Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੇ ਬਦਲਦੇ ਮਾਹੌਲ ਬਾਰੇ: ਵਖਤੁ ਵੀਚਾਰੇ ਸੁ ਬੰਦਾ ਹੋਇ॥

Posted on April 24th, 2019


ਕੈਨੇਡਾ ਵਿੱਚ ਹਲਾਤ ਬਰੀਕ ਮੋੜ ਲੈ ਰਹੇ ਹਨ, ਸਰੀ ਨਗਰ ਕੀਰਤਨ ਓਤੇ ਲੱਖਾਂ ਸੰਗਤਾਂ ਦਾ ਇਕੱਠ ਹੋਣ ਬਾਰੇ ਗਲੋਬਲ ਬੀਸੀ ਦੀ ਖ਼ਬਰ ਦੇ ਥੱਲੇ ਇਕ ਸ਼ਖਸ ਦਾ ਕੁਮੈਂਟ ਬੜਾ ਨਫ਼ਰਤ ਭਰਿਆ ਹੈ,,, ਕੀ ਇਹ ਇਕੱਲਾ ਸ਼ਖਸ ਹੀ ਹੈ ਜੋ ਅਜਿਹਾ ਸੋਚਦਾ ਹੈ ਜਾਂ ਬੋਲਿਆ ਸਿਰਫ ਇਕ ਹੈ,,, ਅਜਿਹੀ ‘ਅਲਾਰਮਿੰਗ ਸਿਚੂਏਸ਼ਨ’ ਤੋਂ ਬਾਅਦ ਸਾਡੀ ਜ਼ੁੰਮੇਵਾਰੀ ਕੀ ਬਣਦੀ ਹੈ? ਸਰੀ ਜਾਂ ਬਰੈਂਪਟਨ ਤਕਰੀਬਨ ਸਾਡੇ ਪਿੰਡ ਹਨ,,, ਪਰ ਕੈਨੇਡਾ ਦੇ ਸੈਂਕੜੇ ਅਜਿਹੇ ਟਾਊਨ ਵੀ ਹਨ, ਜਿੱਥੇ ਪੱਗਾਂ ਵਾਲੇ ਸ਼ਖਸ ਵਿਰਲੇ ਹਨ,,, 9/11 ਤੋਂ ਬਾਅਦ ਅਮਰੀਕਾ ਵਿੱਚ ਪਛਾਣ ਦੀ ਸਮੱਸਿਆ ਕਰਕੇ ਕਈ ਸਿੱਖਾਂ ਦੇ ਕਤਲ ਹੋਏ ਹਨ,,, ਕੈਨੇਡਾ ਬਾਹਰੋਂ ਆਏ ਲੋਕਾਂ ਦਾ ਇਕ ਦੇਸ਼ ਹੈ, ਏਥੋਂ ਦੇ 'ਨੇਟਿਵ ਕੈਨੇਡੀਅਨ' ਲਗਭਗ ਹਾਸ਼ੀਏ 'ਤੇ ਹਨ,,, ਇਹ ਧਰਤੀ ਕਿਸੇ ਇਕ ਫ਼ਿਰਕੇ ਜਾਂ ਕੌਮ ਦੀ ਦਾਅਵੇਦਾਰੀ ਨਹੀਂ ਹੈ,,, ਭਗਤ ਕਬੀਰ ਜੀ ਅਜਿਹੀ ਕਿਸੇ ਦਾਅਵੇਦਾਰੀ ਬਾਰੇ ਫੁਰਮਾਣ ਕਰਦੇ ਹਨ

ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ

ਸਾਨੂੰ ਆਪਣੇ-ਆਪ ਨੂੰ ‘ਸੁਪੀਰੀਅਰ’ ਦਰਸਾਉਣ ਵਾਲੀ ਮਾਨਸਿਕਤਾ ‘ਚੋਂ ਬਾਹਰ ਨਿਕਲਣਾ ਚਾਹੀਦਾ ਹੈ, ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਨਿਰਮਾਣਤਾ ਨਾਲ ਲੈਕੇ ਅੱਗੇ ਵਧਣਾ ਚਾਹੀਦਾ ਹੈ, ਸਾਨੂੰ ਮੰਗ ਕੇ ਲਏ ਕਿਸੇ ਰੁਤਬੇ ਦੀ ਖੁਸ਼ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ। ਮੇਰੀ ਟਿੱਪਣੀ 'ਹੈਰੀਟੇਜ ਮੰਥ' ਬਾਰੇ ਹੈ, ਮੈਂ ਗੱਲ ਸਮੁੱਚੇ ਕੈਨੇਡਾ ਦੇ ਸੰਦਰਭ ਵਿਚ ਕਰ ਰਿਹਾ ਹਾਂ ਤੇ ਸੰਬੋਧਨ ਵੀ ਪੂਰੀ ਕੌਮ ਨੂੰ ਹਾਂ, ਕੋਈ ਵਿਅਕਤੀ, ਸ਼ਹਿਰ ਜਾਂ ਸੰਸਥਾ ਏਹਨੂੰ ਆਪਣੇ ਨਾਲ ਨਾ ਜੋੜੇ।

‘ਹੈਰੀਟੇਜ ਮੰਥ’ ਕਈ ਸੂਬਿਆਂ ਵਿਚ ਸਰਕਾਰ ਤੋਂ ਮੰਗ ਕੇ ਲਿਆ ਗਿਆ ਹੈ, ਜੋ ਉਦਮ ਤਾਂ ਚੰਗਾ ਸੀ ਪਰ ਸਰੀ ਦਾ ਇਕ ਐਮਪੀ, ਜੋ ਸਾਡਾ ਕਰੀਬੀ ਵੀ ਹੈ, ਏਸ ਮੁੱਦੇ 'ਤੇ ਸਿੱਧੀ ਰਾਜਨੀਤੀ ਕਰ ਰਿਹਾ ਹੈ, ਕੀ ਅਸੀਂ ਵੇਖਿਆ ਹੈ ਕਿ ਏਸ ਐਲਾਨ ਤੋਂ ਬਾਅਦ ਬਾਕੀ ਕੌਮਾਂ ਵਿਚ ਕੋਈ ਖਿਝਬਾਜੀ ਚੱਲ ਰਹੀ ਹੈ? ਕੀ ਕੋਈ ਈਰਖਾ ਜਨਮੀਂ ਹੈ? ਹਾਂ ਅਜਿਹਾ ਹੋਇਆ ਹੈ, ਸਾਡੇ ਕੋਲ ਅਜਿਹਾ ਲਿਖਣ ਦੇ ਪੁਖ਼ਤਾ ਅਧਾਰ ਹਨ। ਜੇ ਕਿਤੇ ਕਿਸੇ ਨਫਰਤ ਨੇ ਜਨਮ ਲੈ ਲਿਆ ਹੈ ਤਾਂ ਫਿਰ 'ਹੇਟ' ਤੋਂ 'ਹੇਟ ਕ੍ਰਾਈਮ' ਦਾ ਰਾਹ ਬਹੁਤਾ ਦੂਰ ਨਹੀਂ ਹੈ, ਸੱਚੇ ਪਾਤਸ਼ਾਹ ਸਾਨੂੰ ਅਜਿਹੀ ਕਿਸੇ ਅਲਾਮਤ ਤੋਂ ਮਹਿਫੂਜ ਰੱਖਣ ਪਰ ਸਮੁੰਦਰੋਂ ਪਾਰ ਵਾਲੇ ਜਿਨ੍ਹਾਂ ਨਾਲ ਸਾਡਾ ਵਾਹ ਹੈ, ਓਹਨਾਂ ਦੇ ਦੋਹੀਂ ਹੱਥੀਂ ਲੱਡੂ ਹਨ। ਨੁਕਸਾਨ ਬੇਸ਼ੱਕ ਸਾਡਾ ਹੋ ਜਾਵੇ ਜਾਂ ਸਾਡੇ ਵਿਚਲੇ ਕਿਸੇ ਭੇਖੀ ਤੋਂ ਕਿਸੇ ਬੇਗਾਨੇ ਦਾ ਕਰਵਾ ਦੇਣ।

ਕੁਝ ਗੱਲਾਂ ਸੇਵਾ ਸੰਸਥਾਵਾਂ ਨਾਲ ਵੀ ਕਰਨੀਆਂ ਹਨ। ਕਿਸੇ ਨੂੰ ਆਟੇ ਦੀ ਥੈਲੀ, ਕਿਲੋ ਦਾਲ ਦਿੰਦਿਆਂ ਲਾਹੀ ਗਈ ਫੋਟੋ ਅਗਲੇ ਦੀ ਜ਼ਮੀਰ ਮਾਰਨ ਦਾ ਸੌਦਾ ਹੈ, ਇਹ ਸੇਵਾ ਨਹੀਂ ਜ਼ਲਾਲਤ ਹੈ। ਅਸੀਂ ਸੇਵਾ ਕਰੀਏ ਨਿਸ਼ਕਾਮਤਾ ਨਾਲ, ਗਾਈਏ ਨਾ, ਰੱਟ ਨਾ ਲਾਈਏ। ਕਿਸੇ ਰਾਜੇ ਨੇ ਫਕੀਰ ਨੂੰ ਆਖਿਆ 'ਮੈਂ ਜੀ ਰਾਜ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ ਹਾਂ' ਦੋ ਵਾਰ, ਚਾਰ ਵਾਰ ਸੁਣਿਆ, ਆਖਰ ਫੱਕਰ ਕਹਿੰਦੇ ਰਾਜਨ ਲੱਤ ਚੰਗੀ ਤਰਾਂ ਵੱਜੀ ਨਹੀਂ, ਰਾਜ ਲੱਤ ਨਾਲ ਚਿੰਬੜਿਆ ਰਹਿ ਗਿਆ।

ਦੂਜੀ ਗੱਲ, ਸੇਵਾ ਕਰੋ ਰੱਜ ਕੇ ਪਰ ਮੇਵਾ ਨਾ ਮੰਗੋ, ਮੇਵਾ ਗੁਰੂ ਬਖਸ਼ੇਗਾ। ਜੇ ਤੁਹਾਡੇ ਕਿਸੇ ਕਾਰਜ ਦਾ ਮਕਸਦ ਰਾਜੀਨੀਤਿਕ, ਆਰਥਿਕ ਜਾਂ ਸਮਾਜਿਕ ਫਾਇਦਾ ਲੈਣਾ ਹੈ ਤਾਂ ਫਿਰ ਤੁਹਾਡੀ ਸੇਵਾ ਨਿਸ਼ਕਾਮ ਨਹੀਂ ਹੈ। ਸਿੱਖੀ ਸਿਧਾਂਤ ਅੰਦਰ ਮਹਾਨਤਾ ਨਿਸ਼ਕਾਮ ਸੇਵਾ ਦੀ ਹੈ, ਫੁਰਮਾਣ ਹੈ ਗੁਰਬਾਣੀ ਦਾ

ਸੇਵਾ ਕਰਤ ਹੋਇ ਨਿਹਕਾਮੀ
ਤਿਸ ਕਉ ਹੋਤ ਪ੍ਰਾਪਤ ਸੁਆਮੀ

ਸੇਵਾ ਨਿਮਾਣੇ ਹੋ ਕੇ ਕਰਨੀ ਚਾਹੀਦੀ ਹੈ, ਕਈ ਵਾਰ ਲਾਲਸਾ ਅੰਨ੍ਹੀਂ ਹੋ ਜਾਂਦੀ ਹੈ ਜੋ ਅੰਨ੍ਹਿਆਂ ਨੂੰ ਵੀ ਦਿਸਦੀ ਹੈ। ਸੇਵਾ ਦਾ ਮਕਸਦ ਸਿੱਖੀ ਸਰੂਪ ਲਈ ਪ੍ਰਚਾਰ ਕਰਨਾ ਅਤੇ ਸਮੁੱਚੀ ਮਾਨਵਤਾ ਦੀ ਨਿਸ਼ਕਾਮ ਟਹਿਲ ਕਰਨਾ ਹੋਣਾ ਚਾਹੀਦਾ। ਇਹ ਓਨਾ ਚਿਰ ਹੁੰਦਾ ਹੈ, ਜਿੰਨਾ ਚਿਰ ਸੱਚਮੁਚ ਸੇਵਾ ਹੁੰਦੀ ਹੈ, ਜਦੋਂ ਅਸੀਂ ਕੋਈ 'ਰਿਕੋਗਨਾਈਜੇਸ਼ਨ' ਭਾਲਦੇ ਹਾਂ ਤਾਂ ਕੈਨੇਡਾ ਵਰਗੇ ਬਹੁ-ਕੌਮੀਂ ਦੇਸ਼ ਵਿੱਚ ਗੱਲ ਤ੍ਰਿਸਕਾਰ ਅਤੇ ਈਰਖਾ ਵਾਲੇ ਪਾਸੇ ਵੀ ਮੁੜ ਜਾਂਦੀ ਹੈ, ਓਦੋਂ ਸਾਨੂੰ ਖੜ੍ਹ ਕੇ ਸੋਚਣਾ ਬਣਦਾ ਹੈ। ਪਹਿਲੇ ਪਾਤਸ਼ਾਹ ਫੁਰਮਾਣ ਕਰਦੇ ਹਨ

ਵਖਤੁ ਵੀਚਾਰੇ ਸੁ ਬੰਦਾ ਹੋਇ॥

ਤੀਜੀ ਗੱਲ, ਪ੍ਰਭਤਾ ਦੇ ਮਾਮਲੇ ਵਿੱਚ ਸਾਡੀ ਸਥਿਤੀ ਬੜੀ ਨਿੱਘਰ ਗਈ ਹੈ, ਸਾਡੇ ‘ਚੋਂ ਬਹੁਗਿਣਤੀ ਨੇ ਆਪਣੇ ਪਿਛੇ ਕੋਈ ਨਾ ਕੋਈ ਅਹੁਦੇ ਦਾ ਛੱਜ ਬੰਨ੍ਹਿਆ ਹੋਇਆ ਹੈ। ਅਸੀਂ ਏਦਾਂ ਵਿਚਰ ਰਹੇ ਹਾਂ ਜਿਵੇਂ ਕੌਮ ਤੇ ਕੋਈ ਅਹਿਸਾਨ ਕਰ ਰਹੇ ਹੋਈਏ, ਜੇ ਕਿਸੇ ਨੇ ਕੋਈ ਕਾਰਜ ਕਰ ਲਿਆ ਗੁਰੂ ਆਸਰੇ ਤਾਂ ਅਸੀਂ ਏਡੇ ਮੀਸਣੇ ਹਾਂ ਕਿ ਆਪਣਾ ਲੁੰਗ-ਲਾਣਾ ਲਿਜਾਕੇ ਓਹਦੇ 'ਚ ਕੋਈ ਨੁਕਸ ਕੱਢਕੇ, ਫੇਰ ਸਹੀ ਕਰਨ ਦਾ ਹੋਕਾ ਦੇਕੇ ਆਪਣੀ ਲਾਲਸਾ ਸਾਂਤ ਕਰਦੇ ਹਾਂ (ਅਜਿਹਾ ਵੀ ਵੇਖਿਆ ਹੈ ਨਿਸ਼ਾਨਾ ਕੇਵਲ ਵੋਟਾਂ ਹਨ)।


ਇਕ ਨਵੀਂ ਗੱਲ ਵੇਖੀ ਗਈ ਹੈ ਕੁਝ ਸਾਲਾਂ ਤੋਂ ਜੋ ‘ਵਾਈਟਸੁਪਰੀਮੇਸੀ’ ਦੀ ਅੱਗ 'ਤੇ ਘਿਓ ਪਾ ਰਹੀ ਹੈ। ਕਿਸੇ ਵਿਧਾਨਕ ਬਿਲਡਿੰਗ ਜਾਂ ਸਿਟੀ ਹਾਲ 'ਤੇ ਨਿਸ਼ਾਨ ਸਾਹਿਬ ਝੁਲਾ ਕੇ ਅਸੀਂ ਆਪਣਾ ਮਨ ਸਮਝਾ ਰਹੇ ਹਾਂ, ਅਸਲ ਲੜਾਈ ਲਾਲ ਕਿਲੇ 'ਤੇ ਝੁਲਾਉਣ ਦੀ ਹੈ ਤੇ ਜਿਨ੍ਹਾਂ ਓਹ ਲੜਾਈ ਲੜੀ ਹੈ ਓਹਨਾਂ ਨੂੰ ਸਾਡੀ ਕਾਲ਼ੀ ਜੁਬਾਨ ਅੱਤਵਾਦੀ ਕਹਿਣ ਲੱਗਿਆਂ ਸ਼ਰਮ ਨਹੀਂ ਮੰਨਦੀ। ਝੰਡਾ ਕੌਮਾਂ ਦੀ ਅਜਾਦੀ ਦਾ ਪ੍ਰਤੀਕ ਹੁੰਦਾ ਹੈ, ਕੌਮੀ ਪ੍ਰਭੂਸੱਤਾ ਦਾ, ਜਿੱਥੇ ਸਾਡਾ ਪ੍ਰਭੂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਬਿਰਾਜਮਾਨ ਹੈ, ਓਹਤੋਂ ਵੱਡੀ ਸੱਤਾ ਸਾਡੇ ਲਈ ਕੋਈ ਨਹੀਂ ਹੈ। ਸਾਡਾ ਕੌਮੀ ਘਰ ਦਾ ਸੁਪਨਾ ਕਿਸੇ ਕੌਂਸਲਰ, ਵਿਧਾਇਕ ਜਾਂ ਐਮ ਪੀ ਦੀ ਸੀਟ ਵਰਗੀ ਲਾਲਸਾ ਨਹੀਂ ਹੈ, ਇਹ ਇਕ ਪਵਿਤਰ ਸੁਪਨਾ ਹੈ ਤਾਂ ਜੋ ਸਰਬੱਤ ਦੇ ਭਲੇ ਦਾ ਨਿਰਸਵਾਰਥ ਸਿਧਾਂਤ ਕਿਸੇ ਤਖਤ ਦੇ ਨਸ਼ੇ ਦੀ ਭੇਟ ਨਾ ਚੜ੍ਹ ਜਾਵੇ, ਤਾਂ ਜੋ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੀ ਇਲਾਹੀ ਵਿਰਾਸਤ ਵਾਲੀ ਮਾਡਲ ਸਟੇਟ ਕਾਇਮ ਹੋ ਸਕੇ।

ਅਗਲੀ ਗੱਲ, ਅਸੀਂ ਪੰਜਾਬ ਦੀ ਪਰਿਵਾਰਵਾਦੀ ਸਿਆਸਤ ਦੇ ਪੀੜਤ ਹੋਣ ਦਾ ਢੰਡੋਰਾ ਪਿੱਟਦੇ ਹਾਂ, ਪਰ ਏਥੇ ਪਰਿਵਾਰਵਾਦ ਦੀ ਪਿਰਤ ਆਪ ਅੱਗੇ ਤੋਰਦੇ ਹਾਂ। ਸਾਨੂੰ ਪਰਿਵਾਰ ਤੋਂ ਬਾਹਰ ਕੋਈ ਯੋਗ ਨਹੀਂ ਦਿਸਦਾ, ਦੂਜੀਆਂ ਕੌਮਾਂ ਸਾਨੂੰ ਵੇਖ ਰਹੀਆਂ ਹਨ ਤੇ ਇਸ ਖਿਝਬਾਜੀ ਦੀ ਕੀਮਤ ਵੀ ਅਸੀਂ ਚੁਕਾਵਾਂਗੇ ਫੈਡਰਲ ਚੋਣ ਵਿੱਚ। ਸਾਡੇ ਏਨੇ ਮੰਤਰੀ ਸਾਡੇ ਏਨੇ ਐਮਪੀ, ਅਸੀਂ ਕੈਨੇਡਾ ਸਿਰ 'ਤੇ ਚੱਕ ਲਿਆ ਤੇ ਦੋ ਸ਼ਬਦ ਕਢਵਾਉਣ ਲਈ ਸਾਨੂੰ ਮਹੀਨੇ ਲੱਗ ਗਏ। ਕੰਡੇ ਸਨ, ਜੋ ਓਹਨਾਂ ਢਕ ਤਾਂ ਦਿਤੇ ਜਾਂ ਕਹਿ ਲਓ ਛਾਂਗ ਦਿਤੇ ਪਰ ਜੜ੍ਹ ਫੈਲਦੀ ਰਹੇਗੀ।

ਅਸੀਂ ਆਪਣੀ ਤਾਰੀਫ ਸੁਣਕੇ ਨੀਵੀਂ ਪਾ ਲੈਣ ਅਤੇ ਬੋਲਣ ਵਾਲੇ ਦੇ ਮੂੰਹ 'ਤੇ ਹੱਥ ਧਰ ਦੇਣ ਵਾਲੀ ਨਿਸ਼ਕਾਮ ਵਿਰਾਸਤ ਵਾਲੇ ਲੋਕ ਆਪਣੇ ਮੂੰਹੋਂ ਮੀਆਂ ਮਿਠੂ ਕਦੋਂ ਬਣ ਗਏ? ਤਾੜੀਆਂ ਕਦੋਂ ਤੋਂ ਮਾਰਨ ਲੱਗੇ? ਆਪਣੀ ਉਪਮਾ ਸੁਣਕੇ, ਉਪਮਾਂ ਦੇ ਭੁੱਖੇ ਕਦੋਂ ਤੋਂ ਬਣ ਗਏ? ਸਾਡਾ ਨਿਸ਼ਾਨਾ ਸਾਡੀ ‘ਰਿਕੋੲਗਨਾਈਜੇਸ਼ਨ’ ਤਾਂ ਨਾ ਸੀ, ਤਿੰਨ ਬੰਦੇ ਕਿਤੇ ਕੱਠੇ ਹੋਏ, ਤਿੰਨਾਂ ਨੇ ਇਕ-ਦੂਜੇ ਨੂੰ ਸਿਰੋਪਾਓ ਪਾਏ ਤੇ ਫੇਸਬੁਕ ਨੂੰ ਭਾਗ ਲਾਏ, ਮੇਰੇ ਕੋਲ ਫੋਟੋਆਂ ਹਨ, ਕੀ ਬਣ ਗਏ ਅਸੀਂ? ਕਿੱਧਰ ਤੁਰ ਪਏ?

ਕੀ ਸਾਡੀ 'ਡੌਮੀਨੇਟਿਡ ਇਮੇਜ' ਬਣ ਰਹੀ ਹੈ? ਜਾਂ ਬਣਾਈ ਜਾ ਰਹੀ ਹੈ? ਮੰਨਿਆ ਸਾਡਾ ਕੋਈ ਅਜਿਹਾ ਇਰਾਦਾ ਨਹੀਂ ਹੈ ਪਰ ਜੇ ਦੂਜੇ ਫਿਰਕਿਆਂ ਕੋਲ ਅਜਿਹਾ ਸੁਨੇਹਾ ਜਾ ਰਿਹਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਓਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ? ਕੀ ਕੋਈ ਪਛਾਣ ਦੀ ਸਮੱਸਿਆ (ਆਈਡੈਂਟਿਟੀ ਕਲੈਸ਼) ਹੈ? ਵੱਡੇ ਸ਼ਹਿਰਾਂ ਵਿੱਚ ਅਜਿਹੀ ਕੋਈ ਸਮੱਸਿਆ ਸ਼ਾਇਦ ਨਾ ਹੋਵੇ, ਸ਼ਾਇਦ ਓਹਨਾਂ ਨੂੰ ਸਾਡੀ ਗੱਲ ਕਰਨ ਦੀ ਭਾਵਨਾ ਸਮਝ ਵੀ ਨਾ ਲੱਗੇ। ਪਿਛਲੇ 3-4 ਸਾਲਾਂ ਦੌਰਾਨ ਕੈਨੇਡੀਅਨ ਮੀਡੀਆ ਵਿਚ ਛੇ ਸੌ ਤੋਂ ਵਧੇਰੇ ਵਾਰ ਸਾਡੀ ਭੰਡੀ ਕਰਨ ਦੇ ਸੰਕੇਤ ਮਿਲੇ ਹਨ, ਅਸੀਂ ਕਿੰਨੇ ਕੁ ਸੁਚੇਤ ਹਾਂ? ਨਿਊਜੀਲੈਂਡ, ਸ੍ਰੀ ਲੰਕਾ, ਵਿਸਕਾਨਸਨ ਏਥੇ ਹੀ ਵਾਪਰੇ ਹਨ। ਸਾਡੇ ਬੰਦੇ ਨੋ ਫਲਾਈ ਲਿਸਟ ‘ਚ ਪੈ ਰਹੇ ਹਨ, ਸਰੀ ਨਗਰ ਕੀਰਤਨ ਮੇਲੇ ਦਾ ਰੂਪ ਲੈ ਚੱਲਿਆ ਹੈ, ਕੇਸ ਕਤਲ ਕਰਨ ਦੇ ਅੱਡੇ ਅਤੇ ਬਿਊਟੀ ਪਾਰਲਰ ਨਗਰ ਕੀਰਤਨ ਵਾਲੇ ਦਿਨੀਂ 24 ਘੰਟੇ ਖੁੱਲ੍ਹਦੇ ਹਨ, ਖਾ ਪੀ ਕੇ ਮੁੜ ਆਉਂਦੇ ਹਾਂ, ਇਹ ਖਾਲਸੇ ਦਾ ਸਾਜਨਾ ਦਿਵਸ ਹੈ? ਹੈਰੀਟੇਜ ਮੰਥ!

ਅਸੀਂ ਵਿਖਾਵਾ ਬੰਦ ਕਰੀਏ ਤੇ ਨਿਰਸਵਾਰਥ ਸੇਵਾ ਕਰੀਏ, ਜੋ ਸਾਡੀ ਵਿਰਾਸਤ ਹੈ, ‘ਰਿਕੋਗਨਾਈਜ’ ਓਹ ਸਾਨੂੰ ਆਪੇ ਕਰ ਲੈਣਗੇ ਬੁਲਾ ਕੇ। ਜੇ ਨਾ ਵੀ ਕਰਨਗੇ ਤਾਂ ਵੀ ਪਹਾੜ ਨਹੀਂ ਡਿਗਦਾ। ਸਾਡੀ ਸਿਧਾਂਤਿਕ ਪੁਜੀਸਨ ਇਹ ਹੈ ਹੀ ਨਹੀਂ। ਇਹ ਸਰਬੰਸ-ਦਾਨੀ ਦੀ ਵਿਰਾਸਤ ਹੈ। ਇਹ ਪਰਿਵਾਰ ਵਾਰਨ ਵਾਲੇ ਪਿਆਰੇ ਪੀਰ ਬੱਧੂ ਸ਼ਾਹ ਦਾ ਕਾਫਲਾ ਹੈ। ਸਾਡੀਆਂ ਮਾਂਵਾਂ ਗਲ਼ਾਂ ‘ਚ ਜਿਗਰ ਦੇ ਟੋਟਿਆਂ ਦੇ ਹਾਰ ਪਵਾਉਣ ਵਾਲ਼ੀਆਂ, ਲੱਖੀ ਸ਼ਾਹ ਵਣਜਾਰੇ ਵਰਗੇ, ਭਾਈ ਮੰਝ ਵਰਗੇ ਸੇਵਾਦਾਰਾਂ ਦੀ ਕਤਾਰ ਹੈ ਇਹ। ਅਸੀਂ ਇਹੋ ਜੀ ਕਿਹੜੀ ਮੱਲ ਮਾਰ ਲਈ ਹੈ? ਗੁਰੂ ਦੀ ਛਤਰ ਛਾਇਆ ਹੇਠ ਵਿਚਰੋ, ਦੂਜੇ ਫ਼ਿਰਕਿਆਂ ਨੂੰ ਨੀਵੇਂ ਮਹਿਸੂਸ ਨਾ ਕਰਾਓ। ਕੈਨੇਡਾ ਬਹੁ-ਕੌਮੀ ਦੇਸ਼ ਹੈ, ਏਥੇ ਏਸ ਆਦਤ ਦੇ ਸਿੱਟੇ ਗੰਭੀਰ ਹੋ ਸਕਦੇ ਹਨ। 

ਆਪਣਾ ਆਪ ਜਣਾਉਣਾ ਇਹ ਸਾਡੀ ਵਿਰਾਸਤ ਨਹੀਂ ਹੈ। ਵੱਡਾ ਬੰਦਾ ਓਹ ਹੁੰਦਾ ਹੈ ਜੋ ਕਿਸੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ। ਪੰਜਾਬ ਵਿੱਚ ਕੋਈ ਕਿਸੇ ਦੀ ਮੱਦਦ ਕਰ ਦੇਵੇ, ਸਹੀ ਸਾਰੀ ਦੁਨੀਆਂ ‘ਚ ਗਰੀਬ ਦੀ ਮਜਬੂਰੀ ਦਾ ਢੰਡੋਰਾ ਪਿੱਟ ਦਿੰਦਾ ਹੈ, ਇਹ ਸੇਵਾ ਨਹੀਂ ਜ਼ਲਾਲਤ ਹੈ। ਕੁਝ ਸੰਸਥਾਵਾਂ ਲੋੜਵੰਦ ਦਾ ਚਿਹਰਾ ਢੱਕ ਦਿੰਦੀਆਂ ਹਨ, ਇਹ ਬਹੁਤ ਚੰਗੀ ਪਿਰਤ ਹੈ, ਮੈਂ ਇਸ ਦੀ ਸਲ਼ਾਘਾ ਕਰਦਾ ਹੈ ਕਿਉਕਿ ਦਾਨੀ ਸੱਜਣਾਂ ਕੋਲ ਸਬੂਤ ਵੀ ਪਹੁੰਚ ਜਾਂਦਾ ਹੈ ਸੇਵਾ ਪਹੁੰਚਣ ਬਾਰੇ ਤੇ ਗਰੀਬ ਦਾ ਪਰਦਾ ਵੀ ਢਕਿਆ ਰਹਿੰਦਾ ਹੈ। ਪਿਆਰ ਵੰਡੋ, ਭਰੋਸਾ ਪੈਦਾ ਕਰੋ ਆਪਣੇ ਸਰੂਪ ਪ੍ਰਤੀ।

ਕੈਨੇਡਾ ਦੇ ਸੰਦਰਭ ਵਿੱਚ ਮੇਰੀ ਨਿੱਜੀ ਰਾਇ ਹੈ, ਝੰਡਾ ਜੀਹਦੀ ਕੰਟਰੀ ਹੈ ਓਹਨਾਂ ਦਾ ਝੂਲਦਾ ਰਹਿਣ ਦਿਓ। ਗੁਰਦੁਆਰੇ ਸਾਡਾ (ਨਿਸ਼ਾਨ ਸਾਹਿਬ) ਝੂਲਦਾ ਹੈ। ਝੁਲਾਉਣਾ ਹੀ ਕਾਫੀ ਨਹੀਂ ਹੈ ਏਹਦੇ ਥੱਲੇ ਇਕੱਠੇ ਵੀ ਹੋਵੋ, ਜੋ ਏਸ ਦੀ ਅਣਖ-ਆਣ ਲਈ ਜਾਨਾਂ ਵਾਰ ਗਏ ਹਨ, ਓਨ੍ਹਾਂ ਨੂੰ ਯਾਦ ਰੱਖੋ। ਸੇਵਾ ਨੂੰ ਕਿਸੇ ਦੁਨਿਆਵੀ ਅਹੁਦੇ ਜਾਂ ਲਾਲਸਾ ਦੀ ਪੌੜੀ ਨਾ ਬਣਾਓ।

-ਸੁਖਦੀਪ ਸਿੰਘ ਬਰਨਾਲਾ


* ਨਿੱਜੀ ਵਿਚਾਰ ਕੈਨੇਡਾ ਦੇ ਬਦਲਦੇ ਮਾਹੌਲ ਬਾਰੇ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES