Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਆਲਾ

ਪੰਜਾਬੀ ਗਾਇਕ ਸਿੱਧੂ ਮੂਸੇ ਆਲੇ 'ਤੇ ਸਰੀ 'ਚ ਗਾਉਣ ਉੱਤੇ ਪਾਬੰਦੀ ਲੱਗੀ

Posted on June 14th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਨੌਜਵਾਨਾਂ 'ਚ ਬੇਹੱਦ ਚਰਚਿਤ ਅਤੇ ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇ ਆਲੇ (ਸ਼ੁੱਭਦੀਪ ਸਿੰਘ ਸਿੱਧੂ) ਨੂੰ ਕੈਨੇਡਾ ਦੇ ਸ਼ਹਿਰ ਸਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰੀ ਦੀ ਪੁਲਿਸ ਨੇ ਸ਼ਹਿਰ 'ਚ ਕਰਵਾਏ ਜਾ ਰਹੇ ਇੱਕ ਸ਼ੋਅ ਦੌਰਾਨ ਗਾਉਣ ਤੋਂ ਰੋਕ ਦਿੱਤਾ ਹੈ। ਪ੍ਰਬੰਧਕ "ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ" ਵਲੋਂ 15 ਜੂਨ ਨੂੰ ਸਰੀ ਵਿਖੇ ਉਲੀਕੇ ਗਏ ਇੱਕ ਰੰਗਾ-ਰੰਗ ਸਮਾਗਮ 'ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸਨੂੰ "ਜਨਤਕ ਸੁਰੱਖਿਆ ਲਈ ਖ਼ਤਰਾ" ਦੱਸ ਕੇ ਗਾਉਣ ਤੋਂ ਮਨਾ ਕਰਨ ਦੀ ਸਿਫ਼ਾਰਿਸ਼ ਕੀਤੀ, ਜਿਸ ਕਾਰਨ ਸਿਟੀ ਆਫ਼ ਸਰੀ ਦੇ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਹਦਾਇਤ ਕਰ ਦਿੱਤੀ ਕਿ ਸਮਾਗਮ ਲਈ ਪਰਮਿਟ ਤਾਂ ਹੀ ਜਾਰੀ ਹੋਵੇਗਾ, ਜੇਕਰ ਸਿੱਧੂ ਮੂਸੇ ਆਲੇ ਦਾ ਨਾਮ ਗਾਉਣ ਵਾਲਿਆਂ ਦੀ ਸੂਚੀ 'ਚੋਂ ਬਾਹਰ ਕੀਤਾ ਜਾਵੇਗਾ। ਪ੍ਰਬੰਧਕ ਅਜਿਹਾ ਕਰਨ ਲਈ ਲਈ ਮੰਨ ਗਏ ਹਨ। ਇਸ ਤਰਾਂ 15 ਜੂਨ ਵਾਲੇ ਇਸ ਸ਼ੋਅ 'ਚ ਬਾਕੀ ਗਾਇਕ ਤਾਂ ਗਾਉਣਗੇ ਪਰ ਸਿੱਧੂ ਮੂਸੇ ਆਲਾ ਗਾ ਨਹੀਂ ਸਕੇਗਾ।

ਸਿਟੀ ਕੌਂਸਲਰ ਮਨਦੀਪ ਨਾਗਰਾ ਨੇ ਗੱਲ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ 'ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਰੀ 'ਚ ਕਰਵਾਏ ਗਏ ਸਿੱਧੂ ਮੂਸੇ ਆਲੇ ਅਤੇ ਐਲੀ ਮਾਂਗਟ ਦੇ ਸ਼ੋਅ ਦੌਰਾਨ ਨੌਜਵਾਨਾਂ ਦੀਆਂ ਦਰਜਨ ਦੇ ਕਰੀਬ ਲੜਾਈਆਂ ਹੋਈਆਂ ਸਨ ਅਤੇ ਇੱਕ ਨੌਜਵਾਨ ਦੀ ਧੌਣ 'ਤੇ ਚਾਕੂ ਨਾਲ ਵਾਰ ਕੀਤਾ ਗਿਆ। ਕੁਝ ਦਿਨ ਕੋਮਾ 'ਚ ਰਹਿਣ ਤੋਂ ਬਾਅਦ ਉਹ ਨੌਜਵਾਨ ਤੰਦਰੁਸਤ ਹੋਇਆ। ਇਸੇ ਤਰਾਂ ਕੈਲਗਰੀ, ਐਡਮਿੰਟਨ ਆਦਿ ਸ਼ਹਿਰਾਂ 'ਚ ਵੀ ਸਿੱਧੂ ਮੂਸੇ ਆਲੇ ਦੇ ਸ਼ੋਅ ਮੌਕੇ ਪੁਲਿਸ ਨੂੰ ਦਖ਼ਲ ਦੇਣਾ ਪਿਆ ਸੀ। ਕੁਝ ਦਿਨ ਪਹਿਲਾਂ ਇੱਕ ਹੋਰ ਨੌਜਵਾਨ ਪੰਜਾਬੀ ਗਾਇਕ ਕਰਨ ਔਜਲਾ 'ਤੇ ਵੀ ਨਜ਼ਦੀਕੀ ਸ਼ਹਿਰ ਐਬਟਸਫੋਰਡ ਵਿਖੇ ਹਮਲਾ ਕੀਤਾ ਗਿਆ। ਹਮਲਾਵਰਾਂ ਦੀਆਂ ਗੋਲੀਆਂ ਕਿਸੇ ਦੇ ਲੱਗੀਆਂ ਨਹੀਂ ਪਰ ਇੱਕ ਗੱਡੀ ਅਤੇ ਘਰ 'ਤੇ ਵੱਜੀਆਂ ਸਨ।

ਸਿੱਧੂ ਮੂਸੇ ਆਲੇ ਦੇ ਪ੍ਰਸੰਸਕ ਇਸਨੂੰ ਧੱਕੇਸ਼ਾਹੀ ਅਤੇ ਬੋਲਣ/ਗਾਉਣ ਦੀ ਆਜ਼ਾਦੀ 'ਤੇ ਹਮਲਾ ਦੱਸ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਸਿਟੀ ਅਤੇ ਪੁਲਿਸ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਪਰ ਮਾਮਲਾ ਜਨਤਕ ਸੁਰੱਖਿਆ ਦਾ ਹੋਣ ਕਾਰਨ ਉਹ ਨਾਮ ਕੱਢਣ ਲਈ ਰਾਜ਼ੀ ਹੋ ਗਏ। ਦੂਜੇ ਪਾਸੇ ਸ਼ਹਿਰ ਦੇ ਬਹੁਤ ਸਾਰੇ ਵਾਸੀਆਂ,ਜਿਨ੍ਹਾਂ 'ਚ ਨੌਜਵਾਨ ਵੀ ਸ਼ਾਮਲ ਹਨ, ਦਾ ਕਹਿਣਾ ਹੈ ਅਜਿਹੇ ਗਾਇਕ ਆਪਣੇ ਚੱਕਵੇਂ ਗੀਤਾਂ ਰਾਹੀਂ ਹਿੰਸਾ ਅਤੇ ਬੰਦੂਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਨਵੀਂ ਪੀੜ੍ਹੀ ਗਲਤ ਰਾਹ ਪੈ ਰਹੀ ਹੈ। ਉਹ ਸਿਟੀ ਅਧਿਕਾਰੀਆਂ ਅਤੇ ਪੁਲਿਸ ਦੇ ਇਸ ਦਲੇਰਾਨਾ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਹਿ ਰਹੇ ਹਨ ਕਿ ਲੋਕਾਂ ਨੂੰ ਖ਼ੁਦ ਵੀ ਅਜਿਹੇ ਗੀਤ ਸੁਣਨੇ ਬੰਦ ਕਰਨੇ ਚਾਹੀਦੇ ਹਨ ਅਤੇ ਪੰਜਾਬੀ ਵਸੋਂ ਵਾਲੀ ਹਰੇਕ ਥਾਂ ਇਨ੍ਹਾਂ ਦਾ ਵਿਰੋਧ ਹੋਣਾ ਚਾਹੀਦਾ ਹੈ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES