਨ। ਰਾਜ ਤੇ ਸਮਾਜ ਦੇ ਵਿਗੜਦੇ ਰੰਗ-ਢੰਗ ਵੇਖ ਕੇ ਰੋਸ ਵੱਜੋਂ ਪਦਮਸ਼੍ਰੀ ਉਨ੍ਹਾਂ ਮੋੜ ਦਿੱਤਾ ਸੀ। 

ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀ ਪ੍ਰਮੁਖ ਨਾਵਲਕਾਰ ਸਨ। ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ, ਜਿਸ ਦੀ ਰਚਨਾ ਕਥਾ ਕਹੋ ਉਰਵਸ਼ੀ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ 'ਸਰਸਵਤੀ ਸਨਮਾਨ' ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਅਤੇ ਪੰਜਾਬੀ ਅਕਾਦਮੀ ਦਿੱਲੀ ਦਾ ਦਹਾਕੇ (1980-90) ਦੀ ਸਰਬੋਤਮ ਨਾਵਲਕਾਰ ਪੁਰਸਕਾਰ ਵੀ ਡਾ. ਟਿਵਾਣਾ ਨੂੰ ਪ੍ਰਾਪਤ ਹੋਇਆ। ਇਸ ਤੋਂ ਬਿਨਾਂ ਉਸ ਦੁਆਰਾ ਬੱਚਿਆਂ ਲਈ ਰਚਿਤ ਪੁਸਤਕ 'ਪੰਜਾਂ ਵਿੱਚ ਪ੍ਰਮੇਸ਼ਰ' ਨੂੰ ਸਿੱਖਿਆ ਅਤੇ ਸਮਾਜ ਭਲਾਈ ਮੰਤਰਾਲੇ ਵੱਲੋਂ ਸਨਮਾਨਿਆ ਗਿਆ। ਟਿਵਾਣਾ ਦੀ ਸ੍ਵੈਜੀਵਨੀ 'ਨੰਗੇ ਪੈਰਾਂ ਦਾ ਸਫ਼ਰ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਅਵਾਰਡ ਪ੍ਰਾਪਤ ਹੋਇਆ ।

ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਪਹਿਲੀ ਔਰਤ ਸਨ, ਫਿਰ ਔਰਤਾਂ ਵਿੱਚੋਂ ਪ੍ਰੋਫ਼ੈਸਰ, ਵਿਭਾਗ ਦੀ ਮੁਖੀ, ਡੀਨ ਭਾਸ਼ਾਵਾਂ ਵੀ ਸਭ ਤੋਂ ਪਹਿਲਾਂ ਬਣੇ। ਪਰ ਏਨੀਆਂ ਸਾਰੀਆਂ ਪ੍ਰਾਪਤੀਆਂ ਤੇ ਸਨਮਾਨਾਂ ਦੇ ਬਾਵਜੂਦ ਉਹ ਬਹੁਤ ਨਿਰਮਾਣ ਅਤੇ ਸਹਿਜ ਸਨ। ਨਿਰਸੰਦੇਹ ਟਿਵਾਣਾ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਦਰਸ਼ ਬਣਿਆ ।

ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਰੱਬੋਂ ਵਿੱਚ ਪਿਤਾ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਪਾਲਣ-ਪੋਸ਼ਣਾ ਪਟਿਆਲੇ ਵਿੱਚ ਹੋਈ, ਜਿੱਥੇ ਟਿਵਾਣਾ ਦੇ ਫੁੱਫੜ ਸਰਦਾਰ ਤਾਰਾ ਸਿੰਘ ਸਿੱਧੂ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਸਨ। ਦਲੀਪ ਕੌਰ ਟਿਵਾਣਾ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਇਹੀ ਸ਼ੌਕ ਬਾਅਦ ਵਿੱਚ ਸਾਹਿਤ ਰਚਣ ਦੀ ਪ੍ਰੇਰਨਾ ਬਣਿਆ। ਐਮ.ਏ. ਦੀ ਪੜ੍ਹਾਈ ਯੂਨੀਵਰਸਿਟੀ ਵਿੱਚੋਂ ਪਹਿਲੀ ਪੁਜੀਸ਼ਨ ਨਾਲ ਪੂਰੀ ਕੀਤੀ। ਐਮ.ਏ. ਤੋਂ ਬਾਅਦ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਲੰਮਾ ਸਮਾਂ ਉਹ ਇੱਕ ਅਧਿਆਪਕ ਵੱਜੋਂ ਵਿਚਰੇ। ਵਿਦਿਆਰਥੀਆਂ ਨਾਲ ਉਸ ਦਾ ਰਿਸ਼ਤਾ ਹਮੇਸ਼ਾਂ ਹੀ ਪਰਿਵਾਰ ਦੇ ਜੀਆਂ ਵਰਗਾ ਰਿਹਾ। ਮੋਹਨ ਸਿੰਘ ਦੀਵਾਨਾ ਅਤੇ ਪ੍ਰੀਤਮ ਸਿੰਘ ਵਰਗੇ ਦਰਵੇਸ਼ ਪੁਰਸ਼ਾਂ ਦੀ ਸੰਗਤ ਨੇ ਉਸ ਨੂੰ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਤੇ ਬਣਨ ਲਈ ਪ੍ਰੇਰਿਆ।

ਡਾ. ਟਿਵਾਣਾ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ (1967) 'ਚ ਡਾ: ਮ ਸ ਰੰਧਾਵਾ ਦੀ ਪ੍ਰੇਰਨਾ ਨਾਲ ਛਪਿਆ। ਏਹੁ ਹਮਾਰਾ ਜੀਵਣਾ (1968) ਉਸ ਦਾ ਦੂਸਰਾ ਨਾਵਲ ਸੀ, ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਨਾਵਲ ਦਾ ਅੰਗਰੇਜ਼ੀ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਦੂਰਦਰਸ਼ਨ ਜਲੰਧਰ ਨੇ ਇਸ ਨਾਵਲ ਤੇ ਆਧਾਰਿਤ ਇੱਕ ਟੀ.ਵੀ. ਸੀਰੀਅਲ ਦਾ ਨਿਰਮਾਣ ਕੀਤਾ। ਇਸ ਨਾਵਲ ਰਾਹੀਂ ਟਿਵਾਣਾ ਔਰਤ ਦੀਆਂ ਸਮੱਸਿਆਵਾਂ ਦੀ ਗੱਲ ਕਰਦੀ ਬੁਰੀ ਸਮਾਜਿਕ ਵਿਵਸਥਾ ਉਪਰ ਤਿੱਖਾ ਵਿਅੰਗ ਕਸਦੀ ਹੈ। 

ਥੋੜ੍ਹੇ ਸ਼ਬਦਾਂ 'ਚ ਬਹੁਤੀ ਗੱਲ ਕਹਿਣੀ ਅਤੇ ਉਹ ਵੀ ਕਾਵਿਕ ਅੰਦਾਜ਼ 'ਚ ਇਹ ਟਿਵਾਣਾ ਦੀ ਨਾਵਲੀ ਕਲਾ ਦੀ ਪ੍ਰਮੁਖ ਪਛਾਣ ਸੀ। ਲੋਕ ਅਖਾਣਾਂ ਤੇ ਲੋਕ ਕਹਾਣੀਆਂ ਦੀ ਵਰਤੋਂ ਉਸ ਦੁਆਰਾ ਰਚਿਤ ਨਾਵਲੀ ਪਾਠ ਨੂੰ ਜਿੱਥੇ ਰੋਚਕ ਬਣਾਉਂਦੀ ਉੱਥੇ ਨਾਲ ਹੀ ਡੂੰਘੇ ਅਰਥ ਵੀ ਪ੍ਰਦਾਨ ਕਰਦੀ ਸੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES