Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਤਰਰਾਸ਼ਟਰੀ ਕਾਨਫ਼ਰੰਸ ਕੈਨੇਡਾ ਮੌਕੇ ਕਿਤਾਬ ਰਿਲੀਜ਼ ਕਰਦੇ ਹੋਏ ਪਤਵੰਤੇ ਅਤੇ ਸਨਮਾਨਤ ਸ਼ਖ਼ਸੀਅਤਾਂ।

ਗੁਰੂ ਨਾਨਕ ਸਾਹਿਬ ਜੀ ਦੇ 550ਵੇ ਪ੍ਰਗਟ ਦਿਵਸ 'ਤੇ ''ਗੁਰੂ ਨਾਨਕ ਦਰਸ਼ਨ: ਰਬਾਬ ਤੋਂ ਨਗਾਰੇ ਤੱਕ'' ਪੁਸਤਕ ਰਿਲੀਜ਼

Posted on August 30th, 2019


ਅੰਤਰਰਾਸ਼ਟਰੀ ਸ਼ਤਾਬਦੀ ਕਾਨਫਰੰਸ ਨੂੰ ਮਿਲਿਆ ਬੇਮਿਸਾਲ ਹੁੰਗਾਰਾ

ਸਰੀ (ਅਕਾਲ ਗਾਰਡੀਅਨ ਬਿਊਰੋ)- ਇਥੇ ਗੁਰਦੁਆਰਾ ਸਿੰਘ ਸਭਾ ਵਿੱਚ ਸ਼ਤਾਬਦੀ ਕਮੇਟੀ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਗਟ ਦਿਵਸ ਨੂੰ ਸਮਰਪਿਤ ਅੰਤਰ ਰਾਸ਼ਟਰੀ ਕਾਨਫਰੰਸ ਕਰਵਾਈ ਗਈ, ਜਿਸ ਨੂੰ ਸਰੋਤਿਆਂ ਵਲੋਂ ਬੇਮਿਸਾਲ ਹੁੰਗਾਰਾ ਮਿਲਿਆ ਹੈ। ਇਸ ਕਾਨਫਰੰਸ ਦੀ ਇਹ ਵੀ ਵਿਸ਼ੇਸ਼ਤਾ ਸੀ ਕਿ ਕਾਨਫਰੰਸ ਦੇ ਦੋਵੇ ਸੈਸ਼ਨਾਂ ਦੀ ਸਟੇਜ ਕਾਰਵਾਈ ਬੀਬੀਆਂ ਵੱਲੋਂ ਹੀ ਚਲਾਈ ਗਈ।  ਇਸ ਕਾਨਫਰੰਸ ਦੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬੀ. ਸੀ. ਐਨ.ਡੀ ਪੀ. ਸਰਕਾਰ ਦੇ ਮੁਖੀ ਪ੍ਰੀਮੀਅਰ ਜੌਹਨ ਹਾਰਗਨ , ਕੰਜਰਵੇਟਿਵ ਪਾਰਟੀ ਦੇ ਲੀਡਰ ਐਂਡਰਿਊ ਸ਼ੀਅਰ, ਐਨ.ਡੀ. ਪੀ. ਦੇ ਨੇਤਾ ਸ. ਜਗਮੀਤ ਸਿੰਘ ਵੱਲੋਂ ਵਧਾਈ ਸੰਦੇਸ਼ ਭੇਜੇ ਗਏ। 

ਇਸ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਕਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ , ਮੇਅਰ ਡੱਗ ਮਕੱਲਮ, ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਰਾਏ ਅਜ਼ੀਜਉਲਾ ਖਾਨ, ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਜਤੀ ਸਿੱਧੂ, ਗੋਰਡੀ ਹੌਗ ਆਦਿ ਨੇ ਭਰਵੀਂ ਸ਼ਿਰਕਤ ਕੀਤੀ ਅਤੇ ਆਪਣੇ ਆਪਣੇ ਵਿਚਾਰ ਵੀ ਰੱਖੇ । ਇਸ ਦੌਰਾਨ '' ਗੁਰੂ ਨਾਨਕ ਦਰਸ਼ਨ: ਰਬਾਬ ਤੋਂ ਨਗਾਰੇ ਤੱਕ'' ਸੋਵੀਨਾਰ ਰਿਲੀਜ਼ ਕੀਤਾ ਗਿਆ। ਅਰਦਾਸ ਕਰਨ ਦੀ ਸੇਵਾ ਗੁਰੂ ਘਰ ਦੇ ਗ੍ਰੰਥੀ ਜਗਦੀਸ਼ ਸਿੰਘ ਵੱਲੋਂ ਨਿਭਾਈ ਗਈ। ਉਪਰੰਤ ਸਟੇਜ ਦੀ ਕਾਰਵਾਈ ਬੀਬੀ ਸਾਹਿਬ ਕੌਰ ਧਾਲੀਵਾਲ ਅਤੇ ਬੀਬੀ ਗੁਰਪ੍ਰੀਤ ਕੌਰ ਰਾਏ ਵੱਲੋਂ ਸੰਭਾਲੀ ਗਈ। 

ਕਾਨਫਰੰਸ ਦਾ ਪਹਿਲਾ ਸੈਸ਼ਨ ਅੰਗਰੇਜ਼ੀ ਵਿੱਚ ਰੱਖਿਆ ਗਿਆ ਸੀ, ਜਿਸ ਦੇ ਮੁੱਖ ਬੁਲਾਰੇ ਸ. ਹਰਿੰਦਰ ਸਿੰਘ ਟੈਕਸਸ (ਸਿੱਖ ਰਿਸਰਚ ਇੰਸਟੀਚਿਊਟ) ਅਤੇ ਐਡਵੋਕੇਟ ਬਲਪ੍ਰੀਤ ਸਿੰਘ ਟਰੰਟੋ ਸਨ। ਸ. ਹਰਿੰਦਰ ਸਿੰਘ ਦੇ ਪੇਪਰ ਦਾ ਵਿਸ਼ਾ ਸਿੱਖ ਜਾਗਰੂਕਤਾ ਸਬੰਧੀ ਸੀ। ਉਹਨਾਂ ਕਿਹਾ ਕਿ ਵਿਆਹਾਂ ਵਿੱਚ ਜਾਗੋਂ ਕੱਢੀ ਜਾਂਦੀ ਹੈ ਤੇ ਜਾਗੋ ਦੇ ''ਗੁਆਂਢੀਓ ਜਾਗਦੇ ਕਿ ਸੁਤੇ'' ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਗਟ ਦਿਵਸ ਤੇ ਪੌਣ ਪਾਣੀ, ਧਰਤੀ ਨੂੰ ਬਚਾਉਣ ਦਾ ਹੋਕਾ ਦੇਣ ਦੀ ਲੋੜ ਹੈ, ਉਥੇ ਇਹ ਹੋਕਾ ਇਕਉਕਾਂਰ ਦੀ ਧੁਨੀ ਨਾਲ ਗੂੰਜਣਾ ਚਾਹੀਦਾ ਹੈ। 

ਐਡਵੋਕੇਟ ਬਲਪ੍ਰੀਤ ਸਿੰਘ ਦਾ ਪਰਚਾ ਸਿੱਖ ਇਨਕਲਾਬ ਬਾਰੇ ਸੀ। ਉਹਨਾਂ ਕਿਹਾ ਕਿ ਖਾਲਸੇ ਨੂੰ ਉਹ ਰਾਜਨੀਤੀ ਕਰਨੀ ਚਾਹੀਦੀ ਹੈ, ਜਿਸ ਨਾਲ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਵਿਚਾਰ ਅਨੁਸਾਰ ਇਕ ਆਦਰਸ਼ ਸਮਾਜ ਦੀ ਸਿਰਜਣਾ ਹੋਵੇ। ਉਹਨਾਂ ਕਿਹਾ ਕਿ ਇਸ ਨੂੰ 'ਹਲੇਮੀ ਰਾਜ' ਕਿਹਾ ਜਾ ਸਕਦਾ ਹੈ, ਜਿਥੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਲਾਗੂ ਹੋਣਗੀਆਂ। ਬੁਲਾਰਿਆਂ ਦੇ ਸਵਾਲ ਜਵਾਬ ਦਾ ਸੈਸ਼ਨ ਨੌਜਵਾਨ ਤਾਨਿਸ਼ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ। 

ਦੁਪਹਿਰ ਤੋਂ ਬਾਅਦ ਕਾਨਫਰੰਸ ਦਾ ਦੂਜਾ ਸੈਸ਼ਨ ਪੰਜਾਬੀ ਵਿੱਚ ਸ਼ੁਰੂ ਹੋਇਆ, ਜਿਸ ਦੀ ਸਟੇਜ ਕਾਰਵਾਈ ਡਾ. ਕੰਵਲਜੀਤ ਕੌਰ ਵੱਲੋਂ ਚਲਾਈ ਗਈ। ਸਭ ਤੋਂ ਪਹਿਲਾਂ 108 ਸਾਲਾ ਦੌੜਾਕ ਬਾਬਾ ਫੌਜਾ ਸਿੰਘ ਨੇ ਸਟੇਜ 'ਤੇ ਹਾਜ਼ਰੀ ਲਗਾਈ। ਬਾਬਾ ਫੌਜਾ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਗਟ ਦਿਵਸ ਤੇ ਸਿਹਤ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਨਸ਼ਿਆਂ ਤੋਂ ਮੁਕਤ ਸਮਾਜ ਦੀ ਸਿਰਜਣਾ ਹੋਣੀ ਜਰੂਰੀ ਹੈ। 

ਪੰਜਾਬ ਤੋਂ ਆਏ ਲੇਖਕ, ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਵੱਲੋਂ ਆਪਣਾ ਪਰਚਾ ਪੇਸ਼ ਕੀਤਾ ਗਿਆ, ਜਿਸ ਦਾ ਸਿਰਲੇਖ ਸੀ ''ਗੁਰੂ ਨਾਨਕ ਦਰਸ਼ਨ ਮਨੁੱਖਤਾ ਲਈ ਮੁਕਤੀ ਦਾ ਮਾਰਗ'' । ਸ. ਰਾਹੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਇਕ ਨਵੇਂ ਮਨੁੱਖ ਦੀ ਸਿਰਜਣਾ ਕੀਤੀ, ਜਿਸ ਦੇ ਸੰਗਠਨ ਨੂੰ ਉਹਨਾਂ ਨੇ' ਨਿਰਮਲ ਪੰਥ' ਕਿਹਾ ਸੀ। ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਨਿਮਾਣੇ, ਨਿਤਾਣੇ. ਨਿਓਟੇ, ਨਿਆਸਰੇ ਅਤੇ ਬ੍ਰਾਹਮਣਵਾਦ ਤੇ ਇਸਲਾਮੀ ਰਾਜ ਵੱਲੋਂ ਪੀੜਤ ਲੋਕ ਆਏ ਸਨ। ਇਹ ਧਰਮ ਨੀਵਿਆਂ ਨੂੰ ਉਚੇ ਕਰਨ ਦਾ ਧਰਮ ਸੀ, ਪਰ ਅੱਜ ਸਿੱਖ ਸਮਾਜ ਵਿੱਚ ਜਾਤ- ਪਾਤ, ਊਚ- ਨੀਚ ਫਿਰ ਪੈਦਾ ਹੋ ਗਈ ਹੈ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਦੇਹਧਾਰੀ ਗੁਰੂਆਂ, ਬਾਬਿਆਂ, ਭੇਖੀ ਸੰਤਾਂ, ਕਬਰਾਂ, ਸਮਾਧਾਂ ਤੇ ਈਸਾਈਆਂ ਵੱਲ ਤੁਰੇ ਜਾ ਰਹੇ ਹਨ, ਜੋ ਸਿੱਖ ਸਮਾਜ ਲਈ ਬੜੀ ਫਿਕਰਮੰਦੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਿੱਖ ਸਮਾਜ ਨੂੰ ਆਪਣੀਆਂ ਇਹ ਸਮੱਸਿਆਵਾਂ ਗੁਰੂ ਨਾਨਕ ਦਰਸ਼ਨ ਦੀ ਰੌਸ਼ਨੀ ਵਿੱਚ ਹੱਲ ਕਰਨੀਆਂ ਚਾਹੀਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਗੁਰਮਤਿ ਸੰਗੀਤ ਵਿਭਾਗ ਦੇ ਮੁੱਖੀ ਰਹਿ ਚੁੱਕੇ ਡਾ. ਗੁਰਨਾਮ ਸਿੰਘ ਵੱਲੋਂ ਟੀ.ਵੀ. ਸਕਰੀਨ ਉਪਰ ਰਾਗਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਸਿੱਖ ਸਮਾਜ ਦਾ ਇਹ ਵੀ ਇਕ ਸੰਕਟ ਹੈ ਕਿ ਕੀਰਤਨੀਏ ਤੰਤੀ ਸਾਜ਼ਾਂ ਅਧਾਰਤ ਗੁਰੂ ਗਰੰਥ ਸਾਹਿਬ ਵਿੱਚ ਦਰਜ ਰਾਗਾਂ ਨੂੰ ਗਾਉਣਾ ਛੱਡ ਗਏ ਹਨ। 

ਵਿਦਵਾਨ ਪੱਤਰਕਾਰ ਅਤੇ ਸਿੱਖ ਰਿਸਰਚ ਸਕਾਲਰ ਡਾ. ਗੁਰਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਪਰਚੇ 'ਗੁਰੂ ਨਾਨਕ ਦਰਸ਼ਨ: ਰਬਾਬ ਤੋਂ ਨਗਾਰੇ ਤੱਕ' ਵਿੱਚ ਸਿੱਖ ਸਮਾਜ ਵਿੱਚ ਮੌਜੂਦਾ ਸਮੇਂ ਆ ਗਏ ਵਿਕਾਰਾਂ ਅਤੇ ਮਿਆਰ ਦੀ ਵਿਸਤ੍ਰਿਤ ਨਿਸ਼ਾਨਦੇਹੀ ਕੀਤੀ ਗਈ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤਿੰਨ-ਤਿੰਨ ਜੋਟਿਆਂ ਵਿੱਚ ਸਿਧਾਂਤ ਦਿੱਤੇ ਗਏ ਹਨ: ਮਨ, ਵਚਨ, ਕਰਮ, ਸਤਿ, ਸੰਤੋਖ ਤੇ ਵਿਚਾਰ, ਪਰ ਅੱਜ ਸਿੱਖ ਸਮਾਜ ਇਹਨਾਂ ਤੋਂ ਤਿੜਕ ਗਿਆ ਹੈ। ਸਿੱਖ ਚਿੰਤਕ ਅਤੇ ਧਾਰਮਿਕ ਸ਼ਖ਼ਸੀਅਤ ਭਾਈ ਨਛੱਤਰ ਸਿੰਘ ਵੱਲੋਂ ਰਾਗੀਆਂ, ਪਰਚਾਰਕਾਂ ਵੱਲੋਂ ਜੋ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਘਾਟਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਕਿਸੇ ਹੱਦ ਤੱਕ ਸਿੱਖੀ ਵਿੱਚ ਅੰਧ ਵਿਸ਼ਵਾਸ ਤੇ ਬ੍ਰਾਹਮਣਵਾਦ ਫੈਲਾਉਣ ਦੇ ਜ਼ਿੰਮੇਵਾਰ ਰਾਗੀ, ਗਰੰਥੀ ਤੇ ਪ੍ਰਚਾਰਕ ਵੀ ਹਨ। 

ਸ਼ਤਾਬਦੀ ਕਮੇਟੀ ਦੇ ਸਕੱਤਰ ਸ. ਜਸਵਿੰਦਰ ਸਿੰਘ ਖਹਿਰਾ ਵੱਲੋਂ ਬਾਹਰੋਂ ਆਈ ਸੰਗਤ ਅਤੇ ਮੁੱਖ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਗਿਆ। ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਬਲਵੀਰ ਸਿੰਘ ਨਿੱਝਰ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਦੇ ਆਸ਼ਿਆਂ ਅਤੇ ਟੀਚਿਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਸ. ਨਿੱਝਰ ਨੇ ਦੱਸਿਆਂ ਕਿ ਗੁਰੂ ਨਾਨਕ ਸਾਹਿਬ ਜੀ ਦੀ 550 ਵਾਂ ਪ੍ਰਗਟ ਦਿਵਸ ਤਾਂ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਹੀ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆਂ ਜਾ ਰਿਹਾ ਹੈ ਪਰ ਉਹਨਾਂ ਦੀ ਪ੍ਰਬੰਧਕ ਕਮੇਟੀ ਕੁਝ ਵੱਖਰਾ ਜਿਹਾ ਉਦਮ ਕਰਨਾ ਚਾਹੁੰਦੀ ਸੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਉਹਨਾਂ ਦੇ ਸੰਦੇਸ਼ ਅਤੇ ਆਸ਼ਿਆਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਰਾਗੀ, ਢਾਡੀ ਅਤੇ ਪ੍ਰਚਾਰਕ ਤਾਂ ਰੋਜ਼ਾਨਾ ਹੀ ਗੁਰੂ ਗੁਰਦੁਆਰਾ ਸਹਿਬਾਨਾਂ ਵਿੱਚ ਬਹੁਤ ਵਧੀਆ ਹਾਜ਼ਰੀ ਲਵਾਉਂਦੇ ਹਨ ਪਰ ਸੰਗਤ ਦੇ ਮਨਾਂ ਵਿੱਚ ਸ਼ੰਕੇ ਅਤੇ ਸੁਆਲ ਬਰਕਰਾਰ ਰਹਿ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਪਰੰਪਰਾ ਡਾਇਲਾਗ ਦੀ ਹੈ , ਡਾਇਲਾਗ ਅਜਿਹੀਆਂ ਕਾਨਫਰੰਸਾਂ ਵਿੱਚ ਹੀ ਕੀਤਾ ਜਾ ਸਕਦਾ ਹੈ। 

ਉੱਘੇ ਚਿੱਤਰਕਾਰ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਕੋਆਰਡੀਨੇਟਰ ਜਰਨੈਲ ਸਿੰਘ ਆਰਟਿਸਟ ਨੇ ਜਿੱਥੇ ਇਸ ਮੌਕੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਉੱਥੇ ਰਿਲੀਜ਼ ਕਿਤਾਬ ਦੇ ਸੰਪਾਦਨ ਕਾਰਜ ਵਿੱਚ ਭਰਪੂਰ ਯੋਗਦਾਨ ਪਾਇਆ। 


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES