Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉੱਘੇ ਸਿੱਖ ਐਕਟੀਵਿਸਟ ਸ. ਸੁਖਮਿੰਦਰ ਸਿੰਘ ਹੰਸਰਾ

ਸਿੱਖਾਂ ਪ੍ਰਤੀ ਨਫਰਤ ਫੈਲਾਉਂਦੀ ਹੈ ਕੈਨੇਡਾ ਸਰਕਾਰ ਦੀ ਪਬਲਿਕ ਸੇਫਟੀ ਰਿਪੋਰਟ

Posted on March 21st, 2019


ਕੈਨੇਡਾ ਵਿੱਚ ਸਿੱਖਾਂ 'ਤੇ ਨਿਊਜੀਲੈਂਡ ਵਾਂਗ ਹੋ ਸਕਦੇ ਹਨ ਨਸਲੀ ਹਮਲੇ 

ਮਾਂਟਰੀਅਲ (ਚੜ੍ਹਦੀ ਕਲਾ ਬਿਊਰੋ) ਕੈਨੇਡਾ ਸਰਕਾਰ ਵੱਲੋਂ ਸਾਲ 2018 ਦੇ ਅਖੀਰ ਵਿੱਚ ਪ੍ਰਕਾਸ਼ਿਤ ਕੀਤੀ ਪਬਲਿਕ ਸੇਫਟੀ ਰਿਪੋਰਟ ਨਿਊਜ਼ੀਲੈਂਡ ਵਿੱਚ ਵਾਪਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਕ ਵਾਰ ਫੇਰ ਕੈਨੇਡੀਅਨ ਸਿੱਖਾਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।

ਯਾਦ ਰਹੇ ਕਿ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਰਿਪੋਰਟ ਅੰਦਰ ਸਿੱਖਾਂ ਨੂੰ ਬਿਨਾ ਕਿਸੇ ਸਬੂਤ ਤੋਂ ਸੰਭਾਵੀ ਅੱਤਵਾਦੀ ਖ਼ਤਰੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਅਤੇ ਉੱਘੇ ਸਿੱਖ ਐਕਟੀਵਿਸਟ ਸ. ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਲਈ ਕਿਹਾ ਹੈ। ਹੰਸਰਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸਿੱਖਾਂ ਵੱਲੋਂ ਪਬਲਿਕ ਸੇਫ਼ਟੀ ਮੰਤਰੀ ਰਾਲਫ ਗੂਡੇਲ ਨੂੰ ਪੱਤਰ ਲਿਖੇ ਜਾਣ ਅਤੇ ਮੰਤਰੀ ਵੱਲੋਂ ਸਿੱਖ ਨੁਮਾਇੰਦਿਅਾਂ ਨੂੰ ਇਸ ਰਿਪੋਰਟ 'ਤੇ ਮੁੜ ਨਜ਼ਰਸਾਨੀ ਕੀਤੇ ਜਾਣ ਦੇ ਦਿੱਤੇ ਗਏ ਭਰੋਸਿਆਂ  ਦੇ ਬਾਵਜੂਦ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਢੁੱਕਵੀ ਕਾਰਵਾਈ ਨਹੀਂ ਕੀਤੀ ਗਈ।

ਹੰਸਰਾ ਨੇ ਕਿਹਾ ਕਿ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਅਜਿਹੀਆਂ ਤੱਥਹੀਣ ਅਤੇ ਸਿਆਸੀ ਮੰਤਵ ਨਾਲ ਘੜੀਆਂ ਰਿਪੋਰਟਾਂ ਸਮਾਜ ਵਿੱਚ ਬੇਭਰੋਸਗੀ, ਅਸਹਿਣਸ਼ੀਲਤਾ ਅਤੇ ਨਫਰਤ ਦਾ ਪੈਦਾ ਕਰਦੀਆਂ ਹਨ, ਜਿਸ ਦਾ ਸਿੱਟਾ ਨਿਊਜੀਲੈਂਡ ਜਿਹੇ ਅੱਤਵਾਦੀ ਹਾਦਸਿਆਂ ਵਜੋਂ ਨਿਕਲਦਾ ਹੈ। ਹੰਸਰਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਕੀਤੀ ਗਈ ਪ੍ਰਕਾਸ਼ਤ ਪਬਲਿਕ ਸੇਫਟੀ ਰਿਪੋਰਟ ਇੰਮੀਗਰਾਂਟ ਭਾਈਚਾਰਿਆਂ ਖਿਲਾਫ ਨਫਰਤ ਪੈਦਾ ਕਰਦੀ ਹੈ। ਇਸ ਰਿਪੋਰਟ ਵਿੱਚ ਵਿਸ਼ੇਸ਼ ਤੌਰ 'ਤੇ ਸਿੱਖ, ਸੁੰਨੀ ਅਤੇ ਸ਼ੀਆ ਦਾ ਕੀਤਾ ਜ਼ਿਕਰ ਇਨ੍ਹਾਂ ਕਮਿਊਨਟੀਜ਼ ਨੂੰ ਗੋਰੇ ਅੱਤਵਾਦੀਆਂ ਦੇ ਗੁੱਸੇ ਨੂੰ ਪੱਖਾ ਝੱਲਣ ਦਾ ਕੰਮ ਕਰ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸਿੱਖ ਇੱਕ ਅਮਨ ਪਸੰਦ ਕੌਮ ਹੈ ਅਤੇ ਕਦੇ ਵੀ ਅੱਤਵਾਦ ਜਿਹੇ ਘਿਨਾਉਣੇ ਕੰਮਾਂ ਵਿੱਚ ਇਸ ਦੀ ਸ਼ਮੂਲੀਅਤ ਨਹੀਂ ਰਹੀ ਅਤੇ ਕੈਨੇਡਾ ਵਿੱਚ ਵੀ ਕਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਅਮਨ ਪਸੰਦ ਤਰੀਕੇ ਨਾਲ ਸਿੱਖ ਹੋਮਲੈਂਡ ਖਾਲਿਸਤਾਨ ਦੀ ਵਕਾਲਤ ਕਰਦੀ ਆ ਰਹੀ ਹੈ।

ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਿਊਜੀਲੈਂਡ ਵਿਖੇ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੇ ਇਸ ਰਿਪੋਰਟ ਨੂੰ ਪਹਿਲਾਂ ਨਾਲ਼ੋਂ ਵੱਧ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਇਥੇ ਵਰਨਣਯੋਗ ਹੈ ਕਿ ਅਪਰੈਲ ਅਤੇ ਮਈ ਦੇ ਮਹੀਨੇ ਕੈਨੇਡਾ ਦੇ ਹਰ ਵੱਡੇ-ਛੋਟੇ ਸ਼ਹਿਰ ਵਿੱਚ ਨਗਰ ਕੀਰਤਨ ਹੋਣੇ ਹਨ ਅਤੇ ਕਿਸੇ ਸਿਰਫਿਰੇ ਵਲੋਂ ਇਨ੍ਹਾਂ ਨਗਰ ਕੀਰਤਨਾਂ ਦੌਰਾਨ ਕੋਈ ਅਜਿਹੀ ਕੋਝੀ ਹਰਕਤ ਕਰਨ ਦੇ ਖਦਸ਼ੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਗਰ ਕੋਈ ਵੀ ਘਟਨਾ ਵਾਪਰਦੀ ਜਾਂ ਵਾਪਰਨ ਦਾ ਮਾਹੌਲ ਪੈਦਾ ਹੁੰਦਾ ਹੈ ਤਾਂ ਕੈਨੇਡਾ ਸਰਕਾਰ ਦੀ ਭਾਰਤ ਸਰਕਾਰ ਦਾ ਅਸਰ ਕਬੂਲਦਿਆਂ ਰਿਪੋਰਟ ਪ੍ਰਕਾਸ਼ਤ ਕਰਨ ਦੀ ਘਟੀਆ ਹਰਕਤ ਅਤੇ ਕੁੱਝ ਚੋਣਵੇਂ ਮੀਡੀਏ ਵਲੋਂ ਸਿੱਖਾਂ ਖਿਲਾਫ ਉਗਲੀ ਜ਼ਹਿਰ ਇਸਦੀ ਜ਼ਿੰਮੇਵਾਰ ਹੋਵੇਗੀ।

ਭਾਈਚਾਰੇ ਵਿੱਚ ਇਸ ਵਿਚਾਰ ਵੀ ਪ੍ਰਬਲ ਹਨ ਕਿ ਜੇਕਰ ਸਰਕਾਰ ਨੇ ਇਸ ਰਿਪੋਰਟ ਵਿੱਚੋਂ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਪੈਰਾਗ੍ਰਾਫ਼ ਨੂੰ ਨਾ ਕੱਢਿਆ ਗਿਆ ਤਾਂ ਕੈਨੇਡਾ ਸਰਕਾਰ ਨੂੰ ਕਨੂੰਨੀ ਚੁਣੌਤੀਆਂ ਤੋਂ ਇਲਾਵਾ ਲਿਬਰਲ ਪਾਰਟੀ ਨੂੰ ਅਗਾਮੀ ਚੋਣਾਂ ਵਿੱਚ ਰਾਜਨੀਤਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਇਸ ਮਾਮਲੇ 'ਚ ਟਰੂਡੋ ਸਰਕਾਰ 'ਚ ਬੈਠੇ ਸਿੱਖ ਨੁਮਾਇੰਦਿਆਂ ਦੀ ਢੀਠਤਾਈ ਭਰਪੂਰ ਚੁੱਪ ਨੂੰ ਲੋਕ ਗਹੁ ਨਾਲ ਵਾਚ ਰਹੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES