Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਰਾਜ : ਪੰਜਾਬ ਦੀ ਗੁੰਮਨਾਮ ਅਤੇ ਆਖ਼ਰੀ ਸ਼ਹਿਜ਼ਾਦੀ

Posted on March 10th, 201910 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇਂ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋਂ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ਬਹੁਤ ਹੀ ਸੰਘਰਸ਼ੀਲ, ਦੁੱਖਭਰੀ ਅਤੇ ਆਪਣੇ ਆਪ 'ਚ ਬਹੁਤ ਦਿਲਚਸਪ ਹੈ। 

ਸ਼ਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ 'ਚ ਹੋਇਆ। ਉਸ ਤੋੰ ਪਹਿਲਾ ਮਹਾਰਾਜਾ ਦਲੀਪ ਸਿੰਘ ਦੇ ਘਰ ਵਿਕਟਰ ਦਲੀਪ ਸਿੰਘ ਅਤੇ ਫੈਡਰਿੱਕ ਦਲੀਪ ਸਿੰਘ ਦਾ ਜਨਮ ਹੋ ਚੁੱਕਿਆ ਸੀ। ਸ਼ਹਿਜ਼ਾਦੀ ਦਾ ਪੂਰਾ ਨਾਮ "ਬੰਬਾ ਸੋਫੀਆ ਜਿੰਦਾ ਦਲੀਪ ਸਿੰਘ" ਰੱਖਿਆ ਗਿਆ ਜਿਹੜਾ ਕਿ ਉਸ ਦੀ ਮਾਂ, ਨਾਨੀ ਅਤੇ ਦਾਦੀ ਦੇ ਨਾਮ ਨੂੰ ਮਿਲਾ ਕੇ ਰੱਖਿਆ ਗਿਆ ਸੀ। ਸ਼ਹਿਜ਼ਾਦੀ ਬੰਬਾ ਦੀ ਛੋਟੀ ਭੈਣ ਸ਼ਹਿਜ਼ਾਦੀ ਸੋਫੀਆ ਵਲੈਤ 'ਚ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਲਈ ਜਾਣੀ ਜਾਂਦੀ ਹੈ। 

ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ਉਹਨਾਂ ਦੀ ਮੌਤ ਤੋੰ ਬਾਅਦ ਵੀ ਸ਼ਹਿਜ਼ਾਦੀ ਬੰਬਾ ਦੇ ਮਨ 'ਚ ਆਪਣੇ ਖੁੱਸੇ ਹੋਏ ਰਾਜ-ਭਾਗ ਅਤੇ ਆਪਣੇ ਸੋਹਣੇ ਦੇਸ ਪੰਜਾਬ ਪ੍ਰਤੀ ਖਿੱਚ ਬਣੀ ਰਹੀ। ਉਸ ਨੇ ਆਪਣੀ ਧਰਤੀ 'ਤੇ ਆਉਣ ਦਾ ਫੈਸਲਾ ਕੀਤਾ ਅਤੇ ਆਪਣੀ ਇੱਕ ਹੰਗਰੀ ਮੂਲ ਦੀ ਸਾਥਣ ਮੈਰੀ ਐਨਟੋਨਿਨਟੇਅ ਨਾਲ ਪੰਜਾਬ ਆ ਗਈ। ਕੁਝ ਚਿਰ ਪਿੱਛੋਂ ਸ਼ਹਿਜ਼ਾਦੀ ਦੀ ਦੋਸਤ ਮੈਰੀ ਨੇ ਇੱਕ ਸਿੱਖ ਉਮਰਾਓ ਸਿੰਘ ਸ਼ੇਰਗਿੱਲ ਨਾਲ ਵਿਆਹ ਕਰਾ ਲਿਆ ਅਤੇ ਉਹ ਵਾਪਸ ਹੰਗਰੀ ਚਲੇ ਗਏ। 

ਪਰ ਸ਼ਹਿਜ਼ਾਦੀ ਬੰਬਾ ਨੇ ਆਪਣੇ ਦਾਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ 'ਚ ਵਸਣ ਦਾ ਫੈਸਲਾ ਕਰ ਲਿਆ। ਉਸ ਨੇ ਮਾਡਨ ਟਾਊਨ ਲਾਹੌਰ 'ਚ ਆਪਣੀ ਰਿਹਾਇਸ਼ ਲਈ ਇੱਕ ਬੰਗਲਾ ਖ਼ਰੀਦਿਆ। ਉਸ ਬੰਗਲੇ ਦਾ ਨਾਮ ਉਸ ਨੇ "ਗੁਲਜ਼ਾਰ" ਰੱਖਿਆ ਅਤੇ ਉਥੇ ਇੱਕ ਕਨਾਲ 'ਚ ਗੁਲਾਬਾਂ ਦਾ ਬਾਗ਼ ਲਗਵਾਇਆ। ਲਾਹੌਰ 'ਚ ਰਹਿੰਦੇ ਹੋਏ 1915 'ਚ ਸ਼ਹਿਜ਼ਾਦੀ ਬੰਬਾ ਦਾ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿਸੀਪਲ ਡਾ: ਡੈਵਿਡ ਵਾਟਰਜ਼ ਸਦਰਲੈਂਡ ਨਾਲ ਵਿਆਹ ਹੋ ਗਿਆ। 

ਮਹਾਰਾਣੀ ਜਿੰਦਾ ਦੀ ਜਿਹੜੀ ਇੱਛਾ ਮਹਾਰਾਜਾ ਦਲੀਪ ਸਿੰਘ ਨਹੀਂ ਪੂਰੀ ਕਰ ਸਕੇ ਸਨ ਉਹ ਉਹਨਾਂ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਨੇ ਪੂਰੀ ਕੀਤੀ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਪੰਜਾਬ ਆਉਣ ਦੀ ਆਗਿਆ ਨਾ ਦਿੱਤੀ ਤਾਂ ਉਹ ਮਹਾਰਾਸ਼ਟਰ 'ਚ ਨਾਸਿਕ ਵਿਖੇ ਮਹਾਰਾਣੀ ਜਿੰਦਾ ਦੀਆਂ ਅਸਥੀਆਂ ਗੋਦਾਵਰੀ ਨਦੀ 'ਚ ਪਾ ਕੇ ਵਾਪਸ ਚਲੇ ਗਏ ਅਤੇ ਉੱਥੇ ਮਹਾਰਾਣੀ ਜਿੰਦਾ ਦੀ ਯਾਦ 'ਚ ਇੱਕ ਸਮਾਧ ਵੀ ਬਣਾਈ ਗਈ। ਪਰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਜਾ ਕੇ ਮਹਾਰਾਣੀ ਜਿੰਦਾ ਦੀ ਸਮਾਧ ਪੱਟੀ ਅਤੇ ਉੱਥੋਂ ਉਹਨਾਂ ਦੀਆਂ ਅਸਥੀਆਂ ਲਿਆ ਕੇ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਚ ਉਹਨਾਂ ਦੇ ਨਾਲ ਦਫ਼ਨਾ ਦਿੱਤੀਆਂ। 

ਸ਼ਹਿਜ਼ਾਦੀ ਬੰਬਾ ਆਪਣੇ ਆਖ਼ਰੀ ਸਾਹ ਤੱਕ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ 'ਚ ਰਹਿੰਦੀ ਰਹੀ। ਉਹ ਲਾਹੌਰ ਦੀਆਂ ਗਲੀਆਂ 'ਚ ਘੁੰਮਦੀ ਹੋਈ ਸੌ ਸਾਲ ਪਿੱਛੇ ਜਾ ਕੇ ਆਪਣੇ ਦਾਦੇ ਸ਼ੇਰੇ ਪੰਜਾਬ ਦੇ ਰਾਜ ਸਮੇਂ ਦੀਆਂ ਹਵਾਵਾਂ ਨੂੰ ਮਹਿਸੂਸ ਕਰਦੀ। ਉਹ ਉਸ ਕਿਲੇ ਨੂੰ ਦੇਖਦੀ ਜਿੱਥੇ ਪੰਜ ਦਰਿਆਵਾਂ ਦਾ ਮਹਾਰਾਜਾ ਆਪਣਾ ਦਰਬਾਰ ਸਜਾਉਂਦਾ ਸੀ। ਉਸ ਨੂੰ ਬਾਦਸ਼ਾਹੀ ਮਸੀਤ 'ਚ ਖਾਲਸਾ ਰਾਜ ਸਮੇਂ ਦੀ ਚਹਿਲ ਪਹਿਲ ਦਿਖਦੀ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੱਲ ਦੇਖ ਅੱਖਾਂ ਭਰ ਲੈਂਦੀ। 

ਸ਼ਹਿਜ਼ਾਦੀ ਦੇ ਪਤੀ ਡਾ: ਸਦਰਲੈਂਡ ਦੀ ਮੌਤ 1939 'ਚ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਉਹ ਇੱਕਲੀ ਹੀ ਲਾਹੌਰ 'ਚ ਇੱਕ ਗੁੰਮਨਾਮ ਵਾਂਗ ਰਹਿੰਦੀ ਰਹੀ। ਉਸ ਸ਼ਹਿਰ'ਚ ਜਿੱਥੇ ਹਲੇ ਕੁਝ ਦਹਾਕੇ ਪਹਿਲਾਂ ਉਸ ਦੇ ਪਰਿਵਾਰ ਦੀ ਬਾਦਸ਼ਾਹਤ ਕਾਇਮ ਸੀ। ਅੰਤ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਵਾਂਗ ਆਪਣੇ ਲੁੱਟੇ ਹੋਏ ਦੇਸ ਪੰਜਾਬ ਨੂੰ ਆਜ਼ਾਦ ਦੇਖਣ ਦੀ ਤਾਂਘ 'ਚ 10 ਮਾਰਚ 1957 ਨੂੰ ਸ਼ਹਿਜਾਦੀ ਬੰਬਾ ਨੇ ਲਾਹੌਰ 'ਚ ਸਰੀਰ ਛੱਡ ਦਿੱਤਾ। ਉਸ ਸਮੇਂ ਇਸ ਖਿੱਤੇ 'ਚ ਭਾਰਤ-ਪਾਕਿਸਤਾਨ ਨਾਮ ਦੇ ਦੋ ਮੁਲਕ ਨਵੇਂ ਬਣਨ ਕਰਨ ਕਾਫ਼ੀ ਤਣਾਅ ਦਾ ਮਾਹੌਲ ਸੀ। ਸਿੱਖ ਲਾਹੌਰ ਛੱਡ ਕੇ ਚੜਦੇ ਪਾਸੇ ਆ ਚੁੱਕੇ ਸਨ। 

ਅਫਸੋਸ ਦੀ ਗੱਲ ਕਿ ਦੋ ਮੁਲਕਾਂ ਦੇ ਕਲੇਸ ਕਾਰਨ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ 'ਚ ਇੱਕ ਵੀ ਸਿੱਖ ਸ਼ਾਮਲ ਨਹੀਂ ਹੋ ਸਕਿਆ। ਸ਼ਹਿਜ਼ਾਦੀ ਬੰਬਾ ਦਾ ਸੰਸਕਾਰ ਵਲੈਤ ਦੀ ਅੰਬੈਸੀ ਵੱਲੋੰ ਲਾਹੌਰ 'ਚ ਗੋਰਾ ਕਬਰਸਥਾਨ 'ਚ ਕੀਤਾ ਗਿਆ, ਜਿਥੇ ਉਸ ਦੀ ਯਾਦਗਾਰ ਮੌਜੂਦ ਹੈ। 

ਭਾਵੇਂ ਸ਼ਹਿਜ਼ਾਦੀ ਬੰਬਾ ਦੇ ਕੋਈ ਸੰਤਾਨ ਤਾਂ ਨਹੀਂ ਸੀ ਪਰ ਉਹ ਆਪਣੇ ਪਿੱਛੇ ਸ਼ਾਹੀ ਪਰਿਵਾਰ ਨਾਲ ਸਬੰਧਤ ਕੀਮਤੀ ਵਿਰਾਸਤ ਛੱਡ ਗਈ, ਜਿਨ੍ਹਾਂ 18 ਲਾਹੌਰ ਦਰਬਾਰ ਨਾਲ ਸਬੰਧਤ ਤੇਲ ਨਾਲ ਬਣਾਏ ਚਿੱਤਰ, 14 ਪਾਣੀ ਵਾਲੇ ਰੰਗਾਂ ਨਾਲ, 12 ਆਈਵੋਰੀ ਚਿੱਤਰ, 17 ਮਹਾਰਾਜੇ ਦੇ ਪਰਿਵਾਰ ਨਾਲ ਸਬੰਧਤ ਤਸਵੀਰਾਂ, 10 ਧਾਂਤ ਦੀਆਂ ਬਣੀਆਂ ਕੀਮਤੀ ਵਸਤਾਂ ਅਤੇ 7 ਹੋਰ ਸ਼ਾਹੀ ਪਰਿਵਾਰ ਨਾਲ ਸਬੰਧਤ ਚੀਜ਼ਾਂ ਸ਼ਾਮਲ ਹਨ। ਇਸ ਵਿਰਾਸਤ ਨੂੰ ਸ਼ਹਿਜ਼ਾਦੀ ਆਪਣੇ ਇੱਕ ਭਰੋਸੇਮੰਦ ਪੀਰ ਕਰੀਮ ਬਖ਼ਸ਼ ਸੁਪਰਾ ਕੋਲ ਰੱਖ ਗਈ। ਬਾਅਦ 'ਚ ਕਰੀਮ ਬਖ਼ਸ਼ ਤੋਂ ਪਾਕਿਸਤਾਨ ਸਰਕਾਰ ਨੇ ਇਹ ਸਭ ਚੀਜ਼ਾਂ ਖ਼ਰੀਦ ਕੇ ਸਾਂਭ ਸੰਭਾਲ ਸਹਿਤ ਸਿੱਖ ਰਾਜ ਨਾਲ ਸਬੰਧਤ ਅਜਾਇਬ ਘਰਾਂ 'ਚ ਰੱਖ ਦਿੱਤੀਆਂ। 

ਭਾਵੇਂ ਕੋਈ ਸਿੱਖ ਇਸ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਾ ਹੋ ਸਕਿਆ ਹੋਵੇ ਪਰ ਅੱਜ 10 ਮਾਰਚ ਦੇ ਦਿਨ ਆਪਣੇ ਖੁੱਸੇ ਰਾਜ ਦੀ ਚਾਹਤ ਰੱਖਣ ਵਾਲੀ ਇਸ ਗੁੰਮਨਾਮ ਸ਼ਹਿਜ਼ਾਦੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਧੁਰ ਅੰਦਰੋਂ ਸਤਿਕਾਰ ਸਹਿਤ ਯਾਦ ਕਰਦੇ ਹਾਂ। 

- ਸਤਵੰਤ ਸਿੰਘ ਗਰੇਵਾਲ 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES