Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਤੇ ਕੇਰਲਾ ਨੂੰ ਛੱਡ ਕੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹੂੰਝਾ-ਫੇਰ ਜਿੱਤ

Posted on May 23rd, 2019


ਪੰਜਾਬ 'ਚ ਕਾਂਗਰਸ ਨੂੰ 8, ਆਪ ਨੂੰ 1, ਅਕਾਲੀ ਦਲ ਨੂੰ 2 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ

ਨਵੀਂ ਦਿੱਲੀ (ਚੜ੍ਹਦੀ ਕਲਾ ਬਿਊਰੋ) - ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋ ਗਈ ਹੈ। ਭਾਰਤੀ ਹਿੰਦੂ ਬਹੁਗਿਣਤੀ ਨੂੰ ਭਾਜਪਾ-ਆਰ. ਐੱਸ. ਐੱਸ. ਵਲੋਂ  'ਹਿੰਦੂ ਰਾਸ਼ਟਰ' ਦਾ ਦਿਖਾਇਆ ਸੁਪਨਾ ਕਾਮਯਾਬ ਹੋਇਆ ਹੈ। ਚੋਣ ਕਮਿਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਕਾਂਗਰਸ 92 ਸੀਟਾਂ ਹੀ ਜਿੱਤ ਸਕੀ ਜਦਕਿ ਭਾਜਪਾ ਨੇ ਕੁੱਲ 542 ਵਿਚੋਂ 349 ਸੀਟਾਂ ਜਿੱਤ ਲਈਆਂ ਹਨ। ਬਾਕੀ ਪਾਰਟੀਆਂ ਨੂੰ 101 ਸੀਟਾਂ ਪ੍ਰਾਪਤ ਹੋਈਆਂ ਹਨ।

ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਜਿੱਤੀਆਂ ਸਨ ਜਦਕਿ ਇਸ ਵਾਰ ਉਹ ਅਪਣੇ ਦਮ 'ਤੇ 300 ਦਾ ਅੰਕੜਾ ਪਾਰ ਕਰ ਗਈ।

ਪੰਜਾਬ ਦੀਆਂ 13 ਵਿੱਚੋਂ 8 ਸੀਟਾਂ ਕਾਂਗਰਸ, 2 ਸ਼੍ਰੋਮਣੀ ਅਕਾਲੀ ਦਲ, 2 ਭਾਜਪਾ ਅਤੇ 1 ਆਮ ਆਦਮੀ ਪਾਰਟੀ ਦੇ ਹਿੱਸੇ ਆਈ ਹੈ।

ਕਾਂਗਰਸ ਪਾਰਟੀ ਦੇ ਵੱਡੇ ਆਗੂ ਰਾਹੁਲ ਗਾਂਧੀ ਅਮੇਠੀ ਤੋਂ ਸਿਮਰਤੀ ਇਰਾਨੀ ਮੁਕਾਬਲੇ ਚੋਣ ਹਾਰ ਗਏ ਹਨ। ਇਨਕਲਾਬੀ ਆਗੂ ਕਨੱਈਆ ਕੁਮਾਰ ਚਾਰ ਲੱਖ ਤੋਂ ਵੱਧ ਵੋਟਾਂ ਦਾ ਫਰਕ ਨਾਲ ਹਾਰ ਗਏ ਹਨ। ਅੱਤਵਾਦ ਦੇ ਦੋਸ਼ਾਂ 'ਚ ਘਿਰੀ ਸਾਧਵੀ ਪ੍ਰੱਗਿਆ ਠਾਕੁਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਪਾਰਲੀਮੈਂਟ ਵਿੱਚ ਬੈਠੇਗੀ। ਪੰਜਾਬ ਤੋਂ ਨਕਾਰੇ ਹੋਏ ਦਲਬਦਲੂ ਆਗੂ ਹੰਸ ਰਾਜ ਹੰਸ ਨੇ ਦਿੱਲੀ 'ਚ ਆਪਣੇ ਵਿਰੋਧੀ ਨੂੰ 550,000 ਦੇ ਫਰਕ ਨਾਲ ਹਰਾਇਆ। ਦਿੱਲੀ 'ਚ ਵੀ ਭਾਜਪਾ ਨੇ ਆਪ ਨੂੰ ਪਛਾੜਦਿਆਂ ਪੂਰੀ ਤਰਾਂ ਹੂੰਝਾ ਫੇਰ ਦਿੱਤਾ।

ਮਾਹਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਹਰਾ 'ਚੌਕੀਦਾਰ ਚੋਰ ਹੈ' ਕਾਂਗਰਸ ਲਈ ਹੀ ਪੁੱਠਾ ਪੈ ਗਿਆ ਅਤੇ ਭਾਜਪਾ ਨੂੰ ਫ਼ਾਇਦਾ ਦੇ ਗਿਆ। ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪੱਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ, ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।

ਸਿਰਫ਼ ਪੰਜਾਬ ਅਤੇ ਕੇਰਲਾ ਹੀ ਭਾਜਪਾ ਲਹਿਰ ਤੋਂ ਅਛੂਤੇ ਰਹੇ, ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਪੰਜਾਬ ਵਿਚ 13 ਸੀਟਾਂ ਵਿਚੋਂ 8 'ਤੇ ਕਾਂਗਰਸ ਦੀ ਜਿੱਤ 'ਤੇ ਅਪਣਾ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅਪਣੀ ਹੀ ਪਾਰਟੀ ਵਿਰੁਧ ਗ਼ਲਤ ਬਿਆਨੀ ਕਰ ਕੇ ਖ਼ਰਾਬੀ ਪੈਦਾ ਕੀਤੀ।

ਮੁੱਖ ਮੰਤਰੀ ਨੇ ਦੁਖੀ ਹਿਰਦੇ ਨਾਲ ਸਿੱਧੂ ਵਿਰੁੱਧ ਭੜਾਸ ਕੱਢੀ ਅਤੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਮਜ਼ਬੂਤ ਕਾਂਗਰਸ ਨੇ ਮੋਦੀ ਦੀ ਜਿਤ ਦਾ ਰੱਥ ਰੋਕਿਆ ਹੈ ਪਰ ਮਿਸ਼ਨ 13 ਯਾਨੀ ਸਾਰੀਆਂ ਸੀਟਾਂ 'ਤੇ ਕਾਂਗਰਸ ਦੀ ਜਿੱਤ ਨਾ ਹੋਣ ਲਈ ਇਹ ਬੜਬੋਲਾ ਮੰਤਰੀ ਹੀ ਕਸੂਰਵਾਰ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਵੋਟਾਂ ਤੋਂ ਇਕ ਦਿਨ ਪਹਿਲਾਂ ਸਿੱਧੂ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਟਿਕਟ ਨਾ ਮਿਲਣ ਲਈ ਕੈਪਟਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ ਤੇ ਪੰਜਾਬ ਦੇ 5 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਾਥ ਦਿੰਦੇ ਹੋਏ ਸਿੱਧੂ ਦਾ ਅਸਤੀਫ਼ਾ ਮੰਗਿਆ ਸੀ।

ਪੰਜਾਬ ਦੀਆਂ ਸੀਟਾਂ ਦਾ ਵੇਰਵਾ:

* ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ 4,45,032 ਵੋਟਾਂ, ਹਰਦੀਪ ਸਿੰਘ ਪੁਰੀ ਨੂੰ 3,45,406 ਵੋਟਾਂ ਪ੍ਰਾਪਤ ਹੋਈਆਂ। ਔਜਲਾ ਨੇ ਪੁਰੀ ਨੂੰ 99,626 ਵੋਟਾਂ ਦੇ ਫਰਕ ਨਾਲ ਹਰਾਇਆ।

* ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ 4,28,045 ਵੋਟਾਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 3,81,161 ਵੋਟਾਂ, ਬੀਰਦਵਿੰਦਰ ਸਿੰਘ ਨੂੰ 10,315 ਵੋਟਾਂ ਮਲੀਆਂ ਜਦਕਿ ਨੋਟਾ ਨੂੰ 17,069 ਵੋਟਾਂ ਪੈ ਗਈਆਂ। ਤਿਵਾੜੀ ਨੇ ਚੰਦੂਮਾਜਰਾ ਨੂੰ 46,884 ਵੋਟਾਂ ਦੇ ਫਰਕ ਨਾਲ ਹਰਾਇਆ।

* ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ 4,92,824 ਵੋਟਾਂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 4,71,052 ਵੋਟਾਂ, ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਨੂੰ 1,34,398 ਅਤੇ ਸੁਖਪਾਲ ਸਿੰਘ ਖਹਿਰਾ ਨੂੰ 38,199 ਵੋਟਾਂ ਪਈਆਂ। ਹਰਸਿਮਰਤ ਕੌਰ ਬਾਦਲ ਨੇ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾਇਆ।

* ਫ਼ਰੀਦਕੋਟ ਤੋਂ ਮੁਹੰਮਦ ਸਦੀਕ ਨੂੰ 4,19,065 ਵੋਟਾਂ, ਗੁਲਜ਼ਾਰ ਸਿੰਘ ਰਣੀਕੇ ਨੂੰ 3,35,809 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਪ੍ਰੋ. ਸਾਧੂ ਸਿੰਘ ਨੂੰ 1,15,319 ਵੋਟਾਂ ਮਿਲੀਆਂ। ਸਦੀਕ ਨੇ ਰਣੀਕੇ ਨੂੰ 83,256 ਵੋਟਾਂ ਨਾਲ ਹਰਾਇਆ।

* ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ ਨੂੰ 4,11,651 ਵੋਟਾਂ, ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ 3,17,753 ਵੋਟਾਂ ਅਤੇ ਪੰਥਕ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੂੰ 1,42,274 ਵੋਟਾਂ ਪ੍ਰਾਪਤ ਹੋਈਆਂ। ਅਮਰ ਸਿੰਘ ਨੇ ਗੁਰੂ ਨੂੰ 93,898 ਵੋਟਾਂ ਨਾਲ ਪਛਾੜਿਆ।

* ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 6,33,427 ਵੋਟਾਂ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 4,34,577 ਵੋਟਾਂ ਮਿਲੀਆਂ। ਸੁਖਬੀਰ ਸਿੰਘ ਬਾਦਲ 1,98,850, ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।

* ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ 5,58,719 ਵੋਟਾਂ ਅਤੇ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਨੂੰ 4,76,260 ਵੋਟਾਂ ਮਿਲੀਆਂ। ਸੰਨੀ ਦਿਓਲ ਨੇ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ।

* ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੰ 4,21,320 ਵੋਟਾਂ, ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਨੂੰ 3,72,790 ਵੋਟਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਖੁਸ਼ੀ ਰਾਮ ਨੂੰ 1,28,564 ਵੋਟਾਂ ਪ੍ਰਾਪਤ ਹੋਈਆਂ। ਸੋਮ ਪ੍ਰਕਾਸ਼ ਨੇ ਚੱਬੇਵਾਲ ਨੂੰ 48,530 ਵੋਟਾਂ ਨਾਲ ਪਛਾੜਿਆ।

* ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਨੂੰ 3,85,712 ਵੋਟਾਂ, ਅਕਾਲੀ ਦਲ ਦੇ ਚਰਨਜੀਤ ਅਟਵਾਲ ਨੂੰ 3,66,221 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਰਿਟਾ. ਜਸਟਿਸ ਜੋਰਾ ਸਿੰਘ ਨੂੰ 25,467 ਵੋਟਾਂ ਮਿਲੀਆਂ ਜਦਕਿ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਨੂੰ 2,04,783 ਵੋਟਾਂ ਹਾਸਲ ਕਰ ਗਏ। ਚੌਧਰੀ ਨੇ ਅਟਵਾਲ ਨੂੰ 19,491 ਵੋਟਾਂ ਦੇ ਫਰਕ ਨਾਲ ਹਰਾਇਆ।

* ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਸਿੰਘ ਗਿੱਲ (ਡਿੰਪਾ) ਨੂੰ 4,59,710 ਵੋਟਾਂ, ਅਕਾਲੀ ਦਲ ਦੀ ਉਮਦੀਵਾਰ ਜਗੀਰ ਕੌਰ ਨੂੰ 3,19,137 ਵੋਟਾਂ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ 2,14,489 ਵੋਟਾਂ ਪ੍ਰਾਪਤ ਹੋਈਆਂ। ਡਿੰਪਾ ਨੇ ਜਗੀਰ ਕੌਰ ਨੂੰ 1,40,573 ਵੋਟਾਂ ਦੇ ਫਰਕ ਨਾਲ ਹਰਾਇਆ।

* ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੂੰ 3,83,795 ਵੋਟਾਂ, ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨੂੰ 2,99,435 ਵੋਟਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ 3,07,423 ਵੋਟਾਂ ਪ੍ਰਾਪਤ ਹੋਈਆਂ। ਬਿੱਟੂ ਨੇ ਬੈਂਸ ਨੂੰ 76,372 ਵੋਟਾਂ ਦੇ ਫਰਕ ਨਾਲ ਹਰਾਇਆ।

* ਪਟਿਆਲਾ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਨੂੰ 5,32,027 ਵੋਟਾਂ, ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 3,69,309 ਵੋਟਾਂ, ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਅਤੇ ਡਾ. ਧਰਮਵੀਰ ਗਾਂਧੀ ਨੂੰ 1,61,645 ਵੋਟਾਂ ਪ੍ਰਾਪਤ ਹੋਈਆਂ। ਪ੍ਰਨੀਤ ਕੌਰ ਨੇ ਰੱਖੜਾ ਨੂੰ 1,62,718 ਵੋਟਾਂ ਦੇ ਫਰਕ ਨਾਲ ਹਰਾਇਆ।

* ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ 4,12,201 ਵੋਟਾਂ, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 3,03,350 ਵੋਟਾਂ ਅਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ 2,63,498 ਵੋਟਾਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ 48,365 ਵੋਟਾਂ ਅਤੇ ਜੱਸੀ ਜਸਰਾਜ ਨੂੰ 20,087 ਵੋਟਾਂ ਮਿਲੀਆਂ। ਇਸ ਤਰ੍ਹਾਂ ਭਗਵੰਤ ਮਾਨ ਨੇ ਕੇਵਲ ਢਿੱਲੋਂ ਨੂੰ 1,08,851 ਵੋਟਾਂ ਦੇ ਫਰਕ ਨਾਲ ਹਰਾਇਆ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES