Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੋਂ ਇਤਰਾਜ਼ਯੋਗ ਬੁੱਤ ਹਟਾਏ

Posted on January 30th, 2020


ਅੰਮ੍ਰਿਤਸਰ-  ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਲੱਗੇ ਡਾਂਸਰਾਂ (ਨਚਾਰਾਂ) ਦੇ ਬੁੱਤ ਅੱਜ ਹਟਾ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕਾਰਨ ਅੰਮ੍ਰਿਤਸਰ ਦੀ ਸਿੱਖ ਸੰਗਤ ’ਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ। ਪਿਛਲੇ ਕਈ ਦਿਨਾਂ ਤੱਕ ਇੱਥੇ ਕੁਝ ਸਿੱਖ ਜੱਥੇਬੰਦੀਆਂ ਨੇ ਇਸੇ ਮੁੱਦੇ ਨੂੰ ਲੈ ਕੇ ਰੋਸ ਮੁਜ਼ਾਹਰਾ ਵੀ ਕੀਤਾ ਸੀ ਤੇ ਧਰਨੇ ਵੀ ਦਿੱਤੇ ਸਨ।

ਦਰਅਸਲ, ਇਨ੍ਹਾਂ ਬੁੱਤਾਂ ਦੀ ਰਾਤ ਸਮੇਂ ਤੋੜ–ਭੰਨ ਤੋਂ ਬਾਅਦ ਇਹ ਮਾਮਲਾ ਭਖਿਆ ਸੀ।ਇਨ੍ਹਾਂ ਬੁੱਤਾਂ ਦੀ ਤੋੜ–ਭੰਨ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰੋਸ ਧਰਨੇ ’ਤੇ ਬੈਠੇ ਸਿੰਘ ਤੇ ਸਿੰਘਣੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਤੇ ਇਹ ਬੁੱਤ ਹਟਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ।

ਮਾਮਲਾ ਭਖਦਾ ਵੇਖ ਕੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੰਗੜਾ ਤੇ ਗਿੱਧਾ ਪਾਉਂਦੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਇਹ ਬੁੱਤ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਇਹ ਬੁੱਤ ਇਸ ਵਿਰਾਸਤੀ ਮਾਰਗ ਤੋਂ ਹਟਾ ਤਾਂ ਦਿੱਤੇ ਗਏ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਹੁਣ ਇਨ੍ਹਾਂ ਨੂੰ ਕਿੱਥੇ ਸਥਾਪਤ ਕੀਤਾ ਜਾਵੇਗਾ।

ਵਿਰਾਸਤੀ ਗਲੀ ਦਾ ਨਿਰਮਾਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਕਰਵਾਇਆ ਸੀ। ਉਸ ਸਮੇਂ ਕੁਝ ਵਿਦਵਾਨਾਂ ਅਤੇ ਪੰਥਕ ਜਥੇਬੰਦੀਆਂ ਨੇ ਇਤਰਾਜ਼ ਕੀਤਾ ਸੀ ਪਰ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ ਸੀ। ਕੁਝ ਸਮੇਂ ਤੋਂ ਪੰਥਕ ਜਥੇਬੰਦੀਆਂ ਨੇ ਜ਼ੋਰਦਾਰ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਗਿੱਧੇ ਅਤੇ ਭੰਗੜੇ ਵਾਲੇ ਬੁੱਤ ਸਿੱਖ ਰਹਿਤ ਮਰਿਯਾਦਾ ਅਤੇ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਦੇ ਅਨੁਕੂਲ ਨਹੀਂ ਹਨ। ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਜਦ ਹਥੌੜੇ ਵਰਤੇ ਗਏ ਤਾਂ ਮਸਲਾ ਹੱਲ ਹੋ ਗਿਆ। ਹੈਰਾਨੀ ਹੈ ਕਿ ਬੁੱਤ ਲਾਉਣ ਵਕਤ ਸ਼ਰੋਮਣੀ ਕਮੇਟੀ, ਅਕਾਲ ਤਖਤ ਅਤੇ ਦਮਦਮੀ ਟਕਸਾਲ ਨੇ ਭੋਰਾ ਵੀ ਇਤਰਾਜ਼ ਨਹੀਂ ਕੀਤਾ ਸੀ। ਆਮ ਸਿੱਖਾਂ ਨੂੰ ਜਥੇਬੰਦੀਆਂ ਵਾਲਾ ਕੰਮ ਕਰਕੇ ਅਖੀਰ ਇਹ ਮੁਹਿੰਮ ਫਤਿਹ ਕਰਨੀ ਪਈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES