Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਾਇਰ ਗੁਲਜ਼ਾਰ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ 

ਲੋਕ-ਪੱਖੀ ਅਤੇ ਸਥਾਪਤੀ ਖ਼ਿਲਾਫ਼ ਵਡਮੁੱਲੀਆਂ ਲਿਖਤਾਂ ਲਈ ਸ਼ਾਇਰ ਗੁਲਜ਼ਾਰ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ

Posted on September 20th, 2019


ਸਰੀ- ਸੰਸਾਰ ਪ੍ਰਸਿੱਧ ਸ਼ਾਇਰ, ਫਿਲਮ ਨਿਰਮਾਤਾ, ਨਿਰਦੇਸ਼ਕ ਗੁਲਜ਼ਾਰ ਸਾਹਿਬ ਨਾਲ ਸਰੀ ਦੇ ਤਾਜ ਕਨਵੈਨਸ਼ਨ ਸੈਂਟਰ 'ਚ ਬਿਤਾਈ ਸ਼ਾਮ ਯਾਦਗਾਰੀ ਹੋ ਨਿੱਬੜੀ। 18 ਅਗਸਤ 1934 'ਚ ਅਣਵੰਡੇ ਪੰਜਾਬ 'ਚ ਜਨਮੇ ਸੰਪੂਰਨ ਸਿੰਘ ਖਾਲੜਾ ਨੇ ਪਾਕਿਸਤਾਨ ਦੀ ਵੰਡ ਸਮੇਂ ਸਾਹਿਤਕ ਨਾਮ 'ਗੁਲਜ਼ਾਰ' ਰੱਖਿਆ, ਜਿਸ ਰਾਹੀਂ ਪਿਛਲੇ ਅੱਠ ਦਹਾਕਿਆਂ ਦੌਰਾਨ ਸੰਸਾਰ ਸਾਹਿਤ ਦੀ ਝੋਲੀ ਵਿੱਚ ਜੋ ਯੋਗਦਾਨ ਪਾਇਆ, ਉਸ ਦੀ ਆਪਣੀ ਵਿਲੱਖਣਤਾ ਹੈ। ਗੁਲਜ਼ਾਰ ਸਾਹਿਬ ਨੂੰ ਚਾਹੇ ਪਦਮਭੂਸ਼ਣ, ਦਾਦਾ ਸਾਹਿਬ ਫਾਲਕੇ ਫਿਲਮ ਫੇਅਰ ਐਵਾਰਡ ਸਮੇਤ ਸੈਂਕੜੇ ਹੀ ਮਾਨ-ਸਨਮਾਨ ਮਿਲੇ ਹੋਣ, ਪਰ ਜੋ ਮਨੁੱਖਤਾਵਾਦੀ ਲਿਖਤਾਂ ਰਾਹੀਂ ਲੋਕ- ਦਿਲਾਂ ਤੋਂ ਪਿਆਰ ਮਿਲਿਆ, ਉਸ ਦੀ ਬਰਾਬਰੀ ਸ਼ਾਇਦ ਹੀ ਕੋਈ ਹੋਰ ਮਾਨ-ਸਨਮਾਨ ਕਰ ਸਕੇ। 

ਗੁਲਜ਼ਾਰ ਸਾਹਿਬ ਨੇ ਬੋਲਦਿਆਂ ਕਿਹਾ ਕਿ ਹਰ ਕੌਮ ਨੂੰ ਆਪਣਾ ਪਹਿਰਾਵਾ, ਸੱਭਿਆਚਾਰ, ਬੋਲੀ ਅਤੇ ਇਤਿਹਾਸ ਸਾਭਣਾ ਜ਼ਰੂਰੀ ਹੁੰਦਾ ਹੈ ਤੇ ਉਹ ਮਾਣ ਮਹਿਸੂਸ ਕਰਦੇ ਹਨ, ਜੋ ਕੈਨੇਡਾ ਵਿੱਚ ਲੋਕ ਕਲਾ, ਸੱਭਿਆਚਾਰ, ਪਹਿਰਾਵੇ ਅਤੇ ਬੋਲੀ ਦੇ ਸ਼ਾਨਦਾਰ ਨਮੂਨੇ ਦੇਖ ਰਹੇ ਹਨ। ਇਸ ਮੌਕੇ 'ਤੇ ਗੁਲਜ਼ਾਰ ਸਾਹਿਬ ਨੂੰ ''ਇੰਡੀਅਨ ਅਬਰੌਡ ਫਾਰ ਪਲੂਰਿਸਟ ਇੰਡੀਆ'' ਵੱਲੋਂ ਉਨ੍ਹਾਂ ਦੀਆਂ ਲੋਕ- ਪੱਖੀ ਅਤੇ ਸਥਾਪਤੀ ਖ਼ਿਲਾਫ਼ ਵਡਮੁੱਲੀਆਂ ਲਿਖਤਾਂ ਅਤੇ ਸੇਵਾਵਾਂ ਲਈ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ। 

ਸੰਸਥਾ ਦੇ ਆਗੂ ਪ੍ਰਸ਼ੋਤਮ ਦੁਸਾਂਝ, ਪੱਤਰਕਾਰ ਗੁਰਪ੍ਰੀਤ ਸਿੰਘ, ਰਾਜੇਸ਼, ਸੰਨੀ ਮੌਦਗਿੱਲ ਤੋਂ ਇਲਾਵਾ ਮੀਡੀਆ ਸ਼ਖ਼ਸੀਅਤ ਤੇ ਲੇਖਕ ਡਾ. ਗੁਰਵਿੰਦਰ ਸਿੰਘ, ਸ਼ਾਇਰ ਅੰਮ੍ਰਿਤ ਦੀਵਾਨਾ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਸਨਮਾਨ ਮੌਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗੁਲਜ਼ਾਰ ਸਾਹਿਬ ਨੂੰ ਪੰਜਾਬੀ ਲਿਖਤ ਦੇ ਰੂਪ ਵਿੱਚ ਸਾਹਿਤ ਸਨਮਾਨ ਡਾ. ਗੁਰਵਿੰਦਰ ਸਿੰਘ ਵੱਲੋਂ ਭੇਟ ਕੀਤਾ ਗਿਆ, ਜਿਸ ਉੱਪਰ ਲਿਖਿਆ ਸੀ: 'ਮਾਂ ਬੋਲੀ ਪੰਜਾਬੀ ਦੇ ਪੁੱਤਰ ਲਿਖਾਰੀ ਸੰਪੂਰਨ ਸਿੰਘ ਕਾਲੜਾ ਨੂੰ ਭੇਟ।' 

ਇਸ ਦੌਰਾਨ ਗੁਲਜ਼ਾਰ ਸਾਹਿਬ ਨੇ ਠੇਠ ਪੰਜਾਬੀ 'ਚ ਖੁੱਲ੍ਹੀ ਗੱਲਬਾਤ ਕਰਦਿਆਂ ਕਿਹਾ, ''ਤੁਸੀਂ ਕੈਨੇਡਾ ਵਿੱਚ ਪੰਜਾਬੀ ਬੋਲੀ, ਸੱਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਲਈ ਜੋ ਕੁਝ ਕਰ ਰਹੇ ਹੋ, ਬੜਾ ਸ਼ਲਾਘਾਯੋਗ ਹੈ। ਲੋਕਾਂ ਦੇ ਹੱਕਾਂ ਲਈ ਜੋ ਆਵਾਜ਼ ਤੁਸੀਂ ਲੋਕ ਉਠਾ ਰਹੇ ਹੋ, ਉਸ ਦੀ ਮੈਂ ਦਿਲੋਂ ਪ੍ਰਸੰਸਾ ਕਰਦਾ ਹਾਂ। ਇੱਥੇ ਬੈਠ ਕੇ ਸਾਡੇ ਤੋਂ ਕਿਤੇ ਵੱਧ, ਲੋਕਾਂ ਲਈ ਆਪ ਸਾਰੇ ਸੰਘਰਸ਼ ਕਰ ਰਹੇ ਹੋ, ਜਿਸ ਲਈ ਮੇਰਾ ਸਿਰ ਝੁਕਦਾ ਹੈ।'' ਮਾਖਿਓਂ-ਮਿੱਠੀ ਪੰਜਾਬੀ 'ਚ ਗੁਲਜ਼ਾਰ ਸਾਹਿਬ ਵੱਲੋਂ ਬੋਲੇ ਇਹ ਸ਼ਬਦ ਸਾਡੇ ਸਾਰਿਆਂ ਦੇ ਮਨਾਂ ਨੂੰ ਧੁਰ ਅੰਦਰ ਤੱਕ ਹਲੂਣ ਗਏ। ਗੁਲਜ਼ਾਰ ਸਾਹਿਬ ਨੇ ਚਾਹੇ ਆਪਣੀਆਂ ਨਜ਼ਮਾਂ ਉਰਦੂ ਵਿੱਚ ਲਿਖੀਆਂ ਹਨ, ਪਰ ਉਨ੍ਹਾਂ ਵਾਰ-ਵਾਰ ਦੁਹਰਾਇਆ ਕਿ ਉਨ੍ਹਾਂ ਦੀ 'ਮਾਂ ਬੋਲੀ ਪੰਜਾਬੀ' ਹੀ ਹੈ। ਉਨ੍ਹਾਂ ਨੇ ਆਪਣੀਆਂ ਨਜ਼ਮਾਂ ਰਾਹੀਂ ਕਿਸੇ ਵੀ ਸਮੇਂ ਦੇ ਜ਼ੁਲਮ ਤੇ ਧੱਕੇ ਖਿਲਾਫ ਲਿਖਿਆ। ਉਨ੍ਹਾਂ ਦੀ ਇੱਕ ਛੋਟੀ ਨਜ਼ਮ 'ਨਿਸ਼ਾਨ' ਲੋਕ ਮਨਾਂ 'ਤੇ ਪੂਰੀ ਤਰ੍ਹਾਂ ਛਾ ਚੁੱਕੀ ਹੈ: 

ਪਾਸਪੋਰਟ ਕਮਿਸ਼ਨਰ ਨੇ ਦਰਖਾਸਤ ਸੇ 

ਸਰ ਉਠਾ ਕਰ ਪੂਛਾ 

ਕੋਈ ਤਿਲ, ਕੋਈ ਮੱਸਾ ਤੇਰੇ ਬਦਨ ਪਰ, 

ਜਨਮ ਨਿਸ਼ਾਨੀ ਕੋਈ, 

ਕੋਈ ਨਿਸ਼ਾਨ ਜੋ ਮਿਟ ਨਾ ਸਕੇ। 

ਚੰਦ ਮਿਨਟ ਕੁਛ ਸੋਚਾ, 

ਫਿਰ ਸਰਦਾਰ ਨੇ ਯਕਦਮ ਸ਼ਰਟ ਉਤਾਰੀ 

'ਆਗੇ ਇੱਕ ਨਿਸ਼ਾਨ ਹੈ ਸਰ ਜੀ 

'ਸਨ ਚੌਰਾਸੀ' ਕਾ 

ਯੇਹ ਕਭੀ ਮਿਟ ਨਹੀਂ ਸਕਦਾ! 

ਪਦਮ ਭੂਸ਼ਣ ਗੁਲਜ਼ਾਰ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਕਰਨ ਵਾਲੀ ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਮਹਾਨ ਵਿਅਕਤੀ ਹਨ ਗੁਲਜ਼ਾਰ ਸਾਹਿਬ, ਜਿਨ੍ਹਾਂ 1984 ਬਾਰੇ ਅਜਿਹੀ ਨਜ਼ਮ ਅਤੇ ਸਰਕਾਰੀ ਭ੍ਰਿਸ਼ਟਾਚਾਰ, ਘੱਟ ਗਿਣਤੀਆਂ 'ਤੇ ਤਸ਼ੱਦਦ ਅਤੇ ਫਾਸ਼ੀਵਾਦ ਖ਼ਿਲਾਫ਼ ਸਾਹਿਤ ਹੀ ਨਹੀਂ ਲਿਖਿਆ, ਬਲਕਿ ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਅਤੇ ਉਸ ਤੋਂ ਮਗਰੋਂ ਸਿੱਖਾਂ ਤੇ ਵਾਪਰੇ ਅਣਮਨੁੱਖੀ ਤਸ਼ੱਦਦ ਨੂੰ ਫ਼ਿਲਮ ਦੇ ਰੂਪ ਵਿੱਚ ਪਰਦੇ 'ਤੇ ਉਤਾਰਦਿਆਂ 'ਮਾਚਿਸ' ਬਣਾ ਕੇ, ਇਤਿਹਾਸ ਵਿੱਚ ਆਪਣਾ ਨਾਂ ਮਹਾਨ ਸ਼ਖ਼ਸੀਅਤ ਵਜੋਂ ਅੰਕਿਤ ਕੀਤਾ ਹੈ। 

ਸ਼ਾਇਰ ਗੁਲਜ਼ਾਰ ਸਾਹਿਬ ਨੂੰ ਉੱਤਰੀ ਅਮਰੀਕਾ ਲਈ ਸੱਦਾ ਦੇਣ ਵਾਲ਼ੇ ਪ੍ਰਬੰਧਕਾਂ ਕਮਲ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਸਟੇਜ ਦੀ ਕਾਰਵਾਈ ਵਿਜੇ ਸੈਣੀ ਵੱਲੋਂ ਨਿਭਾਈ ਗਈ। 


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES