Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੋਣਾਂ 2019: ਕਿਸੇ ਵੀ ਪਾਰਟੀ ਦੀ ਹਵਾ ਨਾ ਬਣ ਸਕੀ

Posted on October 18th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਸੋਮਵਾਰ 21 ਅਕਤੂਬਰ ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿੱਚ 331 ਹਲਕਿਆਂ ਤੋਂ ਸੈਂਕੜੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕਿਸੇ ਵੀ ਪਾਰਟੀ ਨੂੰ ਬਹੁਗਿਣਤੀ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੈ ਪਰ ਹੁਣ ਤੱਕ ਕਰਵਾਏ ਗਏ ਸਾਰੇ ਸਰਵੇਖਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਕੈਨੇਡਾ ਦੀਆਂ ਪ੍ਰਮੁੱਖ ਸਰਵੇਖਣਾਂ ਕਰਤਾ ਏਜੰਸੀਆਂ ਨੈਨੋਜ਼, ਇਫਸੋਸ ਤੋਂ ਇਲਾਵਾ ਵੱਡੇ ਮੀਡੀਆ ਕੇਂਦਰਾਂ ਸੀ. ਬੀ. ਸੀ., ਗਲੋਬਲ ਅਤੇ ਸੀ. ਟੀ. ਵੀ. ਵਲੋਂ ਕਰਵਾਏ ਸਰਵੇਖਣ ਗੱਠਜੋੜ ਸਰਕਾਰ ਦੇ ਸੰਕੇਤ ਦੇ ਰਹੇ ਹਨ। 

ਸ਼ੁੱਕਰਵਾਰ ਦੁਪਹਿਰ ਤੱਕ ਇਨ੍ਹਾਂ ਸਰਵੇਖਣਾਂ ਰਾਹੀਂ ਦਰਸਾਇਆ ਗਿਆ ਸੀ ਕਿ ਲਿਬਰਲ ਨੂੰ 133 ਸੀਟਾਂ, ਕੰਜ਼ਰਵੇਟਿਵ ਨੂੰ 123, ਐਨ. ਡੀ. ਪੀ. ਨੂੰ 41, ਬਲਾਕ ਕਿਊਬੈਕਵਾ ਨੂੰ 38, ਗਰੀਨ ਪਾਰਟੀ ਨੂੰ 2 ਅਤੇ ਪੀ. ਪੀ. ਸੀ. ਨੂੰ 1 ਸੀਟ ਹਾਸਲ ਹੋ ਸਕਦੀ ਹੈ। ਸਮਝਿਆ ਜਾ ਰਿਹਾ ਹੈ ਕਿ ਲਿਬਰਲ ਅਤੇ ਐਨ. ਡੀ. ਪੀ. ਅਜਿਹੀ ਹਾਲਤ ਵਿੱਚ ਰਲ ਕੇ ਸਰਕਾਰ ਬਣਾ ਸਕਦੇ ਹਨ ਜਦਕਿ ਦੂਜੇ ਪਾਸੇ ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਵਲੋਂ ਵੀ ਰਲ ਕੇ ਸਰਕਾਰ ਬਣਾਏ ਜਾਣ ਦੇ ਆਸਾਰ ਹਨ। ਇਹ ਸਰਵੇਖਣ ਕਿੰਨੇ ਸੱਚੇ ਜਾਂ ਝੂਠੇ ਸਾਬਤ ਹੁੰਦੇ ਹਨ, ਇਸ ਦਾ ਪਤਾ 21 ਅਕਤੂਬਰ ਦੀ ਰਾਤ ਨੂੰ ਨਤੀਜੇ ਆਉਣ ਤੋਂ ਬਾਅਦ ਲੱਗੇਗਾ ਪਰ ਇਸ ਨੇ ਸਿਆਸੀ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਗਹਿਰੀ ਚਿੰਤਾ ਵਿੱਚ ਧੱਕਿਆ ਹੋਇਆ ਹੈ। 

ਬਹੁਤ ਸਾਰੇ ਲੋਕ ਹਾਲੇ ਵੀ ਦੋਚਿੱਤੀ ਵਿੱਚ ਹਨ ਕਿ ਵੋਟ ਕਿਸ ਨੂੰ ਪਾਈ ਜਾਵੇ। ਕੁਝ ਲੋਕ ਕੰਜ਼ਰਵੇਟਿਵ ਵਜੋਂ ਬਦਲਾਅ ਚਾਹੁੰਦੇ ਹਨ, ਕੁਝ ਲੋਕ ਜਗਮੀਤ ਸਿੰਘ ਦੇ ਤੌਰ ਤਰੀਕੇ ਤੋਂ ਪ੍ਰਭਾਵਿਤ ਹੋਏ ਹਨ ਅਤੇ ਕੁਝ ਲੋਕ ਟਰੂਡੋ ਨੂੰ ਦੂਜਾ ਮੌਕਾ ਦੇਣਾ ਚਾਹੁੰਦੇ ਹਨ। ਇਸ ਵਾਰ ਐਡਵਾਂਸ ਪੋਲਿੰਗ ਵਿੱਚ ਤਕਰੀਬਨ 5 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਹਨ, ਜੋ ਕਿ ਪਿਛਲੀ ਵਾਰ ਦੀਆਂ ਚੋਣਾਂ ਵਿੱਚ ਹੋਈ ਐਡਵਾਂਸ ਪੋਲਿੰਗ ਨਾਲੋਂ 29 ਫੀਸਦੀ ਵੱਧ ਹਨ। ਸਾਰੀਆਂ ਪਾਰਟੀਆਂ ਦੇ ਸਮਰਥਕ ਬੇਸ਼ੱਕ ਆਪਣੀ ਜਿੱਤ ਲਈ ਪੂਰਾ ਜ਼ੋਰ ਲਾ ਰਹੇ ਹਨ ਪਰ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਇੰਨੀ ਫਸਵੀਂ ਟੱਕਰ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖੀ। ਕੈਨੇਡੀਅਨ ਲੋਕਾਂ ਤੋਂ ਇਲਾਵਾ ਇਨ੍ਹਾਂ ਚੋਣਾਂ 'ਤੇ ਅਮਰੀਕਾ, ਭਾਰਤ, ਚੀਨ, ਰੂਸ ਸਮੇਤ ਅਨੇਕਾਂ ਮੁਲਕਾਂ ਦੀ ਨਜ਼ਰ ਲੱਗੀ ਹੋਈ ਹੈ। ਪੰਜਾਬੀ ਲੋਕ ਤਾਂ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੀਆਂ ਚੋਣਾਂ ਨਾਲੋਂ ਵੀ ਵੱਧ ਦਿਲਚਸਪੀ ਲੈ ਰਹੇ ਹਨ। 

ਪੰਜਾਬੀਆਂ ਦੇ ਗੜ੍ਹ ਸਰੀ ਵਿੱਚ ਸਰੀ-ਨਿਊਟਨ ਹਲਕਾ ਦੂਜੀ ਲੰਬੀ (ਬਠਿੰਡਾ) ਬਣਿਆ ਹੋਇਆ ਹੈ, ਜਿੱਥੇ 60 ਫੀਸਦੀ ਤੋਂ ਉੱਪਰ ਵੋਟਰ ਪੰਜਾਬੀ ਹਨ। ਇੱਥੇ ਮੁੱਖ ਮੁਕਾਬਲਾ ਮੌਜੂਦਾ ਐਮ. ਪੀ. ਸੁੱਖ ਧਾਲੀਵਾਲ ਅਤੇ ਐਨ. ਡੀ. ਪੀ. ਦੇ ਉਮੀਦਵਾਰ ਹਰਜੀਤ ਸਿੰਘ ਵਿਚਾਲੇ ਨਜ਼ਰ ਆ ਰਿਹਾ ਹੈ ਪਰ ਕੁਝ ਲੋਕ ਇਹ ਵੀ ਸੋਚ ਰਹੇ ਹਨ ਕਿ ਸ਼ਾਇਦ ਇਨ੍ਹਾਂ ਦੋਹਾਂ ਦੀ ਫਸਵੀਂ ਟੱਕਰ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਹਰਪ੍ਰੀਤ ਸਿੰਘ ਬਾਜ਼ੀ ਮਾਰ ਸਕਦਾ ਹੈ। 

ਸਰੀ-ਸੈਂਟਰਲ ਹਲਕੇ ਤੋਂ ਮੌਜੂਦਾ ਐਮ. ਪੀ. ਰਣਦੀਪ ਸਿੰਘ ਸਰਾਏ ਦੀ ਚੋਣ ਮੁਹਿੰਮ ਕਾਫੀ ਅੱਗੇ ਚੱਲ ਰਹੀ ਸੀ ਪਰ ਜਗਮੀਤ ਸਿੰਘ ਵਲੋਂ ਕੌਮੀ ਬਹਿਸਾਂ ਵਿੱਚ ਜੇਤੂ ਰਹਿਣ ਨੇ ਇੱਥੇ ਐਨ. ਡੀ. ਪੀ. ਉਮੀਦਵਾਰ ਸਰਜੀਤ ਸਰਾਂ ਨੂੰ ਕਾਫੀ ਹੁਲਾਰਾ ਦਿੱਤਾ ਹੈ ਅਤੇ ਉਹ ਹੁਣ ਕੰਜ਼ਰਵੇਟਿਵ ਉਮੀਦਵਾਰ ਟੀਨਾ ਬੈਂਸ ਵਾਂਗ ਰਣਦੀਪ ਸਰਾਏ ਨੂੰ ਬਰਾਬਰ ਦੀ ਟੱਕਰ ਦੇ ਰਹੇ ਹਨ। 

ਵੈਨਕੂਵਰ-ਸਾਊਥ ਹਲਕੇ 'ਤੇ ਵੀ ਬਹੁਤ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿੱਥੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਮੁਕਾਬਲਾ ਕੰਜ਼ਰਵੇਟਿਵ ਉਮੀਦਵਾਰ ਵੇ ਯੰਗ ਨਾਲ ਹੈ। ਇੱਥੇ ਵੀ ਫਸਵੀਂ ਟੱਕਰ ਬਣੀ ਹੋਈ ਹੈ। ਐਬਟਸਫੋਰਡ ਤੋਂ ਮੌਜੂਦਾ ਐਮ. ਪੀ. ਜਤੀ ਸਿੱਧੂ ਨੂੰ ਕੰਜ਼ਰਵੇਟਿਵ ਉਮੀਦਵਾਰ ਐੱਡ ਫਾਸਟ ਦੀ ਚੋਣ ਮੁਹਿੰਮ ਨੇ ਵਾਹਣੀਂ ਪਾਇਆ ਹੋਇਆ ਹੈ। 

ਇਸ ਵਾਰ ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਵੋਟਰ ਆਪਣੇ ਦਿਲ ਦੀ ਗੱਲ ਕਿਸੇ ਨੂੰ ਵੀ ਦੱਸ ਨਹੀਂ ਰਹੇ। ਉਹ ਹਰੇਕ ਬੰਦੇ ਦੀ ਸੋਚ ਮੁਤਾਬਿਕ ਉਸ ਨਾਲ ਮਿਲਦੀ-ਜੁਲਦੀ ਗੱਲ ਕਰਕੇ ਅਗਾਂਹ ਹੁੰਦੇ ਹਨ ਪਰ ਭੇਦ ਨਹੀਂ ਦੇ ਰਹੇ ਕਿ ਵੋਟ ਕਿਸ ਨੂੰ ਪਾਉਣੀ ਹੈ ਜਾਂ ਪਾਈ ਹੈ। ਲਿਬਰਲ ਨੂੰ ਵੱਡਾ ਸਮਰਥਨ ਉਨ੍ਹਾਂ ਲੋਕਾਂ ਵਲੋਂ ਹੈ, ਜੋ ਟਰੂਡੋ ਦੀਆਂ ਇੰਮੀਗਰੇਸ਼ਨ ਪ੍ਰਤੀ ਨਰਮ ਨੀਤੀਆਂ ਤੋਂ ਖੁਸ਼ ਹਨ ਅਤੇ ਸੋਚਦੇ ਹਨ ਕਿ ਜੇਕਰ ਦੋਬਾਰਾ ਸਰਕਾਰ ਬਣੀ ਤਾਂ ਹੋਰ ਇੰਮੀਗਰਾਂਟ ਵੀ ਸੌਖ ਨਾਲ ਕੈਨੇਡਾ ਆ ਸਕਣਗੇ। ਪਰ ਦੂਜੇ ਪਾਸੇ ਇਸੇ ਕਰਕੇ ਹੀ ਬਹੁਤ ਸਾਰੇ ਲੋਕ ਟਰੂਡੋ ਨਾਲ ਨਾਰਾਜ਼ ਹਨ ਕਿ ਉਨ੍ਹਾਂ ਇੰਮੀਗਰੇਸ਼ਨ 'ਚ ਲੋੜੋਂ ਵੱਧ ਖੁੱਲ੍ਹ ਦੇ ਦਿੱਤੀ ਹੈ। ਸਰੀ ਵਿੱਚ ਗੈਂਗ ਹਿੰਸਾ ਅਤੇ ਨਸ਼ੇ ਵੀ ਵੱਡਾ ਮੁੱਦਾ ਹਨ, ਜਿਨ੍ਹਾਂ ਪ੍ਰਤੀ ਲੋਕ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ। ਨੌਜਵਾਨਾਂ ਦੀ ਵੋਟ ਜਗਮੀਤ ਸਿੰਘ ਦੀਆਂ ਦਿਲਖਿੱਚਵੀਆਂ ਤਕਰੀਰਾਂ ਨੇ ਆਪਣੇ ਵੱਲ ਖਿੱਚ ਲਈ ਹੈ। ਬਹੁਤੇ ਘਰਾਂ ਵਿੱਚ ਨੌਜਵਾਨ ਮਾਪਿਆਂ ਨਾਲੋਂ ਵੱਖਰੀ ਸੋਚ ਰੱਖਦਿਆਂ ਐਨ. ਡੀ. ਪੀ. ਦੇ ਹੱਕ ਵਿੱਚ ਭੁਗਤਣ ਲਈ ਤਿਆਰ ਹਨ। ਐਡਵਾਂਸ ਪੋਲਿੰਗ ਵੱਲ ਵੇਖਦਿਆਂ ਜਾਪਦਾ ਹੈ ਕਿ ਇਸ ਵਾਰ ਕੈਨੇਡਾ ਵਿੱਚ ਪਹਿਲਾਂ ਨਾਲੋਂ ਵੱਧ ਪੋਲਿੰਗ ਹੋ ਸਕਦੀ ਹੈ। ਜਿੱਤ-ਹਾਰ ਦਾ ਫੈਸਲਾ ਵੱਡੇ ਸੂਬਿਆਂ ਉਂਟਾਰੀਓ ਅਤੇ ਕਿਊਬੈਕ ਨੇ ਕਰਨਾ ਹੈ, ਜਿੱਥੇ ਕਿ ਅਬਾਦੀ ਦੇ ਹਿਸਾਬ ਨਾਲ ਸੀਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES