Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਾਹੌਰ ਦੇ ਸ਼ਾਹੀ ਕਿਲ੍ਹੇ 'ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ

Posted on June 28th, 2019



ਇਸਲਾਮਾਬਾਦ- 19ਵੀਂ ਸਦੀ ਵਿੱਚ ਪੰਜਾਬ ਉੱਤੇ ਕਰੀਬ 40 ਸਾਲ ਰਾਜ ਕਰਨ ਵਾਲੇ ਅਤੇ ਸਿੱਖ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾਉਣ ਵਾਲੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਨ੍ਹਾਂ ਦੀ ਬਰਸੀ ਮੌਕੇ ਲਾਹੌਰ ਦੇ ਇਤਿਹਾਸਕ ਕਿਲੇ ਵਿੱਚ ਉਦਘਾਟਨ ਕੀਤਾ ਗਿਆ। ਇਸ ਬੁੱਤ ਵਿੱਚ ਮਹਾਰਾਜੇ ਨੂੰ ਘੋੜੇ ਉੱਤੇ ਬੈਠਿਆਂ ਦਿਖਾਇਆ ਗਿਆ ਹੈ। ਇਸ ਬੁੱਤ ਨੂੰ ਲਾਹੌਰ ਦੇ ਕਿਲੇ ਵਿੱਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ ਵਿੱਚ ਸਥਾਪਿਤ ਕੀਤਾ ਗਿਆ ਹੈ। 

ਇਸ ਸਮਾਰੋਹ ਵਿੱਚ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪੰਜਾਬੀ ਸਿੱਖ ਮਹਾਰਾਜੇ ਦਾ ਇਹ ਬੁੱਤ ਭਾਰਤ ਤੇ ਪਕਿਸਤਾਨ ਵਿੱਚ ਆਪਣੇ ਆਪ ਵਿੱਚ ਪਹਿਲਾ ਅਤੇ ਵਿਲੱਖਣ ਬੁੱਤ ਹੈ। ਇਸ ਪਹਿਲਕਦਮੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕਲਾ ਪ੍ਰੇਮੀਆਂ ’ਚ ਉਤਸ਼ਾਹ ਦਾ ਮਾਹੌਲ ਹੈ। ਇਸ ਬੁੱਤ ਨੂੰ ਤਿਆਰ ਕਰਨ ਵਾਲੇ ਕਲਾਕਾਰ ਨੇ ‘ਐਕਸਪ੍ਰੈਸ ਨਿਊਜ਼’ ਨੂੰ ਦੱਸਿਆ ਕਿ ਬੁੱਤ ਵਿੱਚ ਮਹਾਰਾਜੇ ਦੀਆਂ ਸਾਰੀਆਂ ਖੂਬੀਆਂ ਨੂੰ ਦਰਸਾਇਆ ਗਿਆ ਹੈ। ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ਕਹਾਰ ਬਹਾਰ ਉੱਤੇ ਬੈਠਾ ਹੈ। ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਤੋਹਫ਼ੇ ਵਿੱਚ ਦਿੱਤਾ ਸੀ। ਬੁੱਤ ਫਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫ਼ਉਦੀਨ ਸੋਜ਼ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ।

ਫਕੀਰ ਸੈਫਉਦੀਨ ਨੇ ਦੱਸਿਆ ਕਿ ਇਹ ਬੁੱਤ ਇਸ ਖਿੱਤੇ ਵਿੱਚ ਬਣੇ ਹੋਰਨਾਂ ਬੁੱਤਾਂ ਤੋਂ ਇਸ ਕਰਕੇ ਵਿਲੱਖਣ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਫਾਈਬਰ ਕੋਲਡ ਬਰੌਨਜ਼ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਇਹ ਬੁੱਤ ਅੱਠ ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਹੈ।

ਸਿੱਖ ਹੈਰੀਟੇਜ ਫਾਊਂਡੇਸ਼ਨ ਯੂ ਕੇ ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਜਿਨ੍ਹਾਂ ਨੇ ਇਹ ਬੁੱਤ ਤਿਆਰ ਕਰਵਾਇਆ ਹੈ, ਨੇ ਕਿਹਾ ਕਿ ਉਹ ਇਨ੍ਹਾਂ ਯਾਦਗਾਰੀ ਪਲਾਂ ਦਾ ਹਿੱਸਾ ਬਣਨ ਉੱਤੇ ਬੇਹੱਦ ਖੁਸ਼ ਹਨ।



Archive

RECENT STORIES