Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਨਾਲ ਦੀਪਕ ਸ਼ਰਮਾ

ਭਾਰਤੀ ਕੌਂਸਲੇਟ ਦੀ 'ਹਿੱਕ ਦਾ ਵਾਲ਼' ਦੀਪਕ ਸ਼ਰਮਾ ਛੇੜਛਾੜ ਦੇ ਗੰਭੀਰ ਦੋਸ਼ਾਂ ਅਧੀਨ ਗ੍ਰਿਫਤਾਰ

Posted on March 15th, 2019


ਐਬਟਸਫੋਰਡ (ਗੁਰਵਿੰਦਰ ਸਿੰਘ ਧਾਲੀਵਾਲ)- ਇੰਡੀਆ-ਕੈਨੇਡਾ ਐਸੋਸੀਏਸ਼ਨ ਬੀਸੀ ਦਾ ਪ੍ਰਧਾਨ ਅਤੇ ਫਰੇਜ਼ਰ ਵੈਲੀ ਹਿੰਦੂ ਮੰਦਰ ਦਾ ਮੁੱਖ ਪ੍ਰਬੰਧਕ 60 ਸਾਲਾ ਦੀਪਕ ਸ਼ਰਮਾ, ਇੱਕ ਔਰਤ ਨਾਲ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਵੈਸਟ ਵੈਨਕੂਵਰ ਪੁਲਿਸ ਵਿਭਾਗ ਦੇ ਬੁਲਾਰੇ ਕਾਂਸਟੇਬਲ ਜੈਫ ਪਾਮਰ ਅਨੁਸਾਰ ਦੀਪਕ ਸ਼ਰਮਾ ਨੂੰ ਆਪਣੀ ਟੈਕਸੀ ਵਿੱਚ ਸਵਾਰ ਇੱਕ ਔਰਤ ਨਾਲ ਜ਼ਬਰਦਸਤੀ ਅਤੇ ਜਿਸਮਾਨੀ ਛੇੜ-ਛਾੜ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਿਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਮਗਰੋਂ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ ਸੁਸਾਇਟੀ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸ਼ਰਮਾ ਨੇ ਮੰਨਿਆ ਹੈ ਕਿ ਉਸ 'ਤੇ ਛੇੜਛਾੜ ਦੇ ਚਾਰਜ ਲੱਗੇ ਹਨ, ਪਰ ਉਸ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ 'ਚ ਟੈਕਸੀ ਪਰਮਿਟ ਵੀ ਵਾਪਸ ਲੈ ਲਿਆ ਗਿਆ ਹੈ। 

ਛੇੜ-ਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਦੀਪਕ ਸ਼ਰਮਾ ਵੈਨਕੂਵਰ ਦੇ ਭਾਰਤੀ ਕੌਂਸਲਖਾਨੇ 'ਚ ਕਾਫੀ ਅਸਰ-ਰਸੂਖ ਰੱਖਦਾ ਹੈ ਅਤੇ ਉਸ 'ਤੇ ਬਹੁਤ ਸਾਰੇ ਲੋਕਾਂ ਵਲੋਂ ਭਾਰਤੀ ਵੀਜ਼ੇ ਰੁਕਵਾਉਣ ਅਤੇ ਉਨ੍ਹਾਂ ਦੇ ਨਾਂ ਕਾਲੀਆਂ ਸੂਚੀਆਂ 'ਚ ਪਵਾਉਣ ਦੇ ਦੋਸ਼ ਲੱਗ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਦੀਪਕ ਸ਼ਰਮਾ ਖਿਲਾਫ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵਲੋਂ ਚਾਰਜ ਕੀਤਾ ਗਿਆ, ਪ੍ਰੰਤੂ ਉਸ ਨੇ 10 ਫਰਵਰੀ ਨੂੰ ਆਪਣੀ ਸੰਸਥਾ ਇੰਡੀਆ-ਕੈਨੇਡਾ ਐਸੋਸੀਏਸ਼ਨ ਵਲੋਂ ਲੈਂਗਲੀ ਬੈਂਕੁਇਟ ਹਾਲ 'ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿੱਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਮੁੱਖ ਮਹਿਮਾਨ ਸੀ, ਜਦਕਿ ਐਬਸਫੋਰਡ ਦੇ ਵਿਧਾਇਕ ਮਾਈਕਲ ਡੀ ਜੌਂਗ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ 'ਤੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। ਇੱਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ, ਚਾਰਜ ਲੱਗਣ ਤੋਂ ਮਗਰੋਂ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰ ਅਜੇ ਤੱਕ ਉਕਤ ਕਿਸੇ ਵੀ ਨੇਤਾ ਵੱਲੋਂ ਸਬੰਧੀ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। 

ਭਰੋਸੇਯੋਗ ਸੂਤਰਾਂ ਅਨੁਸਾਰ ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਹ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਬੋਲਣ ਵਾਲੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ। ਦੀਪਕ ਸ਼ਰਮਾ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ, ਪਰ ਉਸਦੀ ਇੰਡੀਆ-ਕੈਨੇਡਾ ਐਸੋਸੀਏਸ਼ਨ ਸੰਸਥਾ, ਜਿਸ ਦੇ ਚੇਅਰਮੈਨ ਸਤੀਸ਼ ਕੁਮਾਰ ਅਤੇ ਸਕੱਤਰ ਵਿਨੇ ਸ਼ਰਮਾ ਹਨ, ਵੱਲੋਂ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ। ਉਧਰ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਦੀਪਕ ਸ਼ਰਮਾ ਦੀਆਂ ਨਜ਼ਦੀਕੀਆਂ ਅਤੇ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰ ਕੌਂਸਲਖਾਨੇ ਵੱਲੋਂ ਇਸ ਸਬੰਧੀ ਅਜੇ ਤੱਕ ਇਨਕਾਰ ਨਹੀਂ ਕੀਤਾ ਗਿਆ। 

ਐਬਟਸਫੋਰਡ ਅਤੇ ਵੈਨਕੂਵਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਛੇੜਖਾਨੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੀਪਕ ਸ਼ਰਮਾ ਨੂੰ ਭਾਰਤ ਸਰਕਾਰ ਤੇ ਵੈਨਕੂਵਰ ਕੌਂਸਲਖ਼ਾਨੇ ਰਾਹੀਂ ਮਿਲ ਰਹੇ ਸਮਰਥਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਐਬਟਸਫੋਰਡ ਦੇ ਹਿੰਦੂ ਭਾਈਚਾਰੇ ਦੇ ਆਗੂ ਇਸ ਘਟਨਾ ਨੂੰ ਬੇਹੱਦ ਨਮੋਸ਼ੀਜਨਕ ਦੱਸ ਰਹੇ ਹਨ। ਇਸ ਦੌਰਾਨ ਟੈਕਸੀ ਇੰਡਸਟਰੀ ਨਾਲ ਸਬੰਧਿਤ ਲੋਕਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਨਮੋਸ਼ੀਜਨਕ ਕਰਾਰ ਦਿੰਦਿਆਂ, ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਦਰ ਦੇ ਸਾਬਕਾ ਪ੍ਰਧਾਨ ਦੀਪਕ ਸ਼ਰਮਾ ਦੀ ਅਗਲੀ ਪੇਸ਼ੀ 20 ਮਾਰਚ ਨੂੰ ਹੋਵੇਗੀ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES