Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨ. ਡੀ. ਪੀ. ਆਗੂ ਜਗਮੀਤ ਸਿੰਘ ਨੇ ਸ਼ਾਨ ਨਾਲ ਜਿੱਤੀ ਜ਼ਿਮਨੀ ਚੋਣ

Posted on March 1st, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਐਨ. ਡੀ. ਪੀ. ਦੇ ਕੌਮੀ ਆਗੂ ਸ. ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਬਹੁਤ ਹੀ ਸ਼ਾਨ ਨਾਲ ਜਿੱਤ ਲਈ ਹੈ। ਬੇਹੱਦ ਫਸਵੀਂ ਟੱਕਰ ਅਤੇ ਕੂੜ-ਪ੍ਰਚਾਰ ਦੇ ਬਾਵਜੂਦ ਇਸ ਤਿਕੋਣੀ ਚੋਣ ਜੰਗ 'ਚ ਉਨ੍ਹਾਂ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਰਿਚਰਡ ਲੀ ਨੂੰ 2800 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਅ ਸ਼ਿਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਟੋਰਾਂਟੋ (ਓਂਟਾਰੀਓ) ਇਲਾਕੇ ਦੇ ਵਸਨੀਕ ਸ. ਜਗਮੀਤ ਸਿੰਘ ਕੈਨੇਡਾ ਦੇ ਐਨ ਦੂਜੇ ਪਾਸੇ ਸਥਿਤ ਬਰਨਬੀ (ਬ੍ਰਿਟਿਸ਼ ਕੋਲੰਬੀਆ) ਦੇ ਗੈਰ-ਪੰਜਾਬੀ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਸਿੱਧ ਹੋਏ ਹਨ, ਜੋ ਕਿ ਬਹੁਤ ਵੱਡਾ ਮਾਅਰਕਾ ਹੈ। 

ਇਹ ਸੀਟ ਇਸ ਹਲਕੇ ਤੋਂ ਐਨ.ਡੀ.ਪੀ. ਦੇ ਹੀ ਸੰਸਦ ਮੈਂਬਰ ਕੈਨੇਡੀ ਸਟੂਅਰਟ ਵਲੋਂ ਵੈਨਕੂਵਰ ਦੇ ਮੇਅਰ ਦੀ ਚੋਣ ਲੜਨ ਕਾਰਨ ਖਾਲੀ ਹੋਈ ਸੀ। ਪੰਜਾਬ ਤੋਂ ਪਿੰਡ ਠੀਕਰੀਵਾਲਾ (ਸੰਗਰੂਰ) ਨਾਲ ਸਬੰਧਿਤ ਕੈਨੇਡੀਅਨ ਜੰਮਪਲ ਸ. ਜਗਮੀਤ ਸਿੰਘ ਬੇਸ਼ੱਕ ਪਿਛਲੇ ਸਾਲ ਐਨ. ਡੀ. ਪੀ. ਆਗੂ ਚੁਣੇ ਗਏ ਸਨ, ਪਰ ਸੰਸਦ 'ਚ ਬੈਠਣ ਲਈ ਉਨ੍ਹਾਂ ਕੋਲ ਸੰਸਦ ਮੈਂਬਰ ਦਾ ਅਹੁਦਾ ਹੋਣਾ ਲਾਜ਼ਮੀ ਸੀ, ਜੋ ਇਹ ਚੋਣ ਜਿੱਤ ਕੇ ਮਿਲਿਆ ਹੈ। 

ਜਿੱਤ ਤੋਂ ਬਾਅਦ ਗੱਲ ਕਰਦਿਆਂ ਉਨ੍ਹਾਂ ਅਕਾਲ ਪੁਰਖ ਅਤੇ ਬਰਨਬੀ ਸਾਊਥ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਲੋੜੀਂਦੀ ਮੱਦਦ ਲੈਣ ਅਤੇ ਉਨ੍ਹਾਂ ਦੀ ਆਵਾਜ਼ ਪਾਰਲੀਮੈਂਟ 'ਚ ਪਹੁੰਚਾਉਣ ਵਾਸਤੇ ਪੂਰੀ ਦ੍ਰਿੜਤਾ ਨਾਲ ਓਟਵਾ ਪੁੱਜ ਰਹੇ ਹਨ। ਇਸ ਜਿੱਤ ਨੇ ਉਨ੍ਹਾਂ ਦੇ ਸਿਰ ਪਾਰਟੀ ਦੀ ਪ੍ਰਧਾਨਗੀ ਦਾ ਤਾਜ ਵੀ ਟਿਕਿਆ ਰਹਿਣ ਦਿੱਤਾ ਹੈ, ਜੋ ਕਿ ਹਾਰਨ ਦੀ ਸੂਰਤ 'ਚ ਡਾਵਾਂਡੋਲ ਹੋ ਸਕਦਾ ਸੀ। ਹੁਣ ਇਸ ਸਾਲ ਅਕਤੂਬਰ 'ਚ ਹੋਣ ਵਾਲੀਆਂ ਕੈਨੇਡੀਅਨ ਸੰਸਦੀ ਚੋਣਾਂ 'ਚ ਸ. ਜਗਮੀਤ ਸਿੰਘ ਹੀ ਐਨ.ਡੀ.ਪੀ. ਦੀ ਅਗਵਾਈ ਕਰਨਗੇ ਅਤੇ ਪਾਰਟੀ ਤਰਫੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਸੋਸ਼ਲ ਮੀਡੀਏ 'ਤੇ ਦੁਨੀਆ ਭਰ ਦੇ ਪੰਜਾਬੀ ਇਸ ਜਿੱਤ ਦੀ ਖ਼ੁਸ਼ੀ ਮਨਾਉਂਦੇ ਵੇਖੇ ਜਾ ਸਕਦੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES