Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਸ਼ੇਸ਼ ਸੰਪਾਦਕੀ: 'ਜੀਓ ਅਤੇ ਜਿਊਣ ਦਿਓ'

Posted on February 15th, 2019


ਮੁਹੱਬਤਾਂ ਦੇ ਦਿਨ 'ਵੈਲਨਟਾਈਨ ਡੇਅ' ਮੌਕੇ ਪਰਿਵਾਰ ਪਾਲਣ ਲਈ ਫੌਜੀ ਬਣੇ ਲਗਭਗ 46 ਜਣੇ ਇੱਕ ਆਤਮਘਾਤੀ ਹਮਲੇ ਰਾਹੀਂ ਕਸ਼ਮੀਰ 'ਚ ਜਾਨਾਂ ਗਵਾ ਗਏ। ਕਿਸੇ ਦਾ ਪੁੱਤ, ਕਿਸੇ ਦਾ ਭਰਾ, ਕਿਸੇ ਦੇ ਸਿਰ ਦਾ ਸਾਈਂ, ਕਿਸੇ ਦਾ ਪਿਓ ਘਰ ਨਹੀਂ ਮੁੜਨਾ। ਜਿਨ੍ਹਾਂ ਦੇ ਚਲੇ ਗਏ, ਅਸਲ ਦੁੱਖ ਉਹ ਹੀ ਮਹਿਸੂਸ ਕਰਨਗੇ। ਵਾਹਿਗੁਰੂ ਅਜਿਹਾ ਮਾੜਾ ਸਮਾਂ ਕਿਸੇ 'ਤੇ ਨਾ ਲਿਆਵੇ। 

ਇਹ ਦੁੱਖ ਇੱਕਤਰਫਾ ਨਹੀਂ। ਕਸ਼ਮੀਰੀ ਲੋਕ ਸਾਲਾਂ ਤੋਂ ਅਜਿਹਾ ਨਰਕ ਹੰਢਾ ਰਹੇ ਹਨ। ਹਜ਼ਾਰਾਂ ਕਸ਼ਮੀਰੀ ਨੌਜਵਾਨ ਭਾਰਤੀ ਫੌਜ ਨੇ ਘਰਾਂ 'ਚੋਂ ਚੁੱਕ-ਚੁੱਕ ਮਾਰ ਮੁਕਾ ਦਿੱਤੇ, ਫੌਜ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡੀ। ਪਿਛਲੇ ਕੁਝ ਮਹੀਨਿਆਂ ਤੋਂ ਤਾਂ ਭਾਰਤ ਸਰਕਾਰ ਨੇ ਫੌਜ ਨੂੰ ਕਸ਼ਮੀਰ 'ਚ ਅੱਤ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਦੁਨੀਆਂ ਨੂੰ ਪਤਾ ਨਾ ਲੱਗੇ, ਇਸ ਲਈ ਇੰਟਰਨੈੱਟ ਤੇ ਮੋਬਾਈਲ ਸੇਵਾ ਹੀ ਬੰਦ ਕਰ ਦਿੱਤੀ ਜਾਂਦੀ ਹੈ। ਪੁਲਿਸ ਅਤੇ ਫੌਜ ਦਾ ਧੱਕਾ, ਕੁੱਟਮਾਰ, ਪੈਲੇਟ ਗੰਨਾਂ ਦੇ ਸ਼ਰ੍ਹੇ ਖਾਣ ਵਾਲੇ ਕਸ਼ਮੀਰ ਨੌਜਵਾਨਾਂ ਨੂੰ ਜਦ ਪਤਾ ਹੀ ਹੈ ਕਿ ਆਜ਼ਾਦੀ ਮੰਗਣ ਕਾਰਨ ਮੌਤ ਮਿਲਣੀ ਹੈ ਤਾਂ ਉਹ ਫੌਜ ਹੱਥੋਂ ਜ਼ਲੀਲ ਹੋ ਕੇ ਮਰਨ ਨਾਲੋਂ ਨਾਲ ਹੋਰਾਂ ਨੂੰ ਲੈ ਕੇ ਮਰਨ ਲੱਗੇ ਹਨ। ਇਹ ਐਕਸ਼ਨਾਂ ਦੇ ਰਿਐਕਸ਼ਨ ਹਨ।

ਹੁਣ ਇਨ੍ਹਾਂ ਮੌਤਾਂ 'ਤੇ ਫਿਰ ਜ਼ੋਰ-ਸ਼ੋਰ ਨਾਲ ਸਿਆਸਤ ਹੋ ਰਹੀ ਹੈ। ਭਾਰਤੀ ਟੀਵੀ 'ਤੇ ਸਿਆਸੀ ਭਲਵਾਨ ਜ਼ਹਿਰ ਉਗਲ਼ ਰਹੇ ਹਨ, ਹੋਰਾਂ ਦੀ ਸ਼ਾਂਤੀ ਖੋਹਣ ਵਾਲੇ ਆਪਣੀ ਸ਼ਾਂਤੀ ਲਈ ਲੇਖ ਲਿਖ ਰਹੇ ਹਨ, ਅਗਾਂਹ ਚੱਲ ਕੇ ਪਾਰਲੀਮੈਂਟ 'ਚ ਥਾਪੀਆਂ ਮਾਰੀਆਂ ਜਾਣਗੀਆਂ, ਦੂਸ਼ਣਬਾਜ਼ੀ ਹੋਵੇਗੀ ਅਤੇ ਮਸਲੇ ਨੂੰ ਹੋਰ ਗਰਮਾਇਆ ਜਾਵੇਗਾ। ਇਸ ਹਮਲੇ ਦਾ ਬਦਲਾ ਲੈਣ ਲਈ ਕੁਝ ਹੋਰ ਕਸ਼ਮੀਰੀ ਨੌਜਵਾਨ 'ਵਿਦੇਸ਼ੀ ਅੱਤਵਾਦੀ' ਗਰਦਾਨ ਕੇ ਅੱਜ-ਭਲਕ ਚੁੱਕ ਕੇ ਮਾਰ ਦਿੱਤੇ ਜਾਣਗੇ।

ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤ 'ਚ ਲੋਕ ਸਭਾ ਚੋਣਾਂ ਸਿਰ 'ਤੇ ਹਨ, ਇਸ ਕਤਲੋਗਾਰਤ ਦਾ ਫਾਇਦਾ ਕਿਹੜੀ ਪਾਰਟੀ ਨੂੰ ਹੋ ਸਕਦਾ? ਹਾਲੇ ਦੋ ਹਫਤੇ ਪਹਿਲਾਂ ਹੀ ਅਮਰੀਕਾ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਭਾਰਤ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਫੈਲ ਸਕਦੀ ਹੈ। ਕੱਲ੍ਹ ਹਮਲਾ ਹੋਇਆ, ਮਗਰ ਹੀ ਜੰਮੂ 'ਚ ਭੜਕੀਆਂ ਭੀੜਾਂ ਨੇ 'ਵੰਦੇ ਮਾਤਰਮ' ਦੇ ਨਾਅਰੇ ਲਾਉਂਦਿਆਂ ਕਸ਼ਮੀਰੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਨੂੰ ਅੱਗ ਲਾਉਣੀ ਆਰੰਭ ਦਿੱਤੀ।

ਤੁਸੀਂ, ਅਸੀ, ਕਸ਼ਮੀਰੀ ਲੋਕ, ਫ਼ੌਜੀ ਜਵਾਨ ਸਭ ਸ਼ਤਰੰਜ ਦੇ ਪਿਆਦੇ ਹਾਂ, ਲੀਡਰਾਂ ਦੀਆਂ ਚਾਲਾਂ ਚੱਲਣ ਵਾਲੇ ਪਿਆਦੇ, ਇਨ੍ਹਾਂ ਲਈ ਮਰਨ ਵਾਲੇ। ਆਪਣੇ ਵੱਸ ਨਹੀਂ ਕੁਝ, ਆਪਾਂ ਨੂੰ ਤਾਂ ਜਜ਼ਬਾਤੀ ਕਰਕੇ ਲੋਕ ਰਾਇ ਬਣਾਈ ਜਾਣੀ, ਵੋਟਾਂ ਦਾ ਧਰੁਵੀਕਰਨ ਕੀਤਾ ਜਾਣਾ, ਜਿਸ 'ਚੋਂ ਸੱਤਾ ਦੀ ਚਾਬੀ ਨਿੱਕਲਣੀ। ਭਾਰਤ ਅਤੇ ਪਾਕਿਸਤਾਨ ਦੇ ਰੱਖਿਆ ਬਜਟਾਂ ਦਾ ਤੀਜਾ ਹਿੱਸਾ ਹਥਿਆਰਾਂ ਅਤੇ ਫੌਜ 'ਤੇ ਖਰਚਿਆ ਜਾਂਦਾ ਹੈ, ਜਿਸ ਵਿੱਚੋਂ ਸਿਆਸਤਦਾਨ ਅਤੇ ਫੌਜੀ ਅਫਸਰ ਘਪਲੇ ਕਰਕੇ ਅਤੇ ਕਮਿਸ਼ਨਾਂ ਰਾਹੀਂ ਮੋਟੀ ਰਕਮ ਖਾਂਦੇ ਹਨ। ਬੋਫੋਰਜ਼ ਘਪਲ਼ਾ, ਤਾਬੂਤ ਘਪਲ਼ਾ, ਰਾਫੇਲ ਘਪਲ਼ਾ ਇਸ ਦੀਆਂ ਪ੍ਰਮੁੱਖ ਉਦਾਹਰਣਾਂ ਹਨ। ਅਜਿਹੇ ਹੀ ਘਪਲ਼ੇ ਪਾਕਿਸਤਾਨ 'ਚ ਹੁੰਦੇ ਹਨ। ਇਹ ਹਮਲੇ, ਇਹ ਜੰਗਾਂ, ਇਹ ਦਹਿਸ਼ਤ ਸਿਆਸਤਦਾਨਾਂ ਨੂੰ ਵੋਟਾਂ ਵੀ ਪ੍ਰਦਾਨ ਕਰ ਰਹੀ ਹੈ ਅਤੇ ਮੋਟੀ ਕਮਾਈ ਵੀ। ਅਜਿਹੇ ਮਸਲੇ ਸਿਆਸਤਦਾਨਾਂ ਲਈ ਕਾਮਧੇਨੂੰ ਗਾਂਵਾਂ ਹਨ, ਜੋ ਮਨ-ਇੱਛਤ ਚਾਹਤਾਂ ਦਾ ਦੁੱਧ ਦਿੰਦੀਆਂ ਹਨ।

ਇਸ ਤਰ੍ਹਾਂ ਇਹ ਮਾਹੌਲ ਇਨ੍ਹਾਂ ਲਈ 'ਕਮਾਊ ਪੁੱਤ' ਸਿੱਧ ਹੋ ਰਿਹਾ ਹੈ, ਇਸੇ ਲਈ ਉਹ ਇਸ ਸਮੱਸਿਆ ਨੂੰ ਖਤਮ ਕਰਨ ਦੀ ਬਜਾਇ ਉਲਝਾਉਣ ਵੱਲ ਵਧੇਰੇ ਉਲਾਰ ਹਨ। ਜੇ ਭਾਰਤ ਤੇ ਪਾਕਿਸਤਾਨ ਦੇ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਰਹੱਦ 'ਤੇ ਫ਼ੌਜਾਂ ਦੀਆਂ ਮੂਹਰਲੀਆਂ ਯੂਨਿਟਾਂ 'ਚ ਭਰਤੀ ਹੋਣਾ ਲਾਜ਼ਮੀ ਕਰ ਦਿੱਤਾ ਜਾਵੇ ਤੇ ਸਾਰੀ ਸਰਹੱਦੀ ਦਹਿਸ਼ਤਗਰਦੀ ਆਪੇ ਮੁੱਕ ਜਾਵੇ। 

ਭਾਰਤੀ ਟੀ. ਵੀ. ਚੈਨਲਾਂ ਅਤੇ ਸੋਸ਼ਲ ਮੀਡੀਏ 'ਤੇ ਅੱਗ ਲਾਊ ਗੋਦੀ ਮੀਡੀਏ ਜ਼ਰੀਏ ਲੋਕਾਂ ਨੂੰ ਪਾਕਿਸਤਾਨ ਦਾ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਪਰ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਅਡਾਨੀ ਗਰੁੱਪ ਪਾਕਿਸਤਾਨ ਨੂੰ ਬਿਜਲੀ ਵੇਚਣੀ ਬੰਦ ਕਰ ਰਿਹਾ? ਰਤਨ ਟਾਟਾ ਅਤੇ ਸੱਜਣ ਜਿੰਦਲ ਨੇ ਨਵਾਜ ਸ਼ਰੀਫ ਨਾਲ ਵਪਾਰਕ ਰਿਸ਼ਤੇ ਖਤਮ ਕਰ ਲਏ ਹਨ? ਮੰਡੀਆਂ ਵਿੱਚ ਬੈਠੇ ਲਾਲਿਆਂ ਨੇ ਪਾਕਿਸਤਾਨ ਤੋਂ ਲੂਣ ਤੇ ਸੀਮੈਂਟ ਮੰਗਵਾਉਣਾ ਬੰਦ ਕਰ ਦਿੱਤਾ ਹੈ? ਬੰਬਈ ਅਤੇ ਗੁਜਰਾਤ ਦੀ ਵਪਾਰੀ ਲਾਬੀ ਨੇ ਪਾਕਿਸਤਾਨ ਨਾਲ ਕਰਾਚੀ ਜ਼ਰੀਏ ਵਪਾਰ ਕਰਨਾ ਬੰਦ ਕਰ ਦਿੱਤਾ ਹੈ? ਜੇਕਰ ਇਹ ਗੱਲਾਂ ਝੂਠ ਹਨ ਤਾਂ ਟੀਵੀ ਚੈਨਲਾਂ ਰਾਹੀ ਬਾਈਕਾਟ ਦਾ ਰੌਲਾ ਪਾਉਣ ਵਾਲਿਆਂ ਦੀਆਂ ਚਾਲਾਂ ਨੂੰ ਆਮ ਲੋਕਾਂ ਵਲੋਂ ਸਮਝਿਆ ਜਾਣਾ ਚਾਹੀਦਾ ਹੈ। ਇਹ ਲੋਕਾਂ 'ਚ ਨਫਰਤ ਵਧਾ ਰਹੇ ਹਨ, ਜਿਸ ਨਾਲ ਕੋਈ ਹੱਲ ਨਹੀਂ ਨਿੱਕਲਣਾ।

ਇਸ ਮਸਲੇ ਦਾ ਸਦੀਵੀ ਹੱਲ ਸਾਰੀਆਂ ਸਬੰਧਿਤ ਧਿਰਾਂ ਨਾਲ ਬਹਿ ਕੇ, ਆਪਸੀ ਗੱਲਬਾਤ ਰਾਹੀਂ ਨਿੱਕਲਣਾ, ਉਸ ਤੋਂ ਭੱਜਿਆ ਜਾ ਰਿਹਾ। ਇੰਨੇ ਸਾਲ ਲੜ ਕੇ ਅੱਜ ਅਮਰੀਕਾ ਅਤੇ ਤਾਲਿਬਾਨ ਕਦੇ ਸਾਊਦੀ ਅਰਬ 'ਚ ਬਹਿ ਕੇ ਗੱਲ ਕਰ ਰਹੇ ਹਨ ਅਤੇ ਕਦੇ ਕਤਰ 'ਚ ਬਹਿ ਕੇ। ਬੀਤੇ 'ਤੇ ਝਾਤ ਮਾਰ ਲਓ, ਇਹ ਮਸਲੇ ਬਹਿ ਕੇ ਹੱਲ ਹੋਣੇ, ਸਮਝੌਤੇ ਕਰਨੇ ਪੈਣਗੇ, ਲੋਕਾਂ ਨੂੰ ਆਪਣੀ ਮਰਜ਼ੀ ਨਾਲ ਜਿਊਣ ਦਾ ਹੱਕ ਦੇਣਾ ਪੈਣਾ। ਤਾਕਤ ਨਾਲ ਕਦੇ ਕਿਸੇ ਕੌਮ ਜਾਂ ਖਿੱਤੇ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਇਹ ਕੁਦਰਤ ਦਾ ਸਿਧਾਂਤ ਹੈ ਕਿ ਜਿਸ ਚੀਜ਼ ਨੂੰ ਜਿੰਨੇ ਜ਼ੋਰ ਨਾਲ ਦਬਾਓਂਗੇ, ਉਹ ਓਨੇ ਹੀ ਜ਼ੋਰ ਨਾਲ ਬਾਹਰ ਆਵੇਗੀ। 'ਜੀਓ ਅਤੇ ਜਿਊਣ ਦਿਓ' ਹੀ ਸਭ ਤੋਂ ਉੱਤਮ ਅਸੂਲ ਹੈ।

ਲੋਕੋ! ਇਹ ਹਮਲੇ ਤੁਹਾਡੀਆਂ ਸਾਰੀਆਂ ਮੰਗਾਂ, ਲੋੜਾਂ, ਲੀਡਰਸ਼ਿਪ ਦੇ ਘਪਲੇ, ਜਵਾਬਦੇਹੀਆਂ ਨੂੰ ਦੱਬ ਜਾਂਦੇ ਹਨ। ਸਿਆਸੀ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਸ਼ਾਂਤੀ ਬਣਾਈ ਰੱਖਣ ਵੱਲ ਕਦਮ ਵਧਾਓ। ਸਿਆਸਤਦਾਨਾਂ ਦੀਆਂ ਚਾਲਾਂ 'ਚ ਫਸ ਕੇ ਆਪਣੇ ਮਨਾਂ 'ਚ ਜ਼ਹਿਰ ਨਾ ਭਰੋ। ਲੋਕ ਹੀ ਰਲ਼ ਕੇ ਅਜਿਹਾ ਮਾਹੌਲ ਸਿਰਜ ਸਕਦੇ ਹਨ ਤਾਂ ਕਿ ਫਿਰ ਕਦੇ ਕਿਸੇ ਮਾਂ ਦਾ ਫੌਜੀ ਪੁੱਤ ਨਾ ਮਰੇ ਤੇ ਨਾ ਹੀ ਕਿਸੇ ਮਾਂ ਦੇ ਪੁੱਤ ਨੂੰ ਖੁਦ ਮਿਜ਼ਾਇਲ ਬਣਨਾ ਪਵੇ।

ਕਿਸੇ ਸ਼ਾਇਰ ਨੇ ਹਾਲਾਤ ਦਾ ਚਿਤਰਣ ਬਾਖੂਬੀ ਕੀਤਾ ਹੈ -

ਸਰਹੱਦੋਂ ਪਰ ਬਹੁਤ ਤਨਾਵ ਹੈ ਕਿਆ!

ਕੁਸ਼ ਪਤਾ ਕਰੋ, ਚੁਨਾਵ ਹੈ ਕਿਆ!

- ਗੁਰਪ੍ਰੀਤ ਸਿੰਘ ਸਹੋਤਾ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES