Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਥਿਤ ਮੁੱਖ ਹਮਲਾਵਰ ਆਸਟ੍ਰੇਲੀਆਈ ਗੋਰਾ ਨੌਜਵਾਨ ਬ੍ਰੇਂਟਨ ਟੈਰੇਂਟ 

ਨਿਊਜ਼ੀਲੈਂਡ 'ਚ ਗੋਰੇ ਅੱਤਵਾਦੀ ਵਲੋਂ ਮਸਜਿਦ 'ਤੇ ਹਮਲਾ, 49 ਮੌਤਾਂ, 27 ਜ਼ਖਮੀ

Posted on March 15th, 2019


ਕਰਾਈਸਟਚਰਚ, ਨਿਊਜ਼ੀਲੈਂਡ (ਅਕਾਲ ਗਾਰਡੀਅਨ ਬਿਊਰੋ) - ਨਿਊਜੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਵਿੱਚ ਗੋਲੀਬਾਰੀ ਕਾਰਨ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਜਦਕਿ 27 ਲੋਕ ਜਖਮੀ ਹੋ ਗਏ ਹਨ। ਨਿਊਜ਼ੀਲੈਂਡ ਪੁਲਿਸ ਮੁਤਾਬਿਕ ਮੁੱਖ ਹਮਲਾਵਰ ਆਸਟ੍ਰੇਲੀਆਈ ਗੋਰਾ ਨੌਜਵਾਨ ਬ੍ਰੇਂਟਨ ਟੈਰੇਂਟ ਸੀ। ਉਸਨੇ ਮਸਜਿਦ ਵਿੱਚ ਵੜਨ ਤੋਂ ਪਹਿਲਾਂ ਹੀ ਫੇਸਬੁੱਕ ਉੱਤੇ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ ਸੀ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ 'ਚ ਦਿਸ ਰਿਹਾ ਹੈ ਕਿ ਕਿਵੇਂ ਹਮਲਾਵਰ ਮਸਜਿਦ ਅੰਦਰ ਵੜ ਕੇ ਲੋਕਾਂ ਉੱਤੇ ਬੇਤਰਸ ਹੋ ਕੇ ਗੋਲ਼ੀਆਂ ਦਾ ਮੀਂਹ ਵਰਸਾ ਰਿਹਾ ਹੈ।

ਗੋਲੀਬਾਰੀ ਤੋਂ ਬਆਦ ਹਮਲਾਵਰ ਨੇ ਵਾਪਸ ਆਪਣੀ ਕਾਰ ਵਿੱਚ ਬੈਠ ਕੇ ਲੋਕਾਂ ਨੂੰ ਆਸਾਨੀ ਨਾਲ ਮਾਰਨ ਬਾਰੇ ਵੀ ਗੱਲ ਕੀਤੀ। ਰਿਪੋਰਟਾਂ ਮੁਤਾਬਿਕ 28 ਸਾਲ ਦੇ ਬ੍ਰੇਂਟਨ ਨੇ ਆਪਣੇ ਖਤਰਨਾਕ ਮਨਸੂਬੇ ਵਾਲਾ 37 ਪੰਨਿਆਂ ਦਾ ਇੱਕ ਮੈਨੀਫੈਸਟੋ ਵੀ ਲਿਖਿਆ ਸੀ। 'ਵਾਈਟ ਸੁਪਰਮੇਸੀ' ਸੋਚ ਨਾਲ ਸਬੰਧਿਤ ਇਹ ਨੌਜਵਾਨ ਮੁਸਲਮਾਨਾਂ ਨੂੰ ਅੰਤਾਂ ਦੀ ਨਫਰਤ ਕਰਦਾ ਸੀ।

ਅਲ ਨੂਰ ਮਸਜਿਦ 'ਤੇ ਹਮਲੇ ਤੋਂ ਕੁਝ ਦੇਰ ਬਾਅਦ ਸ਼ਹਿਰ ਦੀ ਇੱਕ ਹੋਰ ਮਸਜਿਦ 'ਤੇ ਵੀ ਹਮਲਾ ਹੋਇਆ। ਚਸ਼ਮਦੀਦ ਸਈਅਦ ਅਹਿਮਦ ਨੇ ਦੱਸਿਆ ਕਿ ਗੋਲੀਆਂ ਚਲਾਉਣ ਵੇਲੇ ਉਹ ਸ਼ਖਸ ਕੁਝ ਚੀਖ ਰਿਹਾ ਸੀ। 

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਹਮਲਾਵਰਾਂ ਨੂੰ 'ਅਤਿ ਸੱਜੇਪੱਖੀ ਅੱਤਵਾਦੀ' ਦੱਸਿਆ ਹੈ। ਉਨ੍ਹਾਂ ਨੇ ਕਿਹਾ, 'ਇਹ ਘਟਨਾ ਸਾਨੂੰ ਦੱਸਦੀ ਹੈ ਕਿ ਮਾੜੇ ਲੋਕ ਹਮੇਸ਼ਾ ਸਾਡੇ ਵਿੱਚ ਮੌਜੂਦ ਰਹਿੰਦੇ ਹਨ ਅਤੇ ਉਹ ਕਦੇ ਵੀ ਅਜਿਹੇ ਹਮਲੇ ਕਰ ਸਕਦੇ ਹਨ।'' ਦੇਸ਼ ਨੂੰ ਸੰਬੋਧਨ ਕਰਦੇ ਹੋਏ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਕਿਹਾ, ''ਇਹ ਨਿਊਜ਼ੀਲੈਂਡ ਦੇ ਸਭ ਤੋਂ ਕਾਲ਼ੇ ਦਿਨਾਂ ਵਿੱਚੋਂ ਇੱਕ ਹੈ। ਅਜਿਹੀ ਘਟਨਾ ਨਿਊਜ਼ੀਲੈਂਡ ਵਿੱਚ ਕਦੇ ਨਹੀਂ ਹੋਈ। ਇਸ ਹਿੰਸਾ ਦੀ ਘਟਨਾ ਵਿੱਚ ਪਰਵਾਸੀ ਜਾਂ ਸ਼ਰਨਾਰਥੀ ਲੋਕ ਵੱਧ ਪ੍ਰਭਾਵਿਤ ਹੋਏ ਹੋਣਗੇ, ਜਿਨ੍ਹਾਂ ਨੇ ਨਿਊਜ਼ੀਲੈਂਡ ਨੂੰ ਆਪਣਾ ਘਰ ਮੰਨਿਆ ਹੈ। ਨਿਊਜ਼ੀਲੈਂਡ ਉਨ੍ਹਾਂ ਦਾ ਘਰ ਹੈ। ਇਸ ਹਿੰਸਾ ਦੀ ਘਟਨਾ ਨੂੰ ਜਿਸ ਸ਼ਖਸ ਨੇ ਅੰਜਾਮ ਦਿੱਤਾ ਹੈ, ਉਸ ਲਈ ਨਿਊਜ਼ੀਲੈਂਡ ਵਿੱਚ ਕੋਈ ਥਾਂ ਨਹੀਂ ਹੈ।''

ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਚਾਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਮਰਦ ਅਤੇ ਇੱਕ ਔਰਤ ਸ਼ਾਮਲ ਹਨ। ਮੋਹਨ ਇਬਰਾਹੀਮ ਨਾਂ ਦੇ ਵਿਅਕਤੀ ਨੇ ਇੱਕ ਸਥਾਨਕ ਅਖ਼ਬਾਰ ਨੂੰ ਦੱਸਿਆ, ''ਪਹਿਲਾਂ ਸਾਨੂੰ ਲੱਗਿਆ ਕਿ ਕੋਈ ਬਿਜਲੀ ਦਾ ਝਟਕਾ ਹੈ ਪਰ ਫਿਰ ਲੋਕ ਭੱਜਣ ਲੱਗੇ। ਮੇਰੇ ਕੁਝ ਦੋਸਤ ਅਜੇ ਵੀ ਅੰਦਰ ਹੀ ਹਨ।''

ਨਿਊਜ਼ੀਲੈਂਡ ਜਿਸ ਨੂੰ ਸਭ ਤੋਂ ਸ਼ਾਂਤਮਈ ਦੇਸ਼ ਮੰਨਿਆਂ ਜਾਂਦਾ ਸੀ, ਉੱਥੇ ਅਜਿਹੀ ਘਟਨਾ ਦਾ ਵਾਪਰ ਜਾਣਾ ਦੁਖਦਾਈ ਵਰਤਾਰਾ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇ ਬੰਗਲਾਦੇਸ਼ ਦੀ ਕ੍ਰਿਕੇਟ ਟੀਮ ਮਸਜਿਦ ਅੱਗੇ ਪਹੁੰਚੀ ਹੀ ਸੀ, ਜਿਨ੍ਹਾਂ ਦਾ ਪ੍ਰੋਗਰਾਮ ਮਸਜਿਦ ਵਿੱਚ ਜਾ ਕੇ ਨਮਾਜ ਅਦਾ ਕਰਨ ਦਾ ਸੀ ਕਿ ਘਟਨਾ ਵਾਪਰ ਗਈ। ਜੇਕਰ ਇਹ ਟੀਮ ਥੋੜਾ ਚਿਰ ਪਹਿਲਾ ਆ ਜਾਂਦੀ ਤਾਂ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਸਕਦੀ ਸੀ ।

ਇਹ ਹਮਲਾ ਉਸ ਪ੍ਰਾਪੇਗੰਡੇ ਦੀ ਹੀ ਦੇਣ ਹੈ, ਜਿਸ ਰਾਹੀਂ ਗੋਰਿਆਂ ਦੇ ਮਨਾਂ 'ਚ ਆਲਮੀ ਪੱਧਰ 'ਤੇ ਸਭ ਮੁਸਲਮਾਨਾਂ ਖਿਲਾਫ਼ ਜ਼ਹਿਰ ਭਰਿਆ ਜਾਂਦਾ ਹੈ। ਨਫ਼ਰਤੀ ਪ੍ਰਚਾਰ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੁੰਦੇ ਹਨ। ਪੱਛਮੀ ਮੁਲਕਾਂ 'ਚ ਗੋਰਿਆਂ ਵਲੋਂ ਕੀਤੇ ਜਾਂਦੇ ਅਜਿਹੇ ਹਮਲਿਆਂ ਨੂੰ ਆਮ ਤੌਰ 'ਤੇ ਮਾਨਸਿਕ ਰੋਗ (ਮੈਂਟਲ ਸਿਕਨਿਸ) 'ਚ ਤਬਦੀਲ ਕਰ ਦਿੱਤਾ ਜਾਂਦਾ ਹੈ ਜਦਕਿ ਇਹ ਮਾਨਸਿਕ ਰੋਗ ਨਹੀਂ, ਅੱਤਵਾਦ ਹੀ ਹੈ। ਅੱਤਵਾਦ ਦਾ ਕੋਈ ਰੰਗ, ਧਰਮ, ਭਾਸ਼ਾ ਤੇ ਪਹਿਰਾਵਾ ਨਹੀਂ ਹੁੰਦੀ, ਅੱਤਵਾਦ ਅੱਤਵਾਦ ਹੀ ਹੁੰਦਾ ਹੈ। ਇਹ ਗੱਲ ਸਭ ਨੂੰ ਮੰਨਣੀ ਪੈਣੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES