Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. ਸਰਕਾਰ ਨੇ ਸਰੀ ਦੀ ਆਪਣੀ ਮਿਊਂਸਪਲ ਪੁਲਿਸ ਬਣਨ ਨੂੰ ਹਰੀ ਝੰਡੀ ਦਿੱਤੀ

Posted on August 23rd, 2019


ਸਰੀ (ਅਕਾਲ ਗਾਰਡੀਅਨ ਬਿਊਰੋ)- ਇੱਕ ਸਾਲ ਪਹਿਲਾਂ ਸਰੀ 'ਚ ਕੱਢੀ "ਜਾਗੋ ਰੈਲੀ" ਵਿੱਚ ਲੋਕਾਂ ਨੇ ਹੱਥ ਖੜ੍ਹੇ ਕਰਕੇ ਸਰੀ ਦੀ ਆਪਣੀ ਮਿਊਂਸਪਲ ਪੁਲਿਸ ਮੰਗੀ ਸੀ। ਪਿਛਲੇ ਸਾਲ ਚੋਣਾਂ ਵਿੱਚ ਹੋਏ ਸੱਤਾ ਦੇ ਤਬਾਦਲੇ ਤੋਂ ਬਾਅਦ ਸਿਟੀ ਪੁਲਿਸ ਬਣਾਉਣ ਲਈ ਮੇਅਰ ਡੱਗ ਮੈਕੱਲਮ ਅਤੇ ਸਾਥੀ ਕੌਂਸਲਰਾਂ ਨੇ ਵੈਨਕੂਵਰ ਪੁਲਿਸ ਅਤੇ ਸਿਟੀ ਆਫ ਵੈਨਕੂਵਰ ਨਾਲ ਰਲ਼ ਕੇ ਇੱਕ ਪ੍ਰਸਤਾਵ ਬੀ. ਸੀ. ਸਰਕਾਰ ਕੋਲ ਭੇਜਿਆ ਸੀ। ਹੁਣ ਸੂਬਾ ਸਰਕਾਰ ਨੇ ਸਿਟੀ ਆਫ ਸਰੀ ਨੂੰ ਮਿਊਂਸਪਲ ਪੁਲਿਸ ਬਣਾਉਣ ਦੀ ਆਗਿਆ ਦੇ ਦਿੱਤੀ ਹੈ। ਇਹ ਐਲਾਨ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦੇ ਦਫਤਰ ਅਤੇ ਸਿਟੀ ਆਫ ਸਰੀ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ।

ਸਾਬਕਾ ਅਟਾਰਨੀ ਜਨਰਲ ਅਤੇ ਜੱਜ ਵਾਲੀ ਉੱਪਲ ਆਰ. ਸੀ. ਐਮ. ਪੀ. ਤੋਂ ਸਿਟੀ ਪੁਲਿਸ ਦੇ ਤਬਾਦਲੇ ਲਈ ਬਣਾਈ ਗਈ ਸਰਕਾਰੀ ਕਮੇਟੀ ਦੇ ਮੁਖੀ ਬਣਾਏ ਗਏ ਹਨ, ਜੋ ਆਪਣੀ ਦੇਖ ਰੇਖ ਹੇਠ ਸਾਰੀ ਕਾਰਵਾਈ ਨੂੰ ਨੇਪਰੇ ਚਾੜ੍ਹਨਗੇ।

ਬਹੁਤ ਸਾਰੇ ਲੋਕਾਂ ਅਤੇ ਸਿਆਸਤਦਾਨਾਂ ਨੇ ਇਸ ਮੰਗ ਦਾ ਸਿੱਧਾ ਜਾਂ ਅਸਿੱਧਾ ਵਿਰੋਧ ਕੀਤਾ ਸੀ ਅਤੇ ਇਹ ਨਹੀਂ ਸੋਚਿਆ ਕਿ ਲੋਕਾਂ ਦੇ ਮਰਦੇ ਪੁੱਤ ਬਚਾਉਣ ਲਈ ਕੁਝ ਵੱਖਰਾ ਕਰਕੇ ਦੇਖਣਾ ਜ਼ਰੂਰੀ ਹੈ। ਪਰ ਮੇਅਰ ਡੱਗ ਮੈਕੱਲਮ ਅਤੇ ਸਾਥੀ ਕੌਂਸਲਰ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਡਟੇ ਰਹੇ। ਮੇਅਰ ਮੁਤਾਬਿਕ ਮਾਰਚ 2021 ਤੱਕ ਇਹ ਫੋਰਸ ਸ਼ਹਿਰ 'ਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

ਆਰ. ਸੀ. ਐਮ. ਪੀ. ਨੇ ਮੌਜੂਦ ਸਾਧਨਾਂ ਰਾਹੀਂ ਸ਼ਹਿਰ ਨੂੰ ਸੁਰੱਖਿਅਤ ਰੱਖਣ ਦੀ ਪੁਰੀ ਕੋਸ਼ਿਸ਼ ਕੀਤੀ, ਜਿਸ ਲਈ ਸ਼ਹਿਰ ਵਾਸੀ ਉਨ੍ਹਾਂ ਦੇ ਦੇਣਦਾਰ ਰਹਿਣਗੇ ਪਰ ਮਾਹਰਾਂ ਦਾ ਕਹਿਣਾ ਸੀ ਕਿ ਸਰੀ ਵਰਗੇ ਵੱਡੇ ਸ਼ਹਿਰ ਨੂੰ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਾਂਗ ਹੁਣ ਲੋਕਲ ਪੁਲਿਸ ਹੀ ਸੁਰੱਖਿਅਤ ਰੱਖ ਸਕਦੀ ਹੈ। ਯਾਦ ਰਹੇ ਕਿ ਸਰੀ ਦੇ ਗੁਆਂਢ ਡੈਲਟਾ, ਵੈਨਕੂਵਰ ਅਤੇ ਐਬਸਫੋਰਡ 'ਚ ਸਿਟੀ ਪੁਲਿਸ ਵਧੀਆ ਕੰਮ ਕਰ ਰਹੀ ਹੈ।

ਬੀ. ਸੀ. ਸਰਕਾਰ ਨੇ ਲੋਕਾਂ ਦੀ ਮੰਗ ਮੰਨ ਲਈ ਹੈ। ਸਰੀ ਦੀ ਹੁਣ ਆਪਣੀ ਪੁਲਿਸ ਹੋਵੇਗੀ। ਲੋਕਾਂ ਦੇ ਸੰਘਰਸ਼ ਦੀ ਇਹ ਵੱਡੀ ਜਿੱਤ ਹੋਈ ਹੈ, ਜਿਸ ਲਈ ਉਹ ਸਾਰੇ ਸ਼ਹਿਰ ਵਾਸੀ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਇਸ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ। ਇਹ ਸੰਪੂਰਨ ਜਿੱਤ ਵੱਲ ਇੱਕ ਕਦਮ ਹੈ, ਅਸਲ ਜਿੱਤ ਉਸ ਦਿਨ ਹੋਵੇਗੀ, ਜਦ ਹਾਲਾਤ ਪੂਰੀ ਤਰਾਂ ਕਾਬੂ ਹੇਠ ਹੋ ਗਏ ਤੇ ਮਾਰੇ ਗਏ ਨਿਰਦੋਸ਼ਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ। ਲੋਕਾਂ ਨੂੰ ਆਸ ਹੈ ਕਿ ਨਵਾਂ ਪੁਲਿਸ ਸਿਸਟਮ ਸ਼ਹਿਰ ਨੂੰ ਹਿੰਸਾ ਅਤੇ ਨਸ਼ਾ ਮੁਕਤ ਕਰਨ 'ਚ ਸਹਾਈ ਹੋਵੇਗਾ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES