Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿਹਾਰ ’ਚ ਸਭ ਤੋਂ ਘੱਟ ਤੇ ਬੰਗਾਲ ’ਚ ਸਭ ਤੋਂ ਵੱਧ ਪੋਲਿੰਗ

Posted on April 12th, 2019ਨਵੀਂ ਦਿੱਲੀ- ਆਮ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਵੀਰਵਾਰ ਨੂੰ 18 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਰਾਜਾਂ ਦੀਆਂ 91 ਸੀਟਾਂ ਲਈ ਭਾਰੀ ਮਤਦਾਨ ਹੋਇਆ। ਇਕ ਅੰਦਾਜ਼ੇ ਅਨੁਸਾਰ 9 ਕਰੋੜ ਤੋਂ ਵੱਧ ਭਾਰਤੀਆਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਮਿਲੀਆਂ। ਪਹਿਲੇ ਪੜਾਅ ਦੌਰਾਨ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ, ਨਿਤਿਨ ਗਡਕਰੀ, ਮਹੇਸ਼ ਸ਼ਰਮਾ, ਕਿਰਨ ਰੀਜਿਜੂ, ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ, ਤਰੁਣ ਗੋਗੋਈ ਦੇ ਪੁੱਤਰ ਗੌਰਵ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਯੰਤ ਚੌਧਰੀ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ’ਚ ਬੰਦ ਹੋ ਗਈ ਹੈ। 

ਦੂਜੀ ਵਾਰ ਸੱਤਾ ’ਚ ਆਉਣ ਦੀ ਕੋਸ਼ਿਸ਼ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਰਾਸ਼ਟਰੀ ਸੁਰੱਖਿਆ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਯੋਜਨਾਵਾਂ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ ਜਦਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਗਰੀਬਾਂ ਨੂੰ ਘੱਟੋ ਘੱਟ ਆਮਦਨ ਦੇਣ ਸਮੇਤ ਹੋਰ ਕਈ ਵਾਅਦੇ ਕੀਤੇ ਹਨ ਅਤੇ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਪੱਛਮੀ ਬੰਗਾਲ ਦੀਆਂ ਦੋ ਸੀਟਾਂ ਕੂਚ ਬਿਹਾਰ ਅਤੇ ਅਲੀਪੁਰਦੁਆਰ ’ਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਜਦਕਿ ਸਭ ਤੋਂ ਘੱਟ ਬਿਹਾਰ ਦੀਆਂ ਚਾਰ ਸੀਟਾਂ ਲਈ 50 ਫ਼ੀਸਦੀ ਪੋਲਿੰਗ ਹੋਈ।

ਆਂਧਰਾ ਪ੍ਰਦੇਸ਼ ਵਿਚ ਸਾਰੀਆਂ ਲੋਕ ਸਭਾ (25) ਅਤੇ ਵਿਧਾਨ ਸਭਾ (175) ਸੀਟਾਂ ’ਤੇ 73 ਫ਼ੀਸਦ ਮਤਦਾਨ ਹੋਇਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ ਕਰੀਬ 64 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। 

ਯੂਪੀ ’ਚ ਸਭ ਤੋਂ ਵੱਧ 70.68 ਫ਼ੀਸਦੀ ਮਤਦਾਨ ਸਹਾਰਨਪੁਰ ’ਚ ਹੋਇਆ। ਮੁਜ਼ੱਫਰਨਗਰ ’ਚ 66.66 ਫ਼ੀਸਦੀ, ਬਿਜਨੌਰ ’ਚ 65.40, ਬਾਗਪਤ ’ਚ 63.9, ਮੇਰਠ ’ਚ 63, ਕੈਰਾਨਾ ’ਚ 62.10 ਅਤੇ ਗੌਤਮਬੁੱਧ ਨਗਰ ’ਚ 60.1 ਫ਼ੀਸਦੀ ਮਤਦਾਨ ਹੋਇਆ। 

ਉੱਤਰਾਖੰਡ ’ਚ ਲੋਕ ਸਭਾ ਦੀਆਂ ਪੰਜ ਸੀਟਾਂ ’ਤੇ ਕਰੀਬ 58 ਫ਼ੀਸਦੀ ਵੋਟਾਂ ਪਈਆਂ। ਸਾਲ 2014 ਦੇ ਮੁਕਾਬਲੇ ਇਸ ਵਾਰ ਮਤਦਾਨ ’ਚ ਚਾਰ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਵੋਟਾਂ ਹਰਿਦੁਆਰ ’ਚ 66.24 ਅਤੇ ਨੈਨੀਤਾਲ ’ਚ 66.39 ਫ਼ੀਸਦੀ ਪਈਆਂ। ਸਭ ਤੋਂ ਘੱਟ ਵੋਟਿੰਗ ਅਲਮੋੜਾ ’ਚ ਹੋਈ ਜਿਥੇ ਸਿਰਫ਼ 48.78 ਫ਼ੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਖਾਤੇ ’ਚ ਸੂਬੇ ਦੀਆਂ ਸਾਰੀਆਂ ਪੰਜ ਸੀਟਾਂ ਗਈਆਂ ਸਨ। 

ਉਧਰ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਜੰਮੂ ਅਤੇ ਬਾਰਾਮੂਲਾ ’ਚ 54.49 ਫ਼ੀਸਦੀ ਵੋਟਿੰਗ ਹੋਈ ਹੈ ਜੋ 2014 ’ਚ 57.19 ਫ਼ੀਸਦੀ ਸੀ। ਜੰਮੂ ’ਚ ਸਭ ਤੋਂ ਵੱਧ 72.16 ਫ਼ੀਸਦੀ ਪੋਲਿੰਗ ਹੋਈ ਜਦਕਿ ਬਾਰਾਮੂਲਾ ’ਚ 34.61 ਫ਼ੀਸਦੀ ਵੋਟਾਂ ਪਈਆਂ। ਬਾਰਾਮੂਲਾ ਹਲਕੇ ਦੇ ਕੁਪਵਾੜਾ ਜ਼ਿਲ੍ਹੇ ’ਚ ਸਭ ਤੋਂ ਵੱਧ 47.7 ਫ਼ੀਸਦੀ ਵੋਟਿੰਗ ਹੋਈ। 

ਇਸੇ ਤਰ੍ਹਾਂ ਛੱਤੀਸਗੜ੍ਹ ਦੀ ਬਸਤਰ ਸੀਟ ’ਤੇ ਕਰੀਬ 57 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਨਾਰਾਇਣਪੁਰ ਜ਼ਿਲ੍ਹੇ ਦੇ ਹਰਿਮਰਕਾ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟ ਪਾਈ। ਇਸ ਸੰਸਦੀ ਸੀਟ ਦੇ ਘੇਰੇ ਵਿਚ ਵਿਧਾਨ ਸਭਾ ਖੇਤਰ ਕੋਂਟਾ, ਦਾਂਤੇਵਾੜਾ, ਬੀਜਾਪੁਰ ਤੇ ਨਾਰਾਇਣਪੁਰ ਵਿਚ ਸਵੇਰੇ ਸੱਤ ਵਜੇ ਤੋਂ ਦੁਪਹਿਰੇ ਤਿੰਨ ਵਜੇ ਤੱਕ ਵੋਟਾਂ ਪਈਆਂ। ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ। ਮੇਘਾਲਿਆ ਵਿਚ ਪੰਜ ਵਜੇ ਤੱਕ 62 ਫ਼ੀਸਦ ਤੇ ਤਿਲੰਗਾਨਾ ਵਿਚ 61 ਫ਼ੀਸਦ ਮਤਦਾਨ ਦੀ ਸੂਚਨਾ ਹੈ। 

ਮਹਾਰਾਸ਼ਟਰ ਦੀਆਂ ਸੱਤ ਸੀਟਾਂ ’ਤੇ ਕਰੀਬ 55.78 ਫ਼ੀਸਦ ਵੋਟਾਂ ਪਈਆਂ ਹਨ। ਰਾਜ ਵਿਚ ਸਭ ਤੋਂ ਘੱਟ ਨਾਗਪੁਰ ਸੀਟ ’ਤੇ 41.24 ਫ਼ੀਸਦ ਤੇ ਸਭ ਤੋਂ ਵੱਧ ਗੜ੍ਹਚਿਰੌਲੀ ਚਿਮੂਰ ਸੀਟ ’ਤੇ 57 ਫ਼ੀਸਦ ਵੋਟਾਂ ਪਈਆਂ ਹਨ। ਨਾਗਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਚੋਣ ਲੜ ਰਹੇ ਹਨ। 

ਅਰੁਣਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ ਸਾਰੀਆਂ ਅਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ 66 ਫ਼ੀਸਦ, ਮਿਜ਼ੋਰਮ ਵਿਚ 55.20 ਫ਼ੀਸਦ ਤੇ ਅਸਾਮ ਵਿਚ 59.5 ਫ਼ੀਸਦ ਲੋਕਾਂ ਨੇ ਵੋਟਾਂ ਪਾਈਆਂ ਹਨ। ਤ੍ਰਿਪੁਰਾ ’ਚ 81 ਫ਼ੀਸਦ, ਮਨੀਪੁਰ ’ਚ 75 ਫ਼ੀਸਦ ਅਤੇ ਨਾਗਾਲੈਂਡ ’ਚ 78.76 ਫ਼ੀਸਦ ਵੋਟਿੰਗ ਹੋਈ ਹੈ। ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀਆਂ ਚਾਰ ਸੀਟਾਂ ਲਈ 66 ਫ਼ੀਸਦ ਮਤਦਾਨ ਹੋਇਆ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES