Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੂ ਸਭਾ ਮੰਦਰ ਦੇ ਪ੍ਰਧਾਨ ਨੂੰ ਬਲਾਤਕਾਰ ਕੇਸ ਵਿੱਚ ਸਜ਼ਾ

Posted on May 10th, 2019


ਮੰਦਰ ਦੇ ਪੁਜਾਰੀ ਨੇ ਲੜਕੀ ਨੂੰ ਮੰਦਰ ਦੀ ਇੱਜ਼ਤ ਰੱਖਣ ਲਈ ਪੈਸੇ ਲੈ ਕੇ ਕੇਸ ਵਾਪਸ ਲੈਣ ਦੀ ਪੇਸ਼ਕਸ਼ ਕੀਤੀ

ਬਰੈਂਪਟਨ- ਉਂਟੇਰੀਓ ਦੀ ਸੁਪਰੀਅਰ ਕੋਰਟ ਆਫ ਜਸਟਿਸ ਵੱਲੋਂ 22 ਫਰਵਰੀ 2019 ਨੂੰ ਕੀਤੇ ਗਏ ਇੱਕ ਫੈਸਲੇ ਵਿੱਚ ਬਰੈਂਪਟਨ ਵਿੱਚ ਗੋਰ ਰੋਡ ਉੱਤੇ ਸਥਿਤ ਹਿੰਦੂ ਸਭਾ ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਦੇ ਕੇਸ ਵਿੱਚ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਵਿੱਚ ਅਦਾਲਤ ਨੇ 25 ਸਾਲਾ ਪੀੜਤ ਲੜਕੀ ਦੀ ਪਹਿਚਾਣ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਲੜਕੀ ਨੂੰ ਸਿਰਫ਼ ਐਮ ਜੀ ਦਾ ਨਾਮ ਦੇ ਕੇ ਪਹਿਚਾਣਿਆ ਹੈ। 6 ਦਿਨ ਚੱਲੇ ਟਰਾਇਲ ਵਿੱਚ ਅਦਾਲਤ ਨੇ ਇਹ ਦੋਸ਼ ਸਾਬਤ ਕੀਤੇ ਕਿ ਦੋਸ਼ੀ ਪਰਵੀਨ ਸ਼ਰਮਾ ਨੇ ਆਪਣੇ ਮਕਾਨ ਦੀ ਬੇਸਮੈਂਟ ਵਿੱਚ ਰਹਿੰਦੀ 25 ਸਾਲਾ ਲੜਕੀ ਨਾਲ 2 ਅਤੇ 3 ਅਕਤੂਬਰ 2015 ਦੇ ਦਰਮਿਆਨ ਬਦਸਲੂਕੀ ਲੜਕੀ ਦੇ ਸਹਿਮਤੀ ਤੋਂ ਬਗੈਰ ਜਬਰੀ ਕੀਤੀ।

ਅਦਾਲਤ ਦੇ ਫੈਸਲੇ ਨੂੰ ਪੜਨ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਹੈ ਕਿ ਪੀੜਤ ਲੜਕੀ ਕੈਨੇਡਾ ਵਿੱਚ ਅੰਤਰਰਾਸ਼ਟਰੀ ਸਟੂਡੈਂਟ ਹੈ ਕਿਉਂਕਿ ਪ੍ਰਵੀਨ ਸ਼ਰਮਾ ਵੱਲੋਂ ਲੜਕੀ ਨੂੰ ਜੌਬ ਲੱਭਣ, ਕੈਨੇਡਾ ਵਿੱਚ ਪੱਕੇ ਹੋਣ ਲਈ ਮੰਦਰ ਵਿੱਚ ਨੌਕਰੀ ਦੇਣ ਆਦਿ ਦੇ ਵਾਅਦੇ ਕੀਤੇ ਗਏ। ਲੜਕੀ ਅਤੇ ਪ੍ਰਵੀਨ ਸ਼ਰਮਾ ਵਿੱਚ ਵੱਟਸਐਪ ਉੱਤੇ 6 ਮਹੀਨੇ ਦੇ ਕਰੀਬ ਮੈਸੇਜ ਸਾਂਝੇ ਹੁੰਦੇ ਰਹੇ, ਜਿਸ ਤੋਂ ਬਾਅਦ ਸ਼ਰਮਾ ਨੇ ਲੜਕੀ ਨੂੰ ਆਪਣੀ ਪਤਨੀ ਦੀ ਮਾਰਫ਼ਤ ਆਪਣੇ ਹੀ ਘਰ ਦੀ ਬੇਸਮੈਂਟ ਵਿੱਚ ਰਹਿਣ ਲਈ ਸੁਝਾਅ ਦਿੱਤਾ।

28 ਸਤੰਬਰ ਨੂੰ ਪਰਵੀਨ ਸ਼ਰਮਾ ਦੀ ਪਤਨੀ ਭਾਰਤ ਵਿਜ਼ਟ ਕਰਨ ਗਈ। ਪੀੜਤ ਲੜਕੀ ਦਾ ਦੋਸ਼ ਹੈ ਕਿ 2 ਅਕਤੂਬਰ ਨੂੰ ਦੋਸ਼ੀ ਉਸਦੀ ਬੇਸਮੈਂਟ ਵਿੱਚ ਆਇਆ ਅਤੇ ਆਪਣੇ ਪੈਰਾਂ ਦੀ ਮਾਲਸ਼ ਕਰਨ ਲਈ ਲੜਕੀ ਨੂੰ ਕਿਹਾ। ਲੜਕੀ ਮਾਲਸ਼ ਕਰਨ ਲਈ ਜ਼ਮੀਨ ਉੱਤੇ ਬੈਠੀ ਅਤੇ ਪਰਵੀਨ ਸ਼ਰਮਾ ਮੂਧੇ ਮੂੰਹ ਬੈੱਡ ਉੱਤੇ ਲੇਟਿਆ ਅਤੇ ਥੋੜੀ ਦੇਰ ਬਾਅਦ ਉਸਨੇ ਲੜਕੀ ਦੇ ਜਿਸਮ ਨੂੰ ਛੂਹਣ ਅਤੇ ਉਸਦੇ ਕੱਪੜਿਆਂ ਅੰਦਰ ਹੱਥ ਪਾ ਕੇ ਬੇਸ਼ਰਮੀ ਭਰੀਆ ਹਰਕਤਾਂ ਆਰੰਭ ਕਰ ਦਿੱਤੀਆਂ। ਇਸਦੇ ਉਲਟ ਦੋਸ਼ੀ ਧਿਰ ਵੱਲੋਂ ਆਖਿਆ ਗਿਆ ਕਿ ਜਦੋਂ ਪ੍ਰਵੀਨ ਸ਼ਰਮਾ ਬੇਸਮੈਂਟ ਵਿੱਚ ਆਇਆ ਤਾਂ ਉਸਨੇ ਹੀਟ ਸਹੀ ਕਰਨ ਲਈ ਵੈਂਟ ਤੱਕ ਪਹੁੰਚ ਕੀਤੀ ਤਾਂ ਲੜਕੀ ਨੇ ਉਸਨੂੰ ਪਿੱਛੇ ਤੋਂ ਜੱਫ਼ੀ ਪਾਈ। ਅਦਾਲਤ ਨੇ ਬਚਾਅ ਪੱਖ ਦੀ ਇਸ ਗੱਲ ਨੂੰ ਕਬੂਲ ਨਹੀਂ ਕੀਤਾ।

ਪਰਵੀਨ ਸ਼ਰਮਾ ਦਾ ਇਹ (ਬੇਸ਼ਰਮੀ ਭਰਿਆ) ਵਰਤਾਅ ਦੋ ਦਿਨ ਤੱਕ ਜਾਰੀ ਰਿਹਾ, ਜਿਸਦਾ ਲੜਕੀ ਲਗਾਤਾਰ ਇਸਦਾ ਵਿਰੋਧ ਕਰਦੀ ਰਹੀ। ਆਖਰ ਨੂੰ ਪਰੇਸ਼ਾਨ ਹੋਈ ਲੜਕੀ ਨੇ 4 ਅਕਤੂਬਰ ਨੂੰ ਸੰਦੀਪ ਬਰਾੜ ਨਾਮਕ ਇੱਕ ਜਾਣਕਾਰ ਦੀ ਮਦਦ ਨਾਲ ਬੇਸਮੈਂਟ ਛੱਡ ਦਿੱਤੀ। ਸੰਦੀਪ ਬਰਾੜ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਲੜਕੀ ਬਹੁਤ ਘਬਰਾਈ ਹੋਈ ਸੀ, ਜਿਸਨੂੰ ਵੇਖਦੇ ਹੋਏ ਉਹ ਲੜਕੀ ਨੂੰ ਪੀਲ ਪੁਲੀਸ ਕੋਲ ਸ਼ਿਕਾਇਤ ਕਰਨ ਲਈ ਲੈ ਕੇ ਗਿਆ। ਲੜਕੀ ਨੇ ਪੁਲੀਸ ਕੋਲ 4 ਅਕਤੂਬਰ 2015 ਅਤੇ 23 ਜਨਵਰੀ 2018 ਨੂੰ ਵੀਡੀਓ ਟੇਪ ਕਰਕੇ ਆਪਣੇ ਬਿਆਨ ਦਰਜ ਕਰਵਾਏ, ਜਿਹਨਾਂ ਨੂੰ ਅਦਾਲਤ ਨੇ ਕਾਫੀ ਭਰੋਸੇ ਯੋਗ ਮੰਨਿਆ।

ਇਸਤੋਂ ਉਪਰੰਤ ਮਾਮਲੇ ਨੂੰ ਰਫਾ ਦਫ਼ਾ ਕਰਨ ਦੇ ਇਰਾਦੇ ਨਾਲ ਲੜਕੀ ਦੇ ਪਿਤਾ ਦੇ ਦੋਸਤ ਹਰਭਗਵਾਨ ਮੱਕੜ ਦੇ ਘਰ ਇੱਕ ਮੀਟਿੰਗ ਹੋਈ, ਜਿਸ ਵਿੱਚ ਮੰਦਰ ਦੇ ਪੁਜਾਰੀ ਅਭੈ ਦੇਵ ਸ਼ਰਮਾ ਨੇ ਸ਼ਮੂਲੀਅਤ ਕੀਤੀ। ਅਭੈ ਦੇਵ ਨੇ ਲੜਕੀ ਨੂੰ ਮੰਦਰ ਦੀ ਇੱਜ਼ਤ ਰੱਖਣ ਲਈ ਪੈਸੇ ਲੈ ਕੇ ਕੇਸ ਵਾਪਸ ਲੈਣ ਦੀ ਪੇਸ਼ਕਸ਼ ਕੀਤੀ। ਅਭੈ ਦੇਵ ਨੇ ਕਿਹਾ ਕਿ ਜੇ ਉਹ ਕੇਸ ਵਾਪਸ ਲੈ ਲਵੇ ਤਾਂ ਪਰਵੀਨ ਸ਼ਰਮਾ ਜਾਂ ਮੰਦਰ ਵੱਲੋਂ ਲੜਕੀ ਦੀ ਮਦਦ ਕੀਤੀ ਜਾ ਸਕਦੀ ਹੈ। ਲੜਕੀ ਨੇ ਅਦਾਲਤ ਵਿੱਚ ਕਿਹਾ ਕਿ ਉਸਨੇ ਕਦੇ ਵੀ ਇਹ ਗੱਲ ਕਬੂਲ ਨਹੀਂ ਕੀਤੀ ਕਿ ਉਹ 50 ਹਜ਼ਾਰ ਡਾਲਰ ਲੈ ਕੇ ਕੇਸ ਨੂੰ ਵਾਪਸ ਲੈ ਲਵੇਗੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਹਰ ਪੱਖ ਨੂੰ ਘੋਖਣ ਤੋਂ ਬਾਅਦ ਪੀੜਤ ਲੜਕੀ ਨੂੰ ਨਿਰਦੋਸ਼ ਮੰਨਿਆ ਜਾਂਦਾ ਹੈ। ਦੋਸ਼ੀ ਪਰਵੀਨ ਸ਼ਰਮਾ ਨੇ ਅਦਾਲਤ ਵਿੱਚ ਕੋਈ ਗਵਾਹੀ ਨਹੀਂ ਭਰੀ, ਜਿਸਨੂੰ ਅਦਾਲਤ ਨੇ ਉਸਦੇ ਹੱਕ ਵਜੋਂ ਸਵੀਕਾਰ ਕੀਤਾ। ਦੋਸ਼ੀ ਪਰਵੀਨ ਸ਼ਰਮਾ ਦਾ ਉਹ ਡੀ ਐਨ ਏ ਟੈਸਟ ਅਦਾਲਤ ਵਿੱਚ ਗਵਾਹੀ ਵਜੋਂ ਜਰੂਰ ਪੇਸ਼ ਕੀਤਾ ਗਿਆ, ਜਿਸ ਵਿੱਚ ਪਾਇਆ ਗਿਆ ਕਿ ਉਸਦੇ ਵੀਰਜ ਦੇ ਅੰਸ਼ ਲੜਕੀ ਦੇ ਗੁਪਤ ਅੰਗਾਂ ਨੂੰ ਲੱਗੇ ਹੋਏ ਸਨ। ਅਦਾਲਤ ਨੇ ਮੰਨਿਆ ਕਿ ਸੁਆਲ ਇਹ ਨਹੀਂ ਕਿ ਦੋਸ਼ੀ ਨੇ ਲੜਕੀ ਨਾਲ ਜਿਸਮਾਨੀ ਸਬੰਧ ਬਣਾਏ (ਜੋ ਕਿ ਸਾਬਤ ਹੈ) ਸਗੋਂ ਅਦਾਲਤ ਨੇ ਸਿਰਫ਼ ਇਹ ਵੇਖਣਾ ਹੈ ਕਿ ਕੀ ਇਹ ਸਬੰਧ ਜਬਰੀ ਬਣਾਏ ਗਏ ਜਾਂ ਦੋਵਾਂ ਦੀ ਆਪਸੀ ਸਹਿਮਤੀ ਨਾਲ ਬਣੇ। ਅੰਤ ਨੂੰ ਅਦਾਲਤ ਨੇ ਇਹ ਸਬੰਧ ਦੋਸ਼ੀ ਵੱਲੋਂ ਲੜਕੀ ਨਾਲ ਜਬਰੀ ਬਣਾਏ ਗਏ ਮੰਨੇ ਗਏ।

ਅਦਾਲਤ ਨੇ ਮੰਦਰ ਦੇ ਪੁਜਾਰੀ ਅਭੈ ਦੇਵ ਸ਼ਰਮਾ ਦੀ ਗਵਾਹੀ ਨੂੰ ਯਕੀਨ ਕਰਨ ਯੋਗ ਨਹੀਂ ਮੰਨਿਆ ਕਿਉਂਕਿ ਉਹ ਅਦਾਲਤ ਵਿੱਚ ਗਵਾਹੀ ਦੇਣ ਵੇਲੇ ਖੁੱਲ੍ਹ ਕੇ ਗੱਲ ਨਹੀਂ ਸੀ ਕਰਦਾ ਸਗੋਂ ਅਦਾਲਤ ਨੂੰ ਉਸਦੇ ਮੂੰਹ ਤੋਂ ਗੱਲ ਕਰਵਾਉਣ ਲਈ ਵਾਰ 2 ਪੁੱਛਣਾ ਪੈਂਦਾ ਰਿਹਾ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES