Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਤ ਭਿੰਡਰਾਂਵਾਲਿਆਂ ਦੀ ਆਖਰੀ ਇੰਟਰਵਿਊ - 3 ਜੂਨ 1984

Posted on June 3rd, 2019


- ਪੱਤਰਕਾਰ ਹਰਬੀਰ ਸਿੰਘ ਭੰਵਰ 

ਅੱਜ ਬਾਕੀ ਪੱਤਰਕਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗਏ। ਕਰਫਿਊ ਵਿੱਚ ਸਵੇਰੇ ਢਿੱਲ ਦਿੱਤੀ ਗਈ। ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੀ ਪਰ ਦਹਿਸ਼ਤ ਅਤੇ ਕਰਫਿਊ 'ਚ ਦਿੱਤੀ ਗਈ ਢਿੱਲ ਬਾਰੇ ਬਹੁਤ ਲੋਕਾ ਨੂੰ ਪਤਾ ਨਾ ਹੋਣ ਕਰਕੇ ਬਹੁਤ ਹੀ ਘੱਟ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ। ਅਸੀਂ ਸੰਤ ਲੋਗੋਂਵਾਲ ਅਤੇ ਸ. ਟੌਹੜਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ ਕਿਉਂ ਕਿ ਇਹ ਇਹ ਇਤਿਹਾਸ ਦਾ ਹਿੱਸਾ ਹਨ ਸ. ਟੌਹੜਾ ਨੇ ਕਿਹਾ ਹਰ ਸਿੱਖ ਇਨ੍ਹਾਂ ਗੋਲੀਆਂ ਦਾ ਬਦਲਾ ਲਏਗਾ। ਸੰਤ ਜੀ ਨੇ ਇੰਦਰਾ ਗਾਂਧੀ ਵੱਲੋਂ ਮੋਰਚਾ ਵਾਪਸ ਲੈਣ ਲਈ ਕੀਤੀ ਗਈ ਅਪੀਲ ਰੱਦ ਕਰ ਦਿੱਤੀ। ਅੱਜ ਕੰਪਲੈਕਸ ਦੇ ਸਾਰੇ ਟੈਲੀਫੋਨ ਡੈੱਡ ਪਏ ਸਨ ਸ਼ਾਇਦ ਕੱਟ ਦਿਤੇ ਗਏ ਸਨ। 

ਇਧਰੋਂ ਵਿਹਲੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਭਿੰਡਰਾਂਵਾਲਿਆਂ ਵੱਲ ਗਏ। ਉਹ ਉਦਾਸ ਸਨ। ਕਮਰੇ ਵਿੱਚ ਇਕ ਸਨਾਟਾ ਛਾਇਆ ਹੋਇਆ ਸੀ। ਸੰਤ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਿਆਨ ਦਿੱਤਾ ਕਿ ਸਾਨੂੰ ਭਰੋਸੇਯੋਗ ਵਸੀਲਿਆਂ ਤੋਂ ਖਬਰ ਮਿਲੀ ਹੈ ਕਿ ਸਰਕਾਰ ਕੱਲ੍ਹ ਚਾਰ ਜੂਨ ਨੂੰ ਸਾਨੂੰ ਹਥਿਆਰ ਜਮ੍ਹਾਂ ਕਰਾਉਣ ਲਈ ਕੁਝ ਘੰਟੇ ਦਾ ਨੋਟਿਸ ਦੋਵੇਗੀ ਅਤੇ 4 ਜੂਨ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜਪੁਰ ਦੇ ਸਾਰੇ ਗੁਰਦੁਆਰਿਆਂ 'ਤੇ ਹਮਲਾ ਕਰੇਗੀ। ਸੰਤ ਜੀ ਨੇ ਸਿੰਘਾਂ ਨੂੰ ਅਪੀਲ ਕੀਤੀ ਕਿ ਆਪਣੇ ਹਥਿਆਰ ਨਹੀਂ ਦੇਣੇ। ਇਸ ਉਪਰੰਤ ਅਸੀਂ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਅਤੇ ਸਨਿਹਰੀ ਗੁੰਬਦ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਦੇਖੇ। ਕਈ ਥਾਂਵਾਂ ਤੇ ਇਨ੍ਹਾਂ ਨਿਸ਼ਾਨਾਂ ਦੁਆਲੇ ਲਾਲ ਰੰਗ ਨਾਲ ਗੋਲ ਦਾਇਰੇ ਲਾ ਕੇ 1 ਜੂਨ ਲਿਖ ਦਿੱਤਾ ਗਿਆ ਸੀ।

ਮੈਨੂੰ ਇੱਕ ਪੱਤਰਕਾਰ ਨੇ ਦੱਸਿਆ ਕਿ ਤੂੰ ਇੱਕ ਕੰਮ ਕਰ, ਦਿੱਲੀ ਤੋਂ ਦੋ ਪੱਤਰਕਾਰ ਆਏ ਨੇ, ਜੋ ਸਾਡੇ ਹੀ ਵਿਸ਼ੇਸ਼ ਪ੍ਰਤੀਨਿਧ ਸ੍ਰੀ ਡੀ.ਆਰ.ਅਹੂਜਾ ਤੋਂ ਖੱਤ ਲੈ ਕਿ ਆਏ ਹਨ, ਤੂੰ ਦੋਵਾਂ ਨੂੰ ਸੰਤਾਂ ਨਾਲ ਮਿਲਾ ਦੇ ਅਤੇ ਪਹਿਲੀ ਜੂਨ ਦੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਦਿਖਾ ਦੇ। ਮੈਂ ਕਿਹਾ ਕਿ ਉਨ੍ਹਾਂ ਨੂੰ ਮੇਰੇ ਕੋਲ ਭੇਜ ਦਿਓ। ਮੈਂ ਹਾਲੇ ਤਿਆਰ ਹੀ ਹੋ ਰਿਹਾ ਸਾਂ ਕਿ ਟਾਈਮਜ ਆਫ਼ ਇੰਡੀਆ ਦੇ ਸੁਭਾਸ਼ ਕਿਰਪੇਕਰ ਅਤੇ ਲੰਡਨ ਗਾਰਡੀਅਨ ਦੇ ਸ੍ਰੀ ਅਜੈ ਬੋਸ ਮੇਰੇ ਘਰ ਹੀ ਆ ਗਏ (ਸੁਭਾਸ਼ ਦਾ ਕਹਿਣਾ ਗਲਤ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਵਾਲਾ ਆਖਰੀ ਪੱਤਰਕਾਰ ਹੈ) ਇਨ੍ਹਾਂ ਦੋਨਾਂ ਨੂੰ ਨਾਲ ਲੈ ਕੇ ਮੈਂ ਸ੍ਰੀ ਦਰਬਾਰ ਸਾਹਿਬ ਗਿਆ। ਪਹਿਲਾਂ ਉਨ੍ਹਾਂ ਨੂੰ ਦਰਸ਼ਨੀ ਡਿਉੜੀ ਅਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਦਿਖਾਏ। ਉਨ੍ਹਾਂ ਫੋਟੋ ਖਿੱਚੇ। 

ਕਈ ਸ਼ਰਧਾਲੂਆਂ ਤੋਂ ਪਹਿਲੀ ਤਾਰੀਖ ਦੇ ਹਮਲੇ ਦਾ ਪ੍ਰਤੀਕਰਮ ਪੁੱਛਿਆ, ਫਿਰ ਸ੍ਰੀ ਅਕਾਲ ਤਖਤ ਸਾਹਿਬ ਗਏ, ਪੌੜੀਆਂ ਚੜ੍ਹਨ ਵੇਲੇ ਭਿੰਡਰਾਂਵਾਲਿਆਂ ਦੇ ਖੜੇ ਪਹਿਰੇਦਾਰਾਂ ਨੇ ਸਾਡੀ ਸਭ ਦੀ ਤਲਾਸ਼ੀ ਲਈ। ਮੇਰੀ ਪੱਗ ਵੀ ਵੇਖੀ ਕਿ ਇਥੇ ਕੁਝ ਲੁਕਾਇਆ ਤਾਂ ਨਹੀਂ। ਕੈਮਰੇ ਖਲਵਾ ਕੇ ਵੇਖੇ। 

ਸ੍ਰੀ ਅਕਾਲ ਤਖਤ ਸਾਹਿਬ ਉਪਰ ਗਏ ਸੰਤ ਜੀ ਸਿੰਘਾਂ ਨੂੰ ਭਾਸ਼ਣ ਦੇ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਰੋਕਣ ਲਈ ਉਨ੍ਹਾਂ ਨੂੰ ਪ੍ਰੇਰਣਾ ਦੇ ਰਹੇ ਸਨ। ਇਤਨੀ ਦੇਰ ਨੂੰ ਹਰਮਿੰਦਰ ਸਿੰਘ ਸੰਧੂ ਆਲ ਇੰਡੀਆਂ ਸਿੱਖ ਸਟੂਡੈਂਟ ਫਡਰੇਸ਼ਨ ਦਾ ਜਰਨਲ ਸਕੱਤਰ ਸੀ ਆ ਗਿਆ ਤਾਂ ਪੱਤਰਕਾਰ ਉਸ ਦੀ ਇੰਟਰਵਿਊ ਲੈਣ ਲੱਗੇ। ਸੰਧੂ ਨੇ ਪੰਜਾਬ ਵਿੱਚ ਫ਼ੌਜ ਭੇਜਣ ਦੀ ਨਿਖੇਧੀ ਕੀਤੀ। ਇੱਕ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਜੇਕਰ ਦੋਹਾਂ ਸੰਤਾਂ ਦੀ ਨਿੱਜੀ ਤੌਰ 'ਤੇ ਏਕਤਾ ਨਹੀਂ ਹੋ ਸਕਦੀ ਤਾਂ ਪੰਥ ਦੇ ਭਲੇ ਲਈ ਮਾਨਸਿਕ ਏਕਤਾ ਤਾਂ ਹੋ ਸਕਦੀ ਹੈ। ਅੱਜ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ, ਵਿਸ਼ੇਸ਼ ਕਰਕੇ ਸੰਤ ਲੋਗੋਂਵਾਲ ਦੀ ਬੁਰੀ ਤਰ੍ਹਾਂ ਨੁਕਤਾਚੀਨੀ ਕਰਦਾ ਰਿਹਾ ਸੀ, ਅੱਜ ਉਸ ਦੇ ਰਵੱਈਏ ਵਿੱਚ ਹੈਰਾਨਕੁੰਨ ਤਬਦੀਲੀ ਸੀ।

ਪੱਤਰਕਾਰ ਫਿਰ ਸੰਤ ਭਿੰਡਰਾਂਵਾਲਿਆਂ ਨੂੰ ਮਿਲੇ। ਸੰਧੂ ਨੇ ਦੋ ਭਾਸ਼ੀਏ ਦਾ ਕੰਮ ਕੀਤਾ। 

ਸਵਾਲ ਜਵਾਬ ਇਸ ਤਰ੍ਹਾਂ ਸਨ:


* ਪੰਜਾਬ ਵਿੱਚ ਫ਼ੌਜ ਭੇਜਣ ਬਾਰੇ ਤੁਹਾਡਾ ਪ੍ਰਤੀਕਰਮ?

- ਇਹ ਸਿੱਖਾਂ ਨੂੰ ਦਬਾਉਣ ਲਈ ਭੇਜੀ ਗਈ ਹੈ।


* ਸੀ.ਆਰ.ਪੀ ਅਤੇ ਫੌਜ ਵਿੱਚ ਕੋਈ ਫਰਕ?

- ਕੋਈ ਫਰਕ ਨਹੀਂ, ਸਿਰਫ ਨਾਂ ਦਾ ਹੀ ਫਰਕ ਹੈ। ਸੀ.ਆਰ.ਪੀ ਵੀ ਸਿੱਖਾਂ ਨੂੰ ਦਬਾ ਰਹੀ ਹੈ, ਇਹ ਵੀ ਦਬਾਉਣਗੇ।


* ਸ਼੍ਰੀ ਦਰਬਾਰ ਸਾਹਿਬ 'ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ ਹਨ-ਕੀ ਹੁਣ ਇਸ ਦੀ ਪ੍ਰਤੀਕਿਰਿਆ ਹੋਏਗੀ?

- ਸਿੱਖ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਿਲਕੁਲ ਨਹੀਂ ਸਹਾਰ ਸਕਦੇ, ਇਸ ਦੀ ਪ੍ਰਤੀਕਿਰਿਆ ਜ਼ਰੂਰ ਹੋਏਗੀ।


* ਕੀ ਹੁਣ ਸਿੱਖ ਭਾਰਤ ਵਿੱਚ ਰਹਿ ਸਕਦੇ ਹਨ?

- ਬਰਾਬਰ ਦੇ ਸ਼ਹਿਰੀ ਬਣ ਕੇ ਹੀ ਰਹਿ ਸਕਦੇ ਹਨ।


* ਕੀ ਤੁਸੀ ਅਕਾਲੀ ਲੀਡਰਸ਼ਿਪ ਤੋਂ ਸੰਤੁਸ਼ਟ ਹੋ?

- ਇਸ ਬਾਰੇ ਕੁਝ ਨਹੀ ਕਹਿਣਾ।


* ਰੱਬ ਨਾ ਕਰੇ ਜੇ ਤੁਹਾਡੀ ਮੌਤ ਹੋ ਜਾਏ ਤਾਂ ਤੁਹਾਡਾ ਉਤਰਾਅਧਿਕਾਰੀ ਕੌਣ ਹੋਏਗਾ?

- ਸਾਡੇ ਵਿੱਚ ਵੋਟਾਂ ਦਾ ਰਿਵਾਜ਼ ਨਹੀਂ ਹੈ, ਜੋ ਵਿਅਕਤੀ ਯੋਗ ਹੋਏਗਾ, ਜਥੇ ਵਾਲੇ ਉਸ ਨੂੰ ਚੁਣ ਲੈਣਗੇ।


* ਕੀ ਤੁਸੀ ਵਿਦੇਸ਼ਾਂ ਤੋਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਮੱਦਦ ਲਉਗੇ?

- ਸਿੱਖਾਂ ਦੇ ਹੱਕਾਂ ਲਈ ਜੇ ਕੋਈ ਦੇਸ਼ ਮੱਦਦ ਦਏਗਾ ਤਾਂ ਜ਼ਰੂਰ ਲਵਾਂਗੇ।


(ਇੱਕ ਸਵਾਲ ਦੇ ਜਵਾਬ ਵਿੱਚ ਸੰਤ ਜੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਉਨ੍ਹਾਂ ਦੇ ਕਿਸੇ ਮੈਂਬਰ ਨੇ ਗੋਲੀ ਨਹੀਂ ਚਲਾਈ।)


* ਕੀ ਤੁਸੀਂ ਸਿੰਘ ਸਾਹਿਬਾਨ ਦੇ ਕੱਲ ਦੇ ਆਦੇਸ਼ ਨਾਲ ਸਹਿਮਤ ਹੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਦੁਸ਼ਟਾਂ ਦਾ ਨਾਸ਼ ਕਰ ਦਿਓ?

- ਪੂਰੀ ਤਰ੍ਹਾਂ।

(ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ, ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ।)


ਉਸ ਸਮੇ ਸੰਤ ਜੀ ਪਾਸ ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ, ਜਰਨਲ ਸ਼ੁਬੇਗ ਸਿੰਘ ਤੇ ਗਿਆਨੀ ਪੂਰਨ ਸਿੰਘ ਵੀ ਬੈਠੇ ਸਨ। ਸੰਤ ਜੀ ਨੇ ਜਰਨਲ ਸ਼ੁਬੇਗ ਸਿੰਘ ਦੀ ਪੱਤਰਕਾਰਾਂ ਨਾਲ ਜਾਣ-ਪਛਾਣ ਕਰਾਈ ਤੇ ਦੱਸਿਆਂ ਕਿ ਇਨ੍ਹਾਂ ਨੇ ਮੁਕਤੀ ਬਾਹਨੀ ਫ਼ੌਜ ਬਣਾਈ ਸੀ ਅਤੇ ਬੰਗਲਾ ਦੇਸ਼ ਅਜ਼ਾਦ ਕਰਵਾਇਆ ਸੀ।

ਪੱਤਰਕਾਰਾਂ ਨੇ ਜਰਨਲ ਸਾਹਿਬ ਤੋਂ ਵੀ ਕਈ ਸਵਾਲ ਪੁੱਛੇ। ਜਰਨਲ ਸ਼ੁਬੇਗ ਸਿੰਘ ਨੇ ਕਿਹਾ ਜੇਕਰ ਜਰਨਲ ਸਪੈਰੋ ਕਾਂਗਰਸ ਵਿੱਚ ਸ਼ਾਮਿਲ ਹੋ ਸਕਦਾ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼ ਲਈ ਅਨੇਕਾਂ ਲੜਾਈਆਂ ਲੜੇ ਹਨ ਅਤੇ ਹੁਣ ਆਪਣੇ ਧਰਮ ਤੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਜਾਨ ਵਾਰ ਦੇਣਗੇ। (ਜੋ ਉਨ੍ਹਾਂ ਨੇ ਸਚਮੁੱਚ ਹੀ ਵਾਰ ਦਿੱਤੀ)।

ਇਤਨੇ ਨੂੰ ਕੁਝ ਸਿੰਘ ਲਾਗਲੀਆਂ ਉੱਚੀਆਂ ਇਮਾਰਤਾਂ 'ਤੇ ਪੁਜ਼ੀਸ਼ਨਾਂ ਲੈ ਕੇ ਬੈਠੇ ਫ਼ੌਜੀਆਂ ਨੂੰ ਦੂਰਬੀਨ ਨਾਲ ਦੇਖਣ ਲੱਗੇ। ਜਰਨਲ ਸ਼ੁਬੇਗ ਸਿੰਘ ਉਨ੍ਹਾਂ ਤੋਂ ਦੂਰਬੀਨ ਲੈ ਕਿ ਆਪ ਦੇਖਣ ਲੱਗੇ। ਅਸੀਂ ਵਾਪਸ ਆ ਗਏ। ਉਦੋਂ ਅਸੀਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਸੰਤ ਜੀ ਨਾਲ ਸਾਡੀ ਆਖਰੀ ਮੁਲਾਕਾਤ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES