Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੀ ਧਰਤੀ 'ਤੇ ਪੰਜਾਬੀਆਂ ਦਾ ਮੁੱਢ ਕਿਵੇਂ ਬੱਝਿਆ ?

Posted on March 9th, 2019ਗੱਲ ਅੱਜ ਤੋਂ ਇੱਕ ਸੌ ਪੰਦਰਾਂ ਕੁ ਪੁਰਾਣੀ ਜਾਣੀ 1900ਵਿਆਂ ਦੇ ਸ਼ੁਰੂ ਦੇ ਸਾਲਾਂ ਦੀ ਹੈ। ਉਹਨਾਂ ਦਿਨਾਂ ਆਸਟਰੇਲੀਆਂ ਤੋਂ ਵਾਪਸ ਆਏ ਕੁਝ ਸਿੱਖਾਂ ਨਾਲ ਜ਼ਿਲ੍ਹਾ ਲਾਹੌਰ, ਲੁਧਿਆਣਾ, ਪਟਿਆਲਾ, ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਜਲੰਧਰ ਦੇ ਬਹੁਤ ਸਾਰੇ ਨਿਵਾਸੀ ਆਸਟਰੇਲੀਆ ਜਾਣ ਲਈ ਹਾਂਗਕਾਂਗ ਪਹੁੰਚੇ। ਉਹਨਾਂ ਨੂੰ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਆਸਟਰੇਲੀਆ ਏਸ਼ੀਆਈ ਲੋਕਾਂ ਵਾਸਤੇ ਬੰਦ ਹੋ ਗਿਆ ਹੈ। 

ਫਿਰ ਉਹਨਾਂ ਨੂੰ ਜਹਾਜ਼ ਕੰਪਨੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਕੈਨੇਡਾ ਅਤੇ ਅਮਰੀਕਾ ਮਜ਼ਦੂਰਾਂ ਵਾਸਤੇ ਨਵੇਂ ਖੁੱਲੇ ਹਨ। ਆਸਟਰੇਲੀਆ ਤੋਂ ਆਏ ਸਿੱਖ ਥੋੜੀ ਬਹੁਤੀ ਅੰਗਰੇਜ਼ੀ ਬੋਲਣੀ ਜਾਣਦੇ ਸਨ। ਉਹਨਾਂ ਨੇ ਅਮਰੀਕਾ ਦੇ ਵਪਾਰੀਆਂ, ਕੰਪਨੀਆਂ ਦੇ ਏਜੰਟਾਂ ਅਤੇ ਪਾਦਰੀਆਂ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕਾ, ਕੈਨੇਡਾ 'ਚ ਮਜ਼ਦੂਰੀ ਬਹੁਤ ਹੈ, ਘੱਟੋ ਘੱਟ ਪੰਜ ਛੇ ਰੁਪਏ ਦਿਹਾੜੀ ਮਿਲ ਜਾਂਦੀ ਹੈ। ਜਦਕਿ ਫਿਜੀ, ਵੈਸਟ ਇੰਡੀਜ਼ ਅਤੇ ਹੋਰ ਟਾਪੂਆਂ ਤੋਂ ਆਏ ਲੋਕ ਭੁੱਖ-ਦੁੱਖ ਦੀਆਂ ਕਹਾਣੀਆਂ ਹੀ ਸਣਾਉਂਦੇ ਸਨ। 

ਇਹ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਸਿੱਖਾਂ ਨੇ ਕਨੇਡਾ-ਅਮਰੀਕਾ ਵੱਲ ਜਾਣ ਦਾ ਫ਼ੈਸਲਾ ਕਰ ਲਿਆ। ਜਦ ਉਹਨਾਂ ਸਿੱਖਾਂ ਨੇ ਹਾਂਗਕਾਂਗ ਰਹਿੰਦੇ ਹੋਰ ਗੁਰ ਭਾਈਆਂ ਨਾਲ ਸਲਾਹਾਂ ਕੀਤੀਆਂ ਤਾਂ ਉਹ ਵੀ ਜਾਣ ਨੂੰ ਤਿਆਰ ਹੋ ਗਏ। ਕਈਆਂ ਨੇ ਕਿਹਾ ਤੁਸੀਂ ਉਥੇ ਜਾ ਕੇ ਸਾਨੂੰ ਕੰਮ ਵਾਰੇ ਲਿਖਣਾ; ਜੇਕਰ ਸਭ ਕੁਝ ਠੀਕ ਹੋਇਆ ਤਾਂ ਅਸੀਂ ਵੀ ਆ ਜਾਵਾਂਗੇ ਅਤੇ ਜੇਕਰ ਕੰਮ ਨਾ ਮਿਲਿਆ ਤਾਂ ਤੁਹਾਨੂੰ ਵਾਪਸੀ ਦੀਆਂ ਟਿਕਟਾਂ ਭੇਜ ਦਵਾਂਗੇ। 

ਇਸ ਤਰਾਂ ਪਹਿਲੇ ਜੱਥੇ 'ਚ 25-30 ਸਿੰਘ ਜਹਾਜ਼ੇ ਚੜ੍ਹ ਗਏ ਅਤੇ ਜਿੰਨੇ ਗਏ, ਸਾਰੇ ਹੀ ਕਨੇਡਾ ਜਾ ਉਤਰੇ। ਇਹ ਸਾਰੇ ਭਾਵੇਂ ਪਹਿਲਾਂ ਹਾਂਗਕਾਂਗ ਸਮੇਤ ਹੋਰ ਟਾਪੂਆਂ 'ਤੇ ਰਹੇ ਸਨ ਪਰ ਕੈਨੇਡਾ ਦੇ ਰਹਿਣ-ਸਹਿਣ ਤੋਂ ਅਣਜਾਣ ਸਨ। ਇਹਨਾਂ ਨੂੰ ਕਈ ਮਹੀਨੇ ਇਥੇ ਕੰਮ ਨਾ ਮਿਲਿਆ ਅਤੇ ਰੋਟੀ-ਪਾਣੀ ਦੀ ਤੰਗੀ ਕੱਟਣ ਕਈ ਮਜ਼ਬੂਰ ਹੋ ਗਏ। ਇਹਨਾਂ ਨੇ ਆਪਣੇ ਦੁੱਖ ਵਾਰੇ ਹਾਂਗਕਾਂਗ ਵਾਲਿਆਂ ਨੂੰ ਕੁਝ ਨਾ ਲਿਖਿਆ ਪਰ ਉਹ ਸਮਝੇ ਕਿ ਸਾਡੇ ਭਾਈ ਕੈਨੇਡਾ ਜਾ ਕੇ ਕੰਮ 'ਚ ਰੁੱਝ ਗਏ ਹਨ ਅਤੇ ਸਾਨੂੰ ਲਿਖਣਾ ਹੀ ਭੁੱਲ ਗਏ। 

ਇਹ ਗੱਲ 1904-05 ਦੀ ਹੋਵੇਗੀ ਕਿ ਥੋੜੇ ਦਿਨਾਂ 'ਚ ਹੀ ਹਾਂਗਕਾਂਗ ਤੋਂ ਸੈਂਕੜੇ ਪੰਜਾਬੀ ਕੈਨੇਡਾ ਦੀ ਧਰਤੀ 'ਤੇ ਜਾ ਉੱਤਰੇ ਜਦਕਿ ਕੰਮ ਪਹਿਲਾਂ ਆਇਆਂ ਨੂੰ ਵੀ ਨਹੀਂ ਮਿਲ ਰਿਹਾ ਸੀ। ਇਹਨਾਂ ਸਿੰਘਾਂ 'ਚ ਕਈ ਰਹਿਤਵਾਨ ਸਿੰਘ ਵੀ ਸਨ। ਉਨ੍ਹਾਂ 'ਚ ਇੱਕ ਬਹੁਤ ਹੀ ਪਰਉਪਕਾਰੀ ਸਿੰਘ ਭਾਈ ਅਰਜਨ ਸਿੰਘ ਪਿੰਡ ਮਲਕ ਜ਼ਿਲ੍ਹਾ ਲੁਧਿਆਣਾ ਵੀ ਸਨ, ਜਿਨ੍ਹਾਂ ਨੂੰ ਬਾਕੀ ਕੌਮੀ ਸੇਵਕ, ਪਰੇਮ ਪੁੰਜ ਅਤੇ ਸਿੱਖ ਸੰਤ ਆਦਿ ਨਾਵਾਂ ਨਾਲ ਪੁਕਾਰਦੇ ਸਨ। 

ਭਾਈ ਅਰਜਨ ਸਿੰਘ ਥੋੜੀ ਬਹੁਤ ਅੰਗਰੇਜ਼ੀ ਬੋਲਣਾ ਵੀ ਜਾਣਦੇ ਸਨ। ਇਹ ਸ਼ਹਿਰ ਦੇ ਕਾਰਖਾਨਿਆਂ'ਚ ਤੁਰ ਫਿਰ ਕੇ ਕੰਮ ਲੱਭਣ ਲੱਗੇ। ਪੋਰਟ ਮੂਡੀ 'ਚ ਇੱਕ ਲੱਕੜ ਮਿੱਲ ਦੇ ਮੈਨੇਜਰ ਨੇ ਇਨ੍ਹਾਂ ਦਾ ਇਮਤਿਹਾਨ ਲੈਣ ਲਈ ਇਹਨਾਂ ਨੂੰ ਕੰਮ ਦੇਣ ਦਾ ਭਰੋਸਾ ਦਿੱਤਾ। ਭਾਈ ਅਰਜਨ ਸਿੰਘ ਨੇ ਛਾਂਟਵੇ ਪੰਝੀ ਤੀਹ ਜੁਆਨ ਕੰਮ 'ਤੇ ਜਾਣ ਲਈ ਤਿਆਰ ਕੀਤੇ ਅਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਸਮਝਾਇਆ ਕਿ ਸਾਡੀ ਜਿੱਤ ਹਾਰ ਦਾ ਦਿਨ ਸਮਝੋ "ਜੇ ਅਸੀ ਅੱਜ ਮੈਨੇਜਰ ਖੁਸ਼ ਕਰ ਲਿਆ ਤਦ ਏਸ ਦੇਸ਼ ਦਾ ਮੈਦਾਨ ਮਾਰ ਲਿਆ।" 

ਭਾਈ ਸਾਹਿਬ ਦੀ ਇਹ ਗੱਲ ਸੁਣ ਕੇ ਸਿੰਘਾਂ ਨੇ ਬਹੁਤ ਜ਼ੋਰ ਲਾ ਕੇ ਕੰਮ ਕੀਤਾ। ਜਿੰਨਾ ਕੰਮ ਪੰਜ-ਪੰਜ ਗੋਰੇ ਕਰਦੇ ਸਨ, ਉਹ ਇੱਕਲੇ-ਇੱਕਲੇ ਸਿੰਘ ਨੇ ਹੀ ਪੂਰਾ ਕਰ ਦਿੱਤਾ। ਜਿਹੜੀ ਲੱਕੜਾਂ ਚੁੱਕਣ ਨੂੰ ਗੋਰੇ ਘੋੜੇ ਜੋੜੀ ਫਿਰਦੇ ਸਨ, ਸਿੰਘਾਂ ਨੇ ਹੱਥਾਂ ਨਾਲ ਹੀ ਢੋਹ ਦਿੱਤੀਆਂ। ਜਿੱਥੇ ਗੋਰੇ ਰੇਹੜੇ ਜੋੜਦੇ ਫਿਰਨ, ਉੱਥੇ ਦੋ-ਦੋ ਸਿੰਘ ਮੋਢਿਆਂ ਉੱਪਰ ਲੱਕੜ ਚੁੱਕੀ ਫਿਰਨ। ਜਿੱਥੇ ਗੋਰਿਆਂ ਦਾ ਰੇਹੜਾ ਘੋੜੇ ਖਿੱਚਦੇ, ਉੱਥੇ ਸਿੰਘ ਆਪ ਹੀ ਰੇਹੜਾ ਖਿੱਚ ਦੇਣ। 

ਇਹ ਕੰਮ ਦੇਖ ਕੇ ਮੈਨੇਜਰ ਦੰਗ ਰਹਿ ਗਿਆ। ਉਹ ਸਿੰਘਾਂ ਦੇ ਕੰਮ ਤੋਂ ਬਹੁਤ ਖੁਸ਼ ਅਤੇ ਪ੍ਰਭਾਵਤ ਹੋਇਆ। ਉਸ ਨੇ ਭਾਈ ਅਰਜਨ ਸਿੰਘ ਨੂੰ ਦੋਭਾਸ਼ੀਆ ਰੱਖ ਲਿਆ ਅਤੇ ਕਿਹਾ ਜਿੰਨੇ ਪੰਜਾਬੀ ਤੁਹਾਨੂੰ ਮਿਲ ਸਕਦੇ ਹਨ, ਲੈ ਆਓ, ਮੈਂ ਦੋ ਸੌ ਤੱਕ ਪੰਜਾਬੀ ਇਸ ਮਿੱਲ 'ਚ ਰੱਖ ਸਕਦਾ ਹਾਂ। ਜਿਹੜੇ ਸਿੰਘ ਵੈਨਕੂਵਰ 'ਚ ਵੇਹਲੇ ਬੈਠੇ ਸਨ, ਉਹਨਾਂ ਸਾਰਿਆਂ ਨੂੰ ਭਾਈ ਅਰਜਨ ਸਿੰਘ ਨੇ ਕੰਮ 'ਤੇ ਰਖਵਾ ਦਿੱਤਾ। 

ਭਾਈ ਸਾਹਿਬ ਨੇ ਕੰਮ ਲਗਵਾਉਣ ਤੋਂ ਪਹਿਲਾਂ ਸਾਰਿਆਂ ਨੂੰ ਤਾਕੀਦ ਕੀਤੀ ਕਿ "ਕੰਮ ਜ਼ੋਰ ਲਗਾ ਕੇ ਕਰਨਾ ਹੈ ਅਤੇ ਸੋਚ ਸਮਝ ਕੇ ਵਰਤਣਾ ਹੈ। ਇਹ ਨਾ ਹੋਵੇ ਕਿ ਕੋਈ ਹੋਰ ਕੌਮ ਸਾਡੇ ਨਾਲੋਂ ਚੰਗਾ ਕੰਮ ਕਰਕੇ ਵਿਖਾ ਦਵੇ ਅਤੇ ਸਾਡੀ ਜਗਾ ਕੰਮ 'ਤੇ ਆਣ ਲੱਗੇ।" 

ਲੱਕੜ ਮਿੱਲਾਂ ਦੇ ਮਾਲਕ ਪੰਜਾਬੀਆਂ ਪ੍ਰਤੀ ਭੁਲੇਖੇ 'ਚ ਸਨ, ਉਹਨਾਂ ਨੇ ਕਦੇ ਪੰਜਾਬੀਆਂ ਨੂੰ ਕੰਮ ਕਰਦੇ ਨਹੀਂ ਦੇਖਿਆ ਸੀ। ਜਦੋਂ ਉਹਨਾਂ ਨੇ ਪੰਜਾਬੀਆਂ ਨੂੰ ਕੰਮ ਕਰਦੇ ਵੇਖਿਆ ਤਾਂ ਸਾਰੇ ਭੁਲੇਖੇ ਦੂਰ ਕਰ ਦਿੱਤੇ। ਗੋਰੇ ਮੈਨੇਜਰ ਨੇ ਪੰਜਾਬੀ ਮਜ਼ਦੂਰਾਂ ਦੇ ਕਾਰਨਾਮੇ ਅਖ਼ਬਾਰਾਂ 'ਚ ਛਪਵਾ ਦਿੱਤੇ। ਕੈਨੇਡਾ 'ਚ ਪੰਜਾਬੀ ਮਜ਼ਦੂਰਾਂ ਦੀ ਧਾਂਕ ਪਈ ਤਾਂ ਕਨੇਡਾ 'ਚ ਪੰਜਾਬੀ ਭਾਲਿਆਂ ਭਾਲਿਆ ਨਾ ਲੱਭਣ ਵਾਲੀ ਗੱਲ ਹੋਈ। 

ਰੇਲਵੇ ਪਟੜੀ ਲੱਕੜ ਮਿੱਲ ਦੇ ਐਨ ਵਿਚਕਾਰ ਦੀ ਲੰਘਦੀ ਸੀ। ਪੰਜਾਬੀਆਂ ਦਾ ਐਨਾ ਨਾਮ ਬਣਿਆ ਕਿ ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਕੈਨੇਡਾ ਦੇ ਯਾਤਰੂਆਂ ਨੇ ਰੇਲਵੇ ਕੰਪਨੀ ਤੋਂ ਲੱਕੜ ਮਿੱਲ 'ਚ ਪੰਜ ਮਿੰਟ ਗੱਡੀ ਰੋਕਣ ਦੀ ਸਿਫ਼ਾਰਸ ਕੀਤੀ ਕਿ ਉਹ ਪੰਜਾਬੀਆਂ ਨੂੰ ਕੰਮ ਕਰਦੇ ਦੇਖਣਾ ਚਾਹੁੰਦੇ ਹਨ। ਉਹਨਾਂ ਦੀ ਇਹ ਮੰਗ ਰੇਲਵੇ ਕੰਪਨੀ ਵੱਲੋਂ ਮਨਜ਼ੂਰ ਵੀ ਕਰ ਲਈ ਗਈ। 

ਇਸ ਰੇਲਵੇ ਕੰਪਨੀ ਦੇ ਜਹਾਜ਼ ਵੀ ਚਲਦੇ ਸਨ ਅਤੇ ਕੈਨੇਡਾ ਨੂੰ ਆਬਾਦ ਕਰਨ ਦਾ ਕੰਮ ਵੀ ਇਸ ਕੰਪਨੀ ਕੋਲ ਸੀ। ਇਸ ਕੰਪਨੀ ਨੇ ਪੰਜਾਬੀਆਂ ਦੇ ਕੰਮ ਦੀ ਧਾਂਕ ਦੇਖ ਕੇ ਪੰਦਰਾਂ ਹਜ਼ਾਰ ਪੰਜਾਬੀਆਂ ਨੂੰ ਕੰਮ ਉੱਤੇ ਲਾਉਣ ਦਾ ਜ਼ਿੰਮਾ ਲੈ ਲਿਆ। ਕੰਪਨੀ ਨੇ ਇਹ ਜਿੰਮੇਵਾਰੀ ਲਈ ਕਿ ਜੇ ਪੰਜਾਬੀਆਂ ਨੂੰ ਕੰਮ ਨਾ ਮਿਲੇ ਤਾਂ ਉਹ ਕੰਮ ਉੱਤੇ ਰੱਖੇਗੀ ਜਾਂ ਬਿਨ੍ਹਾਂ ਕਰਾਇਆ ਲਏ ਆਪਣੇ ਖਰਚ 'ਤੇ ਹਾਂਗਕਾਂਗ ਪਹੁੰਚਾ ਦਵੇਗੀ। 

ਇਸ ਤਰਾਂ ਕੈਨੇਡਾ 'ਚ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਝੰਡੇ ਗੱਡ ਕੇ ਬਾਕੀ ਕੌਮਾਂ ਨੂੰ ਪਿੱਛੇ ਛੱਡ ਦਿੱਤਾ। ਇਹ ਸਾਰੀਆਂ ਘਟਨਾਵਾਂ ਵਾਰੇ ਉਸ ਵੇਲੇ ਏਥੇ ਮੌਜੂਦ ਗ਼ਦਰੀ ਭਾਈ ਕਰਤਾਰ ਸਿੰਘ "ਨਵਾਂ ਚੰਦ" ਨੇ ਆਪਣੀਆਂ ਲਿਖਤਾਂ 'ਚ ਲਿਖਿਆ ਸੀ। 

ਗ਼ਦਰੀ ਬਾਬਿਆਂ ਦੀਆਂ ਇਹਨਾਂ ਲਿਖਤਾਂ ਨੂੰ ਬਹੁਤ ਹੀ ਮਿਹਨਤ ਨਾਲ ਇਕੱਠਿਆਂ ਕਰ ਕੇ ਕੁਝ ਸਾਲ ਪਹਿਲਾਂ ਰਾਜਵਿੰਦਰ ਸਿੰਘ ਰਾਹੀ ਨੇ ਕਿਤਾਬ "ਗਦਰ ਲਹਿਰ ਦੀ ਅਸਲੀ ਗਾਥਾ: ਭਾਗ 1 ਅਤੇ 2 " ਦੇ ਨਾਮ ਹੇਠ ਛਪਵਾਇਆ ਸੀ। 


 - ਸਤਵੰਤ ਸਿੰਘ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES