Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮ੍ਰਿਤਕ ਅਮਰਿੰਦਰ ਵਿਜੈ ਕੁਮਾਰ ਦੀ ਪੁਰਾਣੀ ਤਸਵੀਰ

ਗੜ੍ਹਦੀਵਾਲਾ ਦੇ ਨੌਜਵਾਨ ਦੀ ਸਰੀ 'ਚ ਗੋਲੀ ਮਾਰ ਕੇ ਹੱਤਿਆ

Posted on April 12th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਮੰਗਲ਼ਵਾਰ ਰਾਤ ਸਰੀ ਦੀ 139 ਸਟਰੀਟ ਅਤੇ 72 ਐਵੇਨਿਊ ਲਾਗੇ ਟਾਊਨਹਾਊਸ ਕੰਪਲੈਕਸ 'ਚ ਗੋਲ਼ੀਆਂ ਮਾਰ ਕੇ ਮਾਰੇ ਗਏ 30 ਸਾਲਾ ਨੌਜਵਾਨ ਦੀ ਪਛਾਣ ਅਮਰਿੰਦਰ ਵਿਜੈ ਕੁਮਾਰ ਵਜੋਂ ਹੋਈ ਹੈ। ਜਾਣਕਾਰਾਂ ਮੁਤਾਬਿਕ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਗੜ੍ਹਦੀਵਾਲਾ ਨਾਲ ਸਬੰਧਿਤ ਮਸ਼ਹੂਰ ਡਾਕਟਰ ਵਿਜੈ ਕੁਮਾਰ ਦਾ ਬੇਟਾ ਅਮਰਿੰਦਰ ਵਿਜੈ ਕੁਮਾਰ ਕੁਝ ਸਾਲ ਪਹਿਲਾਂ ਹੀ ਸਰੀ ਪੁੱਜਾ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕੰਮ ਕਰਦਿਆਂ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ ਤੇ ਬਹੁਤ ਜਲਦ ਉਹ ਫੀਜ਼ੀਓਥੈਰੇਪਿਸਟ ਬਣਨ ਵਾਲਾ ਸੀ। 

ਅਮਰਿੰਦਰ ਦੇ ਘਰ ਦੇ ਬਾਹਰ ਵਾਪਰੀ ਇਸ ਵਾਰਦਾਤ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਅਮਰਿੰਦਰ ਦਾ ਨਾ ਤਾਂ ਕੋਈ ਅਪਰਾਧਿਕ ਰਿਕਾਰਡ ਸੀ ਤੇ ਨਾ ਹੀ ਉਸਦੀ ਕਿਸੇ ਗੈਂਗ ਵਿੱਚ ਸ਼ਮੂਲੀਅਤ ਲੱਭੀ ਹੈ। ਪੁਲਿਸ ਮੁਤਾਬਿਕ ਹੱਤਿਆ ਕਰਨ ਦੇ ਤਰੀਕੇ ਤੋਂ ਇਹ ਭੁਲੇਖੇ ਨਾਲ ਹੋਈ ਵਾਰਦਾਤ ਵੀ ਨਹੀਂ ਜਾਪਦੀ। ਜਾਂਚ ਟੀਮ ਲਈ ਇਸ ਵਾਰਦਾਤ ਦਾ ਕਾਰਨ ਲੱਭਣਾ ਚੁਣੌਤੀ ਬਣ ਗਿਆ ਹੈ। ਵਾਰਦਾਤ ਤੋਂ ਬਾਅਦ ਇੱਕ ਗੱਡੀ ਉੱਥੋਂ ਤੇਜ਼ੀ ਨਾਲ ਨਿਕਲਦੀ ਦੇਖੀ ਗਈ। ਚਾਲੀ ਕੁ ਮਿੰਟ ਬਾਅਦ ਸ਼ਹਿਰ ਦੇ ਦੂਜੇ ਪਾਸੇ 164 ਸਟਰੀਟ ਅਤੇ 92 ਐਵੇਨਿਊ ਲਾਗਿਓਂ ਇੱਕ ਸਾੜੀ ਗਈ ਗੱਡੀ ਬਰਾਮਦ ਹੋਈ ਹੈ, ਜੋ ਇਸ ਵਾਰਦਾਤ ਨਾਲ ਸਬੰਧਿਤ ਸਮਝੀ ਜਾ ਰਹੀ ਹੈ। 

ਹਾਲੇ ਜਨਵਰੀ ਮਹੀਨੇ ਹੀ ਇਸ ਨੌਜਵਾਨ ਦਾ ਵਿਆਹ ਪੰਜਾਬ 'ਚ ਹੋਇਆ ਸੀ ਤੇ ਉਸਦੀ ਪਤਨੀ ਹਾਲੇ ਕੈਨੇਡਾ ਨਹੀਂ ਪੁੱਜੀ। ਉਸਦੇ ਇੱਕ ਜਾਣਕਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਮਰਿੰਦਰ ਬਹੁਤ ਹੀ ਸਾਊ ਸੁਭਾਅ ਦਾ, ਬਹੁਤ ਹੀ ਆਗਿਆਕਾਰੀ ਤੇ ਮਿਹਨਤੀ ਨੌਜਵਾਨ ਸੀ, ਜਿਸਦੀ ਕਿਸੇ ਗਲਤ ਕੰਮ 'ਚ ਸ਼ਮੂਲੀਅਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸਦੇ ਜਾਣ-ਪਛਾਣ ਵਾਲੇ ਇਸ ਵਾਰਦਾਤ ਤੋਂ ਬਾਅਦ ਬਹੁਤ ਅਚੰਭੇ 'ਚ ਹਨ। ਸਰੀ ਸ਼ਹਿਰ ਵਿੱਚ ਇਹ ਇਸ ਸਾਲ ਦੀ ਗੋਲੀ ਚੱਲਣ ਵਾਲੀ 13ਵੀਂ ਘਟਨਾ ਹੈ। ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਇਸ ਕਤਲੇਆਮ ਨੂੰ ਠੱਲ੍ਹ ਨਹੀਂ ਪੈ ਰਹੀ। 


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES