Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਸਟ੍ਰੇਲੀਅਨ ਪਤਨੀ ਦੇ ਕਤਲ ਦੀ ਗੁੱਥੀ ਸੁਲਝੀ ; ਪਤੀ ਸਣੇ ਚਾਰ ਨਾਮਜ਼ਦ

Posted on March 29th, 2019


ਫ਼ਿਰੋਜ਼ਪੁਰ- ਇਸ ਮਹੀਨੇ ਦੀ 14 ਤਾਰੀਖ਼ ਨੂੰ ਆਪਣੇ ਪੇਕੇ ਘਰ ਤੋਂ ਅਗਵਾ ਹੋਈ ਐਨ ਆਰ ਆਈ ਰਵਨੀਤ ਕੌਰ ਦੀ ਭਾਖੜਾ ਨਹਿਰ ਵਿਚੋਂ ਲਾਸ਼ ਮਿਲਣ ਤੋਂ ਬਾਅਦ ਸਥਾਨਕ ਪੁਲੀਸ ਨੇ ਉਸ ਦੇ ਪਤੀ ਸਣੇ ਚਾਰ ਜਣਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿਚ ਰਵਨੀਤ ਦਾ ਪਤੀ ਜਸਪ੍ਰੀਤ ਸਿੰਘ ਪੁੱਤਰ ਰਾਵਲ ਸਿੰਘ ਵਾਸੀ ਆਸਟਰੇਲੀਆ, ਕਿਰਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਆਸਟਰੇਲੀਆ, ਤਰਨਜੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਚੀਮਾ ਕਲੋਨੀ ਸਮਾਣਾ ਅਤੇ ਸੰਦੀਪ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਸਮਾਣਾ ਸ਼ਾਮਲ ਹਨ।

ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਇਹ ਕੇਸ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਵਾਸੀ ਬੱਗੇ ਕੇ ਪਿੱਪਲ (ਫਿਰੋਜ਼ਪੁਰ) ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਆਸਟਰੇਲੀਆ ਤੋਂ ਆਪਣੇ ਪੇਕੇ ਘਰ ਆਈ ਰਵਨੀਤ ਕੌਰ ਨੂੰ 14 ਮਾਰਚ ਨੂੰ ਉਸ ਦੇ ਘਰੋਂ ਕੁਝ ਅਣਪਛਾਤਿਆਂ ਨੇ ਅਗਵਾ ਕਰ ਲਿਆ ਸੀ। ਮ੍ਰਿਤਕਾ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਨੂੰ ਉਸ ਦੇ ਪਤੀ ਦਾ ਫ਼ੋਨ ਆਇਆ ਤੇ ਗੱਲ ਕਰਦੀ ਉਹ ਘਰ ਤੋਂ ਕੁਝ ਦੂਰ ਚਲੀ ਗਈ। ਉਦੋਂ ਹੀ ਅਣਪਛਾਤੇ ਮੁਲਜ਼ਮਾਂ ਨੇ ਉਸ ਨੂੰ ਅਗ਼ਵਾ ਕਰ ਲਿਆ।  ਉਸੇ ਦਿਨ ਹੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਆਰਿਫ਼ ਕੇ ਵਿਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਐਸਪੀ (ਡੀ) ਬਲਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ ਗਈ ਸੀ। ਪੁਲੀਸ ਰਵਨੀਤ ਨੂੰ ਲੱਭਣ ਵਾਸਤੇ ਪਿਛਲੇ ਦਸ ਦਿਨਾਂ ਤੋਂ ਭਾਲ ਕਰ ਰਹੀ ਸੀ ਪਰ ਉਸ ਦੀ ਲਾਸ਼ ਜ਼ਿਲ੍ਹਾ ਸੰਗਰੂਰ ਵਿਚੋਂ ਲੰਘਦੀ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ।

ਐਸਐਸਪੀ ਨੇ ਦੱਸਿਆ ਕਿ ਇਸ ਕਤਲ ਕੇਸ ਵਿਚ ਨਾਮਜ਼ਦ ਮੁਲਜ਼ਮ ਤਰਨਜੀਤ ਕੌਰ ਅਤੇ ਸੰਦੀਪ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਤਰਨਜੀਤ ਨੇ ਮੰਨਿਆ ਕਿ ਇਹ ਕਤਲ ਚਾਰਾਂ ਰਵਨੀਤ ਦੇ ਪਤੀ ਜਸਪ੍ਰੀਤ ਅਤੇ ਕਿਰਨਜੀਤ ਦੀ ਮਿਲੀਭੁਗਤ ਨਾਲ ਹੋਇਆ ਹੈ, ਜਿਨ੍ਹਾਂ ਦੇ ਆਪਸ 'ਚ ਪ੍ਰੇਮ ਸਬੰਧ ਦੱਸੇ ਗਏ ਹਨ। 

ਰਵਨੀਤ ਦੇ ਕਤਲ ਪਿੱਛੇ ਮੁੱਖ ਸਾਜ਼ਿਸ਼ਕਾਰ ਦੱਸਿਆ ਜਾਂਦਾ ਮ੍ਰਿਤਕ ਦਾ ਪਤੀ ਜਸਪ੍ਰੀਤ ਸਿੰਘ ਆਪਣੇ ਘਰ ਤੋਂ ਲਾਪਤਾ ਹੈ। ਉਹ ਪਿਛਲੇ ਦੋ ਦਿਨਾਂ ਤੋਂ ਗੋਲਡ ਕੋਸਟ ਵਾਲੇ ਪਤੇ 'ਤੇ ਨਹੀਂ ਹੈ। ਸ਼ੱਕ ਹੈ ਕਿ ਉਹ ਕੈਨੇਡਾ ਚਲਿਆ ਗਿਆ ਹੈ। ਮ੍ਰਿਤਕਾ ਆਪਣੇ ਪਿੱਛੇ ਚਾਰ ਸਾਲ ਦੀ ਧੀ ਛੱਡ ਗਈ ਹੈ, ਜੋ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਹੈ। ਕਤਲ ਸਮੇਂ ਵੀ ਰਵਨੀਤ ਕੌਰ ਗਰਭਵਤੀ ਸੀ ਅਤੇ ਪੰਜ ਕੁ ਮਹੀਨਿਆਂ ਵਿੱਚ ਉਹ ਫਿਰ ਤੋਂ ਮਾਂ ਬਣਨ ਵਾਲੀ ਸੀ। 

''ਮੇਰਾ ਪੁੱਤਰ ਗ਼ਲਤ ਹੈ, ਮੈਂ ਤੇ ਮੇਰੀ ਪਤਨੀ ਆਪਣੀ ਨੂੰਹ ਰਵਨੀਤ ਦੇ ਪਰਿਵਾਰ ਦੇ ਨਾਲ ਹਾਂ। ਮੇਰੇ ਪੁੱਤਰ ਨੂੰ ਭਾਵੇਂ ਗੋਲੀ ਮਾਰ ਦਿਓ, ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। ਇਹ ਆਸਟਰੇਲੀਆ ਤਾਂ ਸਾਡੇ ਘਰ ਨੂੰ ਖਾ ਗਿਆ।'' ਇਹ ਸ਼ਬਦ ਨਵਾਂ ਸ਼ਹਿਰ ਦੇ ਰਹਿਣ ਵਾਲੇ ਰਵੇਲ ਸਿੰਘ ਦੇ ਹਨ, ਜੋ ਕਿ ਕਈ ਸਾਲ ਪਹਿਲਾਂ ਚੰਡੀਗੜ੍ਹ ਰਹਿਣ ਲੱਗ ਪਏ। ਉਹ ਆਪਣੀ ਨੂੰਹ ਰਵਨੀਤ ਕੌਰ ਦੇ ਸਸਕਾਰ ਮੌਕੇ ਪਹੁੰਚੇ ਸਨ। 

ਮਰਹੂਮ ਰਵਨੀਤ ਦੇ ਭਰਾ ਸਨੀ ਨੇ ਦੱਸਿਆ, ''ਮੇਰੀ ਭੈਣ ਰਵਨੀਤ ਕੌਰ 2009 ਵਿਚ ਸਟੱਡੀ ਵੀਜ਼ੇ ਉੱਤੇ ਆਸਟਰੇਲੀਆ ਗਈ ਸੀ। ਜਿੱਥੇ ਉਹ ਆਪਣੀ ਭੂਆ ਦੇ ਪੁੱਤਰ ਕੋਲ ਗੋਲਡਕੋਸਟ ਬ੍ਰਿਸਬੇਨ 'ਚ ਰਹੀ। ਰਵਨੀਤ ਉੱਥੋਂ ਦੇ ਇੱਕ ਹੋਟਲ 'ਚ ਕੰਮ ਕਰਦੀ ਸੀ, ਜਿੱਥੇ ਉਸ ਦੀ ਮੁਲਾਕਾਤ ਆਪਣੇ ਸਹਿਯੋਗੀ ਜਸਪ੍ਰੀਤ ਨਾਲ ਹੋਈ।'' ਸਨੀ ਨੇ ਅੱਗੇ ਦੱਸਿਆ, ''ਦੋਵੇਂ ਇਕੱਠੇ ਕੰਮ ਕਰਦੇ ਸੀ ਅਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਉੱਥੇ ਹੀ ਇਨ੍ਹਾਂ ਨੇ 8 ਫਰਵਰੀ 2011 ਨੂੰ ਲਵ ਮੈਰਿਜ ਕਰਵਾ ਲਈ। ਸਾਲ 2014 ਵਿੱਚ ਉਨ੍ਹਾਂ ਦੇ ਬੇਟੀ ਹੋਈ।'' 

ਨਵੰਬਰ 2014 ਵਿਚ ਉਨ੍ਹਾਂ ਨੇ ਆਪਣਾ 'ਹਵੇਲੀ' ਨਾਮ ਦਾ ਰੈਸਟੋਰੈਂਟ ਖਰੀਦ ਲਿਆ, ਜਿਸ ਵਿਚ ਜਸਪ੍ਰੀਤ ਦੀ ਮਹਿਲਾ ਦੋਸਤ ਕੰਮ ਕਰਦੀ ਸੀ। ਸਨੀ ਮੁਤਾਬਕ ਸਾਲ ਬਾਅਦ ਰੈਸਟੋਰੈਂਟ ਵੇਚ ਕੇ ਜਸਪ੍ਰੀਤ ਤੇ ਰਵਨੀਤ ਦੋਵੇਂ ਕੈਨੇਡਾ ਚਲੇ ਗਏ। ਦੋਵਾਂ ਨੇ ਉੱਥੋਂ ਦੀ ਵੀ ਪੀ. ਆਰ. ਹਾਸਲ ਕਰ ਲਈ ਪਰ ਕੁਝ ਮਹੀਨਿਆਂ ਬਾਅਦ ਫਿਰ ਵਾਪਸ ਆ ਗਏ। 

ਸਨੀ ਦੇ ਦੱਸਣ ਮੁਤਾਬਕ, ''ਕਿਰਨਜੀਤ ਦੇ ਪਿਆਰ ਦੇ ਚੱਕਰ ਵਿੱਚ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ ਅਤੇ ਜਸਪ੍ਰੀਤ ਆਪਣੀ ਪਤਨੀ ਰਵਨੀਤ ਨੂੰ ਤਲਾਕ ਦੇਣ ਲਈ ਕਹਿੰਦਾ ਰਹਿੰਦਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ। ਰਵਨੀਤ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਲਵ ਮੈਰਿਜ ਕਰਵਾਈ ਸੀ ਅਤੇ ਉਹ ਡਰਦੀ ਸੀ ਕਿ ਤਲਾਕ ਨਾਲ ਉਸਦੇ ਪਰਿਵਾਰ ਦੀ ਬੇਇੱਜ਼ਤੀ ਹੋਵੇਗੀ।''

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES