Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗ਼ਦਰੀ ਸ਼ਹੀਦ ਰਹਿਮਤ ਅਲੀ ਵਜ਼ੀਦਕੇ

Posted on March 24th, 2019


- ਹਰਦੀਪ ਸਿੰਘ ਝੱਜ

ਗ਼ਦਰ ਲਹਿਰ (1913) 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵਿਦੇਸ਼ਾਂ ਵਿੱਚ ਵੱਸ ਰਹੇ ਭਾਰਤੀ ਗ਼ਦਰੀਆਂ ਦੇ ਮੁਲਕ ਪਰਤ ਕੇ ਗ਼ਦਰ ਕਰਨ ਦੇ ਮਹਾਨ ਕੰਮ ਵਿੱਚ ਉਜਾਗਰ ਹੋਈ ਹੈ। ਉਦੋਂ ਅਨੇਕਾਂ ਗ਼ਦਰੀ ਮੁਲਕ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਤੁਰ ਪਏ।

ਕਦੇ ਇਹ ਆਵਾਜ਼ ਕਾਕੋਰੀ ਦੇ ਅਮਰ ਸ਼ਹੀਦਾਂ ਦਾ ਬਲੀਦਾਨ ਬਣੀ ਅਤੇ ਕਦੇ ਲਾਹੌਰ ਸਾਜ਼ਿਸ਼ ਕੇਸ ਦੇ ਮੋਢੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਦੀ ਅਮਰ ਗਾਥਾ ਬਣੀ ਤੇ ਸਾਬਤ ਕਰ ਗਈ ਕਿ ਆਜ਼ਾਦੀ ਦੀ ਕੀਮਤ ਕੇਵਲ ਖ਼ੂਨ ਹੁੰਦੀ ਹੈ ਅਤੇ ਰਸਤਾ ਸਿਰਫ਼ ਕ੍ਰਾਂਤੀ। ਮੁਲਕ ਦੀ ਆਜ਼ਾਦੀ ਲਈ ਫ਼ਾਂਸੀ ਚੜ੍ਹਨ ਵਾਲਾ ਅਜਿਹਾ ਹੀ ਗ਼ਦਰੀ ਨੌਜਵਾਨ ਸੀ ਰਹਿਮਤ ਅਲੀ ਵਜ਼ੀਦਕੇ।

ਰਹਿਮਤ ਅਲੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਬਰਨਾਲਾ ਤਹਿਸੀਲ ਦੇ ਨੇੜੇ ਪੈਂਦੇ ਪਿੰਡ ਵਜ਼ੀਦਕੇ ਵਿਖੇ ਪਿਤਾ ਨਿਜ਼ਾਮ ਦੀਨ ਦੇ ਘਰ ਹੋਇਆ। ਉਹ ਛੋਟੇ ਹੁੰਦਿਆਂ ਹੀ ਫਿਲੀਪਾਈਨ ਚਲੇ ਗਏ ਤੇ ਉੱਥੇ ਉਨ੍ਹਾਂ ਉੱਤੇ ਗ਼ਦਰ ਪਾਰਟੀ ਦੇ ਮੈਂਬਰ ਭਗਵਾਨ ਸਿੰਘ ਦੀਆਂ ਅੰਗਰੇਜ਼ ਵਿਰੋਧੀ ਤਕਰੀਰਾਂ ਦਾ ਪ੍ਰਭਾਵ ਪਿਆ।

ਉਪਰੰਤ ਗ਼ਦਰ ਪਾਰਟੀ ਜਿਸ ਦੀ ਬਾਕੀ ਮੁਲਕਾਂ ਵਾਂਗ ਮਨੀਲਾ ਵਿੱਚ ਵੀ ਸ਼ਾਖਾ ਬਣਾਈ ਗਈ ਜਿਸ ਦਾ ਪਹਿਲਾ ਪ੍ਰਧਾਨ ਹਾਫਿਜ਼ ਅਬਦੁੱਲਾ ਨੂੰ ਚੁਣਿਆ ਗਿਆ। ਅਬਦੁੱਲਾ ਦੇ ਪ੍ਰਭਾਵ ਸਦਕਾ ਰਹਿਮਤ ਅਲੀ ਪਹਿਲੀ ਸੰਸਾਰ ਜੰਗ ਦੌਰਾਨ 1914 ਨੂੰ ਐਸ ਐਸ ਕੋਰੀਆ ਜਹਾਜ਼ ਵਿੱਚ ਹਾਫਿਜ਼ ਅਬਦੁੱਲਾ ਸਮੇਤ 40-50 ਗ਼ਦਰੀਆਂ ਨਾਲ ਭਾਰਤ ਪਹੁੰਚਿਆ।

ਭਾਰਤ ਪੁੱਜ ਕੇ ਪਾਰਟੀ ਦੀ ਮਜ਼ਬੂਤੀ ਅਤੇ ਫ਼ੌਜੀ ਦੇਸ਼ ਭਗਤਾਂ ਨੂੰ ਨਾਲ ਮਿਲਾਉਣ ਲਈ ਸਰਕਾਰੀ ਮੈਗ਼ਜ਼ੀਨਾਂ ‘ਤੇ ਹਮਲਿਆਂ ਦੀ ਗੱਲ ਤੁਰੀ। ਸਭ ਤੋਂ ਪਹਿਲੀ ਬੈਠਕ ਲੱਧੋਵਾਲ (ਲੁਧਿਆਣਾ) ਵਿਖੇ ਕੀਤੀ ਗਈ। ਇਸ ਬੈਠਕ ਵਿੱਚ ਰਹਿਮਤ ਅਲੀ ਨੂੰ ਮਾਲਵਾ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ।

26 ਨਵੰਬਰ ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਵਾਲੀ ਸੜਕ ‘ਤੇ ਗ਼ਦਰੀਆਂ ਦਾ ਇਕੱਠ ਹੋਇਆ, ਜਿਸ ਵਿੱਚ ਰਹਿਮਤ ਅਲੀ ਵਜ਼ੀਦਕੇ, ਪੰਡਤ ਕਾਂਸ਼ੀ ਰਾਮ (ਖਜ਼ਾਨਚੀ ਗ਼ਦਰ ਪਾਰਟੀ), ਕਰਤਾਰ ਸਿੰਘ ਸਰਾਭਾ, ਭਾਈ ਗਾਂਧਾ ਸਿੰਘ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਜਗਤ ਸਿੰਘ, ਭਾਈ ਜਿਊਣ ਸਿੰਘ ਦੌਲੇ ਸਿੰਘ ਵਾਲਾ, ਭਾਈ ਜਗਤ ਸਿੰਘ ਸੁਰਸਿੰਘ, ਭਾਈ ਹਰੀ ਸਿੰਘ ਨਥਾਣਾ, ਭਾਈ ਸੁਰਜਣ ਸਿੰਘ (ਹੁਸ਼ਿਆਪੁਰ), ਭਾਈ ਵਰਿਆਮ ਸਿੰਘ ਅਮਲੀ ਆਦਿ ਹਾਜ਼ਰ ਸਨ।

ਅੰਮ੍ਰਿਤਸਰ ਤੋਂ ਸੁਨੇਹਾ ਆ ਗਿਆ ਕਿ ਮੀਆਂ ਮੀਰ ਛਾਉਣੀ ‘ਤੇ ਹਮਲਾ ਨਹੀਂ ਹੋ ਸਕਿਆ। ਬਦਲੀ ਹੋਈ 30 ਨਵੰਬਰ 1914 ਦੀ ਤਾਰੀਖ ਦੀ ਜਾਣਕਾਰੀ ਮਿਲਣ ‘ਤੇ 27 ਨਵੰਬਰ 1914 ਨੂੰ ਬਹੁਤ ਸਾਰੇ ਗ਼ਦਰੀ ਵਾਪਸ ਮੋਗੇ ਤੇ ਲੁਧਿਆਣੇ ਨੂੰ ਗੱਡੀ ਚੜ੍ਹ ਗਏ ਅਤੇ ਕੋਈ 18-20 ਗੱਡੀਓਂ ਰਹਿ ਗਏ। ਇਹ ਸਾਰੇ ਤਿੰਨ ਚਾਰ ਟਾਂਗਿਆਂ ‘ਤੇ ਮੋਗੇ ਵੱਲ ਤੁਰ ਪਏ।

ਫੇਰੂ ਸ਼ਹਿਰ ਨੇੜੇ ਮਿਸਰੀਵਾਲੇ ਪੁਲ ‘ਤੇ ਪੁਲਿਸ ਕਪਤਾਨ ਦੀ ਉਡੀਕ ਵਿੱਚ ਖੜ੍ਹੇ ਸਬ ਇੰਸਪੈਕਟਰ (ਜਿਸ ਨਾਲ ਸਹਾਇਕ ਥਾਣੇਦਾਰ ਬਿਰਾਸ਼ਤ ਅਲੀ, ਜ਼ੈਲਦਾਰ ਫਤਹਿ ਸਿੰਘ ਤੇ ਕੁੱਝ ਸਿਪਾਹੀ ਸਨ) ਨੇ ਸ਼ੱਕ ਹੋਣ ‘ਤੇ ਟਾਂਗੇ ਵੱਲ ਇਸ਼ਾਰਾ ਕੀਤਾ। ਟਾਂਗਾ ਰੁਕਣ ‘ਤੇ ਗੱਲਬਾਤ ਦੌਰਾਨ ਬਿਰਾਸ਼ਤ ਅਲੀ ਨੇ ਰਹਿਮਤ ਅਲੀ ਜੋ ਮਨੀਲਾ ਤੋਂ ਆਇਆ ਸੀ, ਉੱਤੇ ਰੋਅਬ ਜਮਾਉਣ ਲਈ ਚਪੇੜ ਮਾਰ ਦਿੱਤੀ। ਇਸ ਨਾਲ ਗ਼ਦਰੀਆਂ ਵਿੱਚ ਬੜਾ ਹਰਖ਼ ਪੈਦਾ ਹੋਇਆ।

ਘੰਡਾ ਸਿੰਘ ਉਰਫ ਜਗਤ ਸਿੰਘ ਕਚਰਭੰਨ ਨੇ ਆਪਣੀ ਬੁੱਕਲ ਵਿੱਚੋਂ ਪਿਸਤੌਲ ਕੱਢ ਕੇ ਗੋਲੀ ਨਾਲ ਬਿਰਾਸ਼ਤ ਅਲੀ ਨੂੰ ਮਾਰ ਦਿੱਤਾ। ਦੂਜੀ ਗੋਲੀ ਜ਼ੈਲਦਾਰ ਫਤਹਿ ਸਿੰਘ ਦੀ ਛਾਤੀ ਵਿੱਚ ਮਾਰੀ ਤੇ ਉਸ ਦੀ ਵੀ ਮੌਤ ਹੋ ਗਈ। ਇਸ ਸਾਕੇ ਪਿੱਛੋਂ ਪਈ ਅਫਰਾ-ਤਫਰੀ ਦੌਰਾਨ ਉਹ ਲੋਕਾਂ ਦੀ ਭੀੜ ਵਿੱਚ ਖਿੰਡ-ਪੁੰਡ ਗਏ।

ਅਖ਼ੀਰ, ਪੁਲੀਸ ਦੀ ਬਹੁਗਿਣਤੀ ਕਾਰਨ ਅਤੇ ਗੋਲੀ ਸਿੱਕਾ ਖਤਮ ਹੋ ਜਾਣ ‘ਤੇ ਰਹਿਮਤ ਅਲੀ ਸਮੇਤ ਸੱਤ ਹੋਰ ਗ਼ਦਰੀ ਯੋਧੇ ਪੰਡਤ ਕਾਂਸ਼ੀ ਰਾਮ ਮੜੌਲੀ, ਜੀਵਨ ਸਿੰਘ (ਦੌਲੇਸਿੰਘਵਾਲਾ), ਲਾਲਾ ਸਿੰਘ (ਸਾਹਿਬਾਣਾ), ਜਗਤ ਸਿੰਘ (ਬਿੰਝਲ), ਬਖਸ਼ੀਸ਼ ਸਿੰਘ (ਖ਼ਾਨਪੁਰ) ਤੇ ਧਿਆਨ ਸਿੰਘ (ਉਮਰਪੁਰ) ਫੜੇ ਗਏ। ਇਨ੍ਹਾਂ ਖਿਲਾਫ਼ ਬਿਰਾਸ਼ਤ ਅਲੀ ਤੇ ਜਵਾਲਾ ਸਿੰਘ ਦੇ ਕਤਲ, ਅੰਗਰੇਜ਼ ਹਕੂਮਤ ਵਿਰੁਧ ਬਗਾਵਤ ਕਰਨ ਅਤੇ ਮੋਗੇ ਦਾ ਖਜ਼ਾਨਾ ਲੁੱਟਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ।

ਮਗਰੋਂ ਰਹਿਮਤ ਅਲੀ ਅਤੇ ਛੇ ਹੋਰ ਕ੍ਰਾਂਤੀਕਾਰੀਆਂ ਉੱਤੇ ਫਿਰੋਜ਼ਪੁਰ ਦੀ ਸੈਸ਼ਨ ਅਦਾਲਤ ਵਿੱਚ ਪਹਿਲੇ ਲਾਹੌਰ ਸਾਜ਼ਿਸ਼ ਹੇਠ ਮੁਕੱਦਮਾ ਚਲਾਇਆ ਗਿਆ। ਮੁਸਲਮਾਨ ਸੀਆਈਡੀ ਵਾਲਿਆਂ ਰਹਿਮਤ ਅਲੀ ‘ਤੇ ਬਹੁਤ ਜ਼ੋਰ ਪਾਇਆ, ਇੱਥੋਂ ਤੱਕ ਵੀ ਕਿਹਾ ਕਿ ਤੁਸੀਂ ਕਾਫਰਾਂ ਦਾ ਸਾਥ ਦੇ ਰਹੇ ਹੋ ਤੇ ਮੁਸਲਮਾਨਾਂ ਨੂੰ ਬਦਨਾਮ ਕਰ ਰਹੇ ਹੋ, ਇਸ ਲਈ ਜਹੱਨਮ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਥਾਂ ਨਹੀਂ ਮਿਲੇਗੀ, ਪਰ ਰਹਿਮਤ ਅਲੀ ਨੇ ਸਦਾ ਇਹੀ ਉੱਤਰ ਦਿੱਤਾ: “ਕਾਫ਼ਰ ਉਹ ਨਹੀਂ ਜੋ ਲੋਕਾਈ ਤੇ ਮੁਲਕ ਦੀ ਆਜ਼ਾਦੀ ਲਈ ਜਹਾਦ ਕਰ ਰਹੇ ਹਨ; ਕਾਫ਼ਰ ਤਾਂ ਤੁਸੀਂ ਹੋ ਜੋ ਚੰਦ ਟੁਕੜਿਆਂ ਦੀ ਖ਼ਾਤਰ ਈਮਾਨ ਵੇਚ ਰਹੇ ਹੋ।”

ਸੈਸ਼ਨ ਅਦਾਲਤ ਨੇ ਬਿਜਲੀ ਦੀ ਰਫ਼ਤਾਰ ਨਾਲ ਮੁਕੱਦਮੇ ਦੀ ਕਾਰਵਾਈ ਮੁਕਾ ਕੇ ਫਾਂਸੀ ਦੀ ਸਜ਼ਾ ਸੁਣਾਈ ਅਤੇ ਅਖ਼ੀਰ 25 ਮਾਰਚ 1915 ਨੂੰ ਇਹ ਅਣਖੀ ਯੋਧਾ ਆਪਣੇ ਮੂੰਹ ‘ਤੇ ਕਾਲੇ ਰੰਗ ਦਾ ਮੌਤ-ਮਖੌਟਾ ਪਾਈ ਜਾਂਦੇ ਸਮੇਂ ਬੁਲੰਦ ਨਾਅਰਿਆਂ ਨਾਲ ਸਾਹੀਵਾਲ ਜੇਲ੍ਹ ਮਿੰਟਗੁਮਰੀ ਵਿੱਚ ਫਾਂਸੀ ਦੇ ਰੱਸੇ ‘ਤੇ ਝੂਲ ਗਿਆ।

************

ਗ਼ਦਰੀ ਸ਼ਹੀਦ ਰਹਿਮਤ ਅਲੀ ਵਜ਼ੀਦਕੇ ਦਾ ਪਰਿਵਾਰ 1947 ਦੀ ਵੰਡ ਮੌਕੇ ਹਿਜਰਤ ਕਰ ਕੇ ਲਹੌਰ ਨੇੜੇ ਪਿੰਡ ਸੁਲਤਾਨ ਕੇ ਜਾ ਵਸਿਆ ਸੀ ਅਤੇ ਉਨ੍ਹਾਂ ਦੀ ਪਤਨੀ ਪਾਕਿਸਤਾਨ ਜਾਂਦਿਆਂ ਰਸਤੇ ਵਿਚ ਹੀ ਦਮ ਤੋੜ ਗਈ ਸੀ। ਸ਼ਹੀਦ ਰਹਿਮਤ ਅਲੀ ਦਾ ਇਕਲੌਤਾ ਪੁੱਤਰ ਫਤਿਹ ਸ਼ਾਹ ਜਨਵਰੀ 1992 ਵਿਚ ਸਵਰਗਵਾਸ ਹੋ ਗਿਆ। ਇਸ ਵੇਲੇ ਫ਼ਤਿਹ ਸ਼ਾਹ ਦੇ ਦੋਵੇਂ ਪੁੱਤਰ ਸ਼ਬੀਰ ਅਹਿਮਦ ਤੇ ਨਦੀਮ ਅਹਿਮਦ ਪਿੰਡ ਸੁਲਤਾਨ ਕੇ (ਪਾਕਿਸਤਾਨ) ਵਿਖੇ ਆਪਣੇ ਪਰਿਵਾਰਾਂ ਸਮੇਤ ਸਾਧਾਰਨ ਜੀਵਨ ਬਸਰ ਕਰ ਰਹੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES