Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਰਹੂਮ ਈਦੂ ਸ਼ਰੀਫ਼ 

ਉੱਘੇ ਢਾਡੀ ਈਦੂ ਸ਼ਰੀਫ਼ ਦਾ ਦੇਹਾਂਤ

Posted on January 8th, 2020


ਪੰਚਕੂਲਾ- ਉੱਘੇ ਢਾਡੀ ਈਦੂ ਸ਼ਰੀਫ਼ ਦਾ ਦੇਹਾਂਤ ਹੋ ਗਿਆ। ਮਨੀਮਾਜਰਾ ਸਥਿਤ ਆਪਣੀ ਰਿਹਾਇਸ਼ 'ਤੇ ਬਾਅਦ ਦੁਪਹਿਰ ਉਨ੍ਹਾਂ ਆਖ਼ਰੀ ਸਾਹ ਲਏ। 70 ਸਾਲਾ ਈਦੂ ਲੰਮੇ ਸਮੇਂ ਤੋਂ ਅਧਰੰਗ ਤੋਂ ਪੀੜਤ ਸਨ। ਈਦੂ ਦੀ ਦੇਹ ਨੂੰ ਉਸਦੇ ਜੱਦੀ ਪਿੰਡ ਲਾਲੋਢਾ (ਪਟਿਆਲਾ) ਵਿਚ ਦਫ਼ਨਾਇਆ ਗਿਆ। ਮਰਹੂਮ ਈਦੂ ਸ਼ਰੀਫ਼ ਦੇ ਬੇਟੇ ਸੁੱਖੀ ਖਾਨ ਨੇ ਦੱਸਿਆ ਕਿ ਈਦੂ ਸ਼ਰੀਫ਼ 4 ਸਾਲ ਤੋਂ ਮੰਜੇ 'ਤੇ ਹੀ ਸਨ ਤੇ ਇਲਾਜ ਚੱਲ ਰਿਹਾ ਸੀ। ਕੁਝ ਦਿਨਾਂ ਤੋਂ ਹਾਲਤ ਜ਼ਿਆਦਾ ਮਾੜੀ ਹੋ ਗਈ ਸੀ ਤੇ ਕੁਝ ਖਾ-ਪੀ ਵੀ ਨਹੀਂ ਰਹੇ ਸਨ। 

ਈਦੂ ਸ਼ਰੀਫ਼ ਦਾ ਸਬੰਧ ਮਹਾਰਾਜਾ ਪਟਿਆਲਾ ਦੇ ਸ਼ਾਹੀ ਸੰਗੀਤਕ ਘਰਾਣੇ ਨਾਲ ਵੀ ਸੀ। ਉਸ ਦੀ ਗਾਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ ਸੀ। ਈਦੂ ਸ਼ਰੀਫ਼ ਆਖ਼ਰੀ ਸਾਹਾਂ ਤੱਕ ਆਪਣੇ ਗੀਤਾਂ 'ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹੀ ਪ੍ਰਫੁੱਲਤ ਕਰਦੇ ਰਹੇ।

ਈਦੂ ਸ਼ਰੀਫ਼ ਨੂੰ ਪੰਜਾਬ ਦੀ ਰਵਾਇਤੀ ਗਾਇਕੀ ਤੇ ਢਾਡੀ ਗਾਇਨ ਪ੍ਰੰਪਰਾ ਦਾ ਆਖ਼ਰੀ ਨਮੂਨਾ ਵੀ ਆਖਿਆ ਜਾ ਸਕਦਾ ਹੈ। ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਉਸ ਨੇ ਪ੍ਰਪੱਕ ਗਾਇਕੀ ਦੀ ਪਿਰਤ ਨੂੰ ਜਿਊਂਦਾ ਰੱਖਿਆ। ਲੋਕ ਗਾਥਾਵਾਂ ਤੇ ਕਿੱਸਿਆਂ ਨੂੰ ਰਵਾਇਤੀ ਲੋਕ ਸਾਜ਼ ਢੱਡ-ਸਾਰੰਗੀ ਨਾਲ ਹਿੱਕ ਦੇ ਜ਼ੋਰ ਗਾਉਣ ਵਾਲਾ ਈਦੂ ਆਪਣੇ ਸਮੇਂ ਦਾ ਮਸ਼ਹੂਰ ਢਾਡੀ ਸੀ ਤੇ ਕੋਈ ਵੀ ਸਮਾਗਮ ਈਦੂ ਸ਼ਰੀਫ਼ ਦੀ ਹਾਜ਼ਰੀ ਤੋਂ ਵਾਂਝਾ ਨਹੀਂ ਸੀ ਰਹਿੰਦਾ। 

ਈਦੂ ਸ਼ਰੀਫ਼ ਦੇ ਤਿੰਨ ਭਰਾ ਕਰਮਦੀਨ, ਸਦੀਕ ਤੇ ਰਫ਼ੀਕ ਵੀ ਅੱਬੂ ਈਦੂ ਨਾਲ ਪ੍ਰੋਗਰਾਮਾਂ 'ਤੇ ਜਾਇਆ ਕਰਦੇ ਸਨ। ਇਸ ਕਰਕੇ ਸ਼ਰੀਫ਼ ਨੂੰ ਸੰਗੀਤ ਗੁੜਤੀ 'ਚ ਹੀ ਨਸੀਬ ਹੋਇਆ ਸੀ। 10 ਸਾਲ ਦੀ ਉਮਰ 'ਚ ਹੀ ਈਦੂ ਸ਼ਰੀਫ਼ ਸਟੇਜੀ ਪ੍ਰੋਗਰਾਮ ਕਰਨ ਲੱਗ ਪਿਆ ਸੀ। ਪਿਓ ਤੋਂ ਗਾਉਣਾ ਸਿੱਖਣ ਕਾਰਨ ਹੀ ਉਹ ਸ਼ਰੀਫ਼ ਤੋਂ ਈਦੂ ਸ਼ਰੀਫ ਬਣ ਗਿਆ। 

ਉਨ੍ਹਾਂ ਦਿਨਾਂ ਦੌਰਾਨ ਪਿੰਡਾਂ 'ਚ ਖੁੱਲ੍ਹੇ ਅਖਾੜੇ ਲੱਗਦੇ ਸਨ। ਬਿਨਾਂ ਮਾਇਕ ਤੋਂ ਸਿਰਫ਼ ਢੱਡ ਸਾਰੰਗੀ ਨਾਲ ਹੀ ਇਹ ਕਲਾਕਾਰ ਕਈ-ਕਈ ਘੰਟੇ ਲਗਾਤਾਰ ਗਾਉਂਦੇ ਰਹਿੰਦੇ ਸਨ। ਪਿਓ ਨਾਲ ਗਾਉਂਦਾ-ਗਾਉਂਦਾ ਸ਼ਰੀਫ਼ ਜਵਾਨ ਹੋ ਗਿਆ ਤੇ ਉਸ ਦਾ ਨਿਕਾਹ ਮਨੀਮਾਜਰੇ ਦੀ ਮੁਟਿਆਰ ਊਸ਼ਾ ਖ਼ਾਨ ਨਾਲ ਹੋਇਆ। ਇਸੇ ਦੌਰਾਨ ਅਚਾਨਕ ਪਿਓ ਈਦੂ ਦੀ ਮੌਤ ਹੋਣ ਕਾਰਨ ਢਾਡੀਆਂ ਦੀ ਇਸ ਟੀਮ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਪਿਓ ਈਦੂ ਦੀ ਮੌਤ ਉਪਰੰਤ ਪ੍ਰੋਗਰਾਮ ਘੱਟ ਮਿਲਣ ਕਾਰਨ ਪਹਿਲਾਂ ਤੋਂ ਹੀ ਗ਼ਰੀਬ ਪਰਿਵਾਰ ਨੂੰ ਹੋਰ ਆਰਥਿਕ ਤੰਗੀਆਂ ਨਾਲ ਜੂਝਣਾ ਪਿਆ। ਫਿਰ ਸ਼ਰੀਫ਼ ਰੋਜ਼ੀ-ਰੋਟੀ ਦੇ ਪ੍ਰਬੰਧ ਲਈ ਪਿੰਡ ਛੱਡ ਕੇ ਸਹੁਰੇ ਘਰ ਮਨੀਮਾਜਰੇ ਵਿਖੇ ਰਹਿਣ ਲੱਗ ਪਿਆ ਤੇ ਇਥੇ ਆ ਕੇ ਉਸ ਨੇ ਰਾਜ ਮਿਸਤਰੀ ਨਾਲ 5 ਰੁਪਏ 'ਚ ਦਿਹਾੜੀ ਕੀਤੀ ਤੇ ਨਾਲ-ਨਾਲ ਤਾਂਗਾ ਵੀ ਚਲਾਇਆ। ਸ਼ਰੀਫ਼ ਦੇ ਘਰ ਇਕ ਧੀ ਤੇ ਤਿੰਨ ਪੁੱਤਰਾਂ ਸੁੱਖੀ ਖ਼ਾਨ, ਵਿੱਕੀ ਖ਼ਾਨ ਤੇ ਗੁਲਜ਼ਾਰ ਖ਼ਾਨ ਨੇ ਜਨਮ ਲਿਆ। ਤਿੰਨੇ ਪੁੱਤਰਾਂ ਨੇ ਆਪਣੇ ਪਿਓ ਦੇ ਹਰ ਕੰਮ 'ਚ ਹੱਥ ਵਟਾਉਣ ਦੇ ਨਾਲ-ਨਾਲ ਗਾਇਕੀ ਦੇ ਖ਼ੂਨ 'ਚ ਰਚੀ ਹੋਣ ਕਾਰਨ ਸ਼ਰੀਫ਼ ਨਾਲ ਪ੍ਰੋਗਰਾਮਾਂ 'ਤੇ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸ਼ਰੀਫ਼ ਨੇ ਮਜ਼ਦੂਰੀ ਦੇ ਨਾਲ-ਨਾਲ ਵਿਰਸੇ 'ਚ ਮਿਲੀ ਗਾਇਕੀ ਨੂੰ ਮੁੜ ਸੁਰਜੀਤ ਕਰ ਲਿਆ।

ਹੌਲੀ-ਹੌਲੀ ਸ਼ਰੀਫ਼ ਨਾਰਥ ਜ਼ੋਨ ਸੈਂਟਰ (ਕਲਾ ਗ੍ਰਾਮ) ਨਾਲ ਜੁੜ ਗਿਆ। ਰਵਾਇਤੀ ਕਲਾ ਤੇ ਸਾਜ਼ਾਂ ਦੇ ਖ਼ਜ਼ਾਨੇ ਨੂੰ ਸਾਂਭੀ ਬੈਠੇ ਇਸ ਗ਼ਰੀਬ ਗਾਇਕ ਨੂੰ ਸਾਰੀ ਉਮਰ ਮਲਾਲ ਰਿਹਾ ਕਿ ਉਸ ਦੀ ਕਲਾ ਦੀ ਪਰਖ ਕਿਸੇ ਵੀ ਪਾਰਖੂ ਨੇ ਨਹੀਂ ਕੀਤੀ ਤੇ ਉਹ ਜ਼ਿੱਲਤ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਰਿਹਾ। 4 ਕੁ ਸਾਲ ਪਹਿਲਾਂ ਉਸ ਨੂੰ ਅਧਰੰਗ ਦੀ ਬਿਮਾਰੀ ਨੇ ਘੇਰ ਲਿਆ, ਜਿਸ ਕਾਰਨ ਉਹ ਕੇਵਲ ਮੰਜੇ ਜੋਗਾ ਰਹਿ ਗਿਆ। ਪੰਜਾਬ ਸਰਕਾਰ ਵਲੋਂ ਦਿੱਤੀ ਇਕ ਲੱਖ ਰੁਪਏ ਦੀ ਮਾਲੀ ਮਦਦ ਵੀ ਸ਼ਰੀਫ ਦੇ ਇਲਾਜ ਲਈ ਨਾਕਾਫ਼ੀ ਸਾਬਤ ਹੋਈ। ਕਈ ਪੰਜਾਬੀ ਗਾਇਕਾਂ ਦੀ ਹਮਦਰਦੀ ਈਦੂ ਦੇ ਅੱਲ੍ਹੇ ਜ਼ਖ਼ਮਾਂ 'ਤੇ ਮਰਹਮ ਬਣੀ। ਬੇਸ਼ੱਕ ਈਦੂ ਨੂੰ ਸਾਬਕਾ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ, ਪੀ. ਵੀ. ਨਰਸਿਮ੍ਹਾ ਰਾਓ, ਰਾਜੀਵ ਗਾਂਧੀ, ਇੰਦਰ ਕੁਮਾਰ ਗੁਜਰਾਲ, ਇੰਦਰਾ ਗਾਂਧੀ ਤੋਂ ਇਲਾਵਾ ਲਾਲ ਕ੍ਰਿਸ਼ਨ ਅਡਵਾਨੀ ਤੇ ਸੋਨੀਆ ਗਾਂਧੀ ਨੇ ਖ਼ੁਦ ਬੁਲਾ ਕੇ ਸੁਣਿਆ ਪਰ ਇਸ ਗ਼ਰੀਬ ਗਾਇਕ ਦੀ ਅਮੀਰ ਕਲਾ ਦੀ ਸਰਕਾਰਾਂ ਨੇ ਕਦੇ ਵੁੱਕਤ ਨਾ ਪਾਈ। ਈਦੂ ਆਖਦਾ ਹੁੰਦਾ ਸੀ ਕਿ ਉਸ ਨੂੰ ਗਾਇਕੀ 'ਚ ਮਿਲੀਆਂ ਪ੍ਰਾਪਤੀਆਂ ਥਾਲੀ 'ਚ ਪਰੋਸ ਕੇ ਨਹੀਂ, ਸਗੋਂ ਲੰਮੀ ਘਾਲਣਾ ਤੇ ਸਿਦਕ ਉਪਰੰਤ ਹੀ ਪ੍ਰਾਪਤ ਹੋਈਆਂ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES