Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਟ੍ਰੇਲੀਅਨ ਸਿੱਖ ਆਗੂ ਅਜੀਤ ਸਿੰਘ ਨਿੱਝਰ ਪਹੁੰਚੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ ਚੱਕ 91 'ਚ

Posted on November 28th, 2019


ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ਹੀਦਗੰਜ ਦੀ ਮੌਜੂਦਾ ਹਾਲਤ ਵੇਖ ਹੋਏ ਭਾਵੁਕ

ਸਿਡਨੀ (ਸਰਵਰਿੰਦਰ ਸਿੰਘ ਰੂਮੀ)- ਆਸਟ੍ਰਟਲੀਅਨ ਸਿੱਖ ਆਗੂ ਅਜੀਤ ਸਿੰਘ ਨਿੱਝਰ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆ ਦੇ ਜੱਦੀ ਪਿੰਡ ਧੰਨੂਆਣਾ ਚੱਕ 91 ਤਹਿਸੀਲ ਜੜਾਂਵਾਲਾ ਜ਼ਿਲਾ ਫੈਸਲਾਬਾਦ (ਪੁਰਾਣਾ ਨਾਂ ਲਾਇਲਪੁਰ ) ਦੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆ ਆਖਿਆ। 

ਧੰਨੂਆਣਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਵੇਖਣ ਗਏ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਿਤ ਦੀ ਮੌਜੂਦਾ ਸਥਿਤੀ ਵੇਖ ਕੇ ਭਾਵੁਕ ਹੋ ਗਏ। ਗੁਰਦੁਆਰਾ ਸਾਹਿਬ ਦਾ ਗੁੰਬਦ ਭਾਵੇਂ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਪਰ ਅੰਦਰ ਆਟਾ ਚੱਕੀ ਤੇ ਰੂੰ ਵਾਲਾ ਪੇਂਜਾ ਚਲ ਰਿਹਾ ਹੈ। 

ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਤੋਂ ਕੁਝ ਕੁ ਮੀਲ ਦੂਰ ਪੈਂਦੇ ਪਿੰਡ ਧੰਨੂਆਣਾ ਚੱਕ 91 ਦੇ 9 ਸਿੰਘ 20 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦਾਆਰਾ ਸ਼ਹੀਦਗੰਜ ਬਣਾਇਆ ਗਿਆ ਸੀ। 

ਉਸ ਸਮੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਫਿਰੰਗੀਆਂ ਦੀ ਹਮਾਇਤ ਪ੍ਰਾਪਤ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ ਤੇ ਉਸ ਵੱਲੋਂ ਸ਼ਰੇਆਮ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਸਿੱਖ ਕੌਮ ਨੂੰ ਜਲ਼ੀਲ ਕੀਤਾ ਜਾਂਦਾ ਸੀ। ਕੰਜਰੀਆਂ ਨਚਾਈਆਂ ਜਾਂਦੀਆਂ ਸਨ ਤੇ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਂਦੀਆਂ ਸਿੱਖ ਬੱਚੀਆਂ ਤੇ ਨੌਜਵਾਨ ਸਿੱਖ ਬੀਬੀਆਂ ਨੂੰ ਮਹੰਤ ਤੇ ਉਸਦੇ ਗੁੰਡੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਸਨ। ਮਹੰਤ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਉਣ ਲਈ ਅਕਾਲ਼ੀਆਂ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਜਿਸ ਵਿੱਚ ਪਿੰਡ ਦੇ 9 ਸਿੰਘ ਸ਼ਹੀਦ ਹੋ ਗਏ ਸਨ। 

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਧੰਨੂਆਣਾ ਚੱਕ 91 ਵਿੱਚ ਰਹਿੰਦਾ ਸੀ ਤੇ ਪਿੰਡ ਤੋਂ ਨਜ਼ਦੀਕ ਹੀ ਉਨ੍ਹਾਂ ਦਾ ਮੁਰੱਬਾ ਸੀ। ਭਾਈ ਨਿੱਝਰ ਨੇ ਦਸਿਆ ਕਿ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲੇ ਵਿੱਚ ਆਦਮਪੁਰ ਨਜ਼ਦੀਕ ਮਹਿਮਦਪੁਰ ਵਿੱਚ ਆ ਵੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਦਾਦਾ ਸ. ਦੀਦਾਰ ਸਿੰਘ, ਪਿਤਾ ਪਰਗਾਸਾ ਸਿੰਘ, ਚਾਚਾ ਮਲਕੀਤ ਸਿੰਘ ਤੇ ਚਾਚਾ ਸ਼ਿੰਗਾਰਾ ਸਿੰਘ ਅਕਸਰ ਧਨੂੰਆਣੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਖ਼ਾਸਕਰ  ਦਾਦਾ ਦੀਦਾਰ ਸਿੰਘ ਤਾਂ ਅਕਸਰ ਉਦਾਸ ਹੋ ਜਾਇਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਵੰਡ ਨੇ ਸਭ ਕੁਝ ਉਜਾੜ ਦਿੱਤਾ। ਉਹ ਬਹੁਤ ਹੀ ਉਪਜਾਊ ਜ਼ਮੀਨ  ਦੇ ਮਾਲਕ ਸਨ। 

ਭਾਈ ਅਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪਰਵਾਸ ਕਰਕੇ ਮਹਿਮਦਪੁਰ ਤੋਂ ਆਸਟ੍ਰੇਲੀਆ ਆ ਗਏ ਪਰ ਬਜ਼ੁਰਗਾਂ ਦਾ ਜੱਦੀ ਪਿੰਡ ਵੇਖਣ ਦੀ ਇੱਛਾ ਸਦਾ ਉਨ੍ਹਾਂ ਨੂੰ ਸਤਾਉਂਦੀ ਰਹੀ। ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਸਿੱਖਾਂ ਦੀ ਚਿਰੋਕਣੀ ਮੰਗ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਤਾਂ ਦੁਨੀਆ ਭਰ ਤੋਂ ਸਿੱਖਾਂ ਨੇ ਪਾਕਿਸਤਾਨ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। 

ਆਸਟ੍ਰੇਲੀਆ ਤੋਂ ਪਾਕਿਸਤਾਨ ਗਏ ਜਥੇ ਵਿੱਚ ਭਾਈ ਅਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਤਰਨਜੀਤ ਕੌਰ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ। ਭਾਈ ਅਜੀਤ ਸਿੰਘ ਨੇ ਲਹਿੰਦੇ ਪੰਜਾਬ ਦੇ ਬ੍ਰਾਡਕਾਸਟਰ ਮਸੂਦ ਮੱਲੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾ ਦੀ ਧੰਨੂਆਣਾ ਫੇਰੀ ਦਾ ਸਾਰਾ ਸਿਹਰਾ ਮੱਲੀ ਨੂੰ ਜਾਂਦਾ ਹੈ ਜਿਸ ਦੇ ਯਤਨਾਂ ਕਾਰਨ ਉਨ੍ਹਾ ਦੀ ਬਚਪਣ ਦੀ ਇੱਛਾ ਪੂਰੀ ਹੋ ਸਕੀ ਹੈ। 

ਜ਼ਿਕਰਯੋਗ ਹੈ ਕਿ ਅਜੀਤ ਸਿੰਘ ਦਾ ਨਿੱਝਰ ਪਰਿਵਾਰ ਸਿੱਖ ਰਾਜਨੀਤੀ ਵਿੱਚ ਪੰਜਾਬ ਤੇ ਆਸਟ੍ਰੇਲੀਆ ਦੋਵੇਂ ਜਗਾ ਸਰਗਰਮ ਹੈ। ਜਿੱਥੇ ਅਜੀਤ ਸਿੰਘ ਨਿੱਝਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਮੋਢੀ ਪ੍ਰਧਾਨ ਰਹੇ ਹਨ ਉਥੇ ਉਨ੍ਹਾਂ ਦੇ ਵੱਡੇ ਭਰਾ ਸ. ਤੀਰਥ ਸਿੰਘ ਨਿੱਝਰ ਆਸਟ੍ਰੇਲੀਆ ਦੇ ਸ਼ਹੀਦੀ ਟੂਰਨਾਮੈਂਟ ਗ੍ਰਿਫ਼ਤ ਦੇ ਮੋਢੀਆਂ 'ਚੋ ਹਨ ਤੇ ਕਈ ਵਾਰ ਗ੍ਰਿਫ਼ਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੇ ਮਹਿਮਦਪੁਰ ਰਹਿੰਦੇ  ਭਰਾ ਗੁਰਦਿਆਲ ਸਿੰਘ ਨਿੱਝਰ ਸ਼੍ਰੋਮਣੀ ਅਕਾਲੀ ਦਲ ਦੀ ਪੁਲੀਟਕਲ ਅਫੇਅਰਜ਼ ਕਮੇਟੀ ਦੇ ਮੈਂਬਰ ਹਨ ਅਤੇ ਪੰਜਾਬ ਐਗਰੋ ਇੰਡਸਟਰੀ ਦੇ ਡਿਪਟੀ ਚੇਅਰਮੈਨ ਰਹੇ ਹਨ।

ਧੰਨੂਆਣਾ ਵਿੱਚ ਭਾਈ ਅਜੀਤ ਸਿੰਘ ਹੋਰਾਂ ਨੂੰ ਪਿੰਡ 'ਚ ਵੰਡ ਤੋਂ ਪਹਿਲਾ ਦੇ ਰਹਿੰਦੇ ਬਜ਼ੁਰਗ ਮਹੁੰਮਦ ਅਰਸ਼ ਜ਼ਹੂਰ ਮਿਲੇ, ਜਿਨ੍ਹਾਂ ਨੇ ਵੰਡ ਤੋਂ ਪਹਿਲਾਂ ਪਿੰਡ ਰਹਿੰਦੇ ਸਿੱਖ ਪਰਵਾਰਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ। ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਤੋਂ ਧੰਨੂਆਣੇ ਆ ਕੇ ਵੱਸੇ ਬਜ਼ੁਰਗ ਮਹਿਬੂਬ, ਅਬਦੁਲ ਹਮੀਦ ਤੇ ਅਬਦੁਲ ਰਹਿਮਾਨ ਮਿਲੇ, ਜਿਨ੍ਹਾਂ ਨੇ ਚੜ੍ਹਦੇ ਪੰਜਾਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। 

ਪਿੰਡ ਵਾਸੀਆਂ ਨੇ ਭਾਈ ਅਜੀਤ ਸਿੰਘ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੀ ਇਕ ਇੱਟ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES