Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੱਡੀ 'ਚ ਗੈਰਕਨੂੰਨੀ ਹਥਿਆਰ ਰੱਖਣ ਵਾਲੇ ਨੂੰ ਮਿਲੇ ਸਖਤ ਸਜ਼ਾ- ਵਿਧਾਇਕ ਮਾਰਵਿਨ ਹੰਟ

Posted on May 10th, 2019


'ਵੇਕਅੱਪ ਸਰੀ' ਦੀ ਹਾਜ਼ਰੀ 'ਚ ਵਿਧਾਨ ਸਭਾ ਅੰਦਰ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਹੋਇਆ ਪਾਸ

ਵਿਕਟੋਰੀਆ (ਅਕਾਲ ਗਾਰਡੀਅਨ ਬਿਊਰੋ)- ਮਾਪਿਆਂ ਦੀ ਮੁਹਿੰਮ 'ਵੇਕਅੱਪ ਸਰੀ' ਆਪਣੇ ਮਿੱਥੇ ਨਿਸ਼ਾਨੇ ਵੱਲ ਵਧਦੀ ਜਾ ਰਹੀ ਹੈ, ਜੋ ਹੈ ਗੈਂਗ ਹਿੰਸਾ ਦਾ ਖਾਤਮਾ ਅਤੇ ਬੱਚਿਆਂ ਦਾ ਨਸ਼ਿਆਂ ਤੋਂ ਬਚਾਅ। ਸ਼ਹਿਰ 'ਚ ਹੋਰ ਜ਼ਿੰਮੇਵਾਰ ਅਤੇ ਤੇਜ਼-ਤਰਾਰ ਪੁਲਿਸ ਸਿਸਟਮ ਲਿਆਉਣ ਦੇ ਨਾਲ-ਨਾਲ ਕਨੂੰਨਾਂ 'ਚ ਤਬਦੀਲੀ 'ਵੇਕਅੱਪ ਸਰੀ' ਦੀ ਅਹਿਮ ਮੰਗ ਰਹੀ ਹੈ, ਜਿਸ ਪਾਸੇ ਕੰਮ ਹੁਣ ਹੋ ਰਿਹਾ ਹੈ।

ਸਥਾਨਕ ਭਾਈਚਾਰੇ ਦੀ ਹੱਲਾਸ਼ੇਰੀ ਅਤੇ ਦੁਆਵਾਂ ਸਦਕਾ 'ਵੇਕਅੱਪ ਸਰੀ' ਕਨੂੰਨ ਬਦਲਣ ਦੀ ਇੱਕ ਮੰਗ ਬੀ. ਸੀ. ਦੀ ਵਿਧਾਨ ਸਭਾ 'ਚ ਰਖਵਾਉਣ ਵਿੱਚ ਕਾਮਯਾਬ ਹੋਈ ਹੈ। ਸਰੀ-ਕਲੋਵਰਡੇਲ ਹਲਕੇ ਤੋਂ ਵਿਧਾਇਕ ਮਾਰਵਿਨ ਹੰਟ ਨੇ ਬੁੱਧਵਾਰ ਬੀ. ਸੀ. ਦੀ ਵਿਧਾਨ ਸਭਾ 'ਚ 'ਵੇਕਅੱਪ ਸਰੀ' ਦੀ ਹਾਜ਼ਰੀ ਦੌਰਾਨ ਇਹ ਮਤਾ ਰੱਖਿਆ ਕਿ ਜੇਕਰ ਕਿਸੇ ਦੀ ਗੱਡੀ 'ਚੋਂ ਗੰਨ ਫੜੀ ਜਾਂਦੀ ਹੈ ਤਾਂ ਉਸਨੂੰ ਇਸਦੀ ਸਜ਼ਾ ਮਿਲੇ, ਜੋ ਕਿ ਛੇ ਮਹੀਨੇ ਤੱਕ ਦੀ ਕੈਦ, ਦਸ ਹਜ਼ਾਰ ਡਾਲਰ ਜ਼ੁਰਮਾਨਾ ਅਤੇ ਇੱਕ ਸਾਲ ਲਈ ਗੱਡੀ ਦਾ ਲਾਇਸੰਸ ਜ਼ਬਤ ਕਰਨਾ ਹੋ ਸਕਦੀ ਹੈ। ਇਹ ਸਹੀ ਪਾਸੇ ਚੁੱਕਿਆ ਇੱਕ ਨਿੱਗਰ ਕਦਮ ਹੈ, ਜੋ ਸਰਬ-ਸੰਮਤੀ ਨਾਲ ਵਿਧਾਨ ਸਭਾ ਨੇ ਪਾਸ ਕਰ ਦਿੱਤਾ। ਹੁਣ ਤੱਕ ਇਹ ਸੀ ਕਿ ਜੇਕਰ ਕਿਸੇ ਦੀ ਗੱਡੀ 'ਚੋਂ ਗੈਰਕਨੂੰਨੀ ਹਥਿਆਰ ਬਰਾਮਦ ਹੁੰਦਾ ਸੀ ਤਾਂ ਪੁਲਿਸ ਉਸਨੂੰ ਜ਼ਬਤ ਕਰ ਲੈਂਦੀ ਸੀ ਪਰ ਗੱਡੀ ਦੇ ਮਾਲਕ ਕਨੂੰਨਨ ਚੋਰ ਮੋਰੀਆਂ ਰਾਹੀਂ ਇਹ ਕਹਿ ਕੇ ਛੁੱਟ ਜਾਂਦੇ ਸਨ ਕਿ ਸਾਨੂੰ ਪਤਾ ਨਹੀਂ, ਇਹ ਗੰਨ ਕਿਸਦੀ ਹੈ। ਨਵਾਂ ਕਨੂੰਂਨ ਇਹ ਚੋਰ-ਮੋਰੀਆਂ ਬੰਦ ਕਰ ਦੇਵੇਗਾ। 

ਵਿਧਾਨ ਸਭਾ 'ਚ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ, ਜੋ ਕਿ ਹੁਣ ਅੱਗੇ ਕਨੂੰਨ ਬਣਾਉਣ ਵਾਲੀ ਕਮੇਟੀ ਕੋਲ ਜਾਵੇਗਾ। ਉਮੀਦ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੇ ਸਹਿਯੋਗ ਨਾਲ ਜਲਦ ਹੀ ਇਹ ਕਨੂੰਨ ਬਣ ਜਾਵੇਗਾ।

'ਵੇਕਅੱਪ ਸਰੀ' ਵਲੋਂ ਇਸ ਉੱਦਮ ਲਈ ਮਾਰਵਿਨ ਹੰਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਵਿਧਾਨ ਸਭਾ 'ਚ 'ਵੇਕਅੱਪ ਸਰੀ' ਦੇ ਨਿਸ਼ਕਾਮ ਕਾਰਜ ਨੂੰ ਮਾਨਤਾ ਦੇਣ ਲਈ ਸੱਤਾਧਾਰੀ ਧਿਰ ਐਨ. ਡੀ. ਪੀ./ਗਰੀਨ ਪਾਰਟੀ ਅਤੇ ਵਿਰੋਧੀ ਧਿਰ ਲਿਬਰਲ ਪਾਰਟੀ ਦਾ ਸੂਕਰਾਨਾ ਕਰਦਿਆਂ 'ਵੇਕਅੱਪ ਸਰੀ' ਦੇ ਵਲੰਟੀਅਰਾਂ ਨੇ ਸਾਰੀਆਂ ਸਿਆਸੀ ਧਿਰਾਂ ਤੋਂ ਮੰਗ ਕੀਤੀ ਹੈ ਕਿ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਗੈਂਗ ਹਿੰਸਾ ਅਤੇ ਨਸ਼ਿਆਂ ਦੀ ਸਾਂਝੀ ਮੁਸ਼ਕਿਲ ਦੇ ਹੱਲ ਲਈ ਪੂਰੀ ਵਾਹ ਲਾਈ ਜਾਵੇ। ਇਸਤੋਂ ਪਹਿਲਾਂ ਐਨ. ਡੀ. ਪੀ. ਨੇ ਵੀ ਇਸ ਪਾਸੇ ਉੱਦਮ ਕੀਤੇ ਹਨ, ਅਸੀਂ ਲਈ 'ਵੇਕਅੱਪ ਸਰੀ' ਨੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ।

ਯਾਦ ਰਹੇ ਕਿ 'ਵੇਕਅੱਪ ਸਰੀ' ਕੋਲ ਕੋਈ ਰਾਜਸੀ ਤਾਕਤ ਨਹੀਂ ਕਿ ਖ਼ੁਦ ਪੁਲਿਸ ਸਿਸਟਮ ਜਾਂ ਕਨੂੰਨ ਬਦਲ ਸਕੇ ਪਰ ਮਾਪਿਆਂ ਦੀ ਇਹ ਮੁਹਿੰਮ ਗੈਂਗ ਹਿੰਸਾ ਅਤੇ ਨਸ਼ੇ ਰੋਕਣ ਲਈ ਜ਼ੋਰਦਾਰ ਲਾਬਿੰਗ ਕਰ ਰਹੀ ਹੈ, ਜਿਸਨੂੰ ਭਾਈਚਾਰੇ ਵਲੋਂ ਬਹੁਤ ਸਮਰਥਨ ਮਿਲ ਰਿਹਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES