Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੈਂਗ ਹਿੰਸਾ ਦੀ ਰੋਕਥਾਮ: ਫੈਡਰਲ ਸਰਕਾਰ ਵਲੋਂ ਬੀ. ਸੀ. ਨਾਲ ਵਿਤਕਰਾ ਜਾਰੀ

Posted on March 15th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਫੈਡਰਲ ਸਰਕਾਰ ਵਲੋਂ ਗੈਂਗ ਹਿੰਸਾ ਦੀ ਰੋਕਥਾਮ ਲਈ ਦਿੱਤੀ ਜਾ ਰਹੀ ਫੰਡਿੰਗ ਮੌਕੇ ਬੀ. ਸੀ. ਨਾਲ ਵਿਤਕਰਾ ਜਾਰੀ ਹੈ ਅਤੇ ਸਥਾਨਕ ਐਮ. ਪੀ. ਸਾਹਿਬਾਨ ਇਸ ਬਾਰੇ ਜ਼ੁਬਾਨ ਨਹੀਂ ਖੋਲ੍ਹ ਰਹੇ। ਜਨਤਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੇ 11 ਮਾਰਚ ਨੂੰ ਆਪਣੇ ਜੱਦੀ ਸੂਬੇ ਸਸਕੈਚਵਨ ਲਈ ਇਸ ਮਸਲੇ ਵਾਸਤੇ 12 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ, ਜਿੱਥੇ ਕਿ ਗੈਂਗ ਹਿੰਸਾ ਇੰਨਾ ਵੱਡਾ ਮੁੱਦਾ ਨਹੀਂ ਜਦੋਂ ਕਿ ਬੀ. ਸੀ. ਨੂੰ 5 ਮਿਲੀਅਨ ਅਤੇ ਸਰੀ ਨੂੰ ਸਿਰਫ 7.5 ਮਿਲੀਅਨ ਡਾਲਰ ਦਿੱਤੇ ਗਏ ਸਨ। ਇਸੇ ਤਰਾਂ ਦੋ ਦਿਨ ਪਹਿਲਾਂ ਓਂਟਾਰੀਓ ਵਿੱਚ ਇਸ ਕਾਰਜ ਲਈ 65 ਮਿਲੀਅਨ ਡਾਲਰ ਦੇਣ ਦਾ ਐਲਾਨ ਮੰਤਰੀ ਬਿਲ ਬਲੇਅਰ ਨੇ ਕੀਤਾ ਹੈ ਜਦਕਿ ਗੈਂਗ ਹਿੰਸਾ ਸਭ ਤੋਂ ਵੱਧ ਬੀ. ਸੀ. ਵਿੱਚ ਹੈ। 

ਸਰੀ ਨੇ ਗੈਂਗ ਹਿੰਸਾ ਨਾਲ ਲੜਾਈ ਵਿੱਚ ਮਦਦ ਲਈ 32.6 ਮਿਲੀਅਨ ਡਾਲਰ ਦੀ ਬੇਨਤੀ ਕੀਤੀ ਸੀ ਪਰ ਕੇਵਲ 7.5 ਮਿਲੀਅਨ ਡਾਲਰ ਦੇ ਕੇ ਸਾਰ ਦਿੱਤਾ ਗਿਆ। ਦੂਜੇ ਪਾਸੇ ਐਬਟਸਫੋਰਡ 'ਚ ਇੰਨੇ ਕਤਲ ਹੋ ਚੁੱਕੇ ਹਨ ਪਰ ਕੈਨੇਡਾ ਸਰਕਾਰ ਵਲੋਂ ਹਾਲੇ ਤੱਕ ਉੱਥੇ ਇੱਕ ਪੈਨੀ ਵੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਵੰਬਰ 17, 2017 ਨੂੰ ਪਬਲਿਕ ਸੇਫਟੀ ਮੰਤਰੀ ਰਾਲਫ਼ ਗੁਡੇਲ ਨੇ ਸਰੀ 'ਚ ਹੀ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ ਗੈਂਗ ਹਿੰਸਾ ਦੀ ਰੋਕਥਾਮ ਲਈ 5 ਸਾਲਾਂ ਵਿੱਚ 327.6 ਮਿਲੀਅਨ ਡਾਲਰ ਖਰਚ ਕਰੇਗੀ ਪਰ ਹੁਣ ਫੰਡਿੰਗ ਵੋਟਾਂ ਦੇਖ ਕੇ ਦਿੱਤੀ ਜਾ ਰਹੀ ਹੈ, ਲੋੜ ਵੇਖ ਕੇ ਨਹੀਂ। ਮਾਪਿਆਂ ਦੀ ਜਥੇਬੰਦੀ 'ਵੇਕਅੱਪ ਸਰੀ' ਵਲੋਂ ਫੰਡਿੰਗ ਸਬੰਧੀ ਦੇਰੀ ਅਤੇ ਵਿਤਕਰੇ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਂਦਾ ਰਿਹਾ ਹੈ। 

'ਵੇਕਅੱਪ ਸਰੀ' ਦਾ ਮੰਨਣਾ ਹੈ ਕਿ ਇਹ ਵਿਤਕਰੇ ਵਾਲੀ ਗੱਲ ਹੈ ਅਤੇ ਜਿੱਥੇ ਵੋਟਾਂ ਵੱਧ ਹਨ, ਉਸ ਖਿੱਤੇ ਦੇ ਲੋਕਾਂ ਨੂੰ ਭਰਮਾਉਣ ਵਾਲੀ ਗੱਲ ਹੈ। ਚਾਹੀਦਾ ਇਹ ਹੈ ਕਿ ਜਿੱਥੇ ਗੈਂਗ ਹਿੰਸਾ ਵੱਧ ਹੈ, ਉੱਥੇ ਫੰਡਿੰਗ ਵੀ ਵੱਧ ਦਿੱਤੀ ਜਾਵੇ। ਇਸ ਮਸਲੇ 'ਤੇ ਸਾਡੇ ਸਥਾਨਕ ਐਮ. ਪੀਜ਼ ਦੀ ਚੁੱਪ ਹੋਰ ਵੀ ਚਿੰਤਾਜਨਕ ਹੈ।

ਸਰੀ-ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਜਦੋਂ ਇਸ ਮੁੱਦੇ ਨਾਲ ਨਜਿੱਠਣ ਲਈ ਸਮਾਜਿਕ ਪ੍ਰੋਗਰਾਮਾਂ ਲਈ ਢੁਕਵੀਂ ਫੰਡਿੰਗ ਦੀ ਗੱਲ ਆਉਂਦੀ ਹੈ ਤਾਂ ਸਰੀ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾਂਦਾ ਹੈ? ਸਰੀ ਅਜੇ ਵੀ ਪਰੇਸ਼ਾਨ ਹੈ ਕਿਉਂਕਿ ਫੈਡਰਲ ਸਰਕਾਰ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਭਾਵੇਂ ਕਿ ਗੈਂਗ ਹਿੰਸਾ ਸਰੀ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਪਰ ਇਸ ਸਬੰਧੀ ਕਈ ਅਪੀਲਾਂ ਕਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰੀ ਨੂੰ  ਗੈਂਗ ਹਿੰਸਾ ਨਾਲ ਲੜਨ ਲਈ ਤੁਰੰਤ ਜ਼ਿਆਦਾ ਪੈਸਾ ਚਾਹੀਦਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES