Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਮਰਾਨ ਖਾਨ ਵਲੋਂ ਇੱਕ ਵਾਰ ਫਿਰ ਗੱਲਬਾਤ ਦੀ ਪੇਸ਼ਕਸ਼

Posted on March 1st, 2019


ਇਸਲਾਮਾਬਾਦ- ਭਾਰਤੀ ਹੱਲੇ-ਗੁੱਲੇ ਦਾ ਉਸੇ ਭਾਸ਼ਾ 'ਚ ਜਵਾਬ ਦੇਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਘੱਟ ਕਰਨ ਲਈ ਸੰਵਾਦ ਦੀ ਪੇਸ਼ਕਸ਼ ਕੀਤੀ ਹੈ। ਖ਼ਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਬਿਹਤਰ ਸਮਝ ਵਿਕਸਤ ਹੋਵੇ ਤੇ ਦੋਵੇਂ ਸਮਝਦਾਰੀ ਨਾਲ ਕੰਮ ਲੈਣ। ਉਂਝ ਵਜ਼ੀਰੇ ਆਜ਼ਮ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਦਰਮਿਆਨ ਪਾਕਿਸਤਾਨ ਨੂੰ ਕਿਸੇ ਗੱਲੋਂ ਵੀ ਘੱਟ ਕਰਕੇ ਨਾ ਜਾਣਿਆ ਜਾਵੇ। ਖ਼ਾਨ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਹਵਾਈ ਕਾਰਵਾਈ ਦੌਰਾਨ ਭਾਰਤ ਦੇ ਦੋ ਮਿੱਗ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਇਨ੍ਹਾਂ ਵਿੱਚੋਂ ਇੱਕ ਜਹਾਜ਼ ਦਾ ਪਾਇਲਟ ਉਨ੍ਹਾਂ ਦੀ ਹਿਰਾਸਤ ਵਿੱਚ ਹੈ।

ਟੈਲੀਵਿਜ਼ਨ 'ਤੇ ਸਿੱਧੇ ਪ੍ਰਸਾਰਣ ਰਾਹੀਂ ਕੌਮ ਨੂੰ ਸੰਬੋਧਨ ਕਰਦਿਆਂ ਖਾਨ ਨੇ ਕਿਹਾ, 'ਹਵਾਈ ਕਾਰਵਾਈ (ਭਾਰਤ ਖ਼ਿਲਾਫ਼) ਪਿੱਛੇ ਸਾਡਾ ਇਰਾਦਾ ਇਹ ਦਰਸਾਉਣਾ ਸੀ ਕਿ ਜੇਕਰ ਤੁਸੀਂ ਸਾਡੇ ਮੁਲਕ ਵਿੱਚ ਦਾਖ਼ਲ ਹੋ ਸਕਦੇ ਹੋ ਤਾਂ ਅਸੀਂ ਵੀ ਅਜਿਹਾ ਕਰਨ ਦੇ ਸਮਰੱਥ ਹਾਂ। ਹਵਾਈ ਕਾਰਵਾਈ ਦੌਰਾਨ ਅਸੀਂ ਉਨ੍ਹਾਂ (ਭਾਰਤ ਦੇ) ਦੇ ਦੋ ਮਿੱਗ ਡੇਗ ਦਿੱਤੇ ਤੇ ਉਨ੍ਹਾਂ ਦਾ ਪਾਇਲਟ ਸਾਡੀ ਹਿਰਾਸਤ ਵਿੱਚ ਹੈ।' 

ਇਤਿਹਾਸਕ ਜੰਗਾਂ ਦੀ ਗਵਾਹੀ ਦਿੰਦਿਆਂ ਖ਼ਾਨ ਨੇ ਕਿਹਾ ਕਿ ਸਾਰੀਆਂ ਜੰਗਾਂ ਸਮੇਂ ਦੀ ਗ਼ਲਤ ਗਿਣਤੀ ਮਿਣਤੀ ਤੇ ਮਨੁੱਖੀ ਜਾਨਾਂ ਦੀ ਕੀਮਤ 'ਤੇ ਲੜੀਆਂ ਗਈਆਂ ਹਨ, ਜੋ ਮਿੱਥੇ ਸਮੇਂ 'ਚ ਮੁੱਕ ਨਾ ਸਕੀਆਂ ਅਤੇ ਅਖੀਰ ਗੱਲਬਾਤ ਦਾ ਰਾਹ ਹੀ ਚੁਣਿਆ ਗਿਆ। ਉਨ੍ਹਾਂ ਕਿਹਾ, 'ਇੱਕ ਵਾਰ ਹਾਲਾਤ ਜੇ ਵਿਗੜ ਗਏ ਤਾਂ ਫਿਰ ਇਹ ਨਾ ਮੇਰੇ ਹੱਥ ਹੋਣਗੇ, ਨਾ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਹੱਥ। ਆਓ ਇਕੱਠੇ ਬੈਠ ਕੇ ਇਸ ਨੂੰ ਗੱਲਬਾਤ ਰਾਹੀਂ ਸੁਲਝਾਉਂਦੇ ਹਾਂ।' ਖ਼ਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਨੇ ਭਾਰਤ ਨੂੰ ਜਾਂਚ ਵਿੱਚ ਹਰ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। 

ਸ਼ੁਰੂਆਤ ਤੋਂ ਹੀ ਅਸੀਂ ਭਾਰਤ ਨੂੰ ਪੁਲਵਾਮਾ ਹਮਲੇ ਸਬੰਧੀ 'ਕਾਰਵਾਈਯੋਗ ਖੁਫ਼ੀਆ ਜਾਣਕਾਰੀ' ਸਾਂਝੀ ਕਰਨ ਲਈ ਕਿਹਾ ਸੀ। ਪਾਕਿ ਸਰਜ਼ਮੀਂ ਨੂੰ ਦਹਿਸ਼ਤੀ ਅੱਡੇ ਵਜੋਂ ਵਰਤਣਾ ਸਾਡੇ ਆਪਣੇ ਹਿੱਤ ਵਿੱਚ ਨਹੀਂ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਹੁਣ ਫੜੇ ਗਏ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ ਹੈ। ਸ਼ਾਂਤੀ ਲਈ ਇਮਰਾਨ ਖਾਨ ਵਲੋਂ ਦਿਖਾਈ ਜਾ ਰਹੀ ਸੂਝਬੂਝ ਨੇ ਇਮਰਾਨ ਖਾਨ ਦਾ ਕੱਦ ਅੰਤਰਰਾਸ਼ਟਰੀ ਪੱਧਰ 'ਤੇ ਵਧਾ ਦਿੱਤਾ ਹੈ ਜਦਕਿ ਭਾਰਤੀ ਜੰਗਬਾਜ਼ ਲੀਡਰਾਂ ਅਤੇ ਮੀਡੀਏ ਨੂੰ ਲਾਹਣਤਾਂ ਪੈ ਰਹੀਆਂ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES