Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀਬੀ ਗੁਰਮੀਤ ਕੌਰ ਲਹਿੰਦੇ ਪੰਜਾਬ ਦੇ ਗਵਰਨਰ ਅੱਗੇ ਵਫ਼ਦ ਦਾ ਪੱਖ ਰੱਖਦੀ ਹੋਈ। 

ਕਰਤਾਰਪੁਰ ਸਾਹਿਬ ਵਿਖੇ ਸਿੱਖ ਵਿਰਾਸਤ ਦੀ ਤਬਾਹੀ ਉਤੇ ਚਿੰਤਾ ਜ਼ਾਹਰ ਕੀਤੀ

Posted on April 26th, 2019ਟੋਰਾਂਟੋ- ਅਮਰੀਕੀ ਸਿੱਖ ਕੌਂਸਲ (ਏਐਸਸੀ) ਦੇ ਵਫ਼ਦ ਨੇ ਬੀਤੇ ਦਿਨੀਂ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਮਿਲ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨ ਕਰਤਾਰਪੁਰ ਸਾਹਿਬ ਵਿਖੇ ਸਿੱਖ ਵਿਰਾਸਤ ਦੀ ਤਬਾਹੀ ਉਤੇ ਚਿੰਤਾ ਜ਼ਾਹਰ ਕੀਤੀ। ਵਫਦ ਨੇ ਗਵਰਨਰ ਤੇ ਉਨ੍ਹਾਂ ਦੇ ਸਟਾਫ਼ ਨੂੰ ਦੱਸਿਆ ਕਿ ਇਹ ਤਬਾਹੀ ਕਰਤਾਰਪੁਰ ਸਾਹਿਬ ਵਿਖੇ ਜੰਗਲਾਤ ਤੇ ਖੇਤਾਂ ਵਿਚ ਨਵੀਆਂ ਉਸਾਰੀਆਂ ਕਾਰਨ ਹੋ ਰਹੀ ਹੈ। ਉਨ੍ਹਾਂ ਗਵਰਨਰ ਤੋਂ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕੀਤੀ।

ਵਫ਼ਦ ਦੀ ਅਗਵਾਈ ਬੀਬੀ ਗੁਰਮੀਤ ਕੌਰ ਨੇ ਕਰਦਿਆਂ ਕਰਤਾਰਪੁਰ ਸਾਹਿਬ ਤੇ ਸਮੁੱਚੀ ਸਿੱਖ ਵਿਰਾਸਤ ਸਬੰਧੀ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਚ ਸ਼ਰਧਾਲੂਆਂ ਦੀ ਹੋਣ ਵਾਲੀ ਭਾਰੀ ਆਮਦ ਦੇ ਮੱਦੇਨਜ਼ਰ ਉਥੇ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਨਾਲ 500 ਸਾਲ ਪੁਰਾਣੀ ਸਿੱਖ ਵਿਰਾਸਤ ਨੂੰ ਨੁਕਸਾਨ ਪੁੱਜੇਗਾ। ਇਸ ਵਿਚ ਉਹ ਖੇਤ ਵੀ ਸ਼ਾਮਲ ਹਨ, ਜਿਥੇ ਬਾਬਾ ਨਾਨਕ ਨੇ 18 ਸਾਲ ਖੇਤੀ ਕੀਤੀ।
ਉਨ੍ਹਾਂ ਕਿਹਾ ਕਿ ਇਸ ਤਬਾਹੀ ਖ਼ਿਲਾਫ਼ ਆਵਾਜ਼ਾਂ ਬੀਤੇ ਚਾਰ ਮਹੀਨਿਆਂ ਤੋਂ ਲਿਖਤੀ, ਪਾਕਿਸਤਾਨੀ ਸਫ਼ਾਰਤਖ਼ਾਨਿਆਂ ਨਾਲ ਮੀਟਿੰਗਾਂ ਅਤੇ ਮੀਡੀਆ ਰਾਹੀਂ ਲਗਾਤਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਤੱਕ ਪਹੁੰਚਾਈਆਂ ਜਾ ਰਹੀਆਂ ਹਨ। 

ਉਨ੍ਹਾਂ ਦੀ ਇਸ ਮੁਹਿੰਮ ਨੂੰ ਦੁਨੀਆਂ ਭਰ ਦੇ 17 ਹਜ਼ਾਰ ਪਟੀਸ਼ਨਰਾਂ, ਅਮਰੀਕਾ ਵਿਚ ਏਐਸਸੀ ਨਾਲ ਸਬੰਧਤ 74 ਗੁਰਦੁਆਰਿਆਂ, ਗਲੋਬਲ ਸਿੱਖ ਕੌਂਸਲ (ਜੀਐਸਸੀ), ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ, ਚੜ੍ਹਦੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਣੇ ਪਾਕਿਸਤਾਨ ਦੀ ਹਾਕਮ ਤਹਿਰੀਕ-ਏ-ਇਨਸਾਫ਼ ਦੀ ਸੰਸਦ ਮੈਂਬਰ ਮੋਮਿਨਾ ਵਹੀਦ ਦੀ ਹਮਾਇਤ ਹਾਸਲ ਹੈ।

ਖ਼ਾਲਸਾ ਕਮਿਊਨਿਟੀ ਸਕੂਲ ਦੇ ਪ੍ਰਿੰਸੀਪਲ ਰਿਪਸੋਦਕ ਸਿੰਘ ਨੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਨੂੰ ਬਾਬਾ ਨਾਨਕ ਦਾ ਈਕੋ ਲੌਜੀਕਲ ਹੈਰੀਟੇਜ ਵਿਲੇਜ ਬਣਾਇਆ ਜਾਵੇ ਅਤੇ ਉਸਾਰੀਆਂ ਗੁਰਦੁਆਰਾ ਸਾਹਿਬ ਤੋਂ ਘੱਟੋ-ਘੱਟ ਇਕ ਕਿਲੋਮੀਟਰ ਦੇ ਫ਼ਾਸਲੇ ਉਤੇ, ਗੁਰੂ ਸਾਹਿਬ ਦੇ ਖੇਤਾਂ ਤੋਂ ਦੂਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮੌਲਜ਼ ਤੇ ਹੋਟਲ ਆਦਿ ਉਸਾਰੇ ਜਾਣ ਨਾਲ ਇਸ ਸਥਾਨ ਦੀ ਪਵਿੱਤਰਤਾ ਭੰਗ ਹੋਵੇਗੀ। ਬੀਬੀ ਗੁਰਮੀਤ ਕੌਰ ਨੇ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ (ਪਾਕਿਸਤਾਨ ਵੱਲੋਂ) ਇਹ ਰਸਮੀ ਭਰੋਸਾ ਵੀ ਨਹੀਂ ਮਿਲਿਆ ਕਿ ਉਨ੍ਹਾਂ ਦੇ ਸਰੋਕਾਰਾਂ ਉਤੇ ਗ਼ੌਰ ਕੀਤੀ ਜਾ ਰਹੀ ਹੈ ਜਾਂ ਨਹੀਂ। 

ਉਨ੍ਹਾਂ ਨਨਕਾਣਾ ਸਾਹਿਬ ਦੇ ਦੋ ਇਤਿਹਾਸਕ ਗੁਰਦੁਆਰਿਆਂ ਦਾ ਵੀ ਹਵਾਲਾ ਦਿੱਤਾ ਜਿਨ੍ਹਾਂ ਨੂੰ ਸੁੰਦਰੀਕਰਨ ਦੇ ਨਾਂ ’ਤੇ ਢਾਹ ਦਿੱਤਾ ਗਿਆ ਹੈ। ਜੇ ਇਨ੍ਹਾਂ ਸਥਾਨਾਂ ਨੂੰ ਕੌਮੀ ਵਿਰਾਸਤਾਂ ਵਜੋਂ ਨਾ ਸੰਭਾਲਿਆ ਗਿਆ ਤਾਂ ਹੋਰਨਾਂ ਗੁਰਦੁਆਰਿਆਂ ਦਾ ਵੀ ਇਹੋ ਹਾਲ ਹੋਵੇਗਾ। ਵਫ਼ਦ ਵਿੱਚ ਸਿੱਖਿਆਦਾਨੀ ਹਰਪ੍ਰੀਤ ਕੌਰ, ਸਿੱਖ ਲੇਖਕ ਸ਼ੇਰ ਸਿੰਘ ਤੇ ਖ਼ਾਲਸਾ ਮੌਂਟੈਂਸਰੀ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ।

ਇਸ ਮੌਕੇ ਗਵਰਨਰ ਜਨਾਬ ਸਰਵਰ ਨੇ ਕਿਹਾ ਕਿ ਉਹ ਖ਼ੁਦ ਇਸ ਨੂੰ ਲੈ ਕੇ ਚਿੰਤਤ ਹਨ ਪਰ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਵਿਖੇ ਜਾਰੀ ਕੰਮ ਦੀ ਨਿਗਰਾਨੀ ਬੜੀ ਦੇਰ ਨਾਲ ਸੌਂਪੀ ਗਈ ਹੈ ਜਿਸ ਕਾਰਨ ਉਹ ਪਹਿਲਾਂ ਚੱਲ ਰਹੇ ਪ੍ਰਾਜੈਕਟਾਂ ਵਿਚ ਤਬਦੀਲੀ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਵਫ਼ਦ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਆਖਿਆ। ਵਫ਼ਦ ਨੇ ਚੇਤੇ ਕਰਾਇਆ ਕਿ ਪ੍ਰਧਾਨ ਮੰਤਰੀ ਨੇ ਹੀ ਉਨ੍ਹਾਂ ਨੂੰ ਭੇਜੇ ਗਏ ਪੱਤਰ ਆਦਿ ਗਵਰਨਰ ਦੇ ਹਵਾਲੇ ਕੀਤੇ ਹਨ ਤਾਂ ਗਵਰਨਰ ਨੇ ਕਿਹਾ ਕਿ ਉਹ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਦਾ ਬੰਦੋਬਸਤ ਕਰਨਗੇ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES