Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁੰਵਰ ਵਿਜੇ ਪ੍ਰਤਾਪ ਨੇ ਦੂਜਾ ਚਲਾਨ ਪੇਸ਼ ਕੀਤਾ ਅਤੇ ਨਾਲ ਹੀ ਕੀਤਾ ਧਮਾਕਾ

Posted on June 7th, 2019

ਚਲਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਣੋਂ ਬਚਾਉਣਾ ਸੀ ਮੇਰਾ ਮਕਸਦ- ਕੁੰਵਰ ਵਿਜੇ ਪ੍ਰਤਾਪ

ਲੁਧਿਆਣਾ- ਇੱਕ ਪਾਸੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਅੰਦਰ 68 ਪੰਨਿਆ ਦਾ ਦੂਜਾ ਚਲਾਨ ਦਾਇਰ ਕੀਤਾ ਹੈ, ਉੱਥੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਨਿੱਜੀ ਬਲਾਗ ‘ਤੇ ਐਸਆਈਟੀ ਦੇ ਮੈਂਬਰਾਂ ਨਾਲ ਉੱਠੇ ਵਿਵਾਦ, ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਅਤੇ 28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਨੂੰ ਚੁੱਪ ਚਾਪ ਅਦਾਲਤ ਵਿੱਚ ਪੇਸ਼ ਕਰਨ ਦਾ ਸਪੱਸ਼ਟੀਕਰਨ ਪਾ ਕੇ ਨਵਾਂ ਧਮਾਕਾ ਕਰ ਦਿੱਤਾ ਹੈ।

ਕੁੰਵਰ ਵਿਜੇ ਪ੍ਰਤਾਪ ਵੱਲੋਂ ਪਾਏ ਗਏ ਇਸ ਸਪੱਸ਼ਟੀਕਰਨ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ, “28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਦੇ ਇੱਕ ਇੱਕ ਅੱਖ਼ਰ ਦੀ ਜਿੰਮੇਵਾਰੀ ਉਹ ਉੱਪਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਚਲਾਨ ਨੁੰ ਉਨ੍ਹਾਂ ਨੇ ਨਿਆਂ ਦੇ ਵੱਡੇ ਹਿੱਤ ਵਿੱਚ ਗੁਪਤ ਰੱਖਿਆ, ਕਿਉਂਕਿ ਉਨ੍ਹਾਂ ਨੇ ਇਸ ਚਲਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਣੋਂ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਬਿਨਾਂ ਲੀਕ ਹੋਇਆਂ ਅਦਾਲਤ ਵਿੱਚ ਦਾਇਰ ਕਰਕੇ ਅਸੀਂ ਪਹਿਲਾਂ ਵਾਲੇ ਕੌੜੇ ਤਜ਼ਰਬੇ ਤੋਂ ਬਚ ਗਏ।

ਕੁੱਲ ਮਿਲਾ ਕੇ ਇਸ ਚਲਾਨ ਦੀ ਸਾਰੀ ਜਿੰਮੇਵਾਰੀ ਆਪਣੇ ‘ਤੇ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੱਥੇ ਐਸਆਈਟੀ ਦੇ ਉਨ੍ਹਾਂ ਮੈਂਬਰਾਂ ਨੂੰ ਜਵਾਬ ਦੇ ਦਿੱਤਾ ਹੈ ਜਿਨ੍ਹਾਂ ਨੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਸੀ, ਕਿ ਜੇਕਰ ਇਹ ਕੇਸ ਸਰਕਾਰ ਅਦਾਲਤ ਵਿੱਚ ਹਾਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ, ਉੱਥੇ ਦੂਜੇ ਪਾਸੇ ਗੱਲਾਂ ਹੀ ਗੱਲਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਬਾਕੀ ਦੇ ਚਾਰ ਮੈਂਬਰਾਂ ‘ਤੇ ਵੀ ਇਹ ਸ਼ੱਕ ਜਾਹਰ ਕਰ ਗਏ ਹਨ ਕਿ ਜੇਕਰ ਇਸ ਚਲਾਨ ਨੂੰ ਵੀ ਉਹ ਬਾਕੀਆਂ ਤੋਂ ਛੁਪਾ ਕੇ ਅਦਾਲਤ ਵਿੱਚ ਇਕੱਲਿਆਂ ਨਾ ਪੇਸ਼ ਕਰਦੇ ਤਾਂ ਇਹ ਚਲਾਨ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋ ਪਹਿਲਾਂ ਹੀ ਲੀਕ ਹੋ ਸਕਦਾ ਸੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES